JALANDHAR WEATHER

11-11-25

 ਟੀਮ ਵਰਕ ਨਾਲ ਜਿੱਤਿਆ ਵਿਸ਼ਵ ਕੱਪ

ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਉਸ ਦੀ ਇਤਿਹਾਸਕ ਪਹਿਲੀ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਜਿੱਤ 'ਤੇ ਹਾਰਦਿਕ ਵਧਾਈਆਂ। ਕਪਤਾਨ ਹਰਮਨਪ੍ਰੀਤ ਕੌਰ ਦਾ ਦ੍ਰਿੜ੍ਹ ਇਰਾਦਾ, ਸ਼ਾਨਦਾਰ ਟੀਮ ਵਰਕ ਅਤੇ ਟੂਰਨਾਮੈਂਟ ਦੀ ਖਿਡਾਰਨ ਦੀਪਤੀ ਸ਼ਰਮਾ, ਪਲੇਅਰ ਆਫ਼ ਦਾ ਫਾਈਨਲ ਮੈਚ ਸ਼ੈਫਾਲੀ ਵਰਮਾ, ਪਲੇਅਰ ਆਫ ਦਾ ਸੈਮੀਫਾਈਨਲ ਮੈਚ ਜੇਮੀਮਾ ਰੌਡਰਿਗਜ਼ ਅਤੇ ਹੋਰ ਖਿਡਾਰਨਾਂ ਦੇ ਸ਼ਾਨਦਾਰ ਹੁਨਰ ਦੇ ਸਦਕਾ ਨਾ ਸਿਰਫ਼ ਟਰਾਫੀ 'ਤੇ ਕਬਜ਼ਾ ਕੀਤਾ, ਸਗੋਂ ਦੇਸ਼ ਨੂੰ ਪ੍ਰੇਰਿਤ ਕੀਤਾ ਹੈ। ਸਾਡੀਆਂ ਹੋਣਹਾਰ ਮਹਿਲਾ ਕ੍ਰਿਕਟ ਟੀਮ ਦੀਆਂ ਮੈਂਬਰੋ, ਤੁਸੀਂ ਭਾਰਤੀ ਕ੍ਰਿਕਟ ਇਤਹਾਸ ਵਿਚ ਇਕ ਸੁਨਹਿਰੀ ਅਧਿਆਇ ਲਿਖਿਆ ਹੈ ਅਤੇ ਹਰ ਭਾਰਤੀ ਨੂੰ ਬਹੁਤ ਮਾਣ ਹੋਇਆ ਹੈ।

-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ।

ਨਾਜਾਇਜ਼ ਖੁੱਲ੍ਹੇ ਅਹਾਤੇ ਬੰਦ ਹੋਣ

ਪੰਜਾਬ ਵਿਚ ਮਨਜ਼ੂਰਸ਼ੁਦਾ ਅਹਾਤਿਆਂ ਤੋਂ ਬਿਨਾਂ ਵੀ ਬਹੁਤੇ ਥਾਈਂ ਰੇਹੜੀਆਂ ਉੱਪਰ ਹੀ ਲੋਕਾਂ ਨੇ ਬਿਨਾਂ ਕਿਸੇ ਮਨਜ਼ੂਰੀ ਦੇ ਅਹਾਤੇ ਬਣਾ ਰੱਖੇ ਹਨ। ਇਹ ਰੇਹੜੀਆਂ 'ਤੇ ਚਲਦੇ ਅਹਾਤੇ ਜ਼ਿਆਦਾਰ ਬੱਸ ਅੱਡਿਆਂ ਅਤੇ ਸਕੂਲਾਂ ਦੇ ਕੋਲ ਹੀ ਹਨ। ਜਿਸ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਲੋਕ ਸ਼ਰਾਬੀ ਹੋ ਕੇ ਜ਼ਿਆਦਾ ਗ਼ਲਤ ਬੋਲਦੇ ਹਨ। ਜਿਸ ਦੇ ਚਲਦਿਆਂ ਅਕਸਰ ਹੀ ਲੜਾਈ ਦਾ ਮਾਹੌਲ ਬਣਿਆ ਰਹਿੰਦਾ ਹੈ। ਸੜਕਾਂ ਤੋਂ ਕੰਮਕਾਜ ਲਈ ਜਾਣ ਵਾਲੇ ਲੋਕਾਂ ਨੂੰ ਵੀ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਨੂੰ ਇਸ ਪਾਸੇ ਧਿਆਨ ਦੇ ਕੇ ਲੋਕਾਂ ਨੂੰ ਆ ਰਹੀ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣਾ ਚਾਹੀਦਾ ਹੈ।

-ਅੰਗਰੇਜ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟ ਗੁਰੂ (ਬਠਿੰਡਾ)।

ਟੈਰਿਫ਼ ਲਗਾਉਣ ਦੀ ਨੀਤੀ
ਅਮਰੀਕਾ ਵੱਲੋਂ ਹੋਰ ਦੇਸ਼ਾਂ 'ਤੇ ਟੈਰਿਫ਼ (ਸ਼ੁਲਕ) ਲਗਾਉਣ ਦੀ ਰਣਨੀਤੀ ਕਈ ਅੰਤਰਰਾਸ਼ਟਰੀ ਮਾਮਲਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਨੀਤੀ, ਜਿਸਦਾ ਮਕਸਦ ਅਮਰੀਕੀ ਉਦਯੋਗਾਂ ਦੀ ਰੱਖਿਆ ਤੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਦੱਸਿਆ ਜਾਂਦਾ ਹੈ, ਦਰਅਸਲ ਵਿਸ਼ਵ ਵਪਾਰ ਪ੍ਰਣਾਲੀ ਲਈ ਚੁਣੌਤੀ ਬਣ ਰਹੀ ਹੈ।
ਜਿੱਥੇ ਇਕ ਪਾਸੇ ਅਮਰੀਕਾ ਆਪਣੇ ਉਦਯੋਗਾਂ ਨੂੰ ਸਸਤੇ ਵਿਦੇਸ਼ੀ ਉਤਪਾਦਾਂ ਤੋਂ ਬਚਾਉਣਾ ਚਾਹੁੰਦਾ ਹੈ, ਉੱਥੇ ਦੂਜੇ ਪਾਸੇ ਇਹ ਟੈਰਿਫ਼ ਹੋਰ ਦੇਸ਼ਾਂ ਦੀਆਂ ਅਰਥਵਿਵਸਥਾਵਾਂ 'ਤੇ ਮਾੜਾ ਪ੍ਰਭਾਵ ਪਾ ਰਹੇ ਹਨ। ਇਸ ਨਾਲ ਗਲੋਬਲ ਵਪਾਰ ਵਿਚ ਅਸੰਤੁਲਨ ਪੈਦਾ ਹੋ ਰਿਹਾ ਹੈ। ਖ਼ਾਸਕਰ ਵਿਕਾਸਸ਼ੀਲ ਦੇਸ਼ਾਂ ਨੂੰ ਇਸ ਦਾ ਸਭ ਤੋਂ ਵੱਧ ਨੁਕਸਾਨ ਝੱਲਣਾ ਪੈ ਰਿਹਾ ਹੈ।
ਟੈਰਿਫ਼ ਦੀ ਇਹ ਨੀਤੀ ਕਿਸੇ ਹੱਦ ਤੱਕ ਆਤਮਨਿਰਭਰਤਾ ਵੱਲ ਇਸ਼ਾਰਾ ਕਰਦੀ ਹੈ, ਪਰ ਜਦੋਂ ਹਰ ਦੇਸ਼ ਇਸੇ ਤਰ੍ਹਾਂ ਦੀ ਨੀਤੀ ਅਪਣਾਉਂਦਾ ਹੈ ਤਾਂ ਅੰਤਰਰਾਸ਼ਟਰੀ ਸਹਿਯੋਗ ਦੀ ਭਾਵਨਾ ਖ਼ਤਮ ਹੋਣ ਲੱਗਦੀ ਹੈ।
ਸਾਡੇ ਵਿਚਾਰ ਵਿਚ ਅਮਰੀਕਾ ਨੂੰ ਆਪਣੀ ਟੈਰਿਫ਼ ਨੀਤੀ ਦੁਬਾਰਾ ਵਿਚਾਰਨੀ ਚਾਹੀਦੀ ਹੈ। ਵਿਸ਼ਵ ਪੱਧਰ 'ਤੇ ਨਿਆਂਪੂਰਨ ਵਪਾਰ ਦੀ ਨੀਤੀ ਹੀ ਟਿਕਾਊ ਵਿਕਾਸ ਦਾ ਅਸਲ ਹੱਲ ਹੈ।

-ਅਸ਼ੋਕ ਗਰੋਵਰ
ਨੈਸ਼ਨਲ ਫਰਟੀਲਾਈਜ਼ਰਜ਼ ਲਿਮਿਟਡ, ਬਠਿੰਡਾ

ਮਨੋਭਰਮ ਦੀਆਂ ਵਿਸ਼ੇਸ਼ਤਾਵਾਂ

ਵਸਤੂ ਦੀ ਗੈਰਮੌਜੂਦਗੀ ਵਿਚ ਹੀ ਕਿਸੇ ਪ੍ਰਕਾਰ ਦੇ ਗ਼ਲਤ ਪ੍ਰਤੱਖੀਕਰਨ ਨੂੰ ਮਨੋਭਰਮ ਕਿਹਾ ਜਾਂਦਾ ਹੈ। ਮਨੋਭਰਮ ਅਤੇ ਭਰਮ ਵਿਚ ਫਰਕ ਹੁੰਦਾ ਹੈ। ਭਰਮ ਵਿਚ ਵਸਤੂ ਮੌਜੂਦ ਹੁੰਦੀ ਹੈ। ਪਰੰਤੂ ਵਿਅਕਤੀ ਵਸਤੂ ਦੀ ਸਹੀ ਪਹਿਚਾਣ ਕਰਨ ਵਿਚ ਭੁਲੇਖਾ ਖਾ ਜਾਂਦਾ ਹੈ।
ਜਿਵੇਂ ਕਿ ਰੱਸੀ ਨੂੰ ਸੱਪ ਸਮਝਣਾ ਆਦਿ। ਭਰਮ ਆਮ ਸਾਧਾਰਨ ਬੰਦਿਆਂ ਵਿਚ ਵੀ ਹੋ ਜਾਂਦਾ ਹੈ ਜਦੋਂ ਕਿ ਮਨੋਭਰਮ ਵਧੇਰੇ ਕਰਕੇ ਮਾਨਸਿਕ ਰੋਗੀਆਂ ਅਤੇ ਨਸ਼ੇ ਦੀ ਹਾਲਤ ਵਿਚ ਹੁੰਦੇ ਹਨ। ਕਈ ਵਾਰੀ ਵਧੇਰੇ ਥਕਾਵਟ ਦੇ ਕਾਰਨ ਅਤੇ ਵਧੇਰੇ ਕੰਮ ਦੇ ਬੋਝ ਦੇ ਕਾਰਨ ਆਮ ਵਿਅਕਤੀਆਂ ਵਿਚ ਵੀ ਮਨੋਭਰਮ ਹੋ ਜਾਂਦੇ ਹਨ। ਮਨੋਭਰਮ ਵਿਚ ਵਿਅਕਤੀ ਵਸਤੂਆਂ ਦੀ ਅਣਹੋਂਦ ਵਿਚੋਂ ਹੀ ਹੋਂਦ ਮਹਿਸੂਸ ਕਰਦਾ ਹੈ ਅਤੇ ਵੇਖਦਾ ਹੈ ਜਿਵੇਂ ਕਿ ਮਾਰੂਥਲ ਵਿਚ ਦੂਰ ਤੋਂ ਪਾਣੀ ਦਿਖਾਈ ਦੇਣਾ ਅਤੇ ਹਨੇਰੇ ਵਿਚ ਭੂਤ ਪ੍ਰੇਤਾਂ ਦਾ ਦਿਖਾਈ ਦੇਣਾ ਮਨੋਭਰਮ ਹਨ।
ਮਨੋਭਰਮ ਦੇ ਕਾਰਨ, ਵਿਅਕਤੀ ਦੇ ਨਿੱਜੀ ਤਜਰਬੇ, ਉਲਝਣਾਂ ਅਤੇ ਮਾਨਸਿਕ ਦਬਾਅ ਹੋ ਸਕਦੇ ਹਨ। ਮਨੋਭਰਮ ਦੀ ਹਾਲਤ ਦੌਰਾਨ ਵਿਅਕਤੀ ਦਿਖਾਈ ਦੇਣ ਵਾਲੀਆਂ ਵਸਤੂਆਂ ਨੂੰ ਸਚਮੁਚ ਮੌਜੂਦਾ ਸਮਝਦਾ ਹੈ।
ਦੂਜੇ ਲੋਕਾਂ ਦੁਆਰਾ, ਮਨੋਭਰਮ ਦੌਰਾਨ ਦੇਖੀ ਗਈ ਵਸਤੂ ਦੀ ਅਣਹੋਂਦ ਦੀ ਗੱਲ ਤੋਂ ਮਨੋਭਰਮ ਪੀੜਤ ਵਿਅਕਤੀ ਨੂੰ ਵਿਸ਼ਵਾਸ ਨਹੀਂ ਹੁੰਦਾ। ਮਨੋਭਰਮ ਦੇ ਸਰੋਤ ਅਚੇਤਨ ਮਨ ਅਤੇ ਨਿੱਜੀ ਜੀਵਨ ਸ਼ੈਲੀ ਹੁੰਦੇ ਹਨ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ (ਹੁਸ਼ਿਆਰਪੁਰ)