02-11-25
 ਤਾਣੇ-ਬਾਣੇ
ਲੇਖਕ : ਡਾ. ਕੁਲਵਿੰਦਰ ਸਿੰਘ ਬਾਠ
ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ
ਮੁੱਲ : 590 ਰੁਪਏ, ਸਫ਼ੇ : 231
ਸੰਪਰਕ : 098732-37223

ਅਮਰੀਕਾ ਦੇ ਕੈਲੀਫੋਰਨੀਆ ਨਿਵਾਸੀ ਡਾ. ਕੁਲਵਿੰਦਰ ਸਿੰਘ ਬਾਠ ਪੇਸ਼ੇ ਵਜੋਂ ਇਕ ਵਿਗਿਆਨੀ ਹੈ। ਮਾਈਕਰੋ ਬਾਇਲੋਜੀ ਖੇਤਰ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਮ.ਐਸ.ਸੀ. ਤੇ ਐਮ.ਫਿਲ ਕਰਨ ਉਪਰੰਤ ਅਮਰੀਕਾ ਜਾ ਕੇ ਉਸ ਨੇ ਐਮ.ਬੀ.ਏ. ਤੇ ਪੀ.ਐਚ.ਡੀ. ਦੀ ਉਚੇਰੀ ਡਿਗਰੀ ਪ੍ਰਾਪਤ ਕੀਤੀ ਅਤੇ ਅੱਜਕਲ੍ਹ ਕਿਸੇ ਵੱਡੀ ਕੰਪਨੀ ਵਿਚ ਰਿਸਰਚ ਡਾਇਰੈਕਟਰ ਦੇ ਅਹੁਦੇ 'ਤੇ ਤਾਇਨਾਤ ਹੈ। ਆਮ ਪਰਵਾਸੀਆਂ ਵਾਂਗ ਉਸ ਨੇ ਵੀ ਉੱਥੇ ਜਾ ਕੇ ਕਠਿਨ ਸੰਘਰਸ਼ ਕੀਤਾ ਅਤੇ ਆਪਣੀ ਮਿਹਨਤ, ਲਗਨ ਤੇ ਸਿਰੜ ਨਾਲ ਅੰਤ ਆਪਣੇ ਖੇਤਰ ਵਿਚ ਚੰਗਾ ਰੁਜ਼ਗਾਰ ਤੇ ਸਨਮਾਨਜਨਕ ਮੁਕਾਮ ਹਾਸਿਲ ਕੀਤਾ। ਕਿਸੇ ਵੀ ਮਨੁੱਖੀ ਸ਼ਖ਼ਸੀਅਤ ਦੇ ਅਨੇਕ ਪੱਖ ਤੇ ਪਾਸਾਰ ਹੁੰਦੇ ਹਨ, ਕਈ ਵਾਰ ਤਾਂ ਸੰਬੰਧਿਤ ਵਿਅਕਤੀ ਨੂੰ ਵੀ ਇਸ ਦਾ ਇਲਮ ਨਹੀਂ ਹੁੰਦਾ ਕਿ ਉਸ ਦੀ ਅੰਦਰੂਨੀ ਪ੍ਰਤਿਭਾ ਦੇ ਕਿੰਨੇ ਪੱਖ ਅਛੋਹ ਤੇ ਅਣਵਰਤੇ ਪਏ ਹੁੰਦੇ ਹਨ। ਡਾ. ਬਾਠ ਦੇ ਕੇਸ ਵਿਚ ਵੀ ਇੰਜ ਹੀ ਹੋਇਆ। ਕਿਸੇ ਛੋਟੀ ਜਿਹੀ ਸਧਾਰਨ ਘਟਨਾ ਨੇ ਉਸ ਨੂੰ ਲਿਖਣ-ਪੜ੍ਹਨ ਵਾਲੇ ਪਾਸੇ ਲਗਾ ਦਿੱਤਾ, ਉਸ ਅੰਦਰ ਸਿਰਜਣਸ਼ੀਲਤਾ ਦੀ ਅੱਗ ਇਕਦਮ ਮਘ ਗਈ ਅਤੇ ਅੱਜ ਉਹ ਇਕ ਸਮਰੱਥ ਵਾਰਤਕ ਲੇਖਕ ਵਜੋਂ 'ਤਾਣੇ-ਬਾਣੇ' (2025) ਪੁਸਤਕ ਰਾਹੀਂ ਸਾਡੇ ਸਨਮੁੱਖ ਹੈ। ਆਪਣੀ ਰਚਨਾ ਬਾਰੇ ਉਸ ਦਾ ਆਪਣਾ ਕਥਨ ਹੈ ਕਿ ਉਸ ਦੀ ਲਿਖਤ ਬਹੁਤਾਤ ਵਿਚ ਕੁਦਰਤ, ਜ਼ਿੰਦਗੀ, ਜ਼ਿੰਦਗੀ ਦੇ ਜਸ਼ਨ, ਪਦਾਰਥ, ਰਿਸ਼ਤਿਆਂ ਦੇ ਖੱਟੇ-ਮਿੱਠੇ ਤਜਰਬਿਆਂ ਅਤੇ ਤਾਣਿਆਂ-ਬਾਣਿਆਂ ਵਿਚੋਂ ਉਪਜਦੀ ਹੈ। ਉਸ ਅਨੁਸਾਰ ਕੋਸ਼ਿਸ਼ ਇਹ ਹੁੰਦੀ ਹੈ ਕਿ ਲਿਖਤ ਕੋਈ ਸਾਕਾਰਤਮਿਕ ਸੇਧ ਦੇ ਜਾਵੇ। ਉਸ ਦਾ ਇਹ ਕਥਨ ਬਹੁਤ ਮਹੱਤਵਪੂਰਨ ਹੈ। ਔਸਤ ਵਿਅਕਤੀ ਤਾਂ ਰਿਸ਼ਤਿਆਂ ਦੇ ਤਾਣੇ-ਬਾਣੇ ਵਿਚ ਉਲਝਿਆ ਹੋਇਆ ਸਮਾਜ ਨੂੰ ਹੀ ਕੋਸਦਾ ਰਹਿੰਦਾ ਹੈ ਪਰੰਤੂ ਡਾ. ਬਾਠ ਇਸ ਤਾਣੇ-ਪੇਟੇ ਨੂੰ ਬਹੁਤ ਸਹਿਜ ਰੂਪ ਵਿਚ ਸਮਝਣ, ਸੁਲਝਾਉਣ ਦੇ ਆਸ਼ਾਵਾਦੀ ਪੈਂਤੜੇ ਤੋਂ ਆਪਣੀ ਰਚਨਾਕਾਰੀ ਕਰਦਾ ਹੈ ਅਤੇ ਇਸ ਅਮਲ ਵਿਚ ਉਹ ਆਮ ਜਨ ਸਾਧਾਰਨ, ਅਣਗੌਲੇ ਵਿਅਕਤੀਆਂ, ਵਰਤਾਰਿਆਂ, ਘਟਨਾਵਾਂ ਤੇ ਸਥਿਤੀਆਂ ਦੇ ਏਨਾ ਕਰੀਬ ਚਲਿਆ ਜਾਂਦਾ ਹੈ ਕਿ ਪਾਠਕ ਨੂੰ ਕਿਸੇ ਡੂੰਘੇ ਬੁੱਧੀ-ਵਿਵੇਕੀ ਤਰਕ ਨਾਲ ਸਮਝਾਉਣ ਦੀ ਲੋੜ ਹੀ ਨਹੀਂ ਰਹਿੰਦੀ; ਪਾਠਕ ਖ਼ੁਦ-ਬ-ਖ਼ੁਦ ਸਹਿਭਾਵੀ ਰੂਪ ਵਿਚ ਲਿਖਤ ਦੇ ਗਿਆਨਮਈ ਸੁਹਜਾਤਮਿਕ ਰਸ ਨੂੰ ਮਾਨਣ ਲਗਦਾ ਹੈ।
ਸਿਰਜਣ ਵਿਧੀ ਜਾਂ ਸ਼ੈਲੀ ਦੇ ਪੱਖ ਤੋਂ ਇਸ ਰਚਨਾ ਨੂੰ ਕਿਸੇ ਇਕਹਿਰੀ ਵਿਧੀ/ਸ਼ੈਲੀ ਤਕ ਸੀਮਤ ਨਹੀਂ ਕੀਤਾ ਜਾ ਸਕਦਾ ਹੈ। ਮੁੱਖ ਰੂਪ ਵਿਚ ਤਾਂ ਸਵੈ-ਜੀਵਨੀ ਮੂਲਕ ਬਿਰਤਾਂਤ ਦੀ ਵਿਧੀ ਉੱਭਰਦੀ ਹੈ ਜੋ ਲੇਖਕ ਦੀਆਂ ਨਿੱਜੀ ਯਾਦਾਂ/ਸੰਸਮਰਣਾਂ ਉੱਤੇ ਹੀ ਬਹੁਤੀ ਟੇਕ ਰੱਖਦੀ ਹੈ। ਇਸ ਵਿਧੀ ਵਿਚ ਗਲਪਨਿਕਤਾ ਦਾ ਰੰਗ ਵੀ ਬਹੁਤ ਗੂੜ੍ਹਾ ਹੈ ਤੇ ਕਿਤੇ-ਕਿਤੇ ਤਾਂ ਲੇਖ ਕਹਾਣੀ ਦਾ ਰੂਪ ਹੀ ਅਖ਼ਤਿਆਰ ਕਰਦੀ ਜਾਪਦੀ ਹੈ। ਇਸ ਲਿਖਤ ਦਾ ਕਾਵਿਮਈ ਹੋਣਾ ਵੀ ਇਕ ਵੱਖਰਾ ਪ੍ਰਭਾਵ ਸਿਰਜਦੀ ਹੈ। ਮੈਂ ਕੇਵਲ ਕਾਵਿਮਈ ਭਾਸ਼ਾ ਦੀ ਹੀ ਗੱਲ ਨਹੀਂ ਕਰ ਰਿਹਾ ਸਗੋਂ ਲਿਖਤ ਵਿਚ ਵਰਤੀਆਂ ਗਈਆਂ ਕਾਵਿ-ਟੁਕੜੀਆਂ ਵੱਲ ਇਸ਼ਾਰਾ ਕਰ ਰਿਹਾ ਹਾਂ ਜੋ ਬਹੁਤ ਢੁੱਕਵੀਆਂ ਅਤੇ ਵਸਤੂ ਤੇ ਵਿਧੀ ਦੋਵਾਂ ਹੀ ਪੱਖਾਂ ਤੋਂ ਲਿਖਤ ਦੇ ਪ੍ਰਭਾਵ ਨੂੰ ਗਾੜ੍ਹਾ ਕਰਦੀਆਂ ਹਨ। ਵਾਰਤਕ-ਰਚਨਾ ਤੇ ਕਾਵਿ-ਰਚਨਾ ਬਰਾਬਰ ਚਲਦੀ ਰਹਿੰਦੀ ਹੈ। ਅਡੰਬਰੀ ਭਾਸ਼ਾ ਤੇ ਆਡੰਬਰੀ ਵਿਦਵਤਾ ਤੋਂ ਇਹ ਰਚਨਾ ਕੋਹਾਂ ਦੂਰ ਰਹਿੰਦੀ ਹੈ। ਆਮ ਦੇਖਣ ਨੂੰ ਲਗਦੀਆਂ ਸਾਧਾਰਨ ਸਥਿਤੀਆਂ, ਵਰਤਾਰਿਆਂ ਤੇ ਪਾਤਰਾਂ ਦੀ ਵਿਆਖਿਆ-ਬਿਆਨ ਵਿਚੋਂ ਅਸਧਾਰਨ ਜ਼ਿੰਦਗੀ ਦੇ ਅਰਥਾਂ ਦਾ ਨਿਰਮਾਣ ਇਸ ਲਿਖਤ ਦੀ ਮੁੱਖ ਰਚਨਾ ਸ਼ਕਤੀ ਬਣ ਕੇ ਉੱਭਰਦੀ ਹੈ। ਇਸ ਪੁਸਤਕ ਵਿਚ ਦਰਜ ਵਿਦਵਾਨਾਂ-ਲੇਖਕਾਂ ਦੇ ਵਿਚਾਰਾਂ ਤੋਂ ਵੀ ਅਭਾਸ ਹੁੰਦਾ ਹੈ ਕਿ ਪਾਠਕ-ਵਰਗ ਵਲੋਂ ਉਸ ਦੀ ਰਚਨਾ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਅਜਿਹੀ ਲਿਖਤ ਦਾ ਸਵਾਗਤ ਕਰਨਾ ਹੀ ਬਣਦਾ ਹੈ।
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-5866
ਕਾਵਿ-ਗੁਲਦਸਤਾ
ਲੇਖਕ : ਸੁਲੱਖਣ ਸਿੰਘ ਮੈਹਮੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 380 ਰੁਪਏ, ਸਫ਼ੇ : 356
ਸੰਪਰਕ : 94638-26591

ਕਵੀ ਸੁਲੱਖਣ ਸਿੰਘ ਮੈਹਮੀ ਦੀ ਪੁਸਤਕ 'ਕਾਵਿ ਗੁਲਦਸਤਾ' ਵਿਚ ਵੱਖ-ਵੱਖ ਫੁੱਲਾਂ ਰੂਪੀ ਕਾਵਿ ਵੰਨਗੀਆਂ ਸ਼ਾਮਿਲ ਹਨ। ਕਵੀ ਨੇ ਧਾਰਮਿਕ, ਸਮਾਜਿਕ, ਸੱਭਿਆਚਾਰਕ, ਰਾਜਨੀਤਕ ਅਤੇ ਪੰਜਾਬੀ ਭਾਸ਼ਾ ਪ੍ਰਤੀ ਮੋਹ ਅਤੇ ਪਿਆਰ ਦੇ ਜਜ਼ਬੇ ਇਸ ਪੁਸਤਕ ਵਿਚ ਸਾਂਝੇ ਕੀਤੇ ਹਨ। ਧਾਰਮਿਕ ਕਾਵਿ ਵੰਨਗੀਆਂ ਰਾਹੀਂ ਕਵੀ ਨੇ ਸ੍ਰੀ ਗੁਰੂ ਨਾਨਕ ਦੇਵ, ਗੁਰੂ ਰਵਿਦਾਸ, ਸ੍ਰੀ ਗੁਰੂ ਗੋਬਿੰਦ ਸਿੰਘ ਪ੍ਰਤੀ ਸ਼ਰਧਾ ਦੇ ਭਾਵ ਪ੍ਰਗਟ ਕੀਤੇ ਹਨ। ਉਪਰੰਤ ਕਵੀ ਨੇ ਮਾਂ-ਬੋਲੀ ਪ੍ਰਤੀ ਪ੍ਰੇਮ ਦੇ ਭਾਵ ਆਪਣੇ-ਆਪ ਉਜਾਗਰ ਕੀਤੇ ਹਨ। ਰੰਗਲਾ ਪੰਜਾਬ ਰਾਹੀਂ ਪੰਜਾਬ ਦੀ ਸਿਫ਼ਤ-ਸਲਾਹ ਕੀਤੀ ਹੈ। ਕਵੀ ਨੇ ਰਿਸ਼ਤਿਆਂ ਪ੍ਰਤੀ ਵੀ ਆਪਣੀ ਪਿਆਰ ਭਾਵਨਾ ਪ੍ਰਗਟ ਕਰਦਿਆਂ ਬੇਬੇ-ਬਾਪੂ ਦੇ ਰਿਸ਼ਤੇ ਪ੍ਰਤੀ ਅਪਣੱਤ ਦਾ ਭਾਵ ਪ੍ਰਗਟ ਕੀਤਾ ਹੈ। ਕਵੀ ਨੇ ਪ੍ਰਵਾਸ ਵਿਚ ਆਪਣੇ ਸਫ਼ਰ ਅਤੇ ਪਰਵਾਸੀ ਜੀਵਨ ਦੇ ਉਦਰੇਵੇਂ ਅਤੇ ਰੁਝੇਵੇਂ ਬਾਰੇ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਹੈ। ਮਾਤ-ਭਾਸ਼ਾ ਦੀ ਸਲਾਮਤੀ ਅਤੇ ਤਰੱਕੀ ਲਈ ਕਵੀ ਦੀ ਕਲਮ ਹਮੇਸ਼ਾ ਹੀ ਗਤੀਸ਼ੀਲ ਹੈ। ਪੰਜਾਬੀ ਸੱਭਿਆਚਾਰ ਨੂੰ ਪ੍ਰਗਟਾਉਂਦੀਆਂ ਕਵਿਤਾਵਾਂ ਵਿਚ ਕਵੀ ਨੇ ਪੰਜਾਬ ਦੇ ਰੰਗਲੇ ਦ੍ਰਿਸ਼, ਇਥੋਂ ਤੱਕ ਕਿ ਰਸਮਾਂ ਰਿਵਾਜ, ਮੇਲੇ, ਤਿਉਹਾਰ, ਰੌਣਕਾਂ ਅਤੇ ਆਪਸੀ ਸਾਂਝਾਂ ਅਤੇ ਮਿਲਵਰਤਨ ਦਾ ਜ਼ਿਕਰ ਕੀਤਾ ਹੈ। ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਦੁਆਰਾ ਉਥੋਂ ਦੇ ਜੀਵਨ ਢੰਗ ਨੂੰ ਅਪਣਾਉਣਾ ਅਤੇ ਮਿਹਨਤ ਮਜ਼ਦੂਰੀ ਲਈ ਜੱਦੋ-ਜਹਿਦ ਕਰਨ ਦੀਆਂ ਚੁਣੌਤੀਆਂ ਨੂੰ ਵੀ ਕਵੀ ਨੇ ਬਹੁਤ ਨੇੜਿਓਂ ਮਹਿਸੂਸ ਕੀਤਾ ਹੈ। ਕੈਨੇਡਾ 'ਚ ਟਰਾਲਾ ਸ਼ੂਕਦਾ, ਰੂਹ ਟਿੱਲੇ ਦੀ ਫ਼ਕੀਰ ਹੋ ਗਈ, ਕਰਾਂ ਪਿੰਡ ਲਈ ਦੁਆਵਾਂ, ਗਲੀਆਂ ਦੇ ਕੱਖ ਰੋਏ ਵੇ ਸੱਜਣਾ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਕਵੀ ਨੇ ਗੀਤ ਵੀ ਲਿਖੇ ਹਨ, ਇਨ੍ਹਾਂ ਗੀਤਾਂ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਝਲਕ ਵੀ ਮਿਲਦੀ ਹੈ। ਸ਼ਿਅਰ, ਬੋਲੀਆਂ ਅਤੇ ਟੱਪੇ ਆਦਿ ਲੋਕ-ਰੰਗ ਵਿਚ ਪੇਸ਼ ਕੀਤੇ ਹਨ। ਇਹ ਕਾਵਿ ਗੁਲਦਸਤਾ ਵੱਡੇ ਆਕਾਰ ਦੀ ਪੁਸਤਕ ਹੈ। ਇਸ ਵਿਚਲੇ ਬਹੁਤ ਸਾਰੇ ਗੀਤ ਪਹਿਲਾਂ ਤੋਂ ਰਿਕਾਰਡ ਕੀਤੇ ਗਏ ਹਨ। ਪੰਜਾਬ ਪ੍ਰਤੀ ਕਵੀ ਦੀ ਹਮਦਰਦੀ ਹੈ। ਨਸ਼ੇ, ਗੈਂਗਸਟਰ ਅਤੇ ਹੋਰ ਸਮਾਜਿਕ ਸਮੱਸਿਆਵਾਂ ਸੰਬੰਧੀ ਗੀਤ ਰਚਨਾ ਵੀ ਕਵੀ ਨੇ ਕੀਤੀ ਹੈ। ਸਮੁੱਚੇ ਤੌਰ 'ਤੇ ਇਹ ਪੁਸਤਕ ਪਾਠਕਾਂ ਦਾ ਧਿਆਨ ਖਿੱਚਦੀ ਹੈ, ਜਿਸ ਵਿਚ ਅਲੱਗ-ਅਲੱਗ ਵਿਸ਼ਿਆਂ ਬਾਰੇ ਲਿਖੇ ਗਏ ਗੀਤ ਪਾਠਕਾਂ ਦਾ ਧਿਆਨ ਖਿੱਚਦੇ ਹਨ। ਇਹ ਕਵੀ ਦੀ ਤੀਸਰੀ ਪੁਸਤਕ ਹੈ, ਜਿਸ ਵਿਚ ਵਿਸ਼ਿਆਂ ਦੀ ਵੰਨ-ਸੁਵੰਨਤਾ ਵੇਖੀ ਜਾ ਸਕਦੀ ਹੈ।
-ਪ੍ਰੋ. ਕੁਲਜੀਤ ਕੌਰ
ਜਲੰਧਰ।
ਗ਼ਦਰੀ ਬਾਬਾ ਬਾਬੂ ਮੰਗੂ ਰਾਮ ਮੁਗੋਵਾਲੀਆ ਅਤੇ ਆਦਿ-ਧਰਮ
ਸੰਪਾਦਕ : ਡਾ. ਗੁਰਮੀਤ ਕੱਲਰਮਾਜਰੀ
ਪ੍ਰਕਾਸ਼ਕ : ਕੈਲੀਬਰ ਪ੍ਰਕਾਸ਼ਨ, ਪਟਿਆਲਾ
ਮੁੱਲ : 400 ਰੁਪਏ, ਸਫੇ : 296
ਸੰਪਰਕ : 94178-65377

ਬਾਬੂ ਮੰਗੂ ਰਾਮ ਮੁਗੋਵਾਲੀਆਂ ਨੂੰ ਦਲਿਤਾਂ ਅਤੇ ਪੱਛੜੀਆਂ ਸ਼੍ਰੇਣੀਆਂ ਦਾ ਮਸੀਹਾ ਆਖਿਆ ਜਾ ਸਕਦਾ ਹੈ, ਜਿਸ ਨੇ ਲਤਾੜੇ, ਗਰੀਬ ਅਤੇ ਮਜ਼ਲੂਮਾਂ ਲੋਕਾਂ ਨੂੰ ਅਣਖੀ ਜੀਵਨ ਜੀਣ ਦੇ ਰਾਹ ਪਾਇਆ। ਉਸ ਨੇ ਆਪਣੇ ਦਮ 'ਤੇ ਅਜਿਹੀ ਲੜਾਈ ਲੜੀ, ਅਜਿਹਾ ਸੰਘਰਸ਼ ਕੀਤਾ ਜਿਸ ਨਾਲ ਆਦਿ ਧਰਮੀਆਂ ਨੂੰ ਸਨਮਾਨ ਅਤੇ ਮਾਣਯੋਗ ਜੀਵਨ ਜਿਊਣ ਦਾ ਅਵਸਰ ਪ੍ਰਾਪਤ ਹੋਇਆ। ਡਾ. ਗੁਰਮੀਤ ਕੱਲਰਮਾਜਰੀ ਨੇ ਸੁਯੋਗ ਸੰਪਾਦਨ ਹੋਣ ਨਾਤੇ ਮੰਗੂ ਰਾਮ ਸ਼ਤਾਬਦੀ 'ਤੇ ਉਨ੍ਹਾਂ ਦੀਆਂ ਮੌਲਿਕ ਲਿਖਤਾਂ ਨੂੰ ਇਕੱਠੀਆਂ ਕਰਕੇ, ਨਵੇਂ ਅਤੇ ਸੁਚੱਜੇ ਰੂਪ ਵਿਚ ਪਾਠਕਾਂ ਲਈ ਪੇਸ਼ ਕੀਤਾ ਹੈ। ਉਸ ਨੇ ਇਸ ਸੰਗ੍ਰਹਿ ਵਿਚ ਉਨ੍ਹਾਂ ਦੀ ਸਵੈ-ਜੀਵਨੀ, ਯਾਤਰਾਵਾਂ, ਲੇਖਾਂ, ਸਵੈ-ਜੀਵਨ ਮੁਲਕ ਟਰੈਕਟਾਂ ਨੂੰ ਪ੍ਰਕਾਸ਼ਿਤ ਕਰਕੇ ਆਦਿ ਧਰਮ ਲਹਿਰ ਦਾ ਸੰਪੂਰਨ ਮੁੱਲਾਂਕਣ ਕਰਨ ਦਾ ਯਤਨ ਕੀਤਾ ਹੈ।
ਜੀਵਨ ਦੇ ਮੁੱਢ ਵਿਚ ਭਾਵੇਂ ਬਾਬੂ ਮੰਗੂ ਰਾਮ ਰੁਜ਼ਗਾਰ ਲਈ ਅਮਰੀਕਾ ਗਏ ਸਨ ਪਰ ਉਥੇ ਗ਼ਦਰ ਪਾਰਟੀ ਦੇ ਕਾਰਕੁੰਨਾਂ ਅਤੇ ਲੀਡਰਾਂ ਦੇ ਸੰਪਰਕ ਵਿਚ ਆਉਣ 'ਤੇ ਉਹ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿਚ ਜੀ-ਜਾਨ ਨਾਲ ਜੂਝ ਗਏ। ਕਈ ਖ਼ਤਰਨਾਕ ਕਾਰਜਾਂ ਵਿਚ ਭਾਗ ਲੈਂਦਿਆਂ ਉਹ ਕਈ ਵਾਰ ਮੌਤ ਦੇ ਮੂੰਹ ਪੈਂਦੇ-ਪੈਂਦੇ ਬਚੇ। ਫਿਰ ਦੇਸ਼ ਵਾਪਸੀ 'ਤੇ ਜਦ ਉਨ੍ਹਾਂ ਆਪਣੇ ਲੋਕਾਂ ਦੇ ਮੰਦੜੇ ਹਾਲ ਦੇਖੇ, ਦਲਿਤਾਂ ਨਾਲ ਸਵਰਨ ਜਾਤੀਆਂ ਵਲੋਂ ਹੁੰਦਾ ਤ੍ਰਿਸਕਾਰ ਤੇ ਵਰਤਾਓ ਦੇਖਿਆ, ਉਨ੍ਹਾਂ ਦੀ ਕੁੱਤੇ-ਬਿੱਲੀਆਂ ਨਾਲੋਂ ਵੀ ਭੈੜੀ ਦਸ਼ਾ ਦੇਖੀ ਤਾਂ ਉਹ ਆਪਣੀ ਜਾਤੀ ਦੇ ਲੋਕਾਂ ਨੂੰ ਜਾਗ੍ਰਿਤ ਕਰਨ ਵਿਚ ਜੁਟ ਗਏ। ਇਥੇ ਹੀ ਉਨ੍ਹਾਂ ਆਦਿ ਧਰਮ ਮੰਡਲ ਦੀ ਨੀਂਹ ਰੱਖੀ। ਇਸ ਦੇ ਪ੍ਰਚਾਰ ਲਈ ਆਦਿ ਡੰਕਾ ਅਤੇ ਸ੍ਰੀ ਗੁਰੂ ਰਵਿਦਾਸ ਪੱਤ੍ਰਿਕਾ ਕੱਢੀਆਂ ਜਿਨ੍ਹਾਂ ਰਾਹੀਂ ਆਪਣੀਆਂ ਮੰਗਾਂ ਅਤੇ ਮੁਸ਼ਕਿਲਾਂ ਬਿਆਨ ਕਰਦੇ ਰਹੇ। ਪਿੰਡ-ਪਿੰਡ ਆਦਿ ਧਰਮੀਆਂ ਦੀਆਂ ਕਾਨਫਰੰਸਾਂ ਕੀਤੀਆਂ। ਡਾ. ਅੰਬੇਡਕਰ ਜਿਹੇ ਵਿਦਵਾਨਾਂ ਨੂੰ ਸਾਥ ਲੈ ਕੇ ਆਪਣੀ ਆਜ਼ਾਦੀ ਦਾ ਡੰਕਾ ਵਜਾਇਆ। ਦੇਸ਼-ਵਿਦੇਸ਼ਾਂ ਵਿਚ ਪ੍ਰਚਾਰ ਮੁਹਿੰਮਾਂ ਚਲਾਈਆਂ।
ਬਾਬੂ ਮੰਗੂ ਰਾਮ ਦੇ ਯਤਨਾਂ ਸਦਕਾ ਹੀ ਅੱਜ ਆਦਿ ਧਰਮੀ ਸਿਰ ਚੁੱਕ ਕੇ ਜੀਣ ਦੇ ਯੋਗ ਹੋਏ ਹਨ। ਸੰਪਾਦਨ ਨੇ ਬੁਹਤ ਨਿਪੁੰਨਤਾ ਨਾਲ ਬਾਬੂ ਮੰਗੂ ਰਾਮ ਦੇ ਕਾਰਜਾਂ 'ਤੇ ਝਾਤ ਪੁਆਉਣ ਦਾ ਯਤਨ ਕੀਤਾ ਹੈ। ਬਾਬੂ ਮੰਗੂ ਰਾਮ ਦੀ ਉਸਤਤਿ ਵਿਚ ਹੋਰਨਾਂ ਆਦਿ ਧਰਮੀ ਨੇਤਾਵਾਂ ਤੇ ਲੇਖਕਾਂ ਦੇ ਲੇਖ ਵੀ ਸ਼ਾਮਿਲ ਕੀਤੇ ਹਨ।  ਸੰਪਾਦਕ ਨੂੰ ਇਸ ਉਦਮ ਲਈ ਵਧਾਈ।
-ਕੇ. ਐਲ. ਗਰਗ
ਮੋਬਾਈਲ : 94635-37050
ਲਿਖਤੁਮ ਸੁਖਬੀਰ
ਸੰਪਾਦਕ : ਚੰਦਰ ਮੋਹਨ
ਪ੍ਰਕਾਸ਼ਕ : ਨਵਯੁਗ ਪਬਲੀਸ਼ਰਜ਼, ਨਵੀਂ ਦਿੱਲੀ
ਮੁੱਲ : 800 ਰੁਪਏ, ਸਫ਼ੇ : 490
ਸੰਪਰਕ : 098194-48829

ਸੁਖਬੀਰ ਆਧੁਨਿਕ ਪੰਜਾਬੀ ਸਾਹਿਤ ਦਾ ਨਿਵੇਕਲਾ ਅਤੇ ਵਿਲੱਖਣ ਲੇਖਕ ਸੀ। ਉਸ ਦਾ ਪਿਤਾ ਭਾਰਤੀ ਰੇਲਵੇਜ਼ ਵਿਚ ਇਕ ਕਰਮਚਾਰੀ ਸੀ, ਪੱਛਮੀ ਰੇਲਵੇਜ਼ ਵਿਚ ਕੰਮ ਕਰਨ ਪਿਛੋਂ ਉਸ ਨੇ ਮੁੰਬਈ ਵਿਚ ਹੀ ਆਪਣਾ ਘਰ-ਬਾਰ ਵਸਾ ਲਿਆ ਸੀ, ਸੁਖਬੀਰ ਦੀ ਪਰਵਰਿਸ਼ ਮੁੰਬਈ ਵਿਚ ਹੀ ਹੋਈ। ਕੁਝ ਸਮਾਂ ਉਸ ਨੇ ਇਕ ਕਾਲਜ ਵਿਚ ਪ੍ਰੋਫੈਸਰੀ ਵੀ ਕੀਤੀ ਪਰ ਬਾਅਦ ਵਿਚ ਉਹ ਇਕ ਕੁਲਵਕਤੀ ਲੇਖਕ ਹੀ ਬਣ ਗਿਆ। ਆਪਣੇ ਸਿਰਜਣਾਤਮਿਕ ਜੀਵਨ ਵਿਚ ਉਸ ਨੇ 8 ਕਾਵਿ ਸੰਗ੍ਰਹਿ, 17 ਕਹਾਣੀ ਸੰਗ੍ਰਹਿ, 7 ਨਾਵਲ ਅਤੇ 2 ਵਾਰਤਕ ਸੰਗ੍ਰਹਿ ਲਿਖੇ। ਉਸਨੇ ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿਚ ਲਿਖਿਆ। ਉਸ ਦਾ ਜੀਵਨ ਕਾਲ 1925 ਤੋਂ 2012 ਤੱਕ ਫੈਲਿਆ ਹੋਇਆ ਹੈ।
ਦੇਸ਼ ਦੇ ਆਜ਼ਾਦ ਹੋਣ ਤੱਕ ਉਹ ਇਕ ਚੰਗਾ ਲੇਖਕ ਬਣ ਚੁੱਕਾ ਸੀ। ਪੰਜਾਬ ਤੋਂ ਦੂਰ ਵਸਣ ਕਾਰਨ ਉਸ ਬਾਰੇ ਚਰਚਾ ਕਾਫੀ ਸਮਾਂ ਬੀਤ ਜਾਣ ਬਾਅਦ ਹੀ ਸ਼ੁਰੂ ਹੋਈ। ਉਸ ਨੇ ਕਹਾਣੀ, ਕਵਿਤਾ ਅਤੇ ਨਾਵਲ ਦੇ ਖੇਤਰ ਵਿਚ ਬਹੁਤ ਸਾਰੇ ਪ੍ਰਯੋਗ ਕੀਤੇ। ਹਿੰਦੀ ਦੇ ਪ੍ਰਯੋਗਸ਼ੀਲ ਲੇਖਕਾਂ, ਕਮਲੇਸ਼ਵਰ, ਮੋਹਨ ਰਾਕੇਸ਼, ਅਗੇਯ ਅਤੇ ਧਰਮਵੀਰ ਭਾਰਤੀ ਆਦਿ ਨਾਲ ਉਸ ਦਾ ਚੰਗਾ ਸਨੇਹ ਸੀ। ਇਧਰ ਦਿੱਲੀ ਵਿਚ ਭਾਪਾ ਪ੍ਰੀਤਮ ਸਿੰਘ (ਨਵਯੁਗ) ਦੀ ਮਾਅਰਫ਼ਤ ਦਿੱਲੀ ਦੇ ਬਹੁਤ ਸਾਰੇ ਲੇਖਕਾਂ ਨਾਲ ਵੀ ਉਸ ਦਾ ਪਰਿਚਯ ਰਿਹਾ। ਡਾ. ਚੰਦਰ ਮੋਹਨ ਨੇ ਰਘਬੀਰ ਸਿੰਘ ਸਿਰਜਣਾ ਦੀ ਅਗਵਾਈ ਅਧੀਨ ਉਸ ਦੇ ਨਾਵਲਾਂ ਉੱਪਰ ਸੋਧ-ਕਾਰਜ ਕੀਤਾ ਸੀ। ਸੁਖਬੀਰ ਨਾਲ ਗੂੜ੍ਹੇ ਸੰਬੰਧ ਬਣ ਜਾਣ ਦੀ ਸੂਰਤ ਵਿਚ ਉਸ ਨੇ ਵਿਭਿੰਨ ਮੈਗਜ਼ੀਨਾਂ ਵਿਚ ਸੰਪਾਦਿਤ ਲੇਖਾਂ ਨੂੰ ਹਥਲੀ ਪੁਸਤਕ ਦੁਆਰਾ ਸੰਪਾਦਿਤ ਕੀਤਾ ਹੈ। ਆਪਣੇ ਪੁਰਸ਼ਾਰਥ ਵਿਚ ਉਹ ਪੂਰੀ ਤਰ੍ਹਾਂ ਸਫਲ ਰਿਹਾ।
ਇਸ ਪੁਸਤਕ ਵਿਚ ਸੰਗ੍ਰਹਿਤ 100 ਲੇਖਾਂ ਨੂੰ ਡਾ. ਮੋਹਨ ਨੇ ਦੋ ਭਾਗਾਂ ਵਿਚ ਵਿਭਾਜਿਤ ਕੀਤਾ ਹੈ। 1. ਖ਼ੁਦੀ, ਖ਼ੁਦਾ ਤੇ ਤਕਦੀਰ (ਇਸ ਭਾਗ ਦੇ ਅੱਗੋਂ ਚਾਰ ਉਪ-ਭਾਗ ਬਣਾਏ ਗਏ ਹਨ) ਅਤੇ 2. ਸੁਹਜ ਸਿਰਜਣਾ ਦੀ ਤਸਵੀਰ (ਤਿੰਨ ਉਪਭਾਗ) ਇਸ ਵਿਉਂਤਬੰਦੀ ਤੋਂ ਪਤਾ ਚਲਦਾ ਹੈ ਕਿ ਸੁਖਬੀਰ ਖੁਦੀ ਉੱਪਰ ਪਹਿਰਾ ਦੇਣ ਵਾਲਾ ਇਕ ਸੁਤੰਤਰ ਸੈਭੰ ਲੇਖਕ ਸੀ। ਉਹ ਤਮਾਮ ਉਮਰ ਆਪਣੀਆਂ ਸ਼ਰਤਾਂ ਉੱਪਰ ਜੀਵਿਆ। ਸਾਹਿਤ ਦੀ ਦੁਨੀਆ ਵਿਚ ਉਸ ਦਾ ਕੋਈ ਗਾਡ ਫਾਦਰ ਨਹੀਂ ਸੀ। ਉਸ ਨੇ ਕਦੇ ਕਿਸੇ ਤੋਂ ਇਨਾਮ-ਸਨਮਾਨ ਦੀ ਝਾਕ ਨਹੀਂ ਸੀ ਰੱਖੀ ਅਤੇ ਉਹ ਸੁਹਜ ਜਾਂ ਫਾਰਮ ਨੂੰ ਵਿਸ਼ੈ ਜਾਂ ਵਿਚਾਰਧਾਰਾ ਜਿਤਨਾ ਰੁਤਬਾ ਦਿੰਦਾ ਸੀ ਉਹ ਰੂਪ ਅਤੇ ਵੱਥ ਦੋਵਾਂ ਦੇ ਸੰਜੋਗ ਨੂੰ ਹੀ ਉੱਤਮ ਸਾਹਿਤ ਦੀ ਕਸੌਟੀ ਮੰਨਦਾ ਸੀ। ਹੋਰ ਲੋਕ (ਲੇਖਕ) ਦਾਅਵੇ ਤਾਂ ਭਾਵੇਂ ਕੁਝ ਵੀ ਕਰੀ ਜਾਣ ਪਰ ਉਸ ਵਰਗਾ ਨਿਭੈ ਅਤੇ ਸੁਤੰਤਰ ਲੇਖਕ ਹੋਣਾ ਕਠਿਨ ਹੈ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਪੰਜਾਬ
ਕਰਾਂ ਕੀ ਸਿਫ਼ਤ ਤੇਰੀ
ਸੰਪਾਦਕ : ਬਹਾਦਰ ਸਿੰਘ ਗੌਸਲ (ਪ੍ਰਿੰ.)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 300 ਰੁਪਏ, ਸਫੇ : 120
ਸੰਪਰਕ : 98764-52223

ਪੰਜਾਬੀ ਦੇ ਸਿਰਮੌਰ ਕਵੀ ਧਨੀ ਰਾਮ ਚਾਤ੍ਰਿਕ ਦੀ ਲੋਕ-ਪ੍ਰਿਯ ਕਵਿਤਾ 'ਪੰਜਾਬ ਕਰਾਂ ਕੀ ਸਿਫ਼ਤ ਤੇਰੀ' ਦੇ ਨਾਂਅ 'ਤੇ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਪੰਜਾਬ ਬਾਰੇ ਲਿਖਵਾਏ ਲੇਖਾਂ ਦੀ ਸੰਪਾਦਨਾ ਕੀਤੀ ਤੇ ਨਾ ਹੀ ਇਹੋ ਚੁਣਿਆ 'ਪੰਜਾਬ ਕਰਾਂ ਕੀ ਸਿਫ਼ਤ ਤੇਰੀ'। ਹਰ ਮਨੁੱਖ ਨੂੰ ਆਪਣੀ ਜਨਮ ਭੂਮੀ ਅਤੇ ਆਪਣਾ ਦੇਸ਼ ਪਿਆਰਾ ਹੁੰਦਾ, ਉਸ ਬਾਰੇ ਲਿਖਣਾ ਉਮਾਹ ਭਰਿਆ ਹੁਲਾਰਾ ਵੀ ਹੁੰਦਾ। ਹਥਲੀ ਪੁਸਤਕ ਵਿਚ 10 ਲੇਖਕਾਂ ਦੇ ਅਤੇ 17 ਲੇਖਿਕਾਵਾਂ ਦੇ ਲੇਖ ਸ਼ਾਮਿਲ ਕੀਤੇ ਗਏ ਹਨ। ਕਿਸੇ ਇਕ ਵਿਸ਼ੇ ਨੂੰ ਚੁਣ ਕੇ ਉਸ ਬਾਰੇ ਵੱਖ-ਵੱਖ ਰਚਨਾਕਾਰਾਂ ਦੀਆਂ ਕਿਰਤਾਂ ਨੂੰ ਸੰਗ੍ਰਹਿ ਕਰਨਾ ਇਕ ਚੰਗਾ ਤੇ ਵੱਖਰਾ ਅਨੁਭਵ ਗ੍ਰਹਿਣ ਕਰਨਾ ਹੁੰਦਾ ਹੈ। ਪ੍ਰਿੰ. ਗੋਸਲ ਇਕ ਉਦਮੀ ਬਸ਼ਰ ਹੈ। ਉਸ ਨੂੰ ਮਾਂ-ਬੋਲੀ, ਪੰਜਾਬ ਅਤੇ ਪੰਜਾਬ ਦੀ ਵਿਰਾਸਤ ਨਾਲ ਮੁਹੱਬਤ ਹੈ। ਉਸ ਦਾ ਪ੍ਰਤੀਫਲ ਇਹ ਪੁਸਤਕ ਆਖੀ ਜਾ ਸਕਦੀ। ਪੰਜਾਬ ਦਾ ਆਦਿ, ਮੱਧ ਅਤੇ ਵਰਤਮਾਨ ਇਸ ਪੁਸਤਕ 'ਚੋਂ ਪੜ੍ਹਿਆ ਜਾ ਸਕਦਾ। ਪੰਜਾਬ ਪੰਜ ਆਬਾਂ ਦੀ ਧਰਤੀ ਕਿਵੇਂ ਅਖਵਾਈ, ਸਮੇਂ-ਸਮੇਂ ਮੁਗਲਾਂ, ਤੁਰਕਾਂ ਤੇ ਹੋਰਾਂ ਨੇ ਕਿਵੇਂ ਇਸ ਨੂੰ ਲੁੱਟਿਆ। ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ, ਅੰਗਰੇਜ਼ਾਂ ਦਾ ਪੰਜਾਬ 'ਤੇ ਕਬਜ਼ਾ ਤੇ ਉਸ ਤੋਂ ਬਾਅਦ ਆਜ਼ਾਦੀ ਦੀ ਲੜਾਈ, ਪੰਜਾਬੀ ਸੂਬਾ ਬਣਨਾ ਆਦਿ ਇਤਿਹਾਸ ਦੇ ਪੰਨੇ ਪੜ੍ਹਨ ਨੂੰ ਮਿਲਦੇ ਹਨ। ਪੰਜਾਬ ਦੀ ਭੂਗੋਲਿਕ ਵੱਖ੍ਰਤਾ, ਪੌਣ-ਪਾਣੀ, ਦਰਿਆ, ਪਹਾੜ, ਬਨਸਪਤ, ਉਪਜਾਊ ਜ਼ਮੀਨ, ਰੁੱਖ-ਬੂਟੇ, ਫਸਲਾਂ ਆਦਿ ਦਾ ਜ਼ਿਕਰ ਇਨ੍ਹਾਂ ਲੇਖਾਂ 'ਚੋਂ ਮਾਣਿਆ ਜਾ ਸਕਦਾ। ਇਥੋਂ ਦੇ ਲੋਕਾਂ ਦਾ ਅਣਖੀਲਾ ਤੇ ਮੁਹੱਬਤੀ ਸੁਭਾਅ, ਇਥੋਂ ਦੀ ਸਾਂਝੀਵਾਲਤਾ ਭਾਵ ਵੰਨ-ਸੁਵੰਨੀ ਤਹਿਜ਼ੀਬ ਦੇ ਨਕਸ਼ ਪੜ੍ਹੇ ਜਾ ਸਕਦੇ ਹਨ। ਇਥੋਂ ਦੇ ਤਿੱਥ-ਤਿਉਹਾਰ, ਰਸਮਾਂ, ਮੇਲੇ, ਰੁੱਤਾਂ, ਗੁਰਪੁਰਬ, ਧਾਰਮਿਕ ਸੰਸਥਾਨ ਤੇ ਵੇਖਣ ਵਾਲੀਆਂ ਥਾਵਾਂ ਦਾ ਜ਼ਿਕਰ ਕੀਤਾ ਗਿਆ। ਕੁਝ ਲੇਖਾਂ ਵਿਚ ਫਿਕਰਮੰਦੀ ਵਾਲੇ ਮਸਲੇ ਜਿਵੇਂ ਨਸ਼ਾਖੋਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਪ੍ਰਵਾਸ ਦੀ ਦੌੜ ਆਦਿ ਦਾ ਜ਼ਿਕਰ ਸੋਚਣ ਲਈ ਮਜਬੂਰ ਕਰਦਾ। ਇਨ੍ਹਾਂ ਲੇਖਾਂ ਦੀ ਸਮੁੱਚਤਾ ਪੰਜਾਬ ਦੇ ਹਰ ਪੱਖ 'ਤੇ ਚਾਨਣਾ ਪਾਉਂਦੀ ਹੈ। ਵਿਦਿਆਰਥੀਆਂ ਤੇ ਆਮ ਪਾਠਕਾਂ ਲਈ ਸਮੱਗਰੀ ਜਾਣਕਾਰੀ ਦੇਣ ਵਾਲੀ ਹੈ। ਪ੍ਰੰਤੂ ਕੁਝ ਲੇਖ ਪੇਤਲੇ ਰਹਿ ਗਏ ਹੋਰ ਮਿਹਨਤ ਅਤੇ ਸੁਧਾਈ ਮੰਗਦੇ ਸਨ। ਪੰਜਾਬ ਦਾ ਗੁਣ-ਗਾਇਨ ਕਰਨ ਵਿਚ ਹਰ ਕਲਮਕਾਰ ਨੇ ਆਪਣੀ ਦ੍ਰਿਸ਼ਟੀ ਦਾ ਪ੍ਰਗਟਾਵਾ ਕੀਤਾ ਹੈ। ਕਾਵਿ-ਟੂਕਾਂ ਅਰਥ ਭਰਪੂਰ ਹਨ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਆਦਰਸ਼ ਜ਼ਿੰਦਗੀ ਦੀ ਖੋਜ
ਲੇਖਕ : ਅਮਰਜੀਤ ਬਰਾੜ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 250 ਰੁਪਏ, ਸਫ਼ੇ : 160
ਸੰਪਰਕ : 94179-49079

'ਆਦਰਸ਼ ਜ਼ਿੰਦਗੀ ਦੀ ਖੋਜ' ਅਮਰਜੀਤ ਬਰਾੜ ਦੁਆਰਾ ਲਿਖਿਆ ਨਿਬੰਧ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ਦਸ ਨਿਬੰਧ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ। ਹਥਲੀ ਰਚਨਾ ਵਿਚ ਲੇਖਕ ਨੇ ਅਜੋਕੇ ਮਨੁੱਖ ਨੂੰ ਮ੍ਰਿਗ-ਤ੍ਰਿਸ਼ਨਾ ਦਾ ਤਿਆਗ ਕਰ ਕੇ, ਨਿੱਤ ਵਧਦੀਆਂ ਲਾਲਸਾਵਾਂ ਨੂੰ ਆਪਣੇ ਵੱਸ ਵਿਚ ਕਰ ਕੇ, ਕੁਦਰਤ ਨਾਲ ਇਕਸੁਰਤਾ ਬਣਾ ਕੇ ਆਦਰਸ਼ ਜੀਵਨ ਜੀਊਣ ਦਾ ਮਾਰਗ ਦਰਸਾਇਆ ਹੈ। ਲੇਖਕ ਆਪਣੇ ਨਿਬੰਧ 'ਜ਼ਿੰਦਗੀ ਦੇ ਅਨੁਭਵ 'ਚੋਂ' ਦਾ ਆਰੰਭ ਇਨ੍ਹਾਂ ਖ਼ੂਬਸੂਰਤ ਸ਼ਬਦਾਂ ਰਾਹੀਂ ਕਰਦਾ ਹੈ- 'ਜ਼ਿੰਦਗੀ ਮਨੁੱਖ ਨੂੰ ਪਰਮਾਤਮਾ ਵਲੋਂ ਮਿਲਿਆ ਇਕ ਖ਼ੂਬਸੂਰਤ ਤੋਹਫ਼ਾ ਹੈ। ਮਨੁੱਖ ਨੂੰ ਜਿੰਨਾ ਸਮਾਂ ਮਿਲਿਆ ਹੈ, ਉਹ ਸਮਾਂ ਇਸ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਦੇ ਲੇਖੇ ਲਾਉਣਾ ਚਾਹੀਦਾ ਹੈ। ਕੇਵਲ ਆਪਣੇ ਲਈ ਹੀ ਜਿਊਣ ਦਾ ਨਾਂਅ ਹੀ ਜ਼ਿੰਦਗੀ ਨਹੀਂ ਹੈ। ਸਗੋਂ ਜਦੋਂ ਸਾਡੇ ਮਨਾਂ ਵਿਚ ਲੋੜਵੰਦਾਂ ਲਈ, ਗ਼ਰੀਬਾਂ ਮਸਕੀਨਾਂ ਲਈ ਚੰਗਾ ਕਰਨ ਦੇ ਭਾਵ ਉਮੜਦੇ ਹਨ, ਤਦ ਜ਼ਿੰਦਗੀ ਜੀਊਣ ਦਾ ਅਸਲੀ ਮਕਸਦ ਪੂਰਾ ਹੁੰਦਾ ਹੈ।' ਬੁਨਿਆਦੀ ਤੌਰ 'ਤੇ ਮਨੁੱਖ ਦੀਆਂ ਤਿੰਨ ਹੀ ਲੋੜਾਂ ਹਨ- ਕੁੱਲੀ, ਗੁੱਲੀ ਅਤੇ ਜੁੱਲੀ। ਅਰਥਾਤ ਚੰਗਾ ਰਹਿਣ ਸਹਿਣ, ਸਾਦਾ ਤੇ ਪੌਸ਼ਟਿਕ ਭੋਜਨ, ਪਹਿਨਣ ਲਈ ਸਾਫ਼ ਸੁਥਰਾ ਪਹਿਰਾਵਾ। ਇਨ੍ਹਾਂ ਤਿੰਨਾਂ ਲੋੜਾਂ ਦੀ ਪੂਰਤੀ ਹੋਣ ਉਪਰੰਤ ਇਨਸਾਨ ਆਪਣੀ ਜ਼ਿੰਦਗੀ ਦੇ ਅਗਲੇਰੇ ਪੜਾਅ ਵੱਲ ਵਧਦਾ ਹੈ। ਜਿੱਥੇ ਗਿਆਨ ਦੀ ਪ੍ਰਾਪਤੀ, ਕਲਾ ਦਾ ਵਿਕਾਸ, ਚੰਗਾ ਮਨੋਰੰਜਨ, ਟਿਕਾਊ ਅਤੇ ਧੁਰ ਤੱਕ ਨਿਭਣ ਵਾਲੇ ਨਿੱਘੇ ਰਿਸ਼ਤੇ ਨਾਤੇ, ਸ਼ੋਹਰਤ ਅਤੇ ਚੰਗਾ ਸਮਾਜਿਕ ਰੁਤਬਾ ਆਦਿ ਆ ਜਾਂਦੇ ਹਨ। ਲੇਖਕ ਨੇ ਦੱਸਿਆ ਹੈ ਕਿ ਸਕੂਲਾਂ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀ, ਨੌਜਵਾਨ ਅਤੇ ਮੁਟਿਆਰਾਂ ਜਾਂ ਕਿਸੇ ਵੀ ਮਨੁੱਖ ਨੇ ਆਪਣੇ ਜੀਵਨ ਵਿਚ ਕੁਝ ਵੀ ਬਣਨਾ ਹੈ, ਤਾਂ ਇਹਦੇ ਲਈ ਜ਼ਰੂਰੀ ਹੈ ਕਿ ਸੋਹਣੀਆਂ ਅਤੇ ਚੰਗੀਆਂ ਪੁਸਤਕਾਂ ਦੀ ਸੰਗਤ ਅਤੇ ਉਨ੍ਹਾਂ ਲੋਕਾਂ ਦੀ ਸੰਗਤ, ਜਿਨ੍ਹਾਂ ਨੂੰ ਮਿਲਿਆਂ ਸਾਡੀਆਂ ਬਿਰਤੀਆਂ ਪਾਕ, ਪਵਿੱਤਰ ਅਤੇ ਸ਼ੁੱਧ ਹੁੰਦੀਆਂ ਹੋਣ। ਜਿਵੇਂ ਅਰਦਾਸ ਵਿਚ ਆਉਂਦਾ ਹੈ-'ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ' ਅਰਥਾਤ ਹੇ ਪਰਮਾਤਮਾ! ਅੱਜ ਮੈਂ ਉਨ੍ਹਾਂ ਲੋਕਾਂ ਨੂੰ ਮਿਲਾਂ, ਜਿਸ ਨਾਲ ਮੇਰੇ ਵਿਚ ਸਹਿਜਤਾ, ਸੁਹਜਤਾ, ਸੁੰਦਰਤਾ, ਕਲਾ, ਨਿਮਰਤਾ ਆਵੇ ਅਤੇ ਪਰਮਾਤਮਾ ਦਾ ਨਾਮ ਹਰ ਵਕਤ ਮੇਰੇ ਚੇਤੇ ਵਿਚ ਵਸਿਆ ਰਹੇ। ਮੈਂ ਸਮਝਦਾਂ ਕਿ ਅਮਰਜੀਤ ਬਰਾੜ ਦੀ ਲਿਖੀ ਇਹ ਪੁਸਤਕ 'ਆਦਰਸ਼ ਜ਼ਿੰਦਗੀ ਦੀ ਖੋਜ' ਸਕੂਲਾਂ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ, ਉਨ੍ਹਾਂ ਦੇ ਮਾਪਿਆਂ ਨੂੰ, ਅਧਿਆਪਕਾਂ ਨੂੰ, ਨੌਜਵਾਨਾਂ ਨੂੰ, ਮੁਟਿਆਰਾਂ ਨੂੰ, ਹਰੇਕ ਉਮਰ ਵਰਗ ਦੇ ਵਿਅਕਤੀ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਤਾਂ ਜੋ ਇਸ ਰਚਨਾ ਵਿਚ ਦਰਜ ਵਿਚਾਰਾਂ 'ਤੇ ਅਮਲ ਕਰਕੇ ਆਦਰਸ਼ ਜ਼ਿੰਦਗੀ ਦੀ ਖੋਜ ਕਰਨ ਵੱਲ ਵਧਿਆ ਜਾਵੇ। ਇਸ ਪ੍ਰਕਾਰ ਇਕ ਖ਼ੂਬਸੂਰਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਲੇਖਕ ਨੂੰ ਇੱਕ ਵਧੀਆ ਪੁਸਤਕ ਲਿਖਣ ਲਈ ਬਹੁਤ- ਬਹੁਤ ਵਧਾਈਆਂ।
-ਡਾ. ਇਕਬਾਲ ਸਿੰਘ ਸਕਰੌਦੀ
ਮੋਬਾਈਲ : 84276-85020
        
















































































































.jpg)

.jpg)





.jpg)



































































