27-10-25
ਸੜਕ ਹਾਦਸੇ
ਸਾਡੇ ਪੰਜਾਬ ਵਿਚ ਵਧ ਰਹੇ ਸੜਕ ਹਾਦਸੇ ਸਿਰਫ਼ ਜੀਵਨ ਨੂੰ ਖ਼ਤਰੇ ਵਿਚ ਨਹੀਂ ਪਾ ਰਹੇ, ਸਗੋਂ ਕਈ ਪਰਿਵਾਰਾਂ ਨੂੰ ਤਬਾਹ ਕਰ ਰਹੇ ਹਨ। ਇਹ ਸੱਚ ਹੈ ਕਿ ਸੜਕਾਂ 'ਤੇ ਵਧ ਰਹੀ ਗੱਡੀਆਂ ਦੀ ਸੰਖਿਆ ਅਤੇ ਬੇਹਿਸਾਬੀ ਲਾਪਰਵਾਹੀ ਵਾਲੀ ਡਰਾਈਵਿੰਗ ਦੇ ਕਾਰਨ ਹਾਦਸੇ ਵਧ ਰਹੇ ਹਨ। ਬਹੁਤ ਸਾਰੇ ਡਰਾਈਵਰ ਬੇਹੱਦ ਤੇਜ਼ ਗਤੀ ਨਾਲ ਗੱਡੀਆਂ ਚਲਾਉਂਦੇ ਹਨ, ਜੋ ਕਿ ਇਕ ਵੱਡਾ ਖਤਰਾ ਹੈ। ਇਸ ਦੇ ਨਾਲ ਸੜਕਾਂ ਦੀ ਹਾਲਤ ਵੀ ਬਹੁਤ ਖਰਾਬ ਹਨ।
ਸੜਕਾਂ 'ਤੇ ਰੇਤ ਅਤੇ ਬੱਜਰੀ ਨਾਲ ਭਰੇ ਟਰੱਕ ਆਮ ਚੱਲਦੇ ਦੇਖੇ ਜਾ ਸਕਦੇ ਹਨ ਜੋ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਉਂਦੇ ਹਨ। ਕਿਉਂਕਿ ਸੁਪਰੀਮ ਕੋਰਟ ਦਾ ਆਦੇਸ਼ ਹੈ ਕਿ ਇਨ੍ਹਾਂ ਟਰੱਕਾ ਨੂੰ ਤਰਪਾਲ ਆਦਿ ਨਾਲ ਢੱਕ ਕੇ ਚਲਾਇਆ ਜਾ ਸਕੇ ਪਰ ਟਰੱਕ ਆਪ੍ਰੇਟਰਾਂ ਵਲੋਂ ਇਨ੍ਹਾਂ ਆਦੇਸ਼ਾਂ ਨੂੰ ਟਿੱਚ ਮਾਣਦੇ ਹੋਏ ਸਰ੍ਹੇਆਮ ਬਿਨਾਂ ਤਰਪਾਲਾਂ ਤੋਂ ਟਰੱਕਾਂ ਨੂੰ ਚਲਾਇਆ ਜਾ ਰਿਹਾ ਹੈ, ਜਿਸ ਨੂੰ ਹਾਈ-ਵੇਅ 'ਤੇ ਖੜੀ ਪੁਲਿਸ ਵੀ ਨਜ਼ਰਅੰਦਾਜ਼ ਕਰ ਅੱਖਾਂ ਮੀਟ ਕੇ ਇਨ੍ਹਾਂ ਨੂੰ ਨਿਕਲਣ ਦਿੰਦੀ ਹੈ।
ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ 'ਤੇ ਸੜਕਾਂ ਦੀ ਸੁਰੱਖਿਆ ਲਈ ਕਦਮ ਚੁੱਕੇ। ਸਾਡੇ ਲਈ ਜ਼ਰੂਰੀ ਹੈ ਕਿ ਸਾਨੂੰ ਸੜਕਾਂ 'ਤੇ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ ਅਤੇ ਸੜਕ 'ਤੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ।
-ਅਸ਼ੀਸ਼ ਸ਼ਰਮਾ
ਜਲੰਧਰ।
ਸੋਸ਼ਲ ਮੀਡੀਆ ਦੀ ਸਹੀ ਵਰਤੋਂ ਜ਼ਰੂਰੀ
ਸੋਸ਼ਲ ਮੀਡੀਆ ਅੱਜ ਦੇ ਯੁੱਗ ਵਿਚ ਸੰਚਾਰ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਬਣ ਚੁੱਕਾ ਹੈ। ਇਸ ਨੇ ਨਾ ਸਿਰਫ ਵਿਅਕਤੀਗਤ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਬਲਕਿ ਸਮਾਜ, ਰਾਜਨੀਤੀ, ਸਿੱਖਿਆ, ਵਪਾਰ ਅਤੇ ਮਨੋਰੰਜਨ ਦੇ ਖੇਤਰ ਵਿਚ ਵੀ ਵੱਡਾ ਬਦਲਾਅ ਲਿਆਂਦਾ ਹੈ। ਸੋਸ਼ਲ ਮੀਡੀਆ ਇਕ ਦੋਧਾਰੀ ਤਲਵਾਰ ਵਾਂਗ ਹੈ। ਜੇਕਰ ਇਸ ਦਾ ਸਹੀ ਢੰਗ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਇਹ ਉੱਨਤੀ ਦੇ ਵਿਕਾਸ ਦਾ ਸਰੋਤ ਹੈ, ਪਰ ਜੇਕਰ ਇਸ ਦਾ ਗਲਤ ਉਪਯੋਗ ਕੀਤਾ ਜਾਵੇ, ਤਾਂ ਨੁਕਸਾਨ ਵੀ ਬਹੁਤ ਪਹੁੰਚਾ ਸਕਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਸੋਸ਼ਲ ਮੀਡੀਆ ਦੀ ਸਮਝਦਾਰੀ ਨਾਲ ਵਰਤੋਂ ਕਰੀਏ ਅਤੇ ਜ਼ਿੰਮੇਵਾਰੀ ਭਰੀ ਸੋਚ ਅਤੇ ਸਮੇਂ ਦੀ ਪਾਬੰਦੀ ਨਾਲ ਇਸ ਦਾ ਸਹੀ ਇਸਤੇਮਾਲ ਕਰੀਏ।
-ਸਤਵਿੰਦਰ ਕੌਰ
ਮੱਲੇਵਾਲ।
ਇਨਸਾਨ ਨੂੰ ਸਿਆਣਾ ਬਣਾਉਂਦੀ ਜ਼ਿੰਦਗੀ
ਕੋਈ ਵੀ ਵਿਅਕਤੀ ਸਿਰਫ਼ ਕਿਤਾਬਾਂ ਪੜ੍ਹ ਕੇ ਸਿਆਣਾ ਨਹੀਂ ਬਣ ਸਕਦਾ। ਕਿਤਾਬਾਂ ਸਾਨੂੰ ਜਾਣਕਾਰੀ ਤਾਂ ਦੇ ਸਕਦੀਆਂ ਹਨ, ਪਰ ਸਿਆਣਪ ਦਾ ਸਰੋਤ ਅਸਲ ਜ਼ਿੰਦਗੀ ਦੇ ਤਜਰਬੇ ਹੀ ਹੁੰਦੇ ਹਨ। ਦੁਨੀਆ ਵਿਚ ਘੁੰਮਣ-ਫਿਰਣ, ਲੋਕਾਂ ਨਾਲ ਮਿਲਣ ਤੇ ਹਾਲਾਤਾਂ ਦਾ ਸਾਹਮਣਾ ਕਰਨ ਨਾਲ ਹੀ ਇਨਸਾਨ ਨੂੰ ਦੁਨੀਆਦਾਰੀ ਦੀ ਸੂਝ ਪ੍ਰਾਪਤ ਹੁੰਦੀ ਹੈ। ਇਕ ਬੰਦ ਕਮਰੇ ਵਿਚ ਬੈਠ ਕੇ ਉਹ ਕਦੇ ਵੀ ਜੀਵਨ ਦੇ ਅਸਲੀ ਰੰਗ ਨਹੀਂ ਸਮਝ ਸਕਦਾ। ਇਸ ਲਈ ਹਰ ਵਿਅਕਤੀ ਨੂੰ ਨਵੇਂ ਅਨੁਭਵਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ, ਕਿਉਂਕਿ ਅਨੁਭਵ ਹੀ ਸੱਚੇ ਗਿਆਨ ਦਾ ਮੂਲ ਹਨ।
-ਸਾਇਰਾ ਖ਼ਾਨ,
ਸਰਹਿੰਦ
ਬਸ ਇਹੀ ਸੋਚਣ ਵਾਲੀ ਗੱਲ ਹੈ
ਜਿਵੇਂ-ਜਿਵੇਂ ਸਮਾਂ ਬਦਲ ਰਿਹਾ ਹੈ ਤਿਵੇਂ-ਤਿਵੇਂ ਮਨੁੱਖ ਦੇ ਸੁਭਾਅ, ਰਹਿਣ-ਸਹਿਣ, ਗੱਲਬਾਤ, ਮਿਲਵਰਤਣ, ਮਨੋਵਿਰਤੀ, ਸੋਚਣ, ਕੰਮ ਕਰਨ ਦੇ ਢੰਗ ਆਦਿ ਬਹੁਤ ਸਾਰੇ ਪੱਖਾਂ ਵਿਚ ਹੈਰਾਨੀਜਨਕ ਤਬਦੀਲੀ ਆ ਗਈ ਹੈ। ਹੁਣ ਸਾਦਗੀ, ਸਬਰ-ਸੰਤੋਖ, ਸੰਜਮਤਾ, ਸਹਿਜਪੁਣਾ ਆਦਿ ਜੋ ਕਦੇ ਕਿਰਦਾਰ ਦਾ ਹਿੱਸਾ ਹੁੰਦੇ ਸਨ, ਵਿਸਰਦੇ ਜਾ ਰਹੇ ਹਨ। ਸਮੇਂ ਦੀ ਇਸ ਤੇਜ਼ ਦੌੜ ਵਿਚ ਅੱਜ ਮਨੁੱਖ ਨੂੰ ਬਹੁਤ ਸਾਰੀਆਂ ਬੁਰਾਈਆਂ ਨੇ ਘੇਰਾ ਪਾ ਲਿਆ ਹੈ ਉਸ ਦੀ ਸੋਚ ਵਿਚ ਮੌਕਾਪ੍ਰਸਤੀ, ਮਤਲਬੀਪਣ, ਲਾਲਚਪੁਣਾ, ਧੋਖੇਬਾਜ਼ੀ ਆਉਣ ਲੱਗੀ ਹੈ। ਇਸ ਬਿਰਤੀ ਨੇ ਸਮਾਜਿਕ ਸੰਬੰਧਾਂ ਵਿਚ ਵਿਗਾੜ ਪੈਦਾ ਕਰ ਦਿੱਤੇ ਹਨ। ਖ਼ੁਦਗਰਜ਼ੀ ਇਸ ਹੱਦ ਤੱਕ ਹੋ ਗਈ ਹੈ ਕਿ ਪਿਆਰ, ਮੁਹੱਬਤ, ਸਨੇਹ ਜਿਹੇ ਸ਼ਬਦ ਇਨਸਾਨ ਦੀ ਜ਼ਿੰਦਗੀ 'ਚੋਂ ਮਨਫ਼ੀ ਹੁੰਦੇ ਜਾ ਰਹੇ ਹਨ। ਮਨੁੱਖ ਕੋਲ ਅੱਜ ਭਾਵੇਂ ਸਾਰੀਆਂ ਸੁੱਖ ਸਹੂਲਤਾਂ ਉਪਲੱਬਧ ਹਨ, ਤਰੱਕੀ ਕਰਨ ਦੇ ਬਾਵਜੂਦ ਉਸ ਦੀ ਜ਼ਿੰਦਗੀ ਨੀਰਸ ਹੁੰਦੀ ਜਾ ਰਹੀ ਹੈ, ਕਿਉਂਕਿ ਆਦਮੀ ਦੌਲਤ, ਸ਼ੋਹਰਤ ਤੇ ਫੋਕੀ ਫੂੰ-ਫਾਂ ਦੇ ਮਗਰ ਦੌੜਦਾ ਜਾ ਰਿਹਾ ਹੈ। ਕੀ ਇਨਸਾਨ ਦੀ ਜ਼ਿੰਦਗੀ ਦਾ ਬਸ ਇਹ ਹੀ ਮਕਸਦ ਹੈ?
-ਲਾਭ ਸਿੰਘ ਸ਼ੇਰਗਿੱਲ
(ਸੰਗਰੂਰ)
ਸਮੇਂ ਦੀ ਬੱਚਤ
ਅਕਸਰ ਅਸੀਂ ਦੇਖਦੇ ਹਾਂ ਕਿ ਫਾਟਕ ਬੰਦ ਹੋਣ 'ਤੇ ਕਿਵੇਂ ਟਰੈਫਿਕ ਜਾਮ ਹੁੰਦਾ ਹੈ। ਸਾਨੂੰ ਫਾਟਕ ਬੰਦ ਹੋਣ 'ਤੇ ਜ਼ਰੂਰ ਰੁਕਣਾ ਪੈਂਦਾ ਹੈ। ਅਸੀਂ ਖੜ੍ਹੇ-ਖੜ੍ਹੇ ਦੇਖਦੇ ਹਾਂ ਕਿ ਕਿਵੇਂ ਲੋਕ ਇਕ ਦੂਸਰੇ ਤੋਂ ਅੱਗੇ ਵਧ ਕੇ ਆਪੋ-ਆਪਣਾ ਵਹੀਕਲ ਅੱਗੇ ਲੈ ਜਾਂਦੇ ਹਨ ਤੇ ਪੂਰੀ ਸੜਕ ਰੋਕ ਦਿੰਦੇ ਹਨ। ਆਪਣੀ ਲਾਈਨ ਵਿਚ ਬਹੁਤ ਘੱਟ ਲੋਕ ਖੜ੍ਹਦੇ ਹਨ। ਜੋ ਜ਼ਿਆਦਾਤਰ ਅੱਗੇ ਵਧ ਕੇ ਪੂਰਾ ਰਸਤਾ ਹੀ ਰੋਕ ਦਿੰਦੇ ਹਨ। ਇਹ ਮਾਹੌਲ ਦੋਨੋਂ ਪਾਸੇ ਹੀ ਹੁੰਦਾ ਹੈ, ਜਦੋਂ ਟ੍ਰੇਨ ਗੁਜ਼ਰਦੀ ਹੈ ਤਾਂ ਫਾਟਕ ਖੁਲ੍ਹਦੇ ਹੀ ਹਰ ਕੋਈ ਬਹੁਤ ਕਾਹਲੀ ਵਿਚ ਅੱਗੇ ਵੱਧਦਾ ਹੈ। ਦੋਹਾਂ ਪਾਸਿਆਂ ਤੋਂ ਬਰਾਬਰ ਆਉਣ-ਜਾਣ ਵਾਲੇ ਇਕ ਦੂਸਰੇ ਦਾ ਰਸਤਾ ਰੋਕ ਕੇ ਆਪਣਾ ਤੇ ਦੂਜਿਆਂ ਦਾ ਕਿੰਨਾ ਟਾਈਮ ਖ਼ਰਾਬ ਕਰਦੇ ਹਨ। ਜੇਕਰ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਹਮਣੇ ਆਉਣ ਜਾਣ ਵਾਲਾ ਰਸਤਾ ਖਾਲੀ ਛੱਡ ਕੇ ਲਾਈਨ ਵਿਚ ਆਪੋ-ਆਪਣਾ ਵਹੀਕਲ ਖੜ੍ਹਾਵੇ ਤਾਂ ਹਰ ਕੋਈ ਆਸਾਨੀ ਨਾਲ ਲੰਘ ਕੇ ਆਪਣੇ ਟਾਈਮ ਦੀ ਬੱਚਤ ਕਰ ਸਕਦਾ ਹੈ।
-ਬਰਿੰਦਰ ਮਸੌਣ ਧੂਰੀ।
ਜਾਗਣਾ ਜ਼ਰੂਰੀ ਹੈ
ਅੱਜ ਦਾ ਸਮਾਂ ਸੁੱਤੇ ਹੋਏ ਮਨਾਂ ਨੂੰ ਜਗਾਉਣ ਦਾ ਹੈ। ਇਨਕਲਾਬੀ ਨੌਜਵਾਨ ਉਹ ਨਹੀਂ ਜੋ ਸਿਰਫ਼ ਨਾਅਰੇ ਲਾਉਂਦਾ ਹੈ, ਸਗੋਂ ਉਹ ਹੈ ਜੋ ਹਾਲਾਤਾਂ ਨੂੰ ਸਮਝਦਾ ਤੇ ਬਦਲਣ ਦੀ ਹਿੰਮਤ ਰੱਖਦਾ ਹੈ। ਵਿਦਿਆਰਥੀ ਦੇ ਰੂਪ ਵਿਚ ਸਾਨੂੰ ਸਿਰਫ਼ ਡਿਗਰੀ ਨਹੀਂ, ਸੋਚ ਵੀ ਹਾਸਿਲ ਕਰਨੀ ਚਾਹੀਦੀ ਹੈ। ਜਾਗਣ ਦਾ ਮਤਲਬ ਅੰਨ੍ਹੇ ਭਰੋਸੇ ਤੋਂ ਉੱਪਰ ਉੱਠ ਕੇ ਸੱਚ ਦੀ ਖੋਜ ਕਰਨੀ ਤੇ ਨਿਆਂ ਲਈ ਆਵਾਜ਼ ਬੁਲੰਦ ਕਰਨੀ ਹੁੰਦਾ ਹੈ। ਜੇ ਵਿਦਿਆਰਥੀ ਜਾਗੇਗਾ ਤਾਂ ਸਮਾਜ ਜਾਗੇਗਾ, ਕਿਉਂਕਿ ਹਰ ਇਨਕਲਾਬ ਦੀ ਜੜ੍ਹ ਨੌਜਵਾਨ ਹੀ ਹੁੰਦੇ ਹਨ। ਇਸ ਲਈ ਜਾਗੋ, ਸੋਚੋ ਤੇ ਆਪਣੇ ਅੰਦਰ ਦੀ ਆਵਾਜ਼ ਨੂੰ ਮਜ਼ਬੂਤ ਕਰੋ, ਕਿਉਂਕਿ ਇਨਕਲਾਬ ਕਿਤਾਬਾਂ ਨਾਲ ਨਹੀਂ, ਜਾਗਰੂਕ ਮਨਾਂ ਨਾਲ ਆਉਂਦਾ ਹੈ।
-ਮੰਜੂ ਰਾਇਕਾ
(ਭਿੰਡਰਾਂ) ਸੰਗਰੂਰ