29-10-25
ਬੰਦਗੀ ਬਨਾਮ ਗੰਦਗੀ
ਪੰਜਾਬ ਦੀ ਧਰਤੀ ਪਵਿੱਤਰਤਾ ਤੇ ਬੰਦਗੀ ਵਾਲੀ ਧਰਤੀ ਹੈ। ਇਸ ਧਰਤੀ 'ਤੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਤੇ ਪੀਰਾਂ-ਫਕੀਰਾਂ ਦਾ ਜਨਮ ਹੋਇਆ ਹੈ। ਇਸ ਦੀ ਮਿੱਟੀ ਵਿਚ ਸੱਚੀ-ਸੁੱਚੀ ਕਿਰਤ ਦਾ ਬੀਜ ਬੀਜਿਆ ਗਿਆ ਹੈ। ਇਸ ਧਰਤੀ ਦਾ ਅੰਨ ਖਾਣ ਨਾਲ, ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦੀ ਪ੍ਰੇਰਨਾ ਮਿਲਦੀ ਰਹੀ। ਪਰ ਪਿਛਲੇ ਸਮੇਂ ਤੋਂ ਇਸ ਦੀ ਪਵਿੱਤਰਤਾ ਨੂੰ ਗੰਧਲਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਿੰਡਾਂ 'ਚ ਟੂਣੇ ਤੇ ਪੈਰਾਂ ਦੀ ਮਿੱਟੀ ਚੁੱਕਣ ਵਰਗੀਆਂ ਘਟਨਾਵਾਂ ਦਾ ਵਾਪਰਨਾ ਹੈਰਾਨਗੀ ਪੈਦਾ ਕਰ ਰਿਹਾ ਹੈ। ਇਸ ਤੋਂ ਅੱਗੇ ਬਹੁਤੇ ਪਿੰਡਾਂ 'ਚ ਕੁੜੀਆਂ ਵਲੋਂ ਪਿੰਡ ਦੇ ਮੁੰਡਿਆਂ ਨਾਲ ਹੀ ਵਿਆਹ ਕਰਵਾਉਣ ਦੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ। 2-3 ਬੱਚਿਆਂ ਦੀਆਂ ਮਾਵਾਂ ਗੈਰ ਬੰਦਿਆਂ ਨਾਲ ਭੱਜ ਰਹੀਆਂ ਹਨ। ਇਸ ਤਰ੍ਹਾਂ ਦੇ ਵਰਤਾਰੇ ਨੂੰ ਪੇਸ਼ ਕਰਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਪਿੰਡ ਦੀ ਪੰਚਾਇਤ ਨੂੰ ਅਖੀਰ ਮਤਾ ਪਾਉਣਾ ਪਿਆ ਕਿ ਇਸ ਤਰ੍ਹਾਂ ਦੀਆਂ ਕੁੜੀਆਂ ਤੇ ਔਰਤਾਂ ਨੂੰ ਸਾਰੀ ਉਮਰ ਪਿੰਡ ਵਿਚ ਨਹੀਂ ਵੜਨ ਦਿੱਤਾ ਜਾਵੇਗਾ। ਜੇ ਇਹ ਰੁਝਾਨ ਨਾ ਰੁਕਿਆ ਤਾਂ ਹੋ ਸਕਦਾ ਹੈ ਕਿ ਸਮੂਹ ਪਿੰਡਾਂ ਨੂੰ ਉਪਰੋਕਤ ਮਤੇ ਪਾਉਣੇ ਪੈ ਜਾਣ। ਇਹ ਗੰਧਲਾ ਵਰਤਾਰਾ ਸਮੂਹ ਪੰਜਾਬੀਆਂ ਨੂੰ ਦੁਨੀਆ ਭਰ 'ਚ ਜਲੀਲ ਕਰ ਰਿਹਾ ਹੈ। ਇਸ ਪਨਪੇ ਮਾੜੇ ਰੁਝਾਨ 'ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ।
-ਬੰਤ ਸਿੰਘ ਘੁਡਾਣੀ
ਲੁਧਿਆਣਾ।
ਪ੍ਰਤਾਪ ਸਿੰਘ ਕੈਰੋਂ ਨੂੰ ਯਾਦ ਕਰਦਿਆਂ
ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਉਨ੍ਹਾਂ ਆਪਣੀ ਉੱਚ ਸਿੱਖਿਆ, ਵਿਦੇਸ਼ ਵਿਚੋਂ ਹਾਸਿਲ ਕਰਨ ਤੋਂ ਬਾਅਦ ਆਪਣੀ ਪੂਰੀ ਜ਼ਿੰਦਗੀ ਪੰਜਾਬ ਅਤੇ ਦੇਸ਼ ਦੀ ਸੇਵਾ ਲਈ ਸਮਰਪਿਤ ਕਰ ਦਿੱਤੀ। ਉਨ੍ਹਾਂ ਦੀ ਰਾਜਨੀਤਕ ਸੋਚ ਪੰਜਾਬ ਦੇ ਲੋਕਾਂ 'ਤੇ ਕੇਂਦਰਿਤ ਸੀ। ਉਨ੍ਹਾਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਲਈ ਕਈ ਸ਼ਲਾਘਾਯੋਗ ਨੀਤੀਆਂ ਬਣਾਈਆਂ। ਉਨ੍ਹਾਂ ਦੀ ਦੂਰਦਰਸ਼ੀ ਸੋਚ ਨਾਲ ਪੰਜਾਬ ਨੂੰ ਆਧੁਨਿਕ ਖੇਤੀਬਾੜੀ ਅਤੇ ਵਿਕਾਸ ਦੀਆਂ ਪਟੜੀਆਂ ਤੇ ਤੋਰਿਆ। ਸੜਕਾਂ ਅਤੇ ਸਿੱਖਿਆ ਸੰਸਥਾਵਾਂ ਦਾ ਜਾਲ ਵਿਛਾਇਆ। ਪੰਜਾਬ ਨੂੰ ਹਰੀ ਕ੍ਰਾਂਤੀ ਵਲ ਮੋੜਿਆ। ਪੰਜਾਬ ਦੀ ਖੇਤੀਬਾੜੀ ਰਾਹੀਂ ਦੇਸ਼ ਨੂੰ ਆਤਮ ਨਿਰਭਰ ਬਣਾਇਆ। ਪੰਜਾਬ ਨੂੰ ਆਰਥਿਕ ਅਤੇ ਸਮਾਜਿਕ ਤੌਰ 'ਤੇ ਮਜ਼ਬੂਤ ਕਰਨ ਲਈ ਯੋਗਦਾਨ ਪਾਇਆ।
-ਹਰਜਿੰਦਰ ਪਾਲ ਸਿੰਘ
881ਏ, ਜਵੱਦੀ ਕਲਾਂ, ਲੁਧਿਆਣਾ।
ਤੰਗ ਰਸਤੇ ਬਣੇ ਰੁਕਾਵਟ
ਪੰਜਾਬ ਵਿਚ ਝੋਨੇ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ। ਕਿਸਾਨ ਵਰਗ ਵੀ ਜਾਗਰੂਕ ਹੋ ਕੇ ਵਾਤਾਵਰਨ ਨੂੰ ਗੰਦਲਾ ਹੋਣ ਤੋਂ ਬਚਾਉਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਪਰਹੇਜ਼ ਕਰ ਰਿਹਾ ਹੈ। ਪਰ ਕਈ ਥਾਵਾਂ 'ਤੇ ਵੇਖਣ ਵਿਚ ਆ ਰਿਹਾ ਹੈ ਕਿ ਖੇਤਾਂ ਨੂੰ ਜਾਂਦੇ ਰਸਤੇ ਬਹੁਤ ਹੀ ਤੰਗ ਹੋ ਚੁੱਕੇ ਹਨ। ਅਸਲ ਵਿਚ ਇਨ੍ਹਾਂ ਕੱਚੇ ਰਸਤਿਆਂ ਨੂੰ ਲਾਲਚੀ ਕਿਸਾਨਾਂ ਨੇ ਹੀ ਹੌਲੀ-ਹੌਲੀ ਵੱਢ ਕੇ ਆਪਣੇ ਖੇਤਾਂ ਵਿਚ ਰਲਾ ਲਿਆ ਹੈ। ਰਸਤੇ ਤੰਗ ਹੋਣ ਕਰਕੇ ਇਨ੍ਹਾਂ ਉਪਰੋਂ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੇ ਵੇਲਰ ਅਤੇ ਦੂਜੀ ਹੋਰ ਭਾਰੀ ਮਸ਼ੀਨਰੀ ਲੰਘਾਉਣ ਵਿਚ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ। ਪੰਚਾਇਤਾਂ ਵੀ ਨਿਸ਼ਾਨਦੇਹੀ ਕਰਵਾਉਣ ਦੀ ਭਾਰੀ ਫ਼ੀਸ ਭਰਨ ਅਤੇ ਕਲੇਸ਼ ਦੇ ਡਰੋਂ ਤੰਗ ਰਸਤਿਆਂ ਨੂੰ ਛੁਡਵਾਉਣ ਤੋਂ ਬਹੁਤੇ ਥਾਈਂ ਟਾਲਾ ਹੀ ਵੱਟ ਰਹੀਆਂ ਹਨ। ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇ ਕੇ ਤੰਗ ਰਸਤਿਆਂ ਨੂੰ ਛੁਡਵਾਉਣ ਲਈ ਸੂਬਾ ਪੱਧਰੀ ਵਿਸ਼ੇਸ਼ ਮੁਹਿੰਮ ਚਲਾਉਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਗੱਠਾਂ ਬਣਾਉਣ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਵਾਤਾਵਰਨ ਨੂੰ ਵੀ ਪਲੀਤ ਹੋਣ ਤੋਂ ਬਚਾਇਆ ਜਾ ਸਕੇ।]
-ਅੰਗਰੇਜ਼ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਮੁਹੱਬਤ ਦੇ ਬੀਜ ਬੀਜੋ
ਸੰਸਾਰ ਭਰ ਵੱਲ ਵੇਖੀਏ ਤਾਂ ਬਹੁਤ ਸਾਰੇ ਦੇਸ਼ਾਂ ਦੀ ਇਕ ਦੂਜੇ ਦੇਸ਼ ਨਾਲ ਜੰਗ ਛਿੜੀ ਦਿਸਦੀ ਹੈ। ਮਨੁੱਖਾਂ ਦੁਆਰਾ ਮਨੁੱਖਾਂ ਨੂੰ ਹਥਿਆਰਾਂ ਨਾਲ ਮਾਰਿਆ ਜਾ ਰਿਹਾ ਹੈ। ਨਫ਼ਰਤ ਦੀ ਇਹ ਜੰਗ ਇਨਸਾਨ ਨੂੰ ਹੈਵਾਨੀਅਤ ਦੀਆਂ ਹੱਦਾਂ ਬੰਨੇ ਟਪਾ ਰਹੀ ਹੈ। ਹਰ ਦੇਸ਼ ਦੀ ਅਗਵਾਈ ਕਰਨ ਵਾਲੇ ਸਾਡੇ ਆਗੂਆਂ ਨੂੰ ਸੋਚਣ ਦੀ ਲੋੜ ਹੈ। ਨਫ਼ਰਤ ਨੂੰ ਲੈ ਕੇ ਇਹੋ ਹਾਲ ਅੱਗੇ ਦੁਨੀਆ 'ਚ ਵਸਦੇ 8 ਅਰਬ ਮਨੁੱਖਾਂ ਦਾ ਹੈ। ਪਰਮਾਤਮਾ ਨੇ ਇਨਸਾਨ ਨੂੰ ਧਰਤੀ 'ਤੇ ਮੋਹ ਮੁਹੱਬਤ ਤੇ ਪਿਆਰ ਵੰਡਣ ਲਈ ਭੇਜਿਆ ਹੈ। ਪਰ ਪੈਸੇ ਤੇ ਫੋਕੀ ਸ਼ੋਹਰਤ ਲਈ ਇਨਸਾਨ ਆਪਸ 'ਚ ਈਰਖਾ ਕਰਕੇ ਇਨਸਾਨੀਅਤ ਨੂੰ ਭੁੱਲ ਚੁੱਕਾ ਹੈ। ਜਿਸਦੇ ਸਿੱਟੇ ਵਜੋਂ ਸੰਸਾਰ 'ਚ ਲੁੱਟ ਖੋਹ ਤੇ ਮਾਰ ਧਾੜ ਸਿਖਰਾਂ 'ਤੇ ਹੈ। ਲਾਲਚ ਵੱਸ ਇਨਸਾਨ ਆਪਸੀ ਸਕੇ ਰਿਸ਼ਤੇ ਨਾਤੇ ਵੀ ਗੁਆਉਂਦਾ ਜਾ ਰਿਹਾ ਹੈ। ਇਨਸਾਨ ਪੈਸੇ ਦੀ ਦੌੜ 'ਚ ਪਾਗਲ ਹੋਇਆ ਤੇ ਖ਼ੁਦ ਨੂੰ ਟੈਨਸ਼ਨਾਂ 'ਚ ਪਾ ਕੇ ਹਰ ਪਲ ਉਲਝਿਆ ਰਹਿੰਦਾ ਹੈ।
-ਲੈਕਚਰਾਰ ਅਜੀਤ ਖੰਨਾ
ਪਟਾਕੇ ਕਿਉਂ ਚਲਾਉਂਦੇ ਹਾਂ?
ਜਦੋਂ ਸਾਨੂੰ ਪਤਾ ਹੋਵੇ ਕਿ ਇਹ ਚੀਜ਼ ਜ਼ਹਿਰ ਹੈ ਤਾਂ ਅਸੀਂ ਕਦੀ ਨਹੀਂ ਖਾਂਦੇ, ਪਰ ਸਮਝ ਨਹੀਂ ਆਉਂਦੀ ਜਦੋਂ ਪਟਾਕੇ ਚਲਾਉਣਾ ਜ਼ਹਿਰ ਵਾਂਗ ਹੀ ਮਨੁੱਖਾਂ, ਪੰਛੀਆਂ ਅਤੇ ਜਾਨਵਰਾਂ ਦੀਆਂ ਜ਼ਿੰਦਗੀਆਂ ਲਈ ਘਾਤਕ ਹੈ, ਫਿਰ ਵੀ ਅਸੀਂ ਪਟਾਕੇ ਚਲਾਉਣ ਤੋਂ ਨਹੀਂ ਹੱਟਦੇ। ਅਦਾਲਤਾਂ ਦੇ ਹੁਕਮ ਹੋ ਜਾਂਦੇ ਹਨ, ਸਰਕਾਰਾਂ ਪਾਬੰਦੀਆਂ ਲਾ ਦਿੰਦੀਆਂ ਹਨ, ਪਰ ਨਾ ਕੋਈ ਹੁਕਮ ਮੰਨਦਾ ਹੈ ਨਾ ਕੋਈ ਮਨਾਉਣ ਦੀ ਕੋਸ਼ਿਸ਼ ਕਰਦਾ ਹੈ।
ਦੀਵਾਲੀ 'ਤੇ ਤਾਂ ਲੋਕ ਅੱਤ ਹੀ ਚੁੱਕ ਲੈਂਦੇ ਹਨ, ਚਾਰ ਪੰਜ ਦਿਨ ਪਹਿਲਾਂ ਤੇ ਪਿੱਛੋਂ ਸਾਰੀ ਸਾਰੀ ਰਾਤ ਉੱਚੀ ਉੱਚੀ ਆਵਾਜ਼ ਵਾਲੇ ਪਟਾਕੇ ਹਵਾਈਆਂ ਚਲਦੀਆਂ ਰਹਿੰਦੀਆਂ ਹਨ, ਅੱਧੀ ਰਾਤ ਸੁੱਤੇ ਪਿਆਂ ਇਹ ਬੰਬ ਬਜ਼ੁਰਗਾਂ, ਮਰੀਜ਼ਾਂ, ਬੱਚਿਆਂ ਨੂੰ ਅਵਾਜ਼ਾਰ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ।
ਭਾਵੇਂ ਧਾਰਮਿਕ ਆਗੂ ਲੋਕਾਂ ਨੂੰ ਆਤਿਸ਼ਬਾਜ਼ੀ ਨਾ ਚਲਾਉਣ ਦੇ ਸੁਨੇਹੇ ਵੀ ਦਿੰਦੇ ਹਨ ਪਰ ਆਪ ਆਪਣੇ ਧਾਰਮਿਕ ਅਸਥਾਨਾਂ ਤੋਂ ਅੰਤਾਂ ਦੀ ਆਤਿਸ਼ਬਾਜ਼ੀ ਚਲਾ ਕੇ ਖ਼ੁਸ਼ੀ ਮਨਾਉਂਦੇ ਹਨ। ਹਵਾ ਦੀ ਗੁਣਵੱਤਾ ਵਿਗੜ ਜਾਂਦੀ ਹੈ। ਆਓ, ਸਰਕਾਰਾਂ, ਅਦਾਲਤਾਂ ਦੇ ਹੁਕਮ ਮੰਨੀਏੰ ਅਤੇ ਤਿਉਹਾਰਾਂ, ਵਿਆਹਾਂ, ਸਮਾਗਮਾਂ 'ਤੇ ਆਤਿਸ਼ਬਾਜ਼ੀ ਨਾ ਚਲਾਉਣ ਦਾ ਪ੍ਰਣ ਕਰੀਏ। ਇਸੇ ਵਿਚ ਸਾਡੀ ਸਭ ਦੀ ਭਲਾਈ ਹੈ।
-ਪ੍ਰਿੰ. ਹਰਬੰਸ ਸਿੰਘ ਘੇਈ
ਸਠਿਆਲਾ।