26-09-25
ਆਵਾਰਾ ਪਸ਼ੂਆਂ ਦੀ ਭਰਮਾਰ
ਪੰਜਾਬ ਸਰਕਾਰ ਵਲੋਂ ਗਊ ਸੈੱਸ ਲਾਉਣ ਤੋਂ ਬਾਅਦ ਵੀ ਪੰਜਾਬ ਦੀਆਂ ਸੜਕਾਂ 'ਤੇ ਆਵਾਰਾ ਪਸ਼ੂ ਹਰਲ-ਹਰਲ ਕਰਦੇ ਘੁੰਮ ਰਹੇ ਹਨ, ਜੋ ਮਨੁੱਖੀ ਕੀਮਤੀ ਜਾਨਾਂ ਦੀ ਮੌਤ ਦਾ ਕਾਰਨ ਬਣਦੇ ਹਨ। ਭਾਵੇਂ ਗਊਸ਼ਾਲਾ ਬਹੁਤ ਬਣਾਈਆਂ ਗਈਆਂ ਹਨ ਪਰ ਉਨ੍ਹਾਂ ਵਿਚ ਵੀ ਦੁਧਾਰੂ ਪਸ਼ੂਆਂ ਦੀ ਹੀ ਸਾਂਭ-ਸੰਭਾਲ ਕੀਤੀ ਜਾਂਦੀ ਹੈ। ਜੋ ਪਸ਼ੂ ਦੁੱਧ ਨਹੀਂ ਦਿੰਦੇ, ਉਨ੍ਹਾਂ ਨੂੰ ਕੋਈ ਬਹੁਤੀ ਤਵੱਜੋਂ ਨਹੀਂ ਦਿੱਤੀ ਜਾਂਦੀ। ਸਾਡੀ ਜੈਤੋ ਮੰਡੀ ਵਿਖੇ ਸ਼ਾਮ ਵੇਲੇ ਜਦੋਂ ਇਕ ਗਊਸ਼ਾਲਾ ਤੋਂ ਦੂਜੀ ਗਊਸ਼ਾਲਾ ਵਿਚ ਪਸ਼ੂਆਂ ਨੂੰ ਤਬਦੀਲ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਨੂੰ ਰੋਕਣ ਵਾਸਤੇ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਜਾਂਦਾ। ਕੁਝ ਪਸ਼ੂ ਗਊਸ਼ਾਲਾ 'ਚ ਜਾਣ ਦੀ ਬਜਾਏ ਸੜਕਾਂ 'ਤੇ ਨਿਕਲ ਜਾਂਦੇ ਹਨ, ਜੋ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰਦੇ ਹਨ ਤੇ ਸ਼ਾਮ ਨੂੰ ਦਾਣਾ ਮੰਡੀ ਦੇ ਗੇਟ 'ਤੇ ਝੁੰਡ ਬਣਾ ਕੇ ਬੈਠ ਜਾਂਦੇ ਹਨ। ਇਨ੍ਹਾਂ ਦੀ ਲਗਾਤਾਰ ਵਧ ਰਹੀ ਗਿਣਤੀ ਵੱਲ ਕਿਸੇ ਵੀ ਸਰਕਾਰ ਜਾਂ ਸੰਸਥਾ ਦਾ ਕੋਈ ਧਿਆਨ ਨਹੀਂ ਹੈ। ਸਰਕਾਰ ਨੂੰ ਇਸ ਸਮੱਸਿਆ ਦਾ ਹੱਲ ਕਰਨ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ।
-ਸੁਖਵੰਤ ਸਿੰਘ ਸਿੱਧੂ
ਪਿੰਡ ਅਜਿਤ ਗਿਲ (ਜੈਤੋ)
ਹੜ੍ਹਾਂ ਦੀ ਮਾਰ
ਕੁਦਰਤ ਦੀ ਮਾਰ ਤੇ ਸਰਕਾਰਾਂ ਦੀ ਨਾਲਾਇਕੀ ਨੇ ਇਸ ਸਾਲ ਹੜ੍ਹਾਂ ਨੂੰ ਸੱਦਾ ਦਿੱਤਾ। ਪੰਜਾਬ ਦੇ ਜਾਏ ਪੰਜਾਬ ਨਾਲ ਅੜ ਕੇ ਇੰਝ ਖੜੇ ਜਿਵੇਂ ਢਿੱਲੀ ਚੂਲ ਫਾਲ ਹੁੰਦੀ। ਬੱਚਿਆਂ ਸਮੇਤ ਮੱਝਾਂ-ਗਾਵਾਂ ਰੁੜ੍ਹ ਗਈਆਂ, ਮਹਿਲਾਂ ਵਰਗੇ ਘਰ ਢਹਿ ਢੇਰੀ ਹੋ ਗਏ। ਪਰ ਪੰਜਾਬੀ ਹੌਸਲੇ ਨਾਲ ਪਿੱਲਰਾਂ ਵਾਂਗ ਖੜ੍ਹੇ ਹਨ। ਦਰਿਆਵਾਂ ਨੂੰ ਬੰਨ੍ਹ ਮਾਰ ਰਹੇ ਨੌਜਵਾਨਾਂ ਕੋਲ ਇਕ ਪੱਗ ਵਾਲਾ ਲੀਡਰ ਆਇਆ ਤੇ ਬੋਲਿਆ, ਜਦੋਂ ਸਾਡੀ ਸਰਕਾਰ ਆ ਗਈ ਸਾਰੇ ਬੰਨ੍ਹ ਪੱਕੇ ਕਰਵਾ ਦਿਆਂਗੇ। ਹੁਣ ਵਾਹਿਗੁਰੂ ਮਿਹਰ ਕਰੇ। ਕੋਲ ਹੀ ਖੜ੍ਹੇ ਲੋਕਾਂ 'ਚੋਂ ਇਕ ਬਜ਼ੁਰਗ ਬੋਲਿਆ, ਪਹਿਲਾਂ 25 ਸਾਲ ਤੁਸੀਂ ਹੀ ਰਾਜ ਕੀਤਾ ਸੀ, ਉਦੋਂ ਕਿਉਂ ਨਹੀਂ ਬਣਾਏ। ਉਦੋਂ ਇਹ ਸਭ ਕੁਝ ਕਿਉਂ ਨਹੀਂ ਬਣਾਇਆ। ਜੇ ਉਸ ਸਮੇਂ ਬਣਾਇਆ ਹੁੰਦਾ ਤਾਂ 88 ਪਿੱਛੇ ਅੱਜ ਦੁਆਰਾ ਨਾ ਉਜੜਦੇ। ਪਰ ਤੁਸੀਂ ਸਾਨੂੰ ਵਸਦਿਆਂ 'ਚ ਵੇਖਣਾ ਹੀ ਕਦੋਂ ਚਾਹੁੰਦੇ ਹੋ। ਚਾਰੇ ਪਾਸੇ ਸੰਨਾਟਾ ਛਾ ਗਿਆ। ਨੇਤਾ ਜੀ ਬਾਬੇ ਵੱਲ ਕੌੜਾ-ਕੌੜਾ ਵੇਖਦਾ, ਉਥੋਂ ਚੱਕਵੇਂ ਪੈਰੀਂ ਹੋ ਗਿਆ।
-ਪ੍ਰੋ. ਬਲਕਾਰ ਸਿੰਘ, ਸ਼ੇਖੂਪੁਰਾ, ਖੁਡਾਲ।
ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂਅ ਹੈ
ਜ਼ਿੰਦਗੀ ਨੂੰ ਖ਼ੂਬਸੂਰਤ ਢੰਗ ਨਾਲ ਜਿਊਣ ਲਈ ਖੂਬਸੂਰਤ ਵਿਚਾਰਾਂ ਨਾਲ ਪ੍ਰਫੁੱਲਤ ਹੋਣਾ ਜ਼ਰੂਰੀ ਹੈ। ਸਾਨੂੰ ਸੁੰਦਰ ਅਤੇ ਚੰਗੀ ਜ਼ਿੰਦਗੀ ਜਿਊਣ ਲਈ ਮਹਾਪੁਰਸ਼ਾਂ ਦੇ ਵਿਚਾਰਾਂ ਤੋਂ ਸੇਧ ਲੈਣੀ ਚਾਹੀਦੀ ਹੈ। ਇਹ ਦੁਨੀਆ ਸੋਹਣਾ ਬਾਗ ਹੈ। ਇਸ ਵਿਚ ਮਨੁੱਖੀ ਸਰੀਰ ਦਾ ਇਕ ਸੋਹਣਾ ਬੂਟਾ ਹੈ। ਮਹਾਂਪੁਰਸ਼ਾਂ ਦਾ ਕਹਿਣਾ ਕਿ ਸਾਰੀ ਉਮਰ ਮਨੁੱਖ ਉਸ ਸਮੇਂ ਖੁਸ਼ ਹੁੰਦਾ ਹੈ, ਜਦੋਂ ਮਨ ਦੀਆਂ ਆਸਾਂ ਦੀ ਝੋਲੀ ਮੁਹੱਬਤ ਦੀਆਂ ਮੁਰਾਦਾਂ ਨਾਲ ਭਰ ਦਿੱਤੀ ਜਾਵੇ। ਰੱਬ 'ਤੇ ਭਰੋਸਾ ਰੱਖ ਕੇ ਜ਼ਿੰਦਗੀ ਬਤੀਤ ਕਰੋ। ਆਪਣੇ ਅਨੁਕੂਲ ਵਾਤਾਵਰਨ ਬਣਾ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਚੜ੍ਹਦੀ ਕਲਾ ਵਿਚ ਰੱਖ ਸਕਦੇ ਹੋ। ਮਾਨਸਿਕ ਸ਼ਕਤੀ ਦਾ ਵਿਕਾਸ ਕਰਕੇ ਜ਼ਿੰਦਗੀ ਹੱਸ ਕੇ ਗੁਜ਼ਾਰੋ। ਜ਼ਿੰਦਗੀ ਅਧਿਆਤਮਕ ਅਤੇ ਵਿਹਾਰਕ ਦੋਹਾਂ ਪੱਖਾਂ ਵਿਚ ਮੁਹਾਰਤ ਜ਼ਰੂਰੀ ਹੈ।
-ਡਾ. ਨਰਿੰਦਰ ਭੱਪਰ ਝਬੇਲਵਾਲੀ
ਸ੍ਰੀ ਮੁਕਤਸਰ ਸਾਹਿਬ।
ਪੰਜਾਬ ਵਸਦਾ ਗੁਰਾਂ ਦੇ ਨਾਂਅ 'ਤੇ
'ਪੰਜਾਬ ਵਸਦਾ ਗੁਰਾਂ ਦੇ ਨਾਂਅ 'ਤੇ' ਕਥਨ ਨੂੰ ਪੁਖ਼ਦਾ ਕਰਦਾ ਹੋਇਆ ਪੰਜਾਬ ਅੱਜ ਹੜ੍ਹਾਂ 'ਤੇ ਭਾਰੂ ਪੈ ਗਿਆ ਹੈ। ਹੜ੍ਹਾਂ ਨਾਲ ਨਜਿੱਠਣ ਲਈ ਪੰਜਾਬੀਆਂ ਨੇ ਤਿੰਨ ਸੁਨੇਹੇ ਦਿੱਤੇ। ਪਹਿਲਾ ਉੱਡਦੇ ਤੋਂ ਚੜ੍ਹਦੀ ਕਲਾਂ ਵਾਲਾ ਪੰਜਾਬ ਬਣ ਕੇ ਉੱਭਰਿਆ, ਦੂਜਾ ਭਾਈਚਾਰਕ ਏਕਤਾ ਰੱਖੀ, ਜਾਤਪਾਤ ਦੀ ਘਟੀਆ ਸੋਚ ਅਤੇ ਰਾਜਨੀਤਕ ਵਖਰੇਵੇਂ ਪਰ੍ਹੇ ਵਗਾਹ ਮਾਰੇ ਅਤੇ ਤੀਜਾ ਪੰਜਾਬ ਆਪਣੀ ਕਿਸਮਤ ਆਪ ਲਿਖਣ ਦੇ ਸਮਰੱਥ ਬਣਿਆ। ਕੁਦਰਤੀ ਆਫ਼ਤਾਂ ਸਮੇਂ ਸਾਰਾ ਪੰਜਾਬ ਇਕਮੁੱਠ ਹੋ ਕੇ ਜਿਸ ਤਰ੍ਹਾਂ ਲੜਿਆ, ਉਸ ਤੋਂ ਸਪੱਸ਼ਟ ਹੈ ਕਿ ਪੰਜਾਬ ਨੂੰ ਕੋਈ ਖਦੇੜ ਨਹੀਂ ਸਕਦਾ। ਪੰਜਾਬੀਆਂ ਨੇ 'ਭਾਰਤ ਹੈ ਵਾਂਗ ਮੁੰਦਰੀ, ਵਿਚ ਨਗ ਪੰਜਾਬ ਦਾ' ਨੂੰ ਸਾਬਿਤ ਕਰ ਦਿੱਤਾ। ਹੁਣ ਪੰਜਾਬੀ ਉਜੜੇ ਘਰਾਂ ਨੂੰ ਮੁੜ ਵਸਾਉਣ ਲਈ ਇਕ ਲੋਕ ਲਹਿਰ ਉਸਾਰਨ ਤਾਂ ਕਿ ਸਾਰਾ ਪੰਜਾਬ ਮੁੜ ਲੀਹਾਂ 'ਤੇ ਆ ਸਕੇ।
-ਸੁਖਪਾਲ ਸਿੰਘ ਗਿੱਲ,
ਅਬਿਆਣਾ ਕਲਾਂ।
ਪਰਮਾਤਮਾ ਦਾ ਸ਼ੁਕਰਾਨਾ
ਪਰਮਾਤਮਾ ਨੂੰ ਅਨੇਕਾਂ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਕੋਈ ਉਸ ਨੂੰ ਰੱਬ ਕਹਿੰਦਾ ਹੈ, ਕੋਈ 'ਖੁਦਾ', ਕੋਈ 'ਰਾਮ' ਅਤੇ ਕੋਈ 'ਵਾਹਿਗੁਰੂ' ਆਖਦਾ ਹੈ। ਉਹ ਅਦ੍ਰਿਸ਼ਟ ਹੋ ਕੇ ਵੀ ਹਰ ਦਿਲ ਵਿਚ ਵੱਸਦਾ ਹੈ। ਉਹੀ ਸਭ ਦੀ ਚਿੰਤਾ ਕਰਦਾ ਹੈ, ਚੰਗੇ ਦੀ ਵੀ, ਮਾੜੇ ਦੀ ਵੀ, ਕਿਉਂਕਿ ਸਾਰੇ ਉਸ ਦੇ ਹੀ ਬੱਚੇ ਹਨ। ਰੱਬ ਉਹ ਹੈ ਜੋ ਸਾਡੀਆਂ ਗਲਤੀਆਂ ਅਤੇ ਭੁੱਲਾਂ ਨੂੰ ਬਖ਼ਸ਼ ਕੇ ਸਾਨੂੰ ਸਬਕ ਸਿਖਾਉਂਦਾ ਹੈ, ਜੋ ਸਾਨੂੰ ਹਨੇਰੇ ਵਿਚ ਵੀ ਸਹੀ ਮਾਰਗ ਦੀਆਂ ਪੌੜੀਆਂ ਚੜ੍ਹਨਾ ਸਿਖਾਉਂਦਾ ਹੈ। ਉਹ ਸਾਡੀ ਜ਼ਿੰਦਗੀ ਨੂੰ ਸਤਰੰਗੀ ਪੀਂਘ ਦੇ ਰੰਗਾਂ ਨਾਲ ਭਰ ਦਿੰਦਾ ਹੈ, ਜਿਸ ਵਿਚ ਕਦੇ ਖੁਸ਼ੀ, ਕਦੇ ਗਮੀ, ਕਦੇ ਆਸ, ਕਦੇ ਹੌਸਲੇ ਦੇ ਰੰਗ ਸ਼ਾਮਿਲ ਹੁੰਦੇ ਹਨ। ਇਸੇ ਕਰਕੇ ਪਰਮਾਤਮਾ ਦਾ ਸਿਮਰਨ ਅਤੇ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ।
-ਹਰਨੀਤ ਕੌਰ,
ਅਬੋਹਰ