06-11-25
ਸੜਕੀ ਦੁਰਘਟਨਾਵਾਂ
ਰੋਜ਼ਾਨਾ ਸੜਕੀ ਹਾਦਸਿਆਂ ਕਾਰਨ ਕਈ ਪਰਿਵਾਰ ਉੱਜੜ ਰਹੇ ਹਨ। ਸੜਕੀ ਹਾਦਸਿਆਂ ਦੀ ਵਜ੍ਹਾ ਸੜਕ ਨਿਯਮਾਂ ਬਾਰੇ ਜਾਣਕਾਰੀ ਦੀ ਕਮੀ ਅਤੇ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ। ਸੜਕੀ ਹਾਦਸਿਆਂ ਤੋਂ ਬਚਣ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਸੁਚੇਤ ਹੋਣ ਦੀ ਲੋੜ ਹੈ।
ਟ੍ਰੈਫਿਕ ਪੁਲਿਸ ਨੂੰ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਸਖ਼ਤੀ ਕਰਨ ਦੀ ਜ਼ਰੂਰਤ ਹੈ। ਜੋ ਵਿਅਕਤੀ ਸੜਕੀ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਉਸ ਨੂੰ ਵੱਧ ਤੋਂ ਵੱਧ ਜੁਰਮਾਨਾ ਤੇ ਸਜ਼ਾ ਹੋਣੀ ਚਾਹੀਦੀ ਹੈ। ਸੜਕੀ ਨਿਯਮਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ। ਸਕੂਲਾਂ/ਕਾਲਜਾਂ ਵਿਚ ਸੜਕੀ ਨਿਯਮਾਂ ਬਾਰੇ ਸੈਮੀਨਾਰ ਕਰਵਾਉਣ ਤੋਂ ਇਲਾਵਾ ਟੀ.ਵੀ. ਤੇ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
-ਵਿਕਰਮਜੀਤ ਸਿੰਘ (ਸਠਿਆਲਾ)
ਯੋਗ ਦੀ ਸ਼ਕਤੀ
ਯੋਗ ਨਾ ਸਿਰਫ ਸਾਡੇ ਸਰੀਰ ਨੂੰ ਬਲਕਿ ਸਾਡੇ ਮਨ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਯੋਗ ਕਰਨ ਨਾਲ ਅਸੀਂ ਖ਼ੁਦ ਨੂੰ ਕੁਦਰਤ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਹਾਂ। ਸਾਡੇ ਅੰਦਰ ਇਕ ਸਾਕਾਰਾਤਮਿਕ ਸੋਚ ਉਤਪੰਨ ਹੁੰਦੀ ਹੈ, ਜੋ ਸਾਨੂੰ ਜ਼ਿੰਦਗੀ ਵਿਚ ਬਹੁਤ ਅੱਗੇ ਤੱਕ ਲੈ ਜਾਂਦੀ ਹੈ। ਨਿਯਮਿਤ ਯੋਗ ਨਾਲ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਯੋਗ ਸੰਤੁਲਿਤ ਤਰੀਕੇ ਨਾਲ ਇਕ ਵਿਅਕਤੀ ਵਿਚ ਮੌਜੂਦ ਸ਼ਕਤੀ ਵਿਚ ਸੁਧਾਰ ਜਾਂ ਉਸ ਦਾ ਵਿਕਾਸ ਕਰਨ ਦਾ ਸ਼ਸਤਰ ਹੈ। ਯੋਗ ਦਾ ਭਾਵ ਮਨ ਦੀਆਂ ਇੱਛਾਵਾਂ 'ਤੇ ਕਾਬੂ ਪਾਉਣਾ ਹੈ।
-ਲਵਪ੍ਰੀਤ ਕੌਰ।