19-10-25
ਮਲਕਾ ਦੇਸ਼ ਪੰਜਾਬ ਦੀ ਮਹਾਰਾਣੀ ਜਿੰਦਾਂ
ਲੇਖਕ : ਸੋਢੀ ਕੁਲਦੀਪ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 195 ਰੁਪਏ, ਸਫ਼ੇ : 128
ਸੰਪਰਕ : 98146-26726
ਸੋਢੀ ਕੁਲਦੀਪ ਸਿੰਘ ਸਿੱਖ ਇਤਿਹਾਸ ਬਾਰੇ ਨਿੱਠ ਕੇ ਲਿਖਣ ਵਾਲਾ ਲੇਖਕ ਹੈ। 'ਮਲਕਾ ਦੇਸ਼ ਪੰਜਾਬ ਦੀ ਮਹਾਰਾਣੀ ਜਿੰਦਾਂ' (ਜੀਵਨੀ ਸਾਹਿਤ) ਲੇਖਕ ਦੀ ਨੌਵੀਂ ਪੁਸਤਕ ਹੈ ਜੋ ਜੀਵਨੀ ਸਾਹਿਤ 'ਚ ਆਪਣੀ ਥਾਂ ਰੱਖਦੀ ਹੈ। ਕਿਸੇ ਮਹਾਂਨਾਇਕ ਦੀ ਜੀਵਨੀ ਲਿਖਣ ਲਈ ਪਹਿਲਾਂ ਛਪੀਆਂ ਪੁਸਤਕਾਂ, ਲੋਕ ਦੰਦ ਕਥਾਵਾਂ, ਨਾਇਕ ਦੇ ਪਰਿਵਾਰਾਂ ਕੋਲੋਂ ਜਾਣਕਾਰੀ ਅਤੇ ਆਪਣੇ ਅਨੁਭਵ ਸੋਮੇ ਲਿਖਣ ਲਈ ਸਹਾਈ ਹੁੰਦੇ ਹਨ। ਜੀਵਨੀ-ਰਚਨਾ ਅਤੀਤ, ਵਰਤਮਾਨ ਤੇ ਭਵਿੱਖ ਦੇ ਕਾਲ-ਖੰਡਾਂ ਤੱਕ ਪ੍ਰਕਾਸ਼ਵਾਨ ਹੁੰਦੀ ਹੈ। ਮਹਾਰਾਣੀ ਜਿੰਦਾਂ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਤੇ ਕੁਝ ਘਟਨਾਵਾਂ ਨੂੰ ਬੇਬੁਨਿਆਦ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ। ਸੋਢੀ ਕੁਲਦੀਪ ਸਿੰਘ ਨੇ ਸਹੀ ਵਸੀਲਿਆਂ ਰਾਹੀਂ ਗਲਪਵਿਧੀ ਅਪਣਾ ਕੇ ਰੌਚਿਕਤਾ ਦਾ ਢੰਗ ਵਰਤਿਆ। ਉਸ ਨੇ ਆਪਣੀ ਗੱਲ ਨੂੰ ਗਲਪ ਦੀ ਪੁੱਠ ਚਾੜ੍ਹ ਕੇ ਵਰਨਣ ਦੀ ਕੋਸ਼ਿਸ਼ ਕੀਤੀ ਹੈ। ਗੱਲ ਨੂੰ ਹੋਰ ਸਾਰਥਿਕ ਬਣਾਉਣ ਲਈ ਕਾਵਿ-ਟੁਕੜੀਆਂ ਦਾ ਰੰਗ ਵੀ ਭਰਿਆ ਹੈ। ਪੁਸਤਕ ਦੇ 21 ਕਾਂਡ ਜਿੰਦਾਂ ਦੇ ਜਨਮ ਤੋਂ ਲੈ ਕੇ ਅੰਤਿਮ ਯਾਤਰਾ ਦਾ ਸਫ਼ਰ ਤਹਿ ਕਰਦੇ ਹਨ। ਪਾਠਕ ਪੜ੍ਹਦਾ-ਪੜ੍ਹਦਾ ਬਹੁਤ ਭਾਵਕ ਹੋ ਜਾਂਦਾ ਹੈ : 'ਪੱਥਰ ਵੀ ਰੋਣਗੇ ਸੁਣ ਕੇ ਕਹਾਣੀ ਮੇਰੀ, ਇਕ ਜਿੰਦਾਂ ਰਾਣੀ ਮੌਤਾਂ ਦੋ ਹੋਣੀਆਂ' ਕਾਵਿ-ਟੂਕਾਂ ਵੀ ਅਰਥ ਭਰਪੂਰ ਹਨ।
ਜਿੰਦਾਂ ਦਾ ਜਨਮ ਜ਼ਿਲ੍ਹਾ ਗੁਜਰਾਂਵਾਲ ਦੇ ਪਿੰਡ ਚਾਚੜ ਵਿਖੇ ਸ. ਮੰਨਾ ਸਿੰਘ ਔਲਖ ਦੇ ਗ੍ਰਹਿ ਵਿਖੇ 1817 ਨੂੰ ਹੋਇਆ। ਮੰਨਾ ਸਿੰਘ ਔਲਖ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕੁਮੇਦਾਰ ਅਹੁਦੇ 'ਤੇ ਮੁਲਾਜ਼ਮ ਸਨ, ਉਸ ਦੇ ਪੁਰਖਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸ. ਮਹਾਂ ਸਿੰਘ ਨੂੰ ਔਕੜ ਸਮੇਂ ਸਹਿਯੋਗ ਦਿੱਤਾ ਸੀ। ਜਿੰਦਾ ਜਨਮ ਤੋਂ ਹੀ ਚੁਸਤ, ਚੇਤੰਨ ਅਤੇ ਅਤੀ ਸੋਹਣੀ ਸੀ, ਜਿਸ ਨੂੰ ਰੂਪਵੰਤੀ ਕਰਕੇ ਹਰ ਕੋਈ ਜਾਣਦਾ ਸੀ। ਮਹਾਰਾਜਾ ਰਣਜੀਤ ਸਿੰਘ ਨਾਲ ਉਸ ਦਾ ਵਿਆਹ ਹੋਣਾ, ਬਹੁਤ ਗੌਰਵਤਾ ਦੀ ਗੱਲ ਸੀ। ਵਿਆਹ ਦਾ ਦ੍ਰਿਸ਼ ਲੇਖਕ ਨੇ ਬਹੁਤ ਵਿਸਥਾਰ ਨਾਲ ਪੇਸ਼ ਕੀਤਾ ਹੈ ਅਤੇ ਜਿੰਦਾਂ ਦੀ ਸੁੰਦਰਤਾ ਦਾ ਬਿਆਨ ਅਤੀ ਰੁਮਾਂਟਿਕ ਗਲਪ ਰਚਨਾ ਵਾਲਾ ਹੈ। ਜਿੰਦਾਂ ਦਾ ਮਹਾਰਾਜੇ ਦੀਆਂ ਰਾਣੀਆਂ, ਰਖੇਲਾਂ, ਦਰਬਾਰੀਆਂ ਅਤੇ ਹੋਰ ਅਹੁਦੇਦਾਰਾਂ ਵਿਚ ਬਹੁਤ ਸਤਿਕਾਰ ਸੀ। 1831 ਦੀ ਸਤਲੁਜ ਸੰਧੀ ਕਾਰਨ, ਅੰਗਰੇਜ਼ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੱਲ ਝਾਕ ਨਾ ਸਕੀ। ਦੁੱਖ ਦੀ ਗੱਲ ਇਹ ਹੋਈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 'ਚ ਹੋਣ ਨਾਲ ਮਹਾਰਾਣੀ ਜਿੰਦਾਂ 'ਤੇ ਜ਼ਿੰਮੇਵਾਰੀ ਅਤੇ ਦੁੱਖ ਦੇ ਪਹਾੜ ਆ ਡਿੱਗੇ। ਉਸ ਨੇ ਆਪਣੇ ਲਾਡਲੇ ਪੁੱਤਰ ਦਲੀਪ ਸਿੰਘ ਨੂੰ ਜਨਮ ਦਿੱਤਾ ਜਿਹੜਾ ਅਜੇ ਸਾਲ ਭਰ ਦਾ ਵੀ ਨਹੀਂ ਸੀ। ਪੰਜ ਸਾਲ ਦੀ ਉਮਰ ਹੁੰਦਿਆਂ, ਉਸ ਨੂੰ ਰਾਜਗੱਦੀ 'ਤੇ ਬਿਠਾ ਦਿੱਤਾ। ਉਧਰ ਘਰੋਗੀ ਖਾਨਾ ਜੰਗੀ ਕਾਰਨ, ਜਿੰਦਾਂ ਨੇ ਪਹਿਲੀ ਐਂਗਲੋ ਇੰਡੀਅਨ ਜੰਗ ਤਾਂ ਜਿੱਤ ਲਈ ਪ੍ਰੰਤੂ ਦੂਜੀ ਜੰਗ ਹਾਰ ਜਾਣ ਕਾਰਨ, ਅੰਗਰੇਜ਼ੀ ਸਰਕਾਰ ਨੇ ਜਿੰਦਾਂ ਨੂੰ ਕੈਦ 'ਚ ਸੁੱਟ ਦਿੱਤਾ ਤੇ ਸ਼ੇਖਪੁਰਾ ਦੇ ਕਿਲ੍ਹੇ 'ਚ ਤੰਗ ਕਰਨਾ ਸ਼ੁਰੂ ਕਰ ਦਿੱਤਾ। ਕੈਦ ਵਿਚ ਵੀ ਜਿੰਦਾਂ ਨੇ ਹੌਸਲਾ ਨਾ ਹਾਰਿਆ ਤੇ ਪੰਜਾਬ ਨੂੰ ਅੰਗਰੇਜ਼ੀ ਸਰਕਾਰ ਦੇ ਸ਼ਿਕੰਜੇ 'ਚੋਂ ਬਚਾਉਣ ਲਈ ਆਖਰੀ ਦਮ ਤੱਕ ਸੰਘਰਸ਼ ਕੀਤਾ। ਉੱਧਰ ਮਹਾਰਾਜਾ ਦਲੀਪ ਸਿੰਘ ਨੂੰ ਮਾਂ ਤੋਂ ਦੂਰ ਕਰਨ ਲਈ ਇੰਗਲੈਂਡ 'ਚ ਲਾਲਚ ਦੇ ਕੇ ਈਸਾਈ ਬਣਾ ਦਿੱਤਾ। ਕੇਸ ਕਤਲ ਕਰਵਾ ਦਿੱਤੇ ਤੇ ਇਕ ਜਾਪਾਨ ਦੇ ਸੌਦਾਗਰ ਮੂਲਰ ਦੀ ਬੇਟੀ ਬੰਬਾ ਮੂਲਰ ਨਾਲ ਸ਼ਾਦੀ ਕਰ ਦਿੱਤੀ। ਬੜਾ ਕੁਝ ਭੈੜਾ ਵਰਤਿਆ। ਜਿੰਦਾਂ ਨੂੰ ਹਰ ਤਰ੍ਹਾਂ ਨਾਲ ਤੰਗ ਕੀਤਾ ਤੇ ਇੱਛਾ ਪੂਰਤੀ ਅਨੁਸਾਰ ਦਲੀਪ ਸਿੰਘ ਕੋਲ ਇੰਗਲੈਂਡ ਭੇਜ ਦਿੱਤਾ। ਪੁੱਤਰ ਦਾ ਈਸਾਈ ਬਣਨਾ ਮਾਂ ਨੂੰ ਝੋਰੇ ਵਾਂਗ ਲੱਗਿਆ ਰਿਹਾ। ਇਹ ਸਾਰੀ ਦਰਦ ਕਹਾਣੀ ਲੇਖਕ ਨੇ ਬਹੁਤ ਕਰੁਣਾਮਈ ਸ਼ੈਲੀ ਵਿਚ ਵਰਣਨ ਕੀਤੀ। ਜਿੰਦਾਂ ਦੀ ਮੌਤ ਦਾ ਦ੍ਰਿਸ਼ ਭਾਵਕ ਕਰਨ ਵਾਲਾ ਜੱਦੋ-ਜਹਿਦ ਕਰਨ ਤੋਂ ਬਾਅਦ ਜਿੰਦਾਂ ਦਾ ਸਸਕਾਰ ਪੰਜਾਬ ਦੀ ਥਾਂ ਗੋਦਾਵਰੀ ਨਦੀ ਦੇ ਕਿਨਾਰੇ ਕੀਤਾ ਗਿਆ। ਮਾਂ ਦੀ ਇੱਛਾ ਪੂਰੀ ਕਰਨ ਲਈ ਦਲੀਪ ਸਿੰਘ ਮੁੜ ਸਿੱਖ ਅੰਮ੍ਰਿਤਧਾਰੀ ਬਣਿਆ ਪ੍ਰੰਤੂ ਮਾਂ ਇਹ ਕੁਝ ਨਾ ਵੇਖ ਸਕੀ। ਇੰਝ ਮਹਾਰਾਣੀ ਜਿੰਦਾਂ ਦੀ ਇਹ ਜੀਵਨੀ ਸਿੱਖ-ਰਾਜ ਦੇ ਅੰਤ ਦੀ ਅਤੇ ਮਹਾਰਾਣੀ ਜਿੰਦਾਂ ਦੇ ਜੂਝਣ ਵਾਲੇ ਸਮਿਆਂ ਦੀ ਦਸਤਾਵੇਜ਼ੀ ਗਾਥਾ ਹੈ, ਜਿਸ ਨੂੰ ਸੋਢੀ ਕੁਲਦੀਪ ਸਿੰਘ ਨੇ ਮਿਹਨਤ ਕਰਕੇ ਕਾਨੀਬੰਦ ਕੀਤਾ। ਕਿਤੇ-ਕਿਤੇ ਵਾਕਾਂ ਅਤੇ ਸ਼ਬਦ-ਜੋੜਾਂ ਦੀ ਸੋਧ ਕਰਨ ਵੱਲ ਧਿਆਨ ਲੋੜੀਂਦਾ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਇੰਡੋ-ਕੈਨੇਡੀਅਨ ਪਰਵਾਸੀਆਂ ਦਾ ਸੰਘਰਸ਼ਨਾਮਾ
ਲੇਖਕ : ਸੁਰਿੰਦਰ ਸੰਘਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 495 ਰੁਪਏ, ਸਫ਼ੇ : 284
ਸੰਪਰਕ : 98152-98459
ਜਿਵੇਂ ਕਿ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਇਹ ਪੁਸਤਕ ਕੈਨੇਡਾ ਵਿਚ ਪਹੁੰਚੇ ਪਰਵਾਸੀਆਂ, ਜਿਨ੍ਹਾਂ ਵਿਚੋਂ ਬਹੁਤੇ ਭਾਰਤੀ ਪੰਜਾਬ ਤੋਂ ਸਨ, ਦੇ ਲੰਮੇ ਅਤੇ ਔਖੇ ਸੰਘਰਸ਼ ਦੀ ਕਹਾਣੀ ਬਿਆਨ ਕਰਦੀ ਹੈ। ਲੇਖਕ ਅਨੁਸਾਰ ਪਰਵਾਸੀ ਲੋਕ, ਜਿਨ੍ਹਾਂ ਵਿਚ ਚੀਨੀ, ਜਾਪਾਨੀ ਅਤੇ ਭਾਰਤੀ ਮੂਲ ਦੇ ਮਜ਼ਦੂਰ ਸ਼ਾਮਿਲ ਸਨ, ਆਪਣੇ ਚੰਗੇ ਭਵਿੱਖ ਅਤੇ ਵਧੀਆ ਜੀਵਨ ਦੀ ਭਾਲ ਵਿਚ ਵੀਹਵੀਂ ਸਦੀ ਦੇ ਆਰੰਭ ਵਿਚ ਕੈਨੇਡਾ ਪਹੁੰਚੇ ਸਨ। ਕੈਨੇਡਾ ਦੀ ਸਰਕਾਰ ਨਹੀਂ ਸੀ ਚਾਹੁੰਦੀ ਕਿ ਇਹ ਲੋਕ ਉਥੇ ਵਸਣ। ਉਨ੍ਹਾਂ ਨਾਲ ਸਰਕਾਰ ਵਲੋਂ ਥਾਂ-ਪੁਰ-ਥਾਂ ਅਤੇ ਪੈਰ-ਪੈਰ 'ਤੇ ਨਸਲੀ ਵਿਤਕਰਾ ਕੀਤਾ ਜਾਂਦਾ ਸੀ।
ਲੇਖਕ ਅਨੁਸਾਰ ਉਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਬਰਾਬਰ ਕੰਮ ਲਈ ਇਕੋ ਜਿਹੀਆਂ ਉਜਰਤਾਂ ਨਹੀਂ ਸਨ ਦਿੱਤੀਆਂ ਜਾਂਦੀਆਂ, 'ਪਾੜੋ ਤੇ ਰਾਜ ਕਰੋ' ਵਾਲੀ ਨੀਤੀ ਵਰਤੀ ਜਾਂਦੀ ਸੀ, ਪਰਵਾਸੀ ਮਜ਼ਦੂਰਾਂ ਨੂੰ ਆਪਣੇ ਟੱਬਰ ਆਪਣੇ ਕੋਲ ਸੱਦਣ ਦੀ ਸਖ਼ਤ ਮਨਾਹੀ ਸੀ। ਨਸਲੀ ਵਿਤਕਰੇ ਕਾਰਨ ਪਰਵਾਸੀਆਂ ਦੀ ਆਪਸੀ ਸਾਂਝ ਪੱਕੇਰੀ ਹੋ ਜਾਂਦੀ ਤੇ ਉਹ ਜਥੇਬੰਦ ਹੋਣ ਦੇ ਰਾਹ ਪੈਣ ਲਗਦੇ। ਉਨ੍ਹਾਂ ਨੂੰ ਜਥੇਬੰਦ ਕਰਨ ਵਿਚ ਖ਼ਾਲਸਾ ਦੀਵਾਨ ਸੁਸਾਇਟੀ, ਕਮਿਊਨਿਸਟਾਂ, ਖੱਬੇ ਪੱਖੀਆਂ ਅਤੇ ਗ਼ਦਰੀਆਂ ਦਾ ਪੱਕਾ ਯੋਗਦਾਨ ਰਿਹਾ। ਕਾਮਾਗਾਟਾ ਮਾਰੂ ਜਹਾਜ਼ ਜਿਹੇ ਕਾਂਡ ਤੋਂ ਪਰਵਾਸੀਆਂ ਦੇ ਉੱਦਮ ਅਤੇ ਹੌਸਲੇ ਦੀ ਥਾਹ ਮਿਲਦੀ ਹੈ। ਭਾਰਤੀ ਪਰਵਾਸੀਆਂ ਨੂੰ ਸਫ਼ਲਤਾ ਦਿਵਾਉਣ ਵਿਚ ਹੁਸੈਨ ਰਹੀਮ, ਭਾਈ ਭਗਵਾਨ ਸਿੰਘ, ਬਾਬੂ ਹਰਨਾਮ ਸਿੰਘ ਸਾਹਰੀ, ਸੋਹਣ ਸਿੰਘ ਜੋਸ਼, ਭਾਈ ਬਲਵੰਤ ਸਿੰਘ, ਭਾਈ ਮੇਵਾ ਸਿੰਘ, ਭਾਈ ਭਗਵਾਨ ਸਿੰਘ, ਬਾਬਾ ਗੁਰਦਿੱਤ ਸਿੰਘ, ਲਾਲਾ ਹਰਦਿਆਲ ਜਿਹੇ ਲੋਕਾਂ ਨੇ ਪੰਜਾਬੀਆਂ ਨੂੰ ਜਥੇਬੰਦ ਕਰਨ ਅਤੇ ਸਹੂਲਤਾਂ ਪ੍ਰਾਪਤ ਕਰਨ ਲਈ ਜੱਦੋਜਹਿਦ ਕਰਨ ਵਿਚ ਮੋਹਰੀ ਭੂਮਿਕਾ ਅਦਾ ਕੀਤੀ। ਉਨ੍ਹਾਂ ਦੀ ਮਿਹਨਤ ਅਤੇ ਯਤਨਾਂ ਸਦਕਾ ਹੀ ਅੱਜ ਪੰਜਾਬੀ ਕੈਨੇਡਾ ਵਿਚ ਮੋਹਰੀ ਭੂਮਿਕਾ ਅਦਾ ਕਰਨ ਦੇ ਯੋਗ ਹੋਏ ਹਨ। ਲੇਖਕ ਨੇ ਬਹੁਤ ਹੀ ਬਾਰੀਕਬੀਨੀ ਨਾਲ ਬਿਲਕੁਲ ਨਿਰਪੱਖ ਹੋ ਕੇ ਪੰਜਾਬੀ ਪਰਵਾਸੀਆਂ ਦੇ ਏਥੇ ਸੰਘਰਸ਼ ਨੂੰ ਕਲਮਬੱਧ ਕਰਨ ਦਾ ਯਤਨ ਕੀਤਾ ਹੈ। ਪੁਸਤਕ ਗਿਆਨਵਰਧਕ ਤਾਂ ਹੈ ਹੀ, ਰੌਚਿਕ ਵੀ ਹੈ। ਤਸਵੀਰਾਂ ਇਸ ਨੂੰ ਸੁੰਦਰਤਾ ਪ੍ਰਦਾਨ ਕਰਦੀਆਂ ਹਨ।
-ਕੇ. ਐਲ. ਗਰਗ
ਮੋਬਾਈਲ : 94635-37050
ਸਰਹੱਦੋਂ ਪਾਰ
ਸੰਪਾਦਨ : ਗੁਰਦਿਆਲ ਰੌਸ਼ਨ
ਪ੍ਰਕਾਸ਼ਕ : ਰੌਸ਼ਨ ਕਲਾ ਕੇਂਦਰ, ਹੁਸ਼ਿਆਰਪੁਰ
ਮੁੱਲ: 240 ਰੁਪਏ, ਸਫ਼ੇ : 124
ਸੰਪਰਕ : 99884-44002
ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਵਲੋਂ ਸੰਪਾਦਿਤ ਅਤੇ ਰੌਸ਼ਨ ਕਲਾ ਕੇਂਦਰ ਗੱਜਰ ਵਲੋਂ ਪ੍ਰਕਾਸ਼ਿਤ ਪਾਕਿਸਤਾਨੀ ਪੰਜਾਬੀ ਗ਼ਜ਼ਲਾਂ ਦਾ ਇਹ ਸਾਂਝਾ ਸੰਗ੍ਰਹਿ 'ਸਰਹੱਦੋਂ ਪਾਰ' ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਗ਼ਜ਼ਲ ਪ੍ਰੇਮੀਆਂ ਲਈ ਬੜੀ ਕੀਮਤੀ ਸੌਗਾਤ ਵਾਂਗ ਹੈ। ਗੁਰਦਿਆਲ ਰੌਸ਼ਨ ਸੰਸਾਰ ਭਰ ਵਿਚ ਫ਼ੈਲੇ ਗ਼ਜ਼ਲਕਾਰਾਂ ਲਈ ਹਮੇਸ਼ਾ ਹੀ ਯਤਨਸ਼ੀਲ ਰਹੇ ਹਨ। ਇਸ ਕਾਰਜ ਲਈ ਉਨ੍ਹਾਂ ਵਲੋਂ ਨਿਰੰਤਰ ਪੁਸਤਕ ਪ੍ਰਕਾਸ਼ਨਾ ਦੀ ਲਹਿਰ ਵੀ ਚਲਾਈ ਹੋਈ ਹੈ ਅਤੇ ਸ਼ੋਸ਼ਲ ਮੀਡੀਆ ਰਾਹੀਂ ਵੀ ਉਨ੍ਹਾਂ ਦੀ ਟੀਮ ਗ਼ਜ਼ਲਾਂ ਦੀ ਪੇਸ਼ਕਾਰੀ ਦਾ ਸਿਲਸਿਲਾ ਜਾਰੀ ਰੱਖ ਰਹੀ ਹੈ। ਜਿਸ ਵੇਲੇ ਫਗਵਾੜੇ ਦੀ ਸਾਹਿਤਕ ਸੰਸਥਾ ਸਾਕੇਪ ਵੱਲੋਂ ਪਾਕਿਸਤਾਨ ਦੇ ਨੌਜਵਾਨ ਸ਼ਾਇਰ ਜੈਨ ਜੱਟ ਦੇ ਪ੍ਰਕਾਸ਼ਿਤ ਕੀਤੇ ਜਾ ਰਹੇ ਗ਼ਜ਼ਲ-ਸੰਗ੍ਰਹਿ ਦਾ ਮੁੱਖਬੰਦ ਲਿਖਣ ਸੰਬੰਧੀ ਬੀਬੀ ਕਮਲੇਸ਼ ਸੰਧੂ ਨੇ ਉਨ੍ਹਾਂ ਨਾਲ ਰਾਬਤਾ ਕੀਤਾ, ਤਾਂ ਉਸ ਖਰੜੇ ਨੇ ਉਨ੍ਹਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਉਨ੍ਹਾਂ ਦੇ ਮਨ ਵਿਚ ਤੁਰੰਤ ਖ਼ਿਆਲ ਆਇਆ ਕਿ ਅਜਿਹੇ ਅਣਗੌਲੇ ਗ਼ਜ਼ਲਕਾਰਾਂ ਦੀ ਬਾਂਹ ਫੜਨਾ ਅਜੋਕੇ ਸਮੇਂ ਦੀ ਅਣਸਰਦੀ ਲੋੜ ਹੈ।
ਗੁਰਦਿਆਲ ਰੌਸ਼ਨ ਨੇ ਇਸ ਸੰਗ੍ਰਹਿ ਵਿਚ ਪਾਕਿਸਤਾਨ ਦੇ 49 ਗ਼ਜ਼ਲਕਾਰ ਸ਼ਾਮਲ ਕੀਤੇ ਹਨ। ਬੇਸ਼ੱਕ ਇਨ੍ਹਾਂ ਵਿਚ ਕੁੱਝ ਸਥਾਪਿਤ ਕਲਮਾਂ ਵੀ ਸੁਸ਼ੋਭਿਤ ਹਨ ਪਰ ਬਹੁਤੇ ਗ਼ਜ਼ਲਕਾਰ ਅਜਿਹੇ ਹਨ, ਜਿਨ੍ਹਾਂ ਨੂੰ ਸਾਹਿਤਕ ਡੇਰੇਦਾਰੀ ਦੀਆਂ ਗਿਣਤੀਆਂ-ਮਿਣਤੀਆਂ ਕਾਰਨ ਅੱਗੇ ਆਉਣ ਦਾ ਮੌਕਾ ਨਹੀਂ ਮਿਲਿਆ। ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਜਿੱਥੇ ਚੜ੍ਹਦੇ ਪੰਜਾਬ ਦੇ ਸੁਹਿਰਦ ਗ਼ਜ਼ਲਕਾਰਾਂ ਨੂੰ ਲਹਿੰਦੇ ਪੰਜਾਬ ਦੀ ਗ਼ਜ਼ਲਕਾਰੀ ਦੇ ਮੁਹਾਂਦਰੇ ਅਤੇ ਸੁਭਾਅ ਨੂੰ ਸਮਝਣ ਦਾ ਮੌਕਾ ਮਿਲੇਗਾ, ਉੱਥੇ ਸਰਹੱਦ ਦੇ ਦੋਵੇਂ ਪਾਸੇ ਫ਼ੈਲਾਈ ਜਾ ਰਹੀ ਕੁੜੱਤਣ ਨੂੰ ਵੀ ਕੁੱਝ ਠੱਲ੍ਹ ਪਵੇਗੀ। ਇਸ ਤੋਂ ਪਹਿਲਾਂ ਰੌਸ਼ਨ ਸਾਹਿਬ ਦੇ ਵੀਹ ਗ਼ਜ਼ਲ-ਸੰਗ੍ਰਹਿ, ਦਸ ਗੀਤ-ਸੰਗ੍ਰਹਿ, ਪੰਜ ਬਾਲ ਕਾਵਿ-ਸੰਗ੍ਰਹਿ, ਦੋ ਨਿਬੰਧ-ਸੰਗ੍ਰਹਿ ਅਤੇ ਗਿਆਰਾਂ ਸੰਪਾਦਿਤ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਦੀ ਤੰਦਰੁਸਤ ਅਤੇ ਲੰਬੀ ਉਮਰ ਦੀ ਕਾਮਨਾ ਕਰਦਿਆਂ ਮੈਂ ਉਨ੍ਹਾਂ ਕੋਲੋਂ ਅਜਿਹੀਆਂ ਹੋਰ ਪੁਸਤਕਾਂ ਦੀ ਉਮੀਦ ਰੱਖਦਾ ਹਾਂ। ਨਮੂਨੇ ਵਜੋਂ ਪੇਸ਼ ਹੈ ਪੁਸਤਕ ਵਿਚਲੀ ਇੱਕ ਗ਼ਜ਼ਲ ਦਾ ਇਹ ਖ਼ੂਬਸੂਰਤ ਸ਼ਿਅਰ:
ਜੋ ਦਿੱਤੀ ਸੀ ਬਾਬੇ ਨਾਨਕ, ਪੀਰ ਮੁਰੀਦ ਤੇ ਬੁੱਲੇ ਨੇ।
ਓਸੇ ਮੱਤ ਨੂੰ ਭੁੱਲਣ ਵਾਲੇ, ਅੱਜਕੱਲ ਰਾਹਵਾਂ ਭੁੱਲੇ ਨੇ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-280{
ਮੇਰੀ ਪਹਿਲੀ ਮੁਹੱਬਤ
ਸੰਪਾਦਕ : ਬੂਟਾ ਸਿੰਘ ਚੌਹਾਨ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 240 ਰੁਪਏ, ਸਫ਼ੇ : 180
ਸੰਪਰਕ : 98143-80749
ਪ੍ਰਸਿੱਧ ਨਾਵਲਕਾਰ ਅਤੇ ਸ਼ਾਇਰ ਬੂਟਾ ਸਿੰਘ ਚੌਹਾਨ ਵਲੋਂ ਸੰਪਾਦਤ ਪੁਸਤਕ, 'ਮੇਰੀ ਪਹਿਲੀ ਮੁਹੱਬਤ' ਵਿਚ 27 ਕੁ ਨਾਮਵਰ ਲੇਖਕਾਂ ਨੇ ਆਪਣੀ ਪਹਿਲੀ ਮੁਹੱਬਤ ਬਾਰੇ ਲਿਖਣ ਦੀ ਜੁਅਰੱਤ ਕੀਤੀ ਹੈ। ਦਰਅਸਲ ਇਹ ਕਿਤਾਬ ਸਵਰਗੀ ਕਥਾਕਾਰ ਰਾਮ ਸਰੂਪ ਅਣਖੀ ਦਾ ਸੁਪਨਾ ਸੀ ਜਿਹੜਾ ਉਨ੍ਹਾਂ ਦੇ ਜਿਊਂਦੇ ਜੀਅ ਸਾਕਾਰ ਨਾ ਹੋ ਸਕਿਆ। ਇਸ ਪੁਸਤਕ ਵਿਚ ਪਹਿਲੀ ਪੀੜ੍ਹੀ ਦੇ ਨਾਵਲਕਾਰ ਜਸਵੰਤ ਸਿੰਘ ਕੰਵਲ ਤੋਂ ਲੈ ਕੇ ਬਲਦੇਵ ਸਿੰਘ ਸੜਕਨਾਮਾ, ਜਸਬੀਰ ਭੁਲੱਰ, ਬਚਿੰਤ ਕੌਰ, ਸੁਰਜੀਤ ਗਿੱਲ, ਮਨਮੋਹਣ ਬਾਵਾ, ਕਰਮਜੀਤ ਕੁੱਸਾ, ਡਾ. ਬਲਵਿੰਦਰ ਕੌਰ ਬਰਾੜ, ਜਸਵਿੰਦਰ, ਗੁਰਮੀਤ ਕੜਿਆਲਵੀ, ਬੂਟਾ ਸਿੰਘ ਚੌਹਾਨ, ਡਾ. ਅਮਰਜੀਤ ਕੌਂਕੇ, ਅਮਰੀਕ ਸਿੰਘ ਬਨਵੈਤ, ਡਾ.ਸ਼ਰਨਜੀਤ ਕੌਰ, ਬੀਬਾ ਬਲਵੰਤ, ਹਰਜਿੰਦਰ ਸਿੰਘ ਸੂਰੇਵਾਲੀਆ, ਮੁਖਤਾਰ ਗਿੱਲ, ਧਰਮ ਸਿੰਘ ਕੰਮੇਆਣਾ, ਨਿਰੰਜਣ ਬੋਹਾ, ਜੁਗਿੰਦਰ ਸੰਧੂ, ਡਾ. ਸ਼ਿਆਮ ਸੁੰਦਰ ਦੀਪਤੀ, ਰਵੀ ਸ਼ੇਰਗਿੱਲ, ਤੇਜਿੰਦਰ ਮਾਰਕੰਡਾ, ਅੰਮ੍ਰਿਤਪਾਲ ਕਲੇਰ, ਡਾ. ਇਕਬਾਲ ਸਿੰਘ ਸਕਰੌਦੀ, ਕੁਲਦੀਪ ਸਿੰਘ ਚੱਠਾ ਅਤੇ ਸੱਤਪਾਲ ਸੰਤੋਖਪੁਰੀ ਸ਼ਾਮਿਲ ਹਨ। ਇਨ੍ਹਾਂ ਲੇਖਾਂ ਵਿਚ ਕਈ ਲੇਖਕਾਂ ਨੇ ਆਪਣੀ ਪਹਿਲੀ ਮੁਹੱਬਤ ਨੂੰ ਏਨੇ ਪ੍ਰਤੀਕਾਂ, ਅਲੰਕਾਰਾਂ ਅਤੇ ਕਾਵਿਕਤਾ ਦੇ ਲਿਬਾਸ ਹੇਠ ਢਕ ਲਪੇਟ ਕੇ ਪੇਸ਼ ਕੀਤਾ ਹੈ ਕਿ ਇਸ ਕਲਾਤਮਕਿਤਾ ਵਿਚਾਲੇ ਉਨ੍ਹਾਂ ਦੀ ਪਹਿਲੀ ਮੁਹੱਬਤ ਕਿਧਰੇ ਗੁਆਚ ਹੀ ਗਈ ਲਗਦੀ ਹੈ। ਕਈ ਲੇਖਕਾਂ ਨੇ ਪੂਰੀ ਇਮਾਨਦਾਰੀ, ਸਪੱਸ਼ਟਤਾ, ਸੰਖੇਪਤਾ, ਸੰਜਮਤਾ ਅਤੇ ਸੁਹਜਤਾ, ਬੇਬਾਕੀ ਨਾਲ ਹਾਲੇਦਿਲ ਬਿਆਂ ਕੀਤਾ ਹੈ ਕਿ ਪਾਠਕ ਉਨ੍ਹਾਂ ਦੀ ਗੁਆਚੀ ਹੋਈ ਪਹਿਲੀ ਮੁੱਹਬਤ ਦੀ ਤੜਪ ਨੂੰ ਮਹਿਸੂਸ ਕਰਨ ਲਗਦਾ ਹੈ। ਉਹ ਪਾਕ-ਪਵਿੱਤਰ ਜਜ਼ਬਾ, ਪਹਿਲੀ ਤੱਕਣੀ, ਪਹਿਲਾ ਸਪਰਸ਼, ਪਹਿਲਾ ਹੌਸਲਾ, ਝਿਜਕ, ਸ਼ਰਮੀਲਾਪਣ, ਸਮਾਜਕ ਦਬਾਅ, ਅਲ੍ਹੜਪਣ ਸਭ ਕੁਝ ਜੀਵੰਤ ਹੋ ਉਠਦਾ ਹੈ। ਵਧੇਰੇ ਮੁਹੱਬਤੀ ਕਿੱਸਿਆਂ ਵਿਚ ਪੇਸ਼ੀਨਗੋਈ ਦੀ ਜੁਅਰੱਤ ਲੜਕੀ ਵਲੋਂ ਹੀ ਕੀਤੀ ਗਈ ਦਰਸਾਈ ਗਈ ਹੈ। ਪੁਸਤਕ ਪੜ੍ਹਦਿਆਂ ਇਹ ਗੱਲ ਵੀ ਸਪੱਸ਼ਟ ਹੁੰਦੀ ਜਾਂਦੀ ਹੈ ਕਿ ਬੇਸ਼ੱਕ ਮੁਹੱਬਤ ਦੇ ਜਜ਼ਬੇ ਨੇ ਮਨੁੱਖ ਨਾਲ ਹੀ ਜਨਮ ਲਿਆ ਹੈ। ਇਹ ਜਜ਼ਬਾਤੀ ਵਿਸ਼ਾ ਸਨਾਤਨੀ ਹੋ ਕੇ ਵੀ ਹਰ ਮਨੁੱਖ, ਹਰ ਦੇਸ਼-ਕਾਲ ਹਰ ਸਮੇਂ ਤੇ ਨਵਾਂ-ਨਿਵੇਕਲਾ ਹੀ ਰਿਹਾ ਹੈ। ਸਦੀਆਂ ਦੇ ਦੁਹਰਾਅ ਦੇ ਬਾਵਜੂਦ ਇਹ ਨਵਾਂ ਨਕੋਰ ਹੈ। ਹਰੇਕ ਵਿਅਕਤੀ ਨੂੰ ਆਪਣੀ ਹੀ ਮੁਹੱਬਤ ਹਮੇਸ਼ਾ ਸਭ ਤੋਂ ਵਧੇਰੇ ਸ਼ਿੱਦਤ ਭਰੀ, ਪਾਕ-ਪਵਿਤੱਰ ਅਤੇ ਅਨੋਖੀ ਮਹਿਸੂਸ ਹੁੰਦੀ ਹੈ। ਪੁਸਤਕ ਵਿਚਲੇ ਸਾਰੇ ਹੀ ਪਹਿਲੀ ਮੁਹੱਬਤ ਦੇ ਕਿੱਸੇ ਮਨ ਨੂੰ ਸਪਰਸ਼ ਕਰਨ ਵਾਲੇ ਅਤੇ ਰੂਹ ਦੀ ਰਬਾਬ ਦੀਆਂ ਤਾਰਾਂ ਨੂੰ ਛੇੜਣ ਵਾਲੇ ਹਨ, ਲੇਕਿਨ ਬੀਬਾ ਬਲਵੰਤ ਅਤੇ ਬੂਟਾ ਸਿੰਘ ਚੌਹਾਨ ਦੇ ਕਿੱਸੇ ਮਨ ਤੇ ਚਸਪਾ ਹੋਣ ਦੀ ਸਮਰਥਾ ਰੱਖਦੇ ਹਨ।ਪੁਸਤਕ ਦਾ ਵਿਸ਼ਾ ਰੌਚਕ ਅਤੇ ਨਿਵੇਕਲੀ ਪੇਸ਼ਕਾਰੀ ਕਰਕੇ ਪਾਠਕਾਂ ਵਲੋਂ ਪਸੰਦ ਕੀਤੀ ਜਾਵੇਗੀ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761 ed}f਼
ਮਨ ਮੇਰਾ ਉੱਡਣ ਨੂੰ ਕਰਦਾ
ਲੇਖਕ : ਪ੍ਰਿੰ. ਬਹਾਦਰ ਸਿੰਘ ਗੋਸਲ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 60
ਸੰਪਰਕ : 98764-52223
ਇਸ ਬਾਲ ਪੁਸਤਕ ਦੇ ਲੇਖਕ ਸੈਂਕੜੇ ਤੋਂ ਵੱਧ ਪੁਸਤਕਾਂ ਲਿਖਣ ਵਾਲੇ ਬਾਲ ਸਾਹਿਤਕਾਰ ਪ੍ਰਿੰ. ਬਹਾਦਰ ਸਿੰਘ ਗੋਸਲ ਹਨ। ਅਧਿਆਪਨ ਕਿੱਤੇ ਨਾਲ ਸੰਬੰਧਿਤ ਰਹੇ ਪ੍ਰਿੰ. ਗੋਸਲ ਬੱਚਿਆਂ ਦੇ ਮਨੋਵਿਗਿਆਨਕ ਹਾਵ-ਭਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਇਸੇ ਲਈ ਉਨ੍ਹਾਂ ਦੀਆਂ ਲਿਖਤਾਂ ਵਿਚ ਬੱਚਿਆਂ ਲਈ ਪਿਆਰ ਬਹੁਤ ਖੂਬ ਝਲਕਦਾ ਹੈ। ਜਿੱਥੇ ਉਹ ਵਧੀਆ ਲੇਖਣੀ ਦੇ ਮਾਹਰ ਹਨ ਉੱਥੇ ਹੀ ਬੱਚਿਆਂ ਨੂੰ ਬਾਲ ਕਹਾਣੀਆਂ ਰਾਹੀਂ ਕੋਈ ਨਵੀਂ ਸਿੱਖਿਆ ਦੇਣ ਦੇ ਚਾਹਵਾਨ ਹਨ। ਪੁਸਤਕ ਮਨ ਮੇਰਾ ਉਡਣ ਨੂੰ ਕਰਦਾ ਵਿਚ ਉਹ ਬੱਚਿਆਂ ਨੂੰ ਨੱਚਦੇ-ਟੱਪਦੇ ਅਤੇ ਨਵੀਆਂ-ਨਵੀਆਂ ਖੇਡਾਂ ਖੇਡਦੇ ਦੇਖ ਉਨ੍ਹਾਂ ਦੇ ਮਨ ਦੀ ਉਡਾਣ ਨੂੰ ਦਰਸਾਉਣ ਦਾ ਯਤਨ ਕਰਦਾ ਹੈ।
ਇਸ ਪੁਸਤਕ ਵਿਚ ਲੇਖਕ ਨੇ 60 ਸਫ਼ਿਆਂ ਦੀ ਬਾਲ ਪੁਸਤਕ ਵਿਚ ਬਹੁਤ ਹੀ ਰੌਚਿਕ 14 ਬਾਲ ਕਹਾਣੀਆਂ ਦਾ ਸੰਗ੍ਰਹਿ ਕੀਤਾ ਹੈ ਜਿਨ੍ਹਾਂ ਵਿਚ ਗੁਰੂ ਅਤੇ ਚੋਰ ਦੀ ਕਹਾਣੀ, ਗੁਰੂ ਦੀ ਸਿੱਖਿਆ, ਹਾਥੀ ਦੀ ਹਾਰ, ਹੱਬੜੇ ਨਹੀਂ ਗੁਲਗੁਲੇ, ਜ਼ਾਲਮ ਨੂੰ ਸਜ਼ਾ, ਜੰਗਲ ਦਾ ਕਵੀ ਦਰਬਾਰ, ਮਾਂ ਤਾਂ ਮਾਂ ਹੁੰਦੀ ਹੈ, ਸਮੇਂ ਦੀ ਮਹੱਤਤਾ, ਤੋਤੇ ਨਾਲ ਬੀਤੀ, ਵਿਸ਼ਵਾਸਘਾਤ, ਕੁਲਹਿਣੀ ਮਾਈ, ਖੂਹ ਲਈ ਇਨਸਾਫ, ਮਾਂ ਦੀ ਆਗਿਆ ਦਾ ਪਾਲਣ, ਵਿਗਿਆਨਿਕ ਯੁੱਗ ਦਾ ਮਸ਼ੀਨੀ ਚੌਕੀਦਾਰ ਸ਼ਾਮਲ ਕਰਕੇ ਬੱਚਿਆਂ ਨੂੰ ਭਰਪੂਰ ਗਿਆਨ ਦੇਣ ਦਾ ਯਤਨ ਕੀਤਾ ਹੈ। ਸਾਰੀਆਂ ਕਹਾਣੀਆਂ ਬਹੁਤ ਹੀ ਰੌਚਿਕ ਅਤੇ ਬੱਚਿਆਂ ਦੇ ਮਨਭਾਉਂਦੀਆਂ ਹਨ।
ਜਿੱਥੇ ਲੇਖਕ ਪਸ਼ੂ-ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਮਾਧਿਅਮ ਬਣਾ ਕੇ ਉਨ੍ਹਾਂ ਨੂੰ ਚੰਗੀ ਸਿੱਖਿਆ ਦੇਣੀ ਚਾਹੁੰਦਾ ਹੈ ਉੱਥੇ ਹੀ, ਵਿਗਿਆਨ ਦੇ ਨਵੇਂ ਯੁੱਗ ਵਿਚ ਉਹ ਬੱਚਿਆਂ ਨੂੰ ਬਹੁਤ ਹੀ ਦਿਲਚਸਪ ਢੰਗ ਨਾਲ ਵਿਗਿਆਨ ਨਾਲ ਵੀ ਜੋੜਨਾ ਚਾਹੁੰਦਾ ਹੈ। ਉਸ ਦੀ ਦਿਲੀ ਇੱਛਾ ਹੈ ਕਿ ਬੱਚਿਆਂ ਦੇ ਮਾਪੇ ਵੀ ਆਪਣਾ ਫ਼ਰਜ਼ ਪਹਿਚਾਣ ਕੇ ਬੱਚਿਆਂ ਨੂੰ ਅਜੋਕੇ ਡਿਜੀਟਲ ਮੀਡੀਆ ਦੇ ਦੌਰ ਵਿਚ ਆਨਲਾਈਨ ਗੇਮਜ਼ ਦੇ ਬੁਰੇ ਪ੍ਰਭਾਵਾਂ ਤੋਂ ਬਚਾਉਣ ਲਈ ਉਨ੍ਹਾਂ ਨੂੰ ਸਾਹਿਤ ਨਾਲ ਜੋੜਨ ਅਤੇ ਬੱਚਿਆਂ ਨੂੰ ਪੁਸਤਕਾਂ ਪੜ੍ਹਨ ਵੱਲ ਪ੍ਰੇਰਨ ਬਹੁਤ ਹੀ ਸਾਧਾਰਣ ਭਾਸ਼ਾ ਦੇ ਵਿਚ ਇਹ ਪੁਸਤਕ ਆਪਣਾ ਮਨੋਰਥ ਸਫ਼ਲ ਕਰਦੀ ਦਿਖਾਈ ਦਿੰਦੀ ਹੈ। ਪੁਸਤਕ ਵਿਚਲੇ ਸ਼ਾਨਦਾਰ ਚਿੱਤਰ ਪੁਸਤਕ ਨੂੰ ਹੋਰ ਦਿਲਚਸਪ ਬਣਾਉਂਦੇ ਹਨ ਅਤੇ ਬੱਚਿਆਂ ਨੂੰ ਪੁਸਤਕ ਪੜ੍ਹਨ ਵੱਲ ਪ੍ਰੇਰਦੇ ਹਨ। ਚੰਡੀਗੜ੍ਹ ਦੇ ਤਰਲੋਚਨ ਪਬਲਿਸ਼ਰਜ਼ ਵਲੋਂ ਛਪਾਈ ਗਈ ਇਹ ਪੁਸਤਕ ਵਧੀਆ ਦਿੱਖ ਦੇ ਨਾਲ ਪਾਠਕਾਂ ਲਈ ਖਿੱਚ ਦਾ ਕਾਰਨ ਬਣਦੀ ਹੈ। ਪ੍ਰਿੰ. ਗੋਸਲ ਦੀਆਂ ਬਾਕੀ ਬਾਲ ਪੁਸਤਕਾਂ ਦੀ ਤਰ੍ਹਾਂ ਇਸ ਬਾਲ ਪੁਸਤਕ ਨੂੰ ਵੀ ਚੰਗਾ ਹੁੰਗਾਰਾ ਮਿਲੇਗਾ ਅਤੇ ਇਸ ਪੁਸਤਕ ਵਿਚਲੀਆਂ ਸਾਰੀਆਂ ਕਹਾਣੀਆਂ ਦਾ ਖੂਬ ਅਨੰਦ ਲੈਣਗੇ। ਇਸ ਪੁਸਤਕ ਲਈ ਲੇਖਕ ਵਧਾਈ ਦੇ ਹੱਕਦਾਰ ਹਨ।
-ਅਮਰੀਕ ਸਿੰਘ ਤਲਵੰਡੀ
ਮੋਬਾਈਲ : 94635-dph}&
ਮੇਰਾ ਰੁਬਾਈਨਾਮਾ
ਲੇਖਕ : ਆਸ਼ੀ ਈਸਪੁਰੀ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ, ਜਲੰਧਰ
ਮੁੱਲ : 200 ਰੁਪਏ, ਸਫ਼ੇ : 174
ਸੰਪਰਕ : 83600-94105
'ਮੇਰਾ ਰੁਬਾਈਨਾਮਾ' ਆਸ਼ੀ ਈਸਪੁਰੀ ਦੀਆਂ ਰਚੀਆਂ 284 ਰੁਬਾਈਆਂ ਦਾ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ਆਪਣੀਆਂ ਦਸ ਰਚਨਾਵਾਂ ਨਾਲ ਪੰਜਾਬੀ ਸਾਹਿਤ ਦੀ ਝੋਲੀ ਨੂੰ ਭਰਪੂਰ ਕਰ ਚੁੱਕਾ ਹੈ। ਹਥਲੀ ਕ੍ਰਿਤ ਵਿਚ ਲੇਖਕ ਨੇ ਸਮਾਜਿਕ, ਧਾਰਮਿਕ, ਰਾਜਨੀਤਕ, ਇਤਿਹਾਸਕ ਘਟਨਾਵਾਂ ਨੂੰ ਬਹੁਤ ਹੀ ਸੰਜਮ, ਸੰਖੇਪ ਅਤੇ ਸੰਕੋਚਵੀਂ ਸ਼ੈਲੀ ਵਿਚ ਸਿੱਖਿਆਦਾਇਕ ਅਤੇ ਖ਼ੂਬਸੂਰਤ ਢੰਗ ਨਾਲ ਵਰਨਣ ਕੀਤਾ ਹੈ। ਉਸ ਦੀ ਸ਼ੈਲੀ ਦੀ ਖ਼ੂਬਸੂਰਤੀ ਅਤੇ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਉਸ ਨੇ ਸਿੱਖ ਗੁਰੂ ਸਾਹਿਬਾਨ ਨਾਲ ਸੰਬੰਧਿਤ ਇਤਿਹਾਸ, ਭਗਤਾਂ, ਭੱਟਾਂ ਨਾਲ ਸੰਬੰਧਿਤ ਰਚਨਾਵਾਂ, ਸਿੱਖ ਇਤਿਹਾਸ, ਕੌਮੀ ਇਤਿਹਾਸ ਦੇ ਸੂਰਬੀਰ ਯੋਧਿਆਂ ਤੋਂ ਇਲਾਵਾ ਨੈਤਿਕ ਕਦਰਾਂ-ਕੀਮਤਾਂ ਅਤੇ ਹੋਰ ਆਮ ਫੁੱਟਕਲ ਵਿਸ਼ਿਆਂ ਨਾਲ ਸੰਬੰਧਿਤ ਰੁਬਾਈਆਂ ਸਿਰਜੀਆਂ ਹਨ। ਇਹ ਗੱਲ ਵੀ ਲੇਖਕ ਦੀ ਉੱਚੀ ਅਤੇ ਸੱਚੀ ਸੁੱਚੀ ਵਿਚਾਰਧਾਰਾ ਦੀ ਪ੍ਰੋੜ੍ਹਤਾ ਕਰਦੀ ਹੈ ਕਿ ਉਸ ਨੇ ਆਪਣੀ ਇਹ ਵਡਮੁੱਲੀ ਰਚਨਾ ਉਨ੍ਹਾਂ ਮਹਾਨ ਆਤਮਾਵਾਂ ਨੂੰ ਸਮਰਪਿਤ ਕੀਤੀ ਹੈ, ਜੋ ਮਨੁੱਖਤਾ ਨੂੰ ਪਿਆਰ ਕਰਨ ਵਾਲੀਆਂ ਹਨ-
'ਸਤਿਕਾਰ ਉਨ੍ਹਾਂ ਦਾ ਧਰਤੀ 'ਤੇ,
ਅੰਬਰ 'ਤੇ ਵਾਹ ਵਾਹ ਹੁੰਦੀ ਏ।
ਜੋ ਰਹਿਬਰ ਬਣ ਮਨੁੱਖਤਾ ਦੇ,
ਹਰ ਕਾਲ ਧਰਤ 'ਤੇ ਆਉਂਦੇ ਨੇ।
ਉਹ ਜਿਊਂਦੇ ਵਿਚ ਇਤਿਹਾਸ ਸਦਾ,
ਤੇ ਕਦੇ ਭੁਲਾਏ ਜਾਂਦੇ ਨਹੀਂ,
ਜੋ ਆਪਣੇ ਧਰਮ ਦੀ ਰਾਖੀ ਲਈ,
ਸਿਰ ਧੜ ਦੀ ਬਾਜ਼ੀ ਲਉਂਦੇ ਨੇ।'
ਮਾਂ ਬੋਲੀ ਪੰਜਾਬੀ ਤੋਂ ਆਰੰਭ ਕਰ ਕੇ 'ਸੇਧਾਂ' ਤੱਕ ਦਾ ਪੂਰਾ ਪੈਂਡਾ ਇਹ ਦਰਸਾਉਂਦਾ ਹੈ ਕਿ ਇਲਾਹੀ ਗੁਣਾਂ ਨੂੰ ਧਾਰਨ ਕਰ ਕੇ, ਅਵਗੁਣਾਂ ਨੂੰ ਵਿਸਾਰ ਕੇ, ਗੁਰੂ ਸਾਹਿਬਾਨ, ਭਗਤ ਤੇ ਭੱਟ ਸਾਹਿਬਾਨ, ਗੁਰਸਿੱਖਾਂ ਦੀ ਬਾਣੀ ਨੂੰ ਜੀਵਨ ਆਧਾਰ ਬਣਾ ਕੇ ਗੁਰੂ ਸੰਵਾਰੀਆਂ, ਨਿਰਮਲ ਰੂਹਾਂ ਸੰਸਾਰ 'ਤੇ ਵਿਚਰਦਿਆਂ ਜਿੱਥੇ ਜੀਵਨ ਸੇਧ ਪ੍ਰਦਾਨ ਕਰਦੀਆਂ ਹਨ, ਉੱਥੇ ਮੌਤ ਨੂੰ ਮਖੌਲਾਂ ਕਰਦੀਆਂ, ਪੁਰਜਾ-ਪੁਰਜਾ ਕੱਟ ਮਰਦੀਆਂ ਅਤੇ ਦੁਸ਼ਟਾਂ ਦਾ ਨਾਸ਼ ਕਰਦੀਆਂ ਹਨ। ਮਾਂ ਬੋਲੀ ਪੰਜਾਬੀ ਨਾਲ ਸੰਬੰਧਿਤ ਖ਼ੂਬਸੂਰਤ ਰੁਬਾਈ ਦੀ ਇੱਕ ਵੰਨਗੀ ਦੇਖੋ-
'ਮਾਂ-ਬੋਲੀ ਪੰਜਾਬੀ ਸਾਡੀ,
ਇਸਦਾ ਗਿਆਨ ਜ਼ਰੂਰੀ।
ਵਿਸ਼ਵ ਦੀਆਂ ਭਾਸ਼ਾਵਾਂ ਅੰਦਰ,
ਮਹਿਕੇ ਜਿਉਂ ਕਸਤੂਰੀ।
ਇਸਦਾ ਗਿਆਨ ਪ੍ਰਾਪਤ ਕਰ ਕੇ,
ਪੜ੍ਹ ਲਈਏ ਗੁਰਬਾਣੀ,
ਮਿਲੇ ਸਫ਼ਲਤਾ ਹਰ ਥਾਂ ਆਸ਼ੀ,
ਰਹੇ ਨਾ ਰੀਝ ਅਧੂਰੀ।'
ਆਸ਼ੀ ਈਸਪੁਰੀ ਦੀਆਂ ਰਚੀਆਂ ਇਨ੍ਹਾਂ ਪ੍ਰੇਰਨਾਦਾਇਕ ਰੁਬਾਈਆਂ 'ਤੇ ਅਮਲ ਕਰਕੇ ਕੋਈ ਵੀ ਇਨਸਾਨ ਕੋਈ ਵੀ ਵੱਡੀ ਤੋਂ ਵੱਡੀ ਪ੍ਰਾਪਤੀ ਹਾਸਲ ਕਰ ਸਕਦਾ ਹੈ। ਮੈਂ ਆਸ਼ੀ ਈਸਪੁਰੀ ਦੀ ਇਸ ਰਚਨਾ 'ਮੇਰਾ ਰੁਬਾਈਨਾਮਾ' ਨੂੰ ਪੰਜਾਬੀ ਕਾਵਿ-ਸਾਹਿਤ ਦੇ ਪਿੜ ਵਿਚ 'ਜੀ ਆਇਆਂ ਨੂੰ' ਆਖਦਾ ਹੋਇਆ ਭਰਪੂਰ ਸੁਆਗਤ ਕਰਦਾ ਹਾਂ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020