25-09-25
ਏ.ਆਈ. ਦੇ ਫਾਇਦੇ ਤੇ ਨੁਕਸਾਨ
ਅੱਜ ਕੱਲ੍ਹ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਵਰਤੋਂ ਸਿੱਖਿਆ, ਖੇਤੀਬਾੜੀ, ਵਪਾਰ, ਆਵਾਜਾਈ ਅਤੇ ਸੰਚਾਰ ਵਰਗੇ ਹਰ ਖੇਤਰ ਵਿਚ ਹੋ ਰਹੀ ਹੈ। ਇਸ ਨਾਲ ਮਨੁੱਖੀ ਜੀਵਨ ਸੁਖਾਲਾ ਹੋ ਰਿਹਾ ਹੈ, ਪਰ ਨਾਲ ਹੀ ਕਈ ਚੁਣੌਤੀਆਂ ਵੀ ਖੜ੍ਹੀਆਂ ਹੋ ਰਹੀਆਂ ਹਨ। ਸਭ ਤੋਂ ਵੱਡੀ ਚੁਣੌਤੀ ਬੇਰੁਜ਼ਗਾਰੀ ਦੀ ਹੈ, ਕਿਉਂਕਿ ਮਸ਼ੀਨਾਂ ਤੇ ਰੋਬੋਟ ਮਨੁੱਖੀ ਕਿਰਤ ਦੀ ਥਾਂ ਲੈ ਰਹੇ ਹਨ। ਇਸ ਤੋਂ ਇਲਾਵਾ, ਏ.ਆਈ. ਦੇ ਗਲਤ ਜਾਂ ਬੇਤਹਾਸ਼ਾ ਇਸਤੇਮਾਲ ਨਾਲ ਸਮਾਜਿਕ, ਨੈਤਿਕ ਅਤੇ ਸੁਰੱਖਿਆ ਸੰਬੰਧੀ ਖ਼ਤਰੇ ਵੀ ਵਧ ਸਕਦੇ ਹਨ। ਇਸ ਕਰਕੇ ਜ਼ਰੂਰੀ ਹੈ ਕਿ ਏ.ਆਈ. ਦੀ ਵਰਤੋਂ ਮਨੁੱਖਤਾ ਦੀ ਭਲਾਈ, ਨੈਤਿਕ ਮਿਆਰਾਂ ਤੇ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਹੀ ਕੀਤੀ ਜਾਵੇ। ਜੇ ਇਸ ਨੂੰ ਸਹੀ ਦਿਸ਼ਾ ਵਿਚ ਵਰਤਿਆ ਗਿਆ, ਤਾਂ ਇਹ ਯੁੱਗ ਮਨੁੱਖੀ ਇਤਿਹਾਸ ਵਿਚ ਤਰੱਕੀ ਦਾ ਨਵਾਂ ਮੋੜ ਸਾਬਤ ਹੋਵੇਗਾ।
-ਦੇਵ ਸ਼ਰਮਾ
ਫ਼ਤਹਿਗੜ੍ਹ ਸਾਹਿਬ।
ਚੜ੍ਹਦੀ ਕਲਾ
'ਚੜ੍ਹਦੀ ਕਲਾ' ਸਿਰਫ਼ ਇੱਕ ਸ਼ਬਦ ਨਹੀਂ ਹੈ। ਇਹ ਉਹ ਸਿਧਾਂਤ ਹੈ ਜੋ ਸਾਡੇ ਗੁਰੂਆਂ ਨੇ ਸਾਨੂੰ ਬਖ਼ਸ਼ਿਆ ਹੈ ਤੇ ਇਸ ਸਿਧਾਂਤ 'ਤੇ ਚੱਲਦਿਆਂ ਜ਼ਿੰਦਗੀ ਜਿਊਣ ਦਾ ਜੋ ਸਕੂਨ ਆਉਂਦਾ ਹੈ, ਉਹ ਵੱਖਰਾ ਹੀ ਹੈ। ਆਪਣਾ ਸਭ ਕੁਝ ਵਾਰ ਕੇ ਵੀ ਉਸ ਮਾਲਕ ਦਾ ਸ਼ੁਕਰਾਨਾ ਕਿਵੇਂ ਕੀਤਾ ਜਾਂਦਾ ਹੈ, ਇਹ ਸਾਨੂੰ ਸਾਡਾ ਇਤਿਹਾਸ ਸਿਖਾਉਂਦਾ ਹੈ। ਚੜ੍ਹਦੀ ਕਲਾ ਦਾ ਵਰਤਾਰਾ ਵਰਤਦਾ ਪੰਜਾਬ ਦੀ ਧਰਤੀ 'ਤੇ ਆਮ ਹੀ ਵੇਖਣ ਨੂੰ ਮਿਲਦਾ ਹੈ। ਸਿਆਣੇ ਆਖਦੇ ਨੇ ਕਿ 'ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ' ਤੇ ਇਹ ਗੱਲ ਸੱਚ ਵੀ ਹੈ ਪਰ ਦੂਸਰਾ ਸੱਚ ਇਹ ਹੈ ਕਿ ਪੰਜਾਬੀਆਂ ਨੇ ਇਨ੍ਹਾਂ ਮੁਸੀਬਤਾਂ ਦਾ ਸਾਹਮਣਾ ਹਮੇਸ਼ਾ ਹੱਸ ਕੇ ਅਤੇ ਡੱਟ ਕੇ ਕੀਤਾ ਹੈ। ਪੰਜਾਬੀ ਹਮੇਸ਼ਾ ਚੱਟਾਨ ਬਣ ਇਨ੍ਹਾਂ ਮੁਸੀਬਤਾਂ ਅੱਗੇ ਖੜ੍ਹੇ ਹਨ। ਅੱਜ ਪੰਜਾਬ ਬਹੁਤ ਨਾਜ਼ੁਕ ਹਾਲਾਤ 'ਚੋਂ ਗੁਜ਼ਰ ਰਿਹਾ ਹੈ ਪਰ ਇਹ ਪਹਿਲੀ ਵਾਰ ਨਹੀਂ ਹੈ। ਵਾਰ-ਵਾਰ ਉਜੜ ਕੇ ਤੇ ਫਿਰ ਆਬਾਦ ਹੋਣਾ ਇਹ ਪੰਜਾਬੀਆਂ ਦੇ ਹੀ ਹਿੱਸੇ ਆਇਆ ਹੈ। ਪਹਿਲਾਂ 1947, ਫਿਰ 1984 ਅਤੇ ਉਸ ਤੋਂ ਬਾਅਦ 1988 'ਚ ਹੜ੍ਹਾਂ ਦੀ ਮਾਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ। 2019, 2023 ਵਿਚ ਦੁਬਾਰਾ ਹੜ੍ਹਾਂ ਦੀ ਮਾਰ ਪੰਜਾਬ ਨੇ ਝੱਲੀ ਤੇ ਹੁਣ 2025 ਵਿਚ ਇੱਕ ਵਾਰ ਫੇਰ ਕੁਦਰਤ ਦੀ ਮਾਰ ਪੰਜਾਬ ਝੱਲ ਰਿਹਾ ਹੈ। ਕਦੇਆਪਣਿਆਂ ਹੱਥੋਂ ਮਿਲੇ ਧੋਖੇ ਤੇ ਕਦੇ ਕੁਦਰਤੀ ਆਫ਼ਤਾਂ ਕਰਕੇ ਪੰਜਾਬ ਵਾਰ-ਵਾਰ ਉਜੜਿਆ ਪਰ ਖ਼ਤਮ ਕਦੇ ਨਹੀਂ ਹੋਇਆ। ਪੰਜਾਬ ਨੇ ਚੜ੍ਹਦੀ ਕਲਾ ਦਾ ਸਿਧਾਂਤ ਕਦੇ ਨਹੀਂ ਛੱਡਿਆ ਤੇ ਮਾਲਕ ਦੇ ਭਾਣੇ ਨੂੰ ਹਮੇਸ਼ਾ ਹੱਸ ਕੇ ਮੰਨਿਆ ਹੈ।
-ਜਸਪ੍ਰੀਤ ਕੌਰ ਸੰਘਾ।
ਹੁਸ਼ਿਆਰਪੁਰ।
ਪੜ੍ਹਾਈ-ਲਿਖਾਈ ਦਾ ਮਹੱਤਵ
ਪੜ੍ਹਾਈ-ਲਿਖਾਈ ਮਨੁੱਖ ਦੀ ਜ਼ਿੰਦਗੀ ਵਿਚ ਬਹੁਤ ਵੱਡੀ ਅਹਿਮੀਅਤ ਰੱਖਦੀ ਹੈ। ਪੜ੍ਹਿਆ-ਲਿਖਿਆ ਮਨੁੱਖ ਹੀ ਸਹੀ ਤੇ ਗਲਤ ਵਿਚ ਫ਼ਰਕ ਕਰ ਸਕਦਾ ਹੈ ਅਤੇ ਆਪਣੇ ਭਵਿੱਖ ਨੂੰ ਸੁਧਾਰ ਸਕਦਾ ਹੈ। ਸਿੱਖਿਆ ਰਾਹੀਂ ਇਨਸਾਨ ਨੂੰ ਗਿਆਨ ਮਿਲਦਾ ਹੈ, ਜਿਸ ਨਾਲ ਉਹ ਆਪਣੀ ਸੋਚ-ਸਮਝ ਨੂੰ ਵਿਕਸਿਤ ਕਰਦਾ ਹੈ। ਪੜ੍ਹਾਈ ਨਾਲ ਮਨੁੱਖ ਦੇ ਅੰਦਰ ਆਤਮ-ਵਿਸ਼ਵਾਸ ਵਧਦਾ ਹੈ ਅਤੇ ਉਹ ਸਮਾਜ ਵਿਚ ਇੱਜ਼ਤ ਪ੍ਰਾਪਤ ਕਰਦਾ ਹੈ। ਜਿਹੜਾ ਦੇਸ਼ ਜ਼ਿਆਦਾ ਪੜ੍ਹਿਆ-ਲਿਖਿਆ ਹੁੰਦਾ ਹੈ, ਉਹ ਦੇਸ਼ ਹਰ ਖੇਤਰ ਵਿਚ ਤਰੱਕੀ ਕਰਦਾ ਹੈ।
-ਇਸ਼ਵਰਪ੍ਰੀਤ ਸਿੰਘ
ਫ਼ਤਹਿਗੜ੍ਹ ਸਾਹਿਬ।
ਹੜ੍ਹਾਂ ਤੋਂ ਬਾਅਦ ਦੀ ਸਥਿਤੀ
ਪੰਜਾਬ ਵਿਚ ਹੜ੍ਹਾਂ ਨੇ ਬਹੁਤ ਬਰਬਾਦੀ ਕੀਤੀ ਹੈ। ਹਰ ਪਾਸੇ ਹਾਲਾਤ ਬਹੁਤ ਬੁਰੇ ਹਨ। ਲੋਕਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਘਰ, ਹੜ੍ਹਾਂ ਦੀ ਮਾਰ ਕਾਰਨ ਆਪਣੀ ਮਜ਼ਬੂਤੀ ਗੁਆ ਚੁੱਕੇ ਹਨ। ਨਵੇਂ ਸਿਰ ਤੋਂ ਘਰ ਬਣਾਉਣਾ ਕੋਈ ਸੌਖਾ ਕੰਮ ਨਹੀਂ।
ਫ਼ਸਲ ਬਰਬਾਦ ਹੋ ਗਈ ਹੈ। ਅਗਲੀ ਫ਼ਸਲ ਬੀਜੀ ਜਾਵੇਗੀ ਜਾਂ ਨਹੀਂ, ਇਸ ਬਾਰੇ ਵੀ ਅਜੇ ਕੁਝ ਪਤਾ ਨਹੀਂ। ਜ਼ਮੀਨ 'ਤੇ ਕਈ-ਕਈ ਫੁੱਟ ਰੇਤ ਚੜ੍ਹ ਗਈ ਹੈ। ਫ਼ਸਲ ਬਰਬਾਦ ਹੋਣ ਦਾ ਮਤਲਬ ਹੈ ਛੇ ਮਹੀਨਿਆਂ ਦਾ ਰੋਟੀ-ਪਾਣੀ ਖੁਸ ਜਾਣਾ। ਇਸ ਨੂੰ ਮੁੜ ਵਾਹੀਯੋਗ ਕਰਨਾ ਸੌਖਾ ਕੰਮ ਨਹੀਂ। ਸਾਨੂੰ ਮਦਦ ਯੋਜਨਾਬੱਧ ਤਰੀਕੇ ਨਾਲ ਕਰਨ ਦੀ ਲੋੜ ਹੈ। ਉੱਥੋਂ ਦੇ ਬੱਚਿਆਂ ਦੀ ਪੜ੍ਹਾਈ ਲਈ ਵੀ ਸਾਨੂੰ ਮਦਦ ਕਰਨ ਦੀ ਲੋੜ ਹੈ। ਇਸ ਸਭ ਲਈ ਯੋਜਨਾਬੰਦੀ ਬਹੁਤ ਜ਼ਰੂਰੀ ਹੈ। ਜਿਹੜੇ ਕਿਸਾਨਾਂ ਨੇ ਕਰਜ਼ਾ ਲਿਆ ਹੋਇਆ ਹੈ ਜਾਂ ਠੇਕੇ 'ਤੇ ਪੈਲੀ ਲੈ ਕੇ ਖੇਤੀ ਕਰਦੇ ਹਨ, ਉਨ੍ਹਾਂ ਦਾ ਹੌਸਲਾ ਵਧਾਉਣ ਦੀ ਲੋੜ ਹੈ। ਹੁਣ ਅਸੀਂ ਪਹਿਲ ਇਸ ਗੱਲ ਨੂੰ ਦੇਣੀ ਹੈ ਕਿ ਸਾਡੇ ਨੌਜਵਾਨ ਨਿਰਾਸ਼ ਨਾ ਹੋਣ ਤੇ ਬੱਚਿਆਂ ਨੂੰ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇਣਾ ਹੋਵੇਗਾ।
-ਗੌਰਵ ਮੁੰਜਾਲ
ਪੀ.ਸੀ.ਐਸ.।