JALANDHAR WEATHER

01-10-25

 ਸਿੱਖਣਾ ਅਤੇ ਪਰਪੱਕਤਾ

ਮਨੁੱਖੀ ਵਿਕਾਸ ਦੀ ਕਿਰਿਆ ਵਿਚ ਸਿੱਖਣਾ ਅਤੇ ਪਰਪੱਕਤਾ ਦੋਵਾਂ ਦਾ ਮਹੱਤਵਪੂਰਨ ਯੋਗਦਾਨ ਹੈ। ਪਰਪੱਕਤਾ ਦੇ ਕਾਰਨ ਵਿਅਕਤੀ ਦੀ ਸਰੀਰਕ ਅਤੇ ਮਾਨਸਿਕ ਸੰਰਚਨਾ ਵਿਕਸਿਤ ਹੁੰਦੀ ਹੈ ਅਤੇ ਸਿੱਖਣ ਨਾਲ ਵਿਅਕਤੀ ਦੇ ਵਿਵਹਾਰ ਦੇ ਕਾਰਜ ਵਿਚ ਪਰਿਵਰਤਨ ਹੁੰਦਾ ਹੈ। ਪਰਪੱਕਤਾ ਦੀ ਕਿਰਿਆ ਨਾਲ ਮਨੁੱਖੀ ਸਰੀਰ ਦੀਆਂ ਮਾਸਪੇਸ਼ੀਆਂ, ਦਿਮਾਗ ਅਤੇ ਹੋਰ ਅੰਗਾਂ ਵਿਚ ਸਮੇਂ ਨਾਲ ਸੁਧਾਰ ਤੇ ਵਿਕਾਸ ਹੁੰਦਾ ਰਹਿੰਦਾ ਹੈ। ਮਨੁੱਖ ਅੰਦਰ ਛੁਪੇ ਖਾਨਦਾਨੀ ਜਮਾਂਦਰੂ ਗੁਣ, ਯੋਗਤਾਵਾਂ ਅਤੇ ਕੌਸ਼ਲ ਪਰਪੱਕਤਾ ਦੇ ਕਾਰਨ ਬੱਚੇ ਦੇ ਜਨਮ ਤੋਂ ਤੁਰੰਤ ਹੀ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਖਾਨਦਾਨੀ ਜਮਾਂਦਰੂ ਤਾਕਤਾਂ ਵਿਚ ਪਰਪੱਕਤਾ ਦੇ ਸਿੱਟੇ ਵਜੋਂ ਮਨੁੱਖ ਵਾਤਾਵਰਨ ਅਤੇ ਜੀਵਨ ਦੀਆਂ ਪ੍ਰਸਥਿਤੀਆਂ ਅਨੁਸਾਰ ਆਪਣੇ-ਆਪ ਨੂੰ ਢਾਲਣ ਅਤੇ ਅਨੁਕੂਲਣ ਕਰਨ ਵਿਚ ਸਫਲ ਹੁੰਦਾ ਹੈ। ਵਿਕਾਸ ਦੀ ਪ੍ਰਕਿਰਿਆ ਵਿਚ ਪਰਪੱਕਤਾ ਦੇ ਨਾਲ-ਨਾਲ ਸਿੱਖਣਾ ਅਤੇ ਸਿਖਲਾਈ ਦਾ ਵੀ ਮਹੱਤਵ ਹੈ। ਸਿੱਖਣ ਦੀ ਪ੍ਰਕਿਰਿਆ ਦੌਰਾਨ ਅਭਿਆਸ ਦੇ ਨਾਲ ਵਿਵਹਾਰ ਵਿਚ ਪਰਿਵਰਤਨ ਹੁੰਦਾ ਹੈ। ਇਸ ਵਿਵਹਾਰ ਪਰਿਵਰਤਨ ਦੇ ਕਾਰਨ ਕੰਮਾਂ ਵਿਚ ਉੱਨਤੀ ਤੇ ਵਿਕਾਸ ਹੁੰਦਾ ਹੈ। ਸਿੱਖਿਆ ਜਾਂ ਸਿਖਲਾਈ ਦੇ ਕਾਰਨ ਹੋਣ ਵਾਲੇ ਵਿਹਾਰ ਵਿਚ ਪਰਿਵਰਤਨ ਸਥਾਈ ਤੇ ਪੱਕੇ ਹੁੰਦੇ ਹਨ। ਸਿੱਖਣਾ ਉਦੇਸ਼ਪੂਰਨ ਹੁੰਦਾ ਹੈ ਜਿਹੜਾ ਮਨੁੱਖੀ ਲੋੜਾਂ ਦੀ ਪੂਰਤੀ ਕਰਦਾ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ : ਨੌਨੀਤਪੁਰ, ਤਹਿ. ਗੜ੍ਹਸ਼ੰਕਰ (ਹੁਸ਼ਿਆਰਪੁਰ)

ਨੌਜਵਾਨੀ ਤੇ ਸੋਸ਼ਲ ਮੀਡੀਆ ਦਾ ਪ੍ਰਭਾਵ

ਸੋਸ਼ਲ ਮੀਡੀਆ ਅਜਿਹਾ ਸੰਚਾਰ ਦਾ ਸਾਧਨ ਹੈ, ਜੋ ਮਨੁੱਖ ਨੂੰ ਪੂਰੇ ਸੰਸਾਰ ਨਾਲ ਜੋੜ ਰਿਹਾ ਹੈ। ਇਹ ਵਡਮੁੱਲੀ ਜਾਣਕਾਰੀ ਦਾ ਖਜ਼ਾਨਾ ਹੈ, ਜੋ ਮਿੰਟਾਂ ਸਕਿੰਟਾਂ ਵਿਚ ਘਰ ਬੈਠਿਆਂ ਪੂਰੀ ਦੁਨੀਆ ਦੀ ਜਾਣਕਾਰੀ ਮੁੱਹਈਆ ਕਰਵਾ ਦਿੰਦਾ ਹੈ। ਆਮ ਇਨਸਾਨ ਆਪਣਾ ਪੱਖ ਬਿਨਾਂ ਕਿਸੇ ਸਿਆਸੀ ਦਬਾਅ, ਖਰਚ ਤੋਂ ਆਸਾਨੀ ਨਾਲ ਰੱਖ ਸਕਦਾ ਹੈ। ਉਸ ਦੀ ਆਵਾਜ਼ ਸਰਕਾਰ ਵਿਰੋਧੀ ਧਿਰ, ਪ੍ਰਸ਼ਾਸਨ ਤੱਕ ਪੁੱਜ ਜਾਂਦੀ ਹੈ। ਜਿੱਥੇ ਸੋਸ਼ਲ ਮੀਡੀਆ ਨਾਲ ਸਾਡੇ ਸਮਾਜਿਕ ਤੇ ਪਰਿਵਾਰਕ ਰਿਸ਼ਤੇ ਜੁੜੇ ਹਨ ਉੱਥੇ ਟੁੱਟੇ ਵੀ ਹਨ। ਬਹੁਤ ਸਾਰੇ ਲੋਕ ਮਰਿਆਦਾ ਨੂੰ ਭੁੱਲ ਕੇ ਨੰਗੇਜ਼, ਅਸ਼ਲੀਲਤਾ ਨੂੰ ਆਜ਼ਾਦੀ ਸਮਝਦੇ ਹਨ ਤੇ ਪੈਸਾ ਕਮਾਉਣ ਦੇ ਚੱਕਰ ਵਿਚ ਗਲਤ ਤੇ ਘਟੀਆ ਰੀਲਾਂ ਬਣਾ ਕੇ ਆਪਣੇ ਫੋਲੋਵਰਜ਼ ਵਧਾਉਣ ਵਿਚ ਲੱਗੇ ਹੋਏ ਹਨ। ਕਿਉਂਕਿ ਜ਼ਿਆਦਾ ਵਿਊ ਵਧਣ ਨਾਲ ਮੋਟੀ ਕਮਾਈ ਹੁੰਦੀ ਹੈ। ਅਜਿਹੇ ਲੋਕ ਇਹ ਨਹੀਂ ਜਾਣਦੇ ਕਿ ਇਸ ਦਾ ਸਮਾਜ 'ਤੇ ਕੀ ਅਸਰ ਪਵੇਗਾ? ਕੁੱਝ ਮਹੀਨੇ ਪਹਿਲਾਂ ਅਜਿਹੀ ਗੰਦੀਆਂ ਰੀਲਾਂ ਬਣਾਉਣ ਦੇ ਚੱਕਰ ਵਿਚ ਇਕ ਔਰਤ ਦਾ ਕਤਲ ਤੱਕ ਕਰ ਦਿੱਤਾ ਗਿਆ।
ਇੱਜ਼ਤ ਬਣਾਉਣ ਤੇ ਉਤਾਰਨ ਵਿਚ ਸੋਸ਼ਲ ਮੀਡੀਆ ਦੀ ਵੱਡੀ ਭੂਮਿਕਾ ਸਾਹਮਣੇ ਆ ਰਹੀ ਹੈ। ਕਈ ਚੰਗੀਆਂ ਵੀਡੀਓਜ਼ ਵੀ ਆਉਂਦੀਆਂ ਹਨ, ਜੋ ਸਮਾਜ ਨੂੰ ਵਧੀਆ ਸੇਧ ਦੇਣ ਵਾਲੀਆਂ ਵੀ ਹਨ। ਸੂਝ ਬੂਝ ਤੇ ਸਮਝਦਾਰੀ ਨਾਲ ਵਰਤੋਂ ਕਰਨ ਵਾਲੇ ਸੋਸ਼ਲ ਮੀਡੀਆ ਦਾ ਫਾਇਦਾ ਵੀ ਚੁੱਕ ਰਹੇ ਹਨ, ਤੇ ਗਲਤ ਵਰਤੋਂ ਕਰਨ ਵਾਲਿਆਂ ਨੂੰ ਖਮਿਆਜ਼ਾ ਵੀ ਭੁਗਤਣਾ ਪੈ ਰਿਹਾ ਹੈ। ਪਿੱਛੇ ਜਹੇ ਆਪਣੇ ਆਪ ਨੂੰ ਇੱਕ ਅਖ਼ਬਾਰ ਦਾ ਪੱਤਰਕਾਰ ਕਹਾਉਣ ਵਾਲੇ ਨੇ ਕਿਸੇ ਦੀ ਲਾਈਵ ਰਿਕਾਰਡਿੰਗ ਸ਼ੁਰੂ ਕਰਕੇ ਰਿਪੋਰਟਿੰਗ ਕਰ ਦਿੱਤੀ। ਕੁੱਝ ਦਿਨਾਂ ਬਾਅਦ ਮਾਣਹਾਨੀ ਦੇ ਜੁਰਮ ਵਿਚ ਉਸ ਨੂੰ ਜੇਲ੍ਹ, ਦੀ ਹਵਾ ਵੀ ਖਾਣੀ ਪਈ। ਅੱਜ ਦੀ ਨੌਜਵਾਨੀ ਮਾਂ-ਬਾਪ ਦੇ ਕਹਿਣੇ ਵਿਚ ਨਹੀਂ ਹੈ। ਆਪਣੀ ਜ਼ਿੰਮੇਵਾਰੀ ਤੋਂ ਦੂਰ ਭੱਜ ਰਹੀ ਹੈ। ਗਲਤ ਕਦਮ ਚੁੱਕ ਰਹੀ ਹੈ। ਅੱਜ ਸਾਨੂੰ ਸਾਰਿਆਂ ਨੂੰ ਜਾਗਣ ਦੀ ਜ਼ਰੂਰਤ ਹੈ।

-ਸੰਜੀਵ ਸਿੰਘ ਸੈਣੀ,
ਮੁਹਾਲੀ

ਮੋਬਾਈਲ ਦੀ ਦੁਰਵਰਤੋਂ

ਮੋਬਾਈਲ ਫੋਨ ਸਾਡੇ ਜੀਵਨ ਦਾ ਇਕ ਅਨਿੱਖੜਵਾਂ ਅੰਗ ਬਣ ਗਿਆ ਹੈ। ਇਹ ਵਰਤਮਾਨ ਸਮੇਂ ਦੀ ਲੋੜ ਹੈ ਜਿਸ ਨਾਲ ਸਾਡਾ ਜੀਵਨ ਕਈ ਪੱਖੋਂ ਸੁਖਦ ਬਣਿਆ ਹੈ। ਅੱਜ ਹਰ ਵਿਅਕਤੀ ਦੇ ਹੱਥ ਵਿਚ ਤੁਹਾਨੂੰ ਮੋਬਾਈਲ ਫੋਨ ਦੇਖਣ ਨੂੰ ਤਾਂ ਮਿਲ ਜਾਏਗਾ ਪਰ ਕੀ ਉਸ ਦੀ ਵਰਤੋਂ ਕਰਨ ਦਾ ਇਲਮ ਸਭ ਨੂੰ ਹੈ? ਅਸੀਂ ਆਮ ਹੀ ਦੇਖਦੇ ਹਾਂ ਕਿ ਲੋਕ ਜਨਤਕ ਥਾਵਾਂ 'ਤੇ, ਹਸਪਤਾਲ ਵਿਚ, ਸਕੂਲਾਂ ਵਿਚ ਅਤੇ ਕਈ ਵਾਰ ਧਾਰਮਿਕ ਸਥਾਨਾਂ 'ਤੇ ਵੀ ਉੱਚੀ ਆਵਾਜ਼ ਵਿਚ ਮੋਬਾਈਲ ਫੋਨ 'ਤੇ ਗੱਲਾਂ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਜਿੱਥੇ ਇਕ ਪਾਸੇ ਹਸਪਤਾਲ ਵਿਚ ਲੋਕ ਬਿਮਾਰੀ ਨਾਲ ਜੂਝਦੇ ਹੋਏ ਆਪਣੀ ਵਾਰੀ ਦੀ ਉਡੀਕ ਕਰ ਰਹੇ ਹੁੰਦੇ ਹਨ, ਉਥੇ ਦੂਜੇ ਪਾਸੇ ਕੁਝ ਵਿਅਕਤੀ ਆਪਣੇ ਮੋਬਾਈਲ ਫੋਨ ਵਿਚ ਵੀਡੀਓ ਉੱਚੀ ਆਵਾਜ਼ ਵਿਚ ਦੇਖਦੇ ਹੋਏ ਉਨ੍ਹਾਂ ਨੂੰ ਹੋਰ ਪ੍ਰੇਸ਼ਾਨ ਕਰਦੇ ਹਨ। ਇਨਸਾਨ ਦੀ ਇਹ ਕਿਹੋ ਜਿਹੀ ਮਾਨਸਿਕਤਾ ਹੈ ਸਮਝ ਤੋਂ ਪਰ੍ਹੇ ਹੈ। ਅਸੀਂ ਆਪਣੇ ਸਮਾਜਿਕ ਅਤੇ ਨੈਤਿਕ ਫਰਜ਼ ਭੁੱਲਦੇ ਜਾ ਰਹੇ ਹਾਂ। ਸਾਨੂੰ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ ਕਿ ਮੋਬਾਈਲ ਫੋਨ ਦੀ ਵਰਤੋਂ ਕਿੱਥੇ ਅਤੇ ਕਿਵੇਂ ਕਰਨੀ ਹੈ।

-ਡਾ. ਜਸਲੀਨ ਕੌਰ
ਸੰਗਰੂਰ।

ਕਾਨੂੰਨ ਅੱਜ ਵੀ ਜ਼ਿੰਦਾ ਹੈ

ਜਦੋਂ ਖਡੂਰ ਸਾਹਿਬ ਤੋਂ 'ਆਪ' ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ ਉਨ੍ਹਾਂ ਦੇ 11 ਸਾਥੀਆਂ ਨੂੰ 12 ਸਾਲ ਪੁਰਾਣੇ ਇਕ ਮਾਮਲੇ ਵਿਚ ਤਰਨ ਤਾਰਨ ਦੇ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ ਦੋਸ਼ੀ ਠਹਿਰਾਉਂਦਿਆਂ ਗੋਇੰਦਵਾਲ ਸਾਹਿਬ ਦੀ ਜੇਲ੍ਹ ਭੇਜ ਦਿੱਤਾ। ਮੁਲਜ਼ਮਾਂ ਵਿਚ 6 ਪੁਲਿਸ ਕਰਮੀ ਵੀ ਸ਼ਾਮਿਲ ਹਨ। ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਦੋਸ਼ੀਆਂ ਖ਼ਿਲਾਫ਼ ਸਥਾਨਕ ਥਾਣਾ ਸਿਟੀ ਦੀ ਪੁਲਿਸ ਨੇ ਐਸ.ਸੀ.ਐਸ.ਟੀ. ਐਕਟ ਸਮੇਤ ਕਈ ਹੋਰ ਸੰਗੀਨ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਸੀ। ਇਸ ਮਾਮਲੇ ਦੀ ਗੰਭੀਰਤਾ ਨੂੰ ਲੈਂਦਿਆਂ ਮਾਨਯੋਗ ਸੁਪਰੀਮ ਕੋਰਟ ਨੇ ਪੀੜਤ ਔਰਤ ਹਰਬਰਿੰਦਰ ਕੌਰ ਉਸਮਾਂ ਨੂੰ ਸਖ਼ਤ ਸੁਰੱਖਿਆ ਦੇਣ ਦੇ ਹੁਕਮ ਕੀਤੇ ਸਨ। ਦੋਸ਼ੀਆਂ ਨੇ 3 ਮਾਰਚ, 2013 ਨੂੰ ਤਰਨ ਤਾਰਨ ਦੀ ਗੋਇੰਦਵਾਲ ਸਾਹਿਬ ਸੜਕ 'ਤੇ ਸਥਿਤ ਇਕ ਪੈਲੇਸ ਵਿਚ ਪੀੜਤਾ ਨਾਲ ਸ਼ਰ੍ਹੇਆਮ ਮਾਰਕੁੱਟ ਕੀਤੀ ਸੀ ਅਤੇ ਉਸ ਦੇ ਕੱਪੜੇ ਤੱਕ ਪਾੜ ਦਿੱਤੇ ਸਨ। ਪੂਰੇ 12 ਸਾਲ ਚੱਲੇ ਕੇਸ ਵਿਚ ਫ਼ੈਸਲਾ ਪੀੜਤਾ ਦੇ ਹੱਕ ਵਿਚ ਆਇਆ ਹੈ। ਇਸ ਲਈ ਇਹ ਕਹਿਣਾ ਜਾਇਜ਼ ਹੋਵੇਗਾ ਕਿ ਕਾਨੂੰਨ ਅੱਜ ਵੀ ਜ਼ਿੰਦਾ ਹੈ।

-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ

ਸੇਵਾ ਹੀ ਕਰਮ ਹੈ

ਅਸੀਂ ਅਕਸਰ ਸੁਣਦੇ ਹਾਂ ਕਿ ਸੇਵਾ ਕਰਮਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ। ਸੇਵਾ ਸਿਰਫ਼ ਗੁਰਦੁਆਰਿਆਂ ਵਿਚ ਹੀ ਨਹੀਂ ਹੁੰਦੀ ਜੇਕਰ ਅਸੀਂ ਕਿਸੇ ਦੀ ਕਿਤੇ ਵੀ ਮਦਦ ਕਰਦੇ ਹਾਂ ਤਾਂ ਉਹ ਵੀ ਸੇਵਾ ਹੀ ਹੁੰਦੀ ਹੈ। ਪੰਜਾਬ ਵਿਚ ਹੜ੍ਹ ਦੇ ਪਾਣੀ ਨਾਲ ਹੋ ਰਹੇ ਮਾੜੇ ਹਾਲਾਤਾਂ ਵਿਚ ਜੋ ਇਲਾਕੇ ਸੁਰੱਖਿਅਤ ਹਨ, ਉਨ੍ਹਾਂ ਥਾਵਾਂ ਤੋਂ ਲੋਕਾਂ ਅਤੇ ਪਸ਼ੂਆਂ ਲਈ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਇਹ ਹਾਲਤ ਦੇਖ ਕੇ ਬਹੁਤ ਸਾਰੇ ਕਲਾਕਾਰਾਂ ਨੇ ਵੀ ਪਿੰਡਾਂ ਵਿਚ ਡਿੱਗੇ ਘਰਾਂ ਨੂੰ ਬਣਾਉਣ ਦਾ ਖ਼ਰਚਾ ਚੁੱਕਿਆ ਹੈ। ਪੰਜਾਬ ਤੋਂ ਵਿਦੇਸ਼ ਗਏ ਨੌਜਵਾਨ ਵੀ ਹੜ੍ਹ ਪੀੜਤਾਂ ਲਈ ਵਿੱਤੀ ਮਦਦ ਭੇਜ ਰਹੇ ਹਨ। ਇਸ ਮੁਸ਼ਕਿਲ ਸਮੇਂ ਵਿਚ ਹਰ ਵਿਅਕਤੀ ਇਕ ਦੂਜੇ ਨਾਲ ਖੜ੍ਹਾ ਹੈ। ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਵੱਧ ਤੋਂ ਵੱਧ ਮਦਦ ਕਰਕੇ ਸੇਵਾ ਵਿਚ ਹਿੱਸਾ ਪਾਈਏ।

-ਹਰਪ੍ਰੀਤ ਕੌਰ ਸੇਖੋਂ
ਬਾਗ ਸਿਕੰਦਰ।