10-10-25
ਇਨਸਾਨੀਅਤ ਦਾ ਜਜ਼ਬਾ
ਇਨਸਾਨੀਅਤ ਇਕ ਅਜਿਹਾ ਉੱਚਾ ਜਜ਼ਬਾ ਹੈ, ਜੋ ਮਨੁੱਖ ਨੂੰ ਮਨੁੱਖ ਨਾਲ ਪਿਆਰ, ਸਹਿਯੋਗ, ਹਮਦਰਦੀ ਅਤੇ ਇੱਜ਼ਤ ਕਰਨੀ ਸਿਖਾਉਂਦਾ ਹੈ। ਇਹ ਧਰਮ, ਜਾਤ, ਰੰਗ ਜਾਂ ਭਾਸ਼ਾ ਵਰਗੀਆਂ ਸਾਰੀਆਂ ਹੱਦਾਂ ਤੋਂ ਉੱਪਰ ਹੈ। ਇਨਸਾਨੀਅਤ ਦਾ ਸੱਚਾ ਰੂਪ ਉਦੋਂ ਸਾਹਮਣੇ ਆਉਂਦਾ ਹੈ, ਜਦੋਂ ਅਸੀਂ ਬਿਨਾਂ ਕਿਸੇ ਸਵਾਰਥ ਤੋਂ ਕਿਸੇ ਦੀ ਮਦਦ ਕਰਦੇ ਹਾਂ। ਦੂਜਿਆਂ ਲਈ ਹਮਦਰਦੀ ਮਹਿਸੂਸ ਕਰਨਾ, ਮਦਦਗਾਰ ਬਣਨਾ, ਮਾਫ਼ ਕਰਨ ਦੀ ਸਮਰੱਥਾ ਰੱਖਣਾ, ਸਭ ਨੂੰ ਬਰਾਬਰ ਮੰਨਣਾ ਅਤੇ ਨਫ਼ਰਤ ਦੀ ਥਾਂ ਪਿਆਰ ਨੂੰ ਚੁਣਨਾ ਆਦਿ ਇਨਸਾਨੀਅਤ ਦੇ ਮੁੱਖ ਗੁਣ ਹਨ।
-ਸਤਵਿੰਦਰ ਕੌਰ
ਮੱਲ੍ਹੇਵਾਲ।
ਮੁੰਡਿਆਂ ਦੇ ਰਿਸ਼ਤਿਆਂ 'ਚ ਆਈ ਖੜੋਤ
ਭਾਰਤੀ ਸੰਸਕ੍ਰਿਤੀ ਬਹੁਤ ਬਲਵਾਨ ਹੈ। ਅਸੀਂ ਇਸ ਤੋਂ ਕੀ ਸਿੱਖਿਆ? ਧੀਆਂ ਮਾਰਨ ਦੀ ਮਨਾਹੀ ਦੇ ਬਾਵਜੂਦ ਅਸੀਂ ਨੌਬਤ ਕਿੱਥੇ ਲੈ ਗਏ। ਇਸੇ ਲੜੀ ਤਹਿਤ ਅਸੀਂ 1980 ਤੋਂ 2010 ਤੱਕ ਇਕ ਕਰੋੜ ਮਾਦਾ ਭਰੂਣ ਹੱਤਿਆਵਾਂ ਕਰ ਬੈਠੇ। ਇਸ ਦੇ ਰਿਜ਼ਲਟ ਔਲੇ ਦੇ ਖਾਣ ਵਾਂਗ ਹੁਣ ਆਉਣੇ ਸ਼ੁਰੂ ਹੋ ਗਏ ਹਨ। ਅੱਜ ਮੁੰਡਿਆਂ ਨੂੰ ਵਿਆਹ ਲਈ ਕੁੜੀਆਂ ਮਿਲਣ ਵਿਚ ਖੜੋਤ ਆ ਗਈ ਹੈ। ਇਸ ਨਾਲ ਸਮਾਜ ਵਿਚ ਅਸਾਵਾਂਪਣ ਅਤੇ ਸਮਾਜਿਕ ਝੰਜਟ ਵਧਣ ਦੀ ਗੁੰਜਾਇਸ਼ ਹੈ। ਯੂਨੀਸੈਫ ਨੇ ਕਾਫੀ ਸਮਾਂ ਪਹਿਲਾਂ ਕਿਹਾ ਸੀ ਕਿ ਇਕ ਸਮਾਂ ਆਵੇਗਾ ਪੰਜਾਬ ਵਿਚ ਸੱਠ ਲੱਖ ਮੁੰਡੇ ਕੁਆਰੇ ਰਹਿ ਜਾਣਗੇ। ਸ਼ਾਲਾ ਇਹ ਨੌਬਤ ਨਾ ਆਵੇ। ਰੂੜੀਵਾਦੀ ਸੋਚ ਨੇ ਤੀਹ ਸਾਲਾਂ 'ਚ ਮਾਰ ਮੁਕਾਈਆਂ ਮਾਦਾ ਭਰੂਣ ਦਾ ਹਰਜ਼ਾਨਾ ਅਤੇ ਲੇਖਾ ਕੌਣ ਦਊ? ਇਸ ਮਸਲੇ ਪ੍ਰਤੀ ਹੱਲ ਸਮਾਜ ਵਿਗਿਆਨ ਅਤੇ ਬੁੱਧੀਜੀਵੀਆਂ ਦੀ ਕਚਹਿਰੀ ਵਿਚ ਲੰਬਿਤ ਪਿਆ ਹੈ। ਰੱਬ ਖੈਰ ਕਰੇ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਮੁਸ਼ਕਿਲਾਂ ਤੋਂ ਘਬਰਾਓ ਨਾ
ਕਦੇ ਵੀ ਕਿਸੇਵੀ ਮੁਸ਼ਕਿਲ ਤੋਂਨਾ ਘਬਰਾਓ ਕਿਉਂਕਿ ਇਹ ਜ਼ਿੰਦਗੀ ਦਾ ਹਿੱਸਾ ਹੈ। ਜੋ ਇਨਸਾਨ ਮੁਸ਼ਕਿਲ ਤੋ ਡਰਦਾ ਹੈ ਉਹ ਜ਼ਿੰਦਗੀ 'ਚ ਸਫ਼ਲ ਇਨਸਾਨ ਨਹੀਂ ਬਣ ਸਕਦਾ। ਜਿਵੇਂ ਦਿਨ-ਰਾਤ, ਧੁੱਪ ਛਾਂ, ਖੁਸ਼ੀ ਗਮੀ ਬਦਲਦੇ ਹਨ ਠੀਕ ਇਸੇ ਤਰ੍ਹਾਂ ਦੁੱਖ ਸੁੱਖ ਜ਼ਿੰਦਗੀ 'ਚ ਆਉਂਦੇ, ਜਾਂਦੇ ਰਹਿੰਦੇ ਹਨ। ਇਨਸਾਨ ਨੂੰ ਕਦੇ ਵੀ ਜ਼ਿੰਦਗੀ 'ਚ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਡਰਨਾ ਨਹੀਂ ਚਾਹੀਦਾ, ਸਗੋਂ ਇਨ੍ਹਾ ਦਾ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਜੇ ਤੁਸੀਂ ਮੁਸ਼ਕਿਲਾਂ ਤੋਂ ਡਰ ਕੇ ਭੱਜੋਗੇ ਤਾਂ ਇਹ ਤੁਹਾਡੇ ਪਿੱਛੇ ਭੱਜਣਗੀਆਂ, ਜੇ ਹੱਲ ਕਰੋਗੇ ਤਾਂ ਇਹ ਹੱਲ ਹੋ ਜਾਣਗੀਆਂ। ਸੋ, ਜੇ ਤੁਹਾਡੀ ਜ਼ਿੰਦਗੀ 'ਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਤੁਸੀਂ ਉਸ ਦਾ ਡਟ ਕੇ ਮੁਕਾਬਲਾ ਕਰੋ ਤੇ ਉਸ 'ਤੇ ਜਿੱਤ ਹਾਸਿਲ ਕਰੋ, ਉਨ੍ਹਾਂ ਨੂੰ ਹੱਲ ਕਰੋ। ਜ਼ਿੰਦਗੀ 'ਚ ਅਜਿਹੀ ਕੋਈ ਮੁਸ਼ਕਿਲ ਨਹੀਂ ਹੈ, ਜਿਸ ਦਾ ਹੱਲ ਨਾ ਹੋਵੇ। ਬੱਸ ਤੁਹਾਡਾ ਇਰਾਦਾ ਦ੍ਰਿੜ੍ਹ ਹੋਣਾ ਚਾਹੀਦਾ ਹੈ ।
-ਲੈਕਚਰਾਰ ਅਜੀਤ ਖੰਨਾ
(ਐੱਮ ਏ, ਐੱਮ ਫਿਲ, ਐਮਜੇ ਐੱਮ.ਸੀ, ਬੀ.ਐੱਡ)
ਸਿਹਤਮੰਦ ਰਹਿਣ ਲਈ ਜ਼ਰੂਰੀ ਹਨ ਖੇਡਾਂ
ਵਿਅਕਤੀ ਦੀ ਜ਼ਿੰਦਗੀ ਵਿਚ ਖੇਡਾਂ ਦਾ ਅਹਿਮ ਰੋਲ ਹੈ। ਖੇਡਾਂ ਸਾਡੀ ਊਰਜਾ ਨੂੰ ਵਧਾਉਂਦੀਆਂ ਹਨ ਅਤੇ ਵਿਅਕਤੀ ਦੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਅਤੇ ਖੇਡਾਂ ਖੇਡਣ ਨਾਲ ਕੋਈ ਬਿਮਾਰੀ ਨਹੀਂ ਲਗਦੀ ਹੈ। ਖੇਡਾਂ ਨਾਲ ਹੀ ਅਨੇਕ ਕੁਦਰਤੀ ਇੱਛਾਵਾਂ ਜਿਵੇਂ ਦੌੜਨਾ, ਕੁੱਦਣਾ, ਨੇਜ਼ਾ ਸੁੱਟਣਾ ਆਦਿ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਵਿਅਕਤੀ ਦੀ ਖੇਡਾਂ ਖੇਡਣ ਨਾਲ ਸਰੀਰ ਦਾ ਵਿਕਾਸ ਹੁੰਦਾ ਹੈ। ਖੇਡਾਂ ਖੇਡਣ ਨਾਲ ਵਿਅਕਤੀ ਦੀ ਕੰਮ ਕਰਨ ਦੀ ਸਮਰੱਥਾ ਵੱਧਦੀ ਹੈ। ਖੇਡ ਮੈਦਾਨ ਸਿਹਤ ਸੁਧਾਰ ਲਈ ਮਹੱਤਵਪੂਰਨ ਸਾਬਤ ਹੋ ਸਕਦੇ ਹਨ।
-ਰਮਨ ਚਾਹਲ
ਪੰਜਾਬ ਦੀ ਤਰੱਕੀ ਲਈ ਯਤਨਸ਼ੀਲ ਬਣੀਏ
ਪੰਜਾਬ ਭਾਰਤ ਦੇ ਉੱਤਰ-ਪੱਛਮੀ ਹਿੱਸੇ ਵਿਚ ਸਥਿਤ ਇੱਕ ਸੁੰਦਰ ਤੇ ਉਪਜਾਊ ਸੂਬਾ ਹੈ। ਅੱਜ ਪੰਜਾਬ ਖੇਤੀਬਾੜੀ, ਉਦਯੋਗ, ਸਿੱਖਿਆ, ਸਿਹਤ ਸੇਵਾਵਾਂ ਅਤੇ ਖੇਡਾਂ ਵਿਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਪੰਜਾਬੀ ਖਿਡਾਰੀ ਰਾਸ਼ਟਰੀ ਹੀ ਨਹੀਂ, ਅੰਤਰਰਾਸ਼ਟਰੀ ਪੱਧਰ 'ਤੇ ਵੀ ਆਪਣੇ ਹੁਨਰ ਨਾਲ ਸੂਬੇ ਦਾ ਨਾਂਅ ਰੌਸ਼ਨ ਕਰ ਰਹੇ ਹਨ। ਇਨ੍ਹਾਂ ਸਭ ਉਪਲੱਬਧੀਆਂ ਦੇ ਬਾਵਜੂਦ ਵੀ ਪੰਜਾਬ ਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਬੇਰੁਜ਼ਗਾਰੀ, ਪ੍ਰਦੂਸ਼ਣ, ਪਾਣੀ ਦੀ ਘਾਟ ਅਤੇ ਨਸ਼ਿਆਂ ਦੀ ਸਮੱਸਿਆ ਆਦਿ। ਆਓ, ਅਸੀਂ ਸਾਰੇ ਪੰਜਾਬ ਦੀ ਤਰੱਕੀ ਲਈ ਯਤਨਸ਼ੀਲ ਬਣੀਏ, ਤਾਂ ਜੋ ਇਹ ਧਰਤੀ ਹਰੇਕ ਪੱਖੋਂ ਖੁਸ਼ਹਾਲ, ਸਿਹਤਮੰਦ ਅਤੇ ਰੌਸ਼ਨ ਭਵਿੱਖ ਵਾਲੀ ਬਣ ਸਕੇ।
- ਸਤਵਿੰਦਰ ਕੌਰ ਮੱਲ੍ਹੇਵਾਲ