JALANDHAR WEATHER

12-09-25

 ਪੱਕੇ ਹੱਲ ਹੋਣ

ਪੰਜਾਬ ਇਸ ਮੌਕੇ ਹੜ੍ਹਾਂ ਨਾਲ ਜੂਝ ਰਿਹਾ ਹੈ। ਹੜ੍ਹਾਂ ਕਾਰਨ ਜਾਨੀ, ਮਾਲੀ, ਪਸ਼ੂ ਧਨ ਤੇ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਦਰਿਆਵਾਂ ਨਾਲ ਲਗਦੇ ਇਲਾਕਿਆਂ 'ਚ ਹੜ੍ਹਾਂ ਕਾਰਨ ਸਥਿਤੀ ਬਹੁਤ ਵਿਗ਼ੜ ਹੋਈ ਹੈ ਪਰ ਪੰਜਾਬੀਆਂ ਦੇ ਅਣਥੱਕ ਯਤਨਾਂ ਨਾਲ ਹਰ ਸਥਿਤੀ 'ਤੇ ਕੰਟਰੋਲ ਪਾਇਆ ਜਾ ਰਿਹਾ ਹੈ। ਹੜ੍ਹਾਂ ਦੇ ਮਾਰੂ ਪ੍ਰਭਾਵਾਂ ਤੋਂ ਬਚਣ ਲਈ ਅਗੇਤੇ ਪ੍ਰਬੰਧ ਕਰਨੇ ਜ਼ਰੂਰੀ ਹਨ। ਹੜ੍ਹਾਂ ਕਾਰਨ ਬਿਮਾਰੀ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ। ਜਿਸ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਨੂੰ ਪੂਰੀ ਤਿਆਰੀ ਨਾਲ ਮੈਦਾਨ ਵਿਚ ਆਉਣਾ ਪਵੇਗਾ। ਜਿਨ੍ਹਾਂ ਘਰਾਂ ਦੇ ਨੁਕਸਾਨ ਹੋਏ ਹਨ ਉਨ੍ਹੰ ਦੀ ਮਦਦ ਕਰਨਾ ਸਰਕਾਰ ਤੇ ਪੰਜਾਬੀਆਂ ਦੀ ਜ਼ਿੰਮੇਵਾਰੀ ਹੈ। ਬੇਸ਼ੱਕ ਨੁਕਸਾਨ ਵੱਡਾ ਪਰ ਸੁਚਾਰੂ ਢੰਗ ਨਾਲ ਕੀਤੇ ਪ੍ਰਬੰਧਾਂ ਨਾਲ ਹਰ ਸਥਿਤੀ ਨੂੰ ਕਾਬੂ ਹੇਠ ਲਿਆ ਜਾ ਸਕਦਾ ਹੈ।

-ਜੋਬਨ ਖਹਿਰਾ
ਪਿੰਡ ਖਹਿਰਾ, ਤਹਿਸੀਲ ਸਮਰਾਲਾ (ਲੁਧਿਆਣਾ)

ਸੇਵਾ, ਸਹਾਇਤਾ ਜਾਂ ਫਿਰ ਸਿਆਸਤ

ਇਸ ਵਕਤ ਲੱਗਭਗ ਅੱਧਾ ਪੰਜਾਬ ਪਾਣੀ ਦੀ ਲਪੇਟ ਵਿਚ ਆ ਚੁੱਕਾ ਹੈ। ਹੜ੍ਹਾਂ ਕਾਰਨ ਹਜ਼ਾਰਾਂ ਲੋਕ ਆਪਣੇ ਘਰੋਂ ਬੇਘਰ ਹੋ ਚੁੱਕੇ ਹਨ। ਲੱਖਾਂ ਏਕੜ ਫ਼ਸਲ ਖ਼ਤਮ ਹੋ ਗਈ ਹੈ। ਪਾਣੀ ਸੁੱਕਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਜ਼ਮੀਨ ਵਾਹੀਯੋਗ ਰਹੀ ਹੈ ਜਾਂ ਨਹੀਂ। ਹਿਮਾਚਲ ਤੇ ਜੰਮੂ ਵਿਚ ਲਗਾਤਾਰ ਬਾਰਿਸ਼ਾਂ ਹੋ ਰਹੀਆਂ ਨੇ। ਉਨ੍ਹਾਂ ਬਾਰਿਸ਼ਾਂ ਦਾ ਪਾਣੀ ਪੰਜਾਬ ਵਿਚ ਹੀ ਆਉਣਾ ਹੈ। ਪਾਣੀ ਤਾਂ ਪਹਿਲਾ ਹੀ ਨਹੀਂ ਸੁੱਕ ਰਿਹਾ ਤੇ ਨਾ ਘਟ ਰਿਹਾ ਹੈ। ਪਾਣੀ ਬਹੁਤ ਜ਼ਿਆਦਾ ਨੁਕਸਾਨ ਕਰ ਚੁੱਕਿਆ ਹੈ। ਪਰ ਕਈ ਲੋਕ ਇਸ ਵਕਤ ਆਪਣੀਆਂ ਸਿਆਸਤ ਦੀਆਂ ਰੋਟੀਆਂ ਸੇਕਣ 'ਤੇ ਲੱਗੇ ਹੋਏ ਹਨ। ਇਸ ਵੇਲੇ ਸਭ ਤੋਂ ਪਹਿਲੀ ਜ਼ਰੂਰਤ ਸੇਵਾ ਤੇ ਸਹਾਇਤਾ ਦੀ ਹੈ। ਤੁਸੀਂ ਸਿਆਸਤ ਫਿਰ ਕਰ ਲੈਣਾ। ਜੋ ਕੁਝ ਵੀ ਦੇ ਰਿਹਾ ਹੈ ਉਸ ਦਾ ਧੰਨਵਾਦ ਕਰੋ। ਜੋ ਕੁਝ ਵੀ ਸੇਵਾ ਵਿਚ ਆ ਰਿਹਾ ਹੈ ਉਹ ਹੜ੍ਹ ਪੀੜਤਾਂ ਨੂੰ ਦਈਏ। ਜਿਨ੍ਹਾਂ ਨੂੰ ਅੱਜ ਇਸ ਦੀ ਲੋੜ ਹੈ। ਹੜ੍ਹ ਪੀੜਤ ਕੋਈ ਮੰਗਤੇ ਨਹੀਂ ਹਨ। ਸਿਆਸਤ ਇਕ ਅਲੱਗ ਚੀਜ਼ ਹੈ ਪਰ ਸੇਵਾ ਤੇ ਸਹਾਇਤਾ ਇਕ ਅਲੱਗ ਚੀਜ਼ ਨੇ। ਇਨ੍ਹਾਂ ਨੂੰ ਆਪਾਂ ਇਕੱਠੇ ਨਹੀਂ ਕਰ ਸਕਦੇ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ

ਹੜ੍ਹਾਂ ਦਾ ਸੰਤਾਪ

ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਨਾਲ-ਨਾਲ ਉੱਤਰੀ ਭਾਰਤ ਹੜ੍ਹ ਦਾ ਸੰਤਾਪ ਹੰਢਾਅ ਰਿਹਾ ਹੈ। ਬਿਆਸ ਦਰਿਆ, ਸਤਲੁਜ ਦਰਿਆ, ਵੇਈਂ ਅਤੇ ਘੱਗਰ ਦਰਿਆ ਨੇ ਪੂਰੇ ਪੰਜਾਬ ਦਾ ਜਨਜੀਵਨ ਪ੍ਰਭਾਵਿਤ ਕਰਦੇ ਹੋਏ ਜਾਨ ਅਤੇ ਮਾਲ ਦਾ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਕੀਤਾ ਹੈ। ਹਾਕਮ ਸਰਕਾਰ ਲਗਾਤਾਰ ਲੋਕਾਂ ਤੱਕ ਪਹੁੰਚ ਕਰ ਰਹੀ ਹੈ ਅਤੇ ਲੋਕਾਂ ਨੇ ਵੀ ਭਾਈਚਾਰਕ ਸਾਂਝ ਕਾਇਮ ਕਰਦਿਆਂ ਮਦਦ ਲਈ ਹੱਥ ਅੱਗੇ ਵਧਾਏ ਹਨ। ਕੁਦਰਤ ਨੂੰ ਤੋਹਮਤ ਲਾਉਣ ਦਾ ਸਿਲਸਿਲਾ ਜਾਰੀ ਹੈ। ਇਹ ਮਨੁੱਖੀ ਸੁਭਾਅ ਹੈ ਕਿ ਜਦੋਂ ਵੀ ਉਹ ਗਲਤੀ ਕਰਦਾ ਆਪਣੀ ਗਲਤੀ ਸੁਧਾਰਨ ਦੀ ਬਜਾਏ ਦੂਜਿਆਂ ਨੂੰ ਦੋਸ਼ੀ ਠਹਿਰਾਉਂਦਾ ਹੈ। ਦਰਿਆਵਾਂ ਵਿਚ ਕੀਤੀ ਜਾਂਦੀ ਗੈਰ-ਕਾਨੂੰਨੀ ਮਾਈਨਿੰਗ ਲਈ ਮਨੁੱਖ ਕਦੇ ਸ਼ਰਮਿੰਦਾ ਨਹੀਂ ਹੋਵੇਗਾ, ਪਰ ਕੁਦਰਤ ਹਮੇਸ਼ਾ ਆਪਣੇ ਰਸਤੇ ਚਲਦੀ ਹੈ। ਦਰਿਆ ਆਪਣੇ ਰਾਹਾਂ 'ਤੇ ਚੱਲਦੇ ਹਨ। ਕੁਦਰਤ ਮਨੁੱਖ ਵਾਂਗੂੰ ਅਕ੍ਰਿਤਘਣ ਨਹੀਂ ਸਗੋਂ ਪਾਲਣਹਾਰ ਹੈ। ਹੜ੍ਹਾਂ ਨਾਲ ਹੋਈ ਤਬਾਹੀ ਲਈ ਖ਼ੁਦ ਮਨੁੱਖ ਜ਼ਿੰਮੇਵਾਰ ਹੈ।

-ਗੌਰਵ ਮੁੰਜਾਲ
ਪੀ.ਸੀ.ਐਸ.।

ਕੁਦਰਤ ਦਾ ਬਦਲਾ

ਸਿਆਣਿਆਂ ਸੱਚ ਹੀ ਕਿਹਾ ਹੈ ਅਸੀਂ ਅੱਜ ਜੋ ਬੀਜਾਂਗੇ ਕੱਲ੍ਹ ਨੂੰ ਉਹ ਹੀ ਵੱਢਾਂਗੇ। ਆਪਣੇ ਨਿੱਜੀ ਸਵਾਰਥ ਦੀ ਪੂਰਤੀ ਲਈ ਮਨੁੱਖ ਪਿਛਲੇ ਕਈ ਦਹਾਕਿਆਂ ਤੋਂ ਕੁਦਰਤ ਨਾਲ ਰੱਜ ਕੇ ਛੇੜਛਾੜ ਕਰਦਾ ਆ ਰਿਹਾ ਹੈ। ਮਨੁੱਖ ਨੇ ਕੁਦਰਤ ਦੀ ਤਬਾਹੀ ਇਸ ਹੱਦ ਤੱਕ ਕਰ ਦਿੱਤੀ ਹੈ ਕਿ ਕੁਦਰਤ ਰੰਗ ਬਦਲ ਕੇ ਆਪਣਾ ਕਹਿਰ ਢਾਹੁਣ ਲਈ ਮਜਬੂਰ ਹੋ ਗਈ ਹੈ। ਅਸੀਂ ਪਿਛਲੇ ਕਈ ਵਰ੍ਹਿਆਂ ਤੋਂ ਸੁਣਦੇ ਆ ਰਹੇ ਹਾਂ ਕਿ 'ਇਕ ਰੁੱਖ ਤੇ ਸੌ ਸੁਖ' ਪਰ ਤ੍ਰਾਸਦੀ ਦੀ ਗੱਲ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਮਨੁੱਖ ਨੇ ਰੁੱਖ ਲਗਾਉਣ ਦੀ ਬਜਾਏ ਰੁੱਖਾਂ ਦੀ ਕਟਾਈ ਰੱਜ ਕੇ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਅੱਜ ਸਾਨੂੰ ਹੜ੍ਹਾਂ ਦੀ ਮਾਰ ਝੱਲਣੀ ਪੈ ਰਹੀ ਹੈ। ਅਸੀਂ ਵਰਤਮਾਨ ਸਥਿਤੀ ਵਿਚ ਚਲੱ ਰਹੇ ਹਾਲਾਤ ਤੋਂ ਭੱਜ ਨਹੀਂ ਸਕਦੇ ਕਿਉਂਕਿ ਕੀਤੇ ਗਏ ਕਰਮਾਂ ਦਾ ਲੇਖਾ-ਜੋਖਾ ਤਾਂ ਦੇਣਾ ਹੀ ਪੈਂਦਾ ਹੈ ਪਰ ਅਸੀਂ ਅਜੋਕੇ ਹਾਲਾਤ ਤੋਂ ਸਬਕ ਤਾਂ ਸਿੱਖ ਹੀ ਸਕਦੇ ਹਾਂ ਜੇਕਰ ਭਵਿੱਖ ਵਿਚ ਕੁਦਰਤ ਨਾਲ ਛੇੜਛਾੜ ਕਰਨ ਦੀ ਬਜਾਏ ਵੱਧ ਤੋਂ ਵੱਧ ਰੁੱਖ ਲਗਾ ਕੇ ਇਸ ਦੀ ਸਾਂਭ ਸੰਭਾਲ ਕਰੀਏ ਤਾਂ ਜੋ ਹੜ੍ਹਾਂ ਦੀ ਮਾਰ ਤੋਂ ਬਚਿਆ ਜਾ ਸਕੇ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।