25-01-26
ਚਿੜੀਆਂ ਦਾ ਚੰਬਾ
ਸੰਪਾਦਕ : ਰਵਿੰਦਰ ਜੀਤ ਸਿੰਘ ਬਿੰਦੀ
ਪ੍ਰਕਾਸ਼ਕ : ਆਜ਼ਾਦ ਕਿਤਾਬ ਘਰ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 174
ਸੰਪਰਕ : 93570-07700

ਚੋਣਵਾਂ ਕਾਵਿ-ਸੰਗ੍ਰਹਿ 'ਚਿੜੀਆਂ ਦਾ ਚੰਬਾ' ਰਵਿੰਦਰਜੀਤ ਸਿੰਘ ਬਿੰਦੀ ਵਲੋਂ ਸੰਪਾਦਿਤ ਕੀਤਾ ਗਿਆ ਬੇਹੱਦ ਖ਼ੂਬਸੂਰਤ ਸੰਗ੍ਰਹਿ ਹੈ। ਇਹ ਸੰਗ੍ਰਹਿ ਇਸ ਕਰਕੇ ਵੀ ਵਿਲੱਖਣ ਹੈ ਕਿ ਇਸ ਵਿਚ 51 ਕਵੀਆਂ ਅਤੇ ਕਵਿੱਤਰੀਆਂ ਦੀਆਂ ਸਿਰਫ਼ ਧੀਆਂ ਨਾਲ ਸੰਬੰਧਿਤ ਕਵਿਤਾਵਾਂ ਹੀ ਸ਼ਾਮਿਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਅੰਮ੍ਰਿਤਾ ਪ੍ਰੀਤਮ, ਅਨੂਪ ਵਿਰਕ, ਅਲਬੇਲ ਬਰਾੜ, ਅਮਰਦੀਪ ਸਿੰਘ ਗਿੱਲ, ਇੰਦਰਜੀਤ ਹਸਨਪੁਰੀ, ਸ਼ਿਵ ਕੁਮਾਰ ਬਟਾਲਵੀ, ਸੰਤ ਰਾਮ ਉਦਾਸੀ, ਸੁਰਜੀਤ ਪਾਤਰ, ਸੁਰਜੀਤ ਰਾਮਪੁਰੀ, ਸਾਧੂ ਸਿੰਘ ਹਮਦਰਦ, ਸ. ਸ. ਮੀਸ਼ਾ, ਸੁਖਮਿੰਦਰ ਰਾਮਪੁਰੀ, ਸੁਖਵਿੰਦਰ ਅੰਮ੍ਰਿਤ, ਸੰਤ ਬਲਵੀਰ ਸਿੰਘ ਘੁੰਨਸ, ਸਰਬਜੀਤ ਕੌਰ ਜੱਸ, ਸਵਰਨ ਪੱਲ੍ਹਾ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਸੁਖਦੀਪ ਕੌਰ ਬਿਰਧਨੋਂ, ਡਾ. ਹਰਿਭਜਨ ਸਿੰਘ, ਹਜ਼ਾਰਾ ਸਿੰਘ ਗੁਰਦਾਸਪੁਰੀ, ਹਰਜਿੰਦਰ ਕੰਗ, ਹਰਵਿੰਦਰ ਚੰਡੀਗੜ੍ਹ, ਡਾ. ਹਰਵਿੰਦਰ ਕੌਰ ਸੋਹਲ, ਹਾਕਮ ਸਿੰਘ ਰੂੜੇਕੇ, ਹਰਪ੍ਰੀਤ ਕੌਰ ਧੂਤ, ਕਰਨੈਲ ਸਿੰਘ ਪਾਰਸ, ਕਰਮਜੀਤ ਗਠਵਾਲਾ, ਗੁਰਦਾਸ ਰਾਮ ਆਲਮ, ਗੁਰਭਜਨ ਗਿੱਲ, ਗੁਰਚਰਨ ਸਿੰਘ ਬੋਪਾਰਾਏ, ਚਮਕੌਰ ਸਿੰਘ ਭੋਤਨਾ, ਜੈਮਲ ਸਿੰਘ ਪੱਡਾ, ਜਰਨੈਲ ਸਿੰਘ ਅਰਸ਼ੀ, ਜਗਜੀਤ ਕੌਰ ਢਿੱਲਵਾਂ, ਜਸਵੀਰ ਸਿੰਘ ਭਲੂਰੀਆ, ਨਿਰਅੰਜਨ ਅਵਤਾਰ ਕੌਰ, ਤਾਹਿਰਾ ਸਰਾ, ਤ੍ਰੈਲੋਚਨ ਲੋਚੀ, ਦੀਪਕ ਜੈਤੋਈ, ਦੇਵਿੰਦਰ ਸਤਿਆਰਥੀ, ਧਨੀ ਰਾਮ ਚਾਤ੍ਰਿਕ, ਨੰਦ ਲਾਲ ਨੂਰਪੁਰੀ, ਅਵਤਾਰ ਪਾਸ਼, ਪ੍ਰਭਜੋਤ ਕੌਰ, ਬਾਬੂ ਸਿੰਘ ਮਾਨ, ਬੂਟਾ ਸਿੰਘ ਚੌਹਾਨ, ਭੂਸ਼ਨ ਧਿਆਨਪੁਰੀ, ਭੂਰਾ ਸਿੰਘ ਕਲੇਰ, ਮੋਹਨ ਸਿੰਘ, ਮਨਜਿੰਦਰ ਧਨੋਆ ਅਤੇ ਮੁਖਤਿਆਰ ਸਿੰਘ ਜ਼ਫ਼ਰ ਸ਼ਾਮਿਲ ਹਨ। ਪੁਸਤਕ ਦੇ ਆਰੰਭ ਵਿਚ ਉੱਨੀ ਲੋਕਗੀਤ ਵੀ ਦਰਜ ਹਨ। ਰਵਿੰਦਜੀਤ ਸਿੰਘ ਬਿੰਦੀ ਦੇ ਕਹਿਣ ਅਨੁਸਾਰ ਉਨ੍ਹਾਂ ਦੇ ਮਨ ਵਿਚ ਬਚਪਨ ਤੋਂ ਹੀ ਧੀਆਂ ਪ੍ਰਤੀ ਸਨੇਹ ਸੀ। ਆਪਣੀਆਂ ਦੋ ਭੈਣਾਂ ਅਤੇ ਦੋ ਭੂਆਂ ਦਾ ਵੀ ਉਨ੍ਹਾਂ ਨੂੰ ਰੱਜਵਾਂ ਪਿਆਰ ਮਿਲਿਆ। ਸ਼ਾਇਦ ਇਹ ਕਾਰਨ ਵੀ ਹੋ ਸਕਦਾ ਹੈ ਕਿ ਉਨ੍ਹਾਂ ਦੇ ਮਨ ਵਿਚ ਧੀਆਂ ਦੇ ਗੀਤਾਂ ਦੀ ਪੁਸਤਕ ਪ੍ਰਕਾਸ਼ਿਤ ਕਰਵਾਉਣ ਦਾ ਫੁਰਨਾ ਫੁਰਿਆ। ਪੁਸਤਕ ਵਿਚ ਸ਼ਾਮਿਲ ਸਾਰੇ ਹੀ ਗੀਤ ਇੱਕ ਦੂਜੇ ਤੋਂ ਵਧ ਕੇ ਪ੍ਰਤੀਤ ਹੁੰਦੇ ਹਨ। ਇੱਕ ਵੀ ਗੀਤ ਅਜਿਹਾ ਨਹੀਂ ਹੈ, ਜਿਸ ਨੂੰ ਭਰਤੀ ਦਾ ਕਿਹਾ ਜਾ ਸਕਦਾ ਹੋਵੇ। ਅਜਿਹੀ ਵਡਮੁੱਲੀ ਪੁਸਤਕ ਦੀ ਸੰਪਾਦਨਾ ਲਈ ਸੱਚਮੁੱਚ ਹੀ ਉਹ ਵਧਾਈ ਦੇ ਹੱਕਦਾਰ ਹਨ।
-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027
ਸਿਆਣੀ ਕੁੜੀ
ਲੇਖਕ : ਐੱਸ. ਅਸ਼ੋਕ ਭੌਰਾ
ਪ੍ਰਕਾਸ਼ਕ : ਵੰਨ ਬੀਟ ਮੈਡੀਕਲ ਗਰੁੱਪ, ਸੰਤਗੜ੍ਹ ਨਗਰ, ਭੀਰਾ ਖੀਰੀ (ਯੂ.ਪੀ.)
ਮੁੱਲ : 300 ਰੁਪਏ, ਸਫ਼ੇ : 72
ਸੰਪਰਕ : ashokbhora@gmail.com

ਅਮਰੀਕਾ 'ਚ ਪੰਜਾਬੀ ਦੇ ਝੰਡੇ ਗੱਡਣ ਵਾਲਾ ਐੱਸ. ਅਸ਼ੋਕ ਭੌਰਾ ਕਈ ਕਲਾਵਾਂ ਤੇ ਪੰਜਾਬੀ ਸਾਹਿਤ ਦੀਆਂ ਵਿਧਾਵਾਂ 'ਚ ਲੰਮੇ ਸਮੇਂ ਤੋਂ ਕਾਰਜਸ਼ੀਲ ਹੈ। ਪੰਜਾਬੀ ਦੇ ਸਿਰਮੌਰ ਸਮਾਚਾਰ ਪੱਤਰ 'ਅਜੀਤ' ਦਾ ਉਹ ਕਾਲਮਨਵੀਸ ਵੀ ਹੈ। ਉਸ ਦੇ ਦਿਲ ਵਿਚ ਪੰਜਾਬ ਧੜਕਦਾ ਅਤੇ ਮਾਂ ਬੋਲੀ ਦਾ ਸਿਰੜੀ ਸਪੂਤ ਹੈ। ਉਸ ਨੇ ਸੰਗੀਤਕਾਰਾਂ, ਗੀਤਕਾਰਾਂ, ਲੋਕ-ਸਾਜ਼ਾਂ ਤੇ ਪੰਜਾਬੀ ਗਾਇਕੀ ਬਾਰੇ ਨਿੱਠ ਕੇ ਰਚਨਾਤਮਿਕ ਸਿਰਜਣਾ ਕੀਤੀ ਹੈ। ਇਹ ਕਹਿਣਾ ਉੱਚਿਤ ਹੋਵੇਗਾ ਕਿ ਉਹ ਹਰਫ਼ਨਮੌਲਾ ਪੰਜਾਬੀ ਹੈ। 'ਸਿਆਣੀ ਕੁੜੀ' ਪੰਜਾਬੀ ਬਾਲ ਕਹਾਣੀਆਂ ਦੀ ਸੱਜਰੀ ਪੁਸਤਕ ਵੱਡ-ਅਕਾਰੀ, ਰੰਗਦਾਰ, ਸਚਿੱਤਰ ਕਿਤਾਬੜੀ ਬੱਚਿਆਂ ਨੂੰ ਆਕਰਸ਼ਿਕ ਕਰਨ ਵਾਲੀ ਹੈ। ਬਚਪਨ 'ਚ ਆਪਣੇ ਮਾਪਿਆਂ ਅਤੇ ਨਾਨੀ ਤੋਂ ਸੁਣੀਆਂ ਲੰਮੀਆਂ ਬਾਤਾਂ ਉਸ ਨੂੰ ਭੁੱਲੀਆਂ ਨਹੀਂ। ਇਸੇ ਕਰਕੇ ਉਹ ਬੱਚਿਆਂ ਨੂੰ ਆਪਣੇ-ਆਪਣੇ ਬੀਤੇ ਬਚਪਨ ਦੀਆਂ ਸਿਮ੍ਰਤੀਆਂ ਨਾਲ ਜੋੜਨ ਲਈ, ਇਨ੍ਹਾਂ ਕਹਾਣੀਆਂ ਨੂੰ ਲਿਖਣ ਲਈ ਉਤੇਜਿਤ ਹੋਇਆ ਹੈ। ਪੁਸਤਕ ਫਰਿਸ਼ਤਿਆਂ ਵਰਗੀ ਆਪਣੀ ਮਾਤਾ ਜੀ ਨੂੰ ਸਮਰਪਿਤ ਕੀਤੀ ਗਈ ਹੈ। ਅੰਦਰ ਦੋ ਮਾਸੂਮ ਬੱਚੀਆਂ 'ਸਾਂਝ' ਅਤੇ 'ਏਕਮ' ਦੀਆਂ ਭੋਲੀਆਂ-ਭਾਲੀਆਂ ਤਸਵੀਰਾਂ ਖਿੱਚ ਪਾਉਂਦੀਆਂ ਹਨ। ਸਰਵਰਕ ਇੰਦਰਜੀਤ ਸਿੰਘ ਆਰਟਿਸਟ ਤੇ ਮੰਜ਼ਿਲ ਸਿੰਘ ਵਲੋਂ ਬਣਾਇਆ ਵੀ ਢੁਕਵਾਂ ਤੇ ਨਾਂਅ ਵੀ ਢੁਕਵਾਂ ਅਤੇ ਅਖੀਰਲੇ ਪੰਨੇ 'ਤੇ ਆਪਣੀ ਫੋਟੋ ਰਾਹੀਂ ਦਿਲ ਦੀਆਂ ਗੱਲਾਂ ਕੀਤੀਆਂ ਹਨ। ਪੁਸਤਕ ਵਿਚ ਰੰਗਦਾਰ ਚਿੱਤਰਾਂ ਸਮੇਤ 14 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਲੋਕ-ਕਹਾਣੀਆਂ ਨੂੰ ਨਵੇਂ ਸੰਦਰਭ ਵਿਚ ਪੇਸ਼ ਕੀਤਾ ਗਿਾ। ਅਸਲ ਵਿਚ ਸਿੱਖਿਆ ਦੇਣ ਨਾਲੋਂ ਕਹਾਣੀਆਂ ਦਾ ਬਾਤਾਂ ਸੁਣਨ ਵਾਲਾ ਪੱਖ ਰੌਚਿਕਤਾ ਵਾਲਾ ਹੈ। ਕਹਾਣੀਆਂ ਬੱਚਿਆਂ ਨੂੰ ਸੰਬੋਧਨ ਕੀਤੀਆਂ ਗਈਆਂ ਹਨ ਤਾਂ ਜੋ ਬੱਚੇ ਬਾਤ ਸੁਣਨ ਦੇ ਨਾਲ-ਨਾਲ ਹੁੰਗਾਰਾ ਭਰਦੇ ਰਹਿਣ ਤੇ ਆਪਣੇ-ਆਪ ਕਹਾਣੀ ਦੇ ਸੰਦੇਸ਼ ਨੂੰ ਗ੍ਰਹਿਣ ਕਰਨ। ਕਹਾਣੀਆਂ ਜੰਗਲੀ-ਜੀਵਾਂ ਦੀ ਆਪਸੀ ਗੱਲਬਾਤ ਦੀ ਵਿਧੀ ਰਾਹੀਂ ਤੁਰਦੀਆਂ ਹਨ। ਬਾਂਦਰ ਤੇ ਸ਼ੇਰ 'ਚ ਬਾਂਦਰਾਂ ਦੀਆਂ ਜੂੰਆਂ ਚੁਗਣ ਦੀ ਆਦਤ ਨਿਹਾਰੀ ਗਈ ਹੈ। ਕੰਜੂਸ ਜਗਨ ਨਾਥ 'ਚ ਪੈਸੇ ਦੇ ਪੁੱਤ ਦਾ ਮਜ਼ਾਕ ਵਧੀਆ ਹੈ। ਅਕਬਰ ਅਤੇ ਬੀਰਬਲ ਬਾਰੇ ਬਹੁਤ ਕੁਝ ਪੜ੍ਹਨ ਨੂੰ ਮਿਲਦਾ ਹੈ। ਬੀਰਬਲ ਦੀ ਸਿਆਣਪ ਰੰਗ ਲਿਆਉਂਦੀ ਤੇ ਅਕਬਰ ਨੂੰ ਢੁਕਵਾਂ ਉੱਤਰ ਮਿਲਦਾ। ਬੀਰਬਲ ਦਾ ਛੁਣਛੁਣਾ ਅਚੰਭਤ ਕਰਦਾ। ਗਧੇ ਦਾ ਦਿਮਾਗ਼ 'ਚ ਬਾਂਦਰ ਦੀ ਚਲਾਕੀ ਖ਼ੂਬ ਸਫ਼ਲ ਹੁੰਦੀ ਵਿਖਾਈ ਗਈ। ਬਿੱਜੂ, ਲੂੰਬੜੀ ਤੇ ਰਿੱਛ 'ਚ ਪੂਛਾਂ ਬੜੀ ਰੌਚਿਕਤਾ ਵਾਲੀ ਹੈ। ਲੰਡਾ ਚੂਹਾ 'ਚ ਹਾਸੀ-ਮਜ਼ਾਕ ਸਿਰਜਣ ਦੀ ਗੱਲ ਹੈ। ਸੋਨੇ ਦੀ ਗਾਗਰ 'ਚ ਪਿਤਾ ਦਾ ਨਕੰਮੇ ਪੁੱਤਰਾਂ ਨੂੰ ਸੰਦੇਸ਼ ਨਵੇਂ ਢੰਗ ਨਾਲ ਚਿਤਰਿਆ ਗਿਆ ਹੈ। ਯੁਕਰੇਨ ਲੋਕ-ਕਥਾ 'ਤੇ ਆਧਾਰਿਤ ਪੁਸਤਕ ਦੇ ਨਾਮਕਰਨ ਵਾਲੀ ਕਹਾਣੀ ਨਿੱਕੀ ਜਿਹੀ ਸਿਆਣੀ ਕੁੜੀ ਮਾਰਮਿਕ ਹੈ ਤੇ ਅਸਲੋਂ ਹੀ ਨਵੇਂ ਸੰਕਲਪ ਸਿਰਜਦੀ ਹੈ। ਇਹ ਕਹਾਣੀ ਪੁਸਤਕ ਦਾ ਹਾਸਲ ਹੈ। ਬੰਦਾ ਪ੍ਰਸੰਨ ਕਦੋਂ ਹੁੰਦਾ ਜਦੋਂ ਉਹ ਰੱਜਿਆ ਹੋਵੇ, ਬੋਧ ਕਥਾ ਹੈ। 'ਸੱਪ ਤੇ ਨਿਉਲੇ ਦਾ ਵੈਰ' ਅਤੇ 'ਕਾਢਿਆਂ ਦਾ ਭੌਣ' ਬਾਦਸ਼ਾਹਾਂ ਦੇ ਕਾਰਨਾਮਿਆਂ ਨੂੰ ਯਾਦ ਕਰਾਉਂਦੀਆਂ। ਇਹ ਲੋਕ ਰੰਗ ਵਾਲੀਆਂ ਕਹਾਣੀਆਂ ਮੱਧ ਵਰਗ ਦੇ ਬੱਚਿਆਂ ਲਈ ਵਰਦਾਨ ਸਿੱਧ ਹੋਣਗੀਆਂ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਧਰਮ ਪੁੱਤਰ
ਮੂਲ ਲੇਖਕ : ਆਚਾਰੀਆ ਚਤੁਰਸੇਨ
ਅਨੁਵਾਦ : ਕੇ. ਐੱਲ. ਗਰਗ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼ ਸਮਾਣਾ
ਮੁੱਲ : 250 ਰੁਪਏ, ਸਫ਼ੇ : 152
ਸੰਪਰਕ :94635-37050

ਕੇ.ਐੱਲ. ਗਰਗ ਪੰਜਾਬੀ ਜ਼ੁਬਾਨ ਦਾ ਜਾਣਿਆ ਪਛਾਣਿਆ ਨਾਵਲਕਾਰ, ਕਥਾਕਾਰ, ਸੰਪਾਦਤ, ਵਿਅੰਗਕਾਰ ਅਤੇ ਅਨੁਵਾਦਕ ਹੈ। ਹਿੰਦੀ ਦੇ ਮੂਲ ਲੇਖਕ-ਆਚਾਰੀਆ ਚਤੁਰਸੇਨ ਦਾ ਨਾਵਲ 'ਧਰਮ ਪੁੱਤਰ', ਜਿਸ ਦਾ ਕੇ. ਐੱਲ. ਗਰਗ ਨੇ ਬੜੀ ਖ਼ੂਬਸੂਰਤੀ ਨਾਲ ਪੰਜਾਬੀ ਵਿਚ ਅਨੁਵਾਦ ਕੀਤਾ ਹੈ, ਇਕ ਡੂੰਘੇ ਅਤੇ ਸੰਵੇਦਨਸ਼ੀਲ ਵਿਸ਼ੇ ਨੂੰ ਪੇਸ਼ ਕਰਦਾ ਹੈ। ਨਾਵਲ ਨੂੰ 42 ਭਾਗਾਂ 'ਚ ਵੰਡਿਆ ਗਿਆ ਹੈ। ਇਹ ਨਾਵਲ ਰਾਜਸਥਾਨ ਦੀਆਂ ਦੁੱਖ ਭੋਗਦੀਆਂ ਔਰਤਾਂ ਨੂੰ ਸਮਰਪਿਤ ਹੈ, ਜੋ ਇਸ ਦੀ ਭਾਵਨਾਤਮਿਕ ਗਹਿਰਾਈ ਨੂੰ ਹੋਰ ਵਧਾਉਂਦਾ ਹੈ। ਸੰਗਮ ਪਬਲੀਕੇਸ਼ਨਜ਼ ਵਲੋਂ ਦੂਜੀਆਂ ਭਾਸ਼ਾਵਾਂ ਦੇ ਅਨੁਵਾਦਤ ਸਾਹਿਤ ਤਹਿਤ ਪੰਜਾਬੀ 'ਚ ਛਾਪੀ ਜਾ ਰਹੀ ਲੜੀ ਦੀ ਇਹ 26ਵੀਂ ਪੁਸਤਕ ਹੈ। 'ਧਰਮ ਪੁੱਤਰ' ਭਾਰਤ ਦੇ ਸਮਾਜਿਕ ਤਾਣੇ-ਬਾਣੇ, ਖਾਸਕਰ ਫ਼ਿਰਕੂ ਤਣਾਅ, ਹਿੰਦੂ-ਮੁਸਲਿਮ ਸੰਬੰਧਾਂ ਅਤੇ ਆਜ਼ਾਦੀ ਦੀ ਲੜਾਈ ਦੇ ਪ੍ਰਭਾਵਾਂ ਨੂੰ ਬੜੇ ਹੀ ਯਥਾਰਥਵਾਦੀ ਢੰਗ ਨਾਲ ਦਰਸਾਉਂਦਾ ਹੈ। ਨਾਵਲ ਦਾ ਮੁੱਖ ਪਾਤਰ, ਡਾਕਟਰ ਅੰਮ੍ਰਿਤ ਰਾਏ, ਇਕ ਮੁਸਲਿਮ ਬਾਲਕ (ਦਲੀਪ) ਨੂੰ ਆਪਣੇ ਪੁੱਤਰ ਵਜੋਂ ਪਾਲਦਾ ਹੈ, ਜਿਸ ਕਾਰਨ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਅਨੇਕਾਂ ਧਾਰਮਿਕ, ਸਮਾਜਿਕ ਅਤੇ ਨਿੱਜੀ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਘਟਨਾਕ੍ਰਮ ਸਮਾਜਿਕ ਰੂੜ੍ਹੀਵਾਦ ਅਤੇ ਜਾਤੀ-ਧਰਮ ਦੇ ਬੰਧਨਾਂ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਨਾਵਲ ਭਾਰਤ ਦੀ ਨਵਾਬ ਪੀੜ੍ਹੀ ਦੇ ਚਲਿੱਤਰਾਂ ਨੂੰ ਨੰਗਾ ਕਰਦਾ ਹੈ, ਜਿੱਥੇ ਉਨ੍ਹਾਂ ਦੀ ਅਨੈਤਿਕਤਾ, ਬਦਹਵਾਸੀ, ਕੁਹਜ ਅਤੇ ਦੁਰਾਚਾਰ ਸਾਹਮਣੇ ਆਉਂਦੇ ਹਨ, ਜੋ ਪਾਠਕ ਨੂੰ ਹੈਰਾਨ ਵੀ ਕਰਦੇ ਹਨ ਅਤੇ ਗਲਾਜ਼ਤ ਵੀ ਮਹਿਸੂਸ ਕਰਾਉਂਦੇ ਹਨ। ਕੇ. ਐੱਲ. ਗਰਗ ਦਾ ਅਨੁਵਾਦ ਨਾ ਸਿਰਫ਼ ਮੂਲ ਰਚਨਾ ਦੀ ਭਾਸ਼ਾਈ ਸਰਲਤਾ ਨੂੰ ਬਰਕਰਾਰ ਰੱਖਦਾ ਹੈ, ਸਗੋਂ ਉਸ ਦੇ ਭਾਵਾਂ ਨੂੰ ਵੀ ਪੰਜਾਬੀ ਪਾਠਕਾਂ ਤੱਕ ਸਫ਼ਲਤਾਪੂਰਵਕ ਪਹੁੰਚਾਉਂਦਾ ਹੈ। ਨਾਵਲ ਵਿਚ ਪਿਆਰ, ਤਿਆਗ, ਅਤੇ ਮਨੁੱਖੀ ਭਾਵਨਾਵਾਂ ਦੀ ਗਹਿਰਾਈ ਨੂੰ ਬਾਖ਼ੂਬੀ ਦਰਸਾਇਆ ਗਿਆ ਹੈ। ਹੁਸਨ ਬਾਨੂ ਦਾ ਕਿਰਦਾਰ ਖਾਸ ਤੌਰ 'ਤੇ ਪ੍ਰਭਾਵਸ਼ਾਲੀ ਹੈ, ਜੋ ਕਿ ਆਪਣੇ ਪਰਿਵਾਰਕ ਸਨਮਾਨ ਅਤੇ ਨੈਤਿਕ ਕਦਰਾਂ-ਕੀਮਤਾਂ ਲਈ ਵੱਡਾ ਤਿਆਗ ਕਰਦੀ ਹੈ। ਇਹ ਨਾਵਲ ਮਨੁੱਖਤਾ ਦੇ ਸਰਵਉੱਚ ਆਦਰਸ਼ਾਂ ਅਤੇ ਸਮਾਜਿਕ ਕੁਰੀਤੀਆਂ ਵਿਚਕਾਰਲੇ ਸੰਘਰਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ। ਅੰਤ ਵਿਚ, ਇਹ ਅਨੁਵਾਦਿਤ ਰਚਨਾ ਨਾ ਸਿਰਫ਼ ਇੱਕ ਰੌਚਕ ਕਹਾਣੀ ਪ੍ਰਦਾਨ ਕਰਦੀ ਹੈ, ਬਲਕਿ ਪਾਠਕ ਨੂੰ ਸਮਾਜਿਕ ਮਸਲਿਆਂ ਅਤੇ ਮਨੁੱਖੀ ਰਿਸ਼ਤਿਆਂ ਦੀ ਗੁੰਝਲਤਾ ਬਾਰੇ ਵੀ ਡੂੰਘਾਈ ਨਾਲ ਸੋਚਣ ਲਈ ਪ੍ਰੇਰਿਤ ਕਰਦੀ ਹੈ। ਇਹ ਪੰਜਾਬੀ ਸਾਹਿਤ ਵਿਚ ਇੱਕ ਮਹੱਤਵਪੂਰਨ ਅਤੇ ਮੁੱਲਵਾਨ ਵਾਧਾ ਹੈ।
-ਜਸਵਿੰਦਰ ਸਿੰਘ 'ਕਾਈਨੌਰ'
ਮੋਬਾਈਲ : 98888-42244
ਅਣਸੁਣੇ ਚਿਹਰੇ
ਲੇਖਕ : ਰੁਪਿੰਦਰ ਸਿੰਘ ਰਾਮਗੜ੍ਹ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 300 ਰੁਪਏ, ਸਫ਼ੇ : 164
ਸੰਪਰਕ : 98158-59066

ਕੁੱਲ 12 ਕਾਂਡਾਂ 'ਚ ਸੰਪੂਰਨ ਹੋਇਆ ਇਹ ਨਾਵਲ ਰੁਪਿੰਦਰ ਸਿੰਘ ਰਾਮਗੜ੍ਹ ਨੇ ਆਪਣੇ ਪਿਤਾ ਮਾਸਟਰ ਅਮਰਜੀਤ ਸਿੰਘ ਦੀ ਕਿਤਾਬਾਂ ਪ੍ਰਤੀ ਰੱਖੀ ਅਥਾਹ ਮੁਹੱਬਤ ਲਈ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਨਾਵਲ ਦਾ ਵਿਸ਼ਾ ਵਸਤੂ 1947 ਦੀ ਦੇਸ਼ ਵੰਡ ਤੋਂ ਲੈ ਕੇ ਹੁਣ ਤੱਕ ਦੇ ਮਾੜੇ ਸਮੇਂ ਨੂੰ ਆਪਣੇ ਅੰਤਰਗਤ ਰੱਖਦਾ ਹੈ। ਬਹੁਤ ਸੂਖਮਤਾ ਤਨ 'ਤੇ ਵਾਚੀਏ ਤਾਂ ਨਾਵਲ ਦਾ ਅੰਤਰੀਵੀ ਅਰਕ ਰੁਪਿੰਦਰ ਸਿੰਘ ਰਾਮਗੜ੍ਹ ਵਲੋਂ ਇਸ ਨਾਵਲ ਬਾਰੇ ਆਰੰਭ 'ਚ ਲਿਖੀਆਂ ਇਨ੍ਹਾਂ ਸਤਰਾਂ 'ਚ ਹੀ ਮੌਜੂਦ ਹੈ :-
''ਮੈਨੂੰ ਪਤਾ ਇਸ ਕਿਤਾਬ ਵਿਚ ਲੇਖਣੀ ਪੱਖੋਂ ਇਕ ਨਹੀਂ ਸੈਂਕੜੇ ਊਣਤਾਈਆਂ ਹੋਣਗੀਆਂ। ਪਰ ਮੈਂ ਇਸ ਵਿਚ ਇਕ ਲੇਖਕ ਵਜੋਂ ਨਹੀਂ ਸਗੋਂ ਇਕ ਪੰਜਾਬੀ ਦੇ ਤੌਰ 'ਤੇ ਪੰਜਾਬ ਪ੍ਰਤੀ ਆਪਣੇ ਜਜ਼ਬਾਤ ਨੂੰ ਉਲੀਕਿਆ, ਜਿਸ ਦੀ ਹਰੇਕ ਪੀੜ੍ਹੀ ਦੇ ਲੋਕਾਂ ਨੂੰ ਬਿਨਾਂ ਕਸੂਰ ਤੋਂ ਕਿਸੇ ਨਾ ਕਿਸੇ ਰੂਪ ਵਿਚ ਹਾਕਮ ਲਾਣੇ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪਿਆ।''
ਨਾਵਲ ਦੇ ਕਥਾਨਕ ਦੇ ਥੋੜ੍ਹਾ ਜਿਹਾ ਵਿਸਤਾਰ 'ਚ ਜਾਣੀਏ ਤਾਂ ਗੱਲ ਆਜ਼ਾਦੀ ਤੋਂ ਪਹਿਲਾਂ ਵਾਲੇ ਪੰਜਾਬ ਤੋਂ ਸ਼ੁਰੂ ਹੁੰਦੀ ਹੈ ਪਰ ਨਾਵਲ ਅੰਦਰਲੀ ਕਹਾਣੀ ਦਾ ਸਿਖਰ ਪੰਜਾਬ ਦੇ ਬਹੁਤ ਹੀ ਦੁਖਦਾਈ ਸਮੇਂ ਉੱਤੇ ਆ ਕੇ ਬੱਝਦਾ ਹੈ। ਨਾਵਲ ਦੇ ਕੇਂਦਰੀ ਪਾਤਰ ਗੁਰਮੀਤ ਸਿੰਘ ਮੀਤਾ ਲਈ ਮੁਹੱਬਤ ਹੀ ਗੁਨਾਹ ਬਣ ਜਾਂਦੀ ਹੈ। ਉਸ ਨੂੰ ਮਾੜੇ ਹਾਲਾਤ ਦੀ ਖਾਸੀ ਮਾਰ ਪੈਂਦੀ ਹੈ। ਪੰਨਾ ਨੰ: 126 ਉੱਤੇ ਲਿਖੀਆਂ ਗਈਆਂ ਇਨ੍ਹਾਂ ਸਤਰਾਂ 'ਚੋਂ ਸਥਿਤੀ ਦੀ ਵਾਸਤਵਿਕਤਾ ਹੋਰ ਵੀ ਬਿਹਤਰ ਸਮਝੀ ਜਾ ਸਕਦੀ ਹੈ :-
''ਬਿਸ਼ਨ ਸਿਉਂ ਨੂੰ 47 ਤੇ ਹੁਣ ਦੇ ਪੰਜਾਬ ਵਿਚ ਸਿਰਫ ਇਕ ਹੀ ਫ਼ਰਕ ਦਿਸਦਾ ਸੀ। ਉਦੋਂ ਦੋ ਚਾਰ ਦਿਨਾਂ 'ਚ ਕਹਾਣੀ ਖ਼ਤਮ ਹੋ ਗਈ ਸੀ ਪਰ ਹੁਣ ਤਾਂ ਨਿਤ ਹੀ ਸੇਕ ਵਿਚ ਝੁਲਸ ਰਿਹਾ ਸੀ। ਬਾਕੀ ਉਸ ਸਮੇਂ ਸ਼ਾਇਦ ਮੁਸਲਮਾਨ ਸਿੱਖਾਂ ਨੂੰ ਮਾਰ ਰਹੇ ਸਨ ਪਰ ਇਸ ਵਾਰ ਤਾਂ ਸਿੱਖ ਹੀ ਸਿੱਖਾਂ ਦੇ ਦੁਸ਼ਮਣ ਬਣੇ ਹੋਏ ਸਨ ਕਿਉਂਕਿ ਮੁਕਾਬਲੇ ਵਿਚ ਮਰਨ ਵਾਲੇ ਪੁਲਿਸ ਵਾਲੇ ਵੀ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਸਨ ਤੇ ਖਾੜਕੂ ਮੁੰਡੇ ਵੀ ਸਿੱਖ ਪਰਿਵਾਰ ਨਾਲ ਸੰਬੰਧਿਤ।''
ਨਾਵਲ ਦੀਆਂ ਇਹ ਅੰਤਿਮ ਸਤਰਾਂ ਕੁੱਲ ਮਿਲਾ ਕੇ ਆਸ਼ਾਵਾਦ ਦਾ ਪੱਲਾ ਫੜੀ ਰੱਖਦੀਆਂ ਹਨ :-
''ਲੋਕਾਂ ਵਿਚੋਂ ਅਣਖੀ ਲੋਕ ਲੱਭਣ ਤੇ ਬਾਕੀਆਂ ਦੀ ਅਣਖ ਨੂੰ ਜਗਾਉਣ ਲਈ ਤਤਪਰ ਕਿਸੇ ਨਵੇਂ ਜੋਸ਼ 'ਤੇ ਇਕ ਆਸ ਉਮੀਦ ਦੇ ਨਾਲ ਕਾਹਲੇ ਕਦਮੀ ਘਰੇ ਜਾਣ ਦੀ ਬਜਾਏ (ਮੀਤਾ) ਲੋਕਾਂ ਦੀ ਸੱਥ ਵੱਲ ਹੋ ਤੁਰਿਆ।''-(ਪੰਨਾ-164)
ਪੂਰਾ ਨਾਵਲ ਬੜੀ ਭਾਵਪੂਰਤ ਸ਼ੈਲੀ ਵਿਚ ਲਿਖਿਆ ਗਿਆ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਦੇਸ ਪਰਦੇਸ
ਲੇਖਕ : ਮਾ. ਹਰਪਾਲ ਸਿੰਘ ਬਰੌਂਗਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 132
ਸੰਪਰਕ : 99141-42200

ਕਹਾਣੀਕਾਰ ਹਰਦੀਪ ਸਿੰਘ ਬਰੌਂਗਾ ਦੇ ਪਹਿਲੇ ਕਹਾਣੀ ਸੰਗ੍ਰਹਿ, 'ਅੱਛੇ ਦਿਨਾਂ ਦੀ ਉਡੀਕ' ਮਗਰੋਂ ਦੂਸਰੇ ਕਹਾਣੀ ਸੰਗ੍ਰਹਿ 'ਦੇਸ-ਪਰਦੇਸ' ਵਿਚ ਕੁੱਲ 16 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਨੰਗ ਕਿਸੇ ਥਾਂ ਦਾ, ਕੰਧੀ ਉੱਤੇ ਰੁੱਖੜਾ, ਲੇਖਾ-ਜੋਖਾ, ਕੋਹਜਾ ਮਜ਼ਾਕ, ਕਲਯੁੱਗ, ਦੇਸ-ਪਰਦੇਸ, ਹਾਏ! ਮੋਬਾਈਲ, ਮਰੀਆਂ ਜ਼ਮੀਰਾਂ ਵਾਲੇ, ਫ਼ਰਕ, ਬੇਸਬਰਾ, ਨੂੰਹਾਂ-ਧੀਆਂ, ਲੀਹੋਂ ਲੱਥੀ ਗੱਡੀ, ਭੂਤ ਦੀ ਕਹਾਣੀ, ਚੜ੍ਹਦੀ ਕਲਾ, ਸੁੱਕੀਆਂ ਜੜ੍ਹਾਂ ਵਾਲਾ ਰੁੱਖ ਅਤੇ ਅੰਤਮ ਰਸਮਾਂ ਕਹਾਣੀਆਂ 'ਚੋਂ ਗੁਜ਼ਰਣ ਮਗਰੋਂ ਇਸ ਗੱਲ ਦਾ ਸ਼ਿੱਦਤ ਨਾਲ ਅਹਿਸਾਸ ਹੁੰਦਾ ਹੈ ਕਿ ਲੇਖਕ ਅਜੋਕੇ ਪ੍ਰਸ਼ਾਸਨਕ ਢਾਂਚੇ ਦੇ ਵਿਚਲੇ ਕਰੂਰ ਯਥਾਰਥ ਦੀ ਪੂਰੀ ਬੇਬਾਕੀ ਅਤੇ ਦਲੇਰੀ ਨਾਲ ਚੀਰ-ਫਾੜ ਕਰਦਾ ਹੈ ਅਤੇ ਉਸ ਅੰਦਰਲੇ ਗੰਦ ਨੂੰ ਉਜਾਗਰ ਕਰਨ ਵਿਚ ਕੋਈ ਨਰਮੀ ਨਹੀਂ ਵਰਤਦਾ। ਵਿਸ਼ੇਸ਼ ਕਰਕੇ ਪੁਲਿਸ, ਮਾਲ, ਡਾਕਟਰੀ ਅਤੇ ਹੋਰ ਮਹਿਕਮਿਆਂ ਵਿਚ ਫੈਲੇ ਭ੍ਰਿਸ਼ਟਾਚਾਰ ਨੇ ਲੋਕਾਂ ਦਾ ਜਿਊਣਾ ਕਿਵੇਂ ਨਰਕ ਬਣਾਇਆ ਹੋਇਆ ਹੈ। ਕੁਝ ਕਹਾਣੀਆਂ ਵਿਚ ਸਮਾਜ ਲਈ ਕੋਹੜ ਸਾਬਿਤ ਹੋ ਰਹੀ ਨਸ਼ੇ ਦੀ ਬਿਮਾਰੀ ਨੇ ਲੋਕਾਂ ਦਾ ਕਿਵੇਂ ਘਾਣ ਕੀਤਾ ਹੈ। ਜਿਹੜੇ ਲੋਕ ਹੱਡ ਤੋੜਵੀਂ ਮਿਹਨਤ-ਮਜ਼ਦੂਰੀ ਕਰਦੇ ਹਨ, ਉਹ ਇਸ ਪੂੰਜੀਵਾਦੀ ਅਤੇ ਖਪਤਕਾਰੀ ਨਿਜਾਮ ਵਿਚ ਕਿਵੇਂ ਨਪੀੜੇ ਜਾ ਰਹੇ ਹਨ। ਪੜ੍ਹੇ-ਲਿਖੇ ਉੱਚੀ ਯੋਗਤਾ ਪ੍ਰਾਪਤ ਨੌਜਵਾਨ ਬੇਰੁਜ਼ਗਾਰੀ ਦੇ ਸ਼ਿਕਾਰ ਹੋ ਕੇ ਆਪਣਾ ਸ਼ੋਸ਼ਣ ਕਰਵਾ ਰਹੇ ਹਨ। ਔਰਤਾਂ ਵੀ ਮਰਦਾਂ ਵਾਂਗ ਠੱਗੀ ਮਾਰਨ ਤੋਂ ਬਾਜ ਨਹੀਂ ਆਉਂਦੀਆਂ। ਧੀ-ਪੁੱਤਰ ਵਿਚਲਾ ਫ਼ਰਕ, ਕਰਜ਼ੇ ਲੈ ਕੇ ਉਸ ਦੀ ਹੋਰ ਥਾਂ ਵਰਤੋਂ ਕਰ ਕੇ ਖ਼ੁਦਕੁਸ਼ੀ ਕਰਦੇ ਕਿਸਾਨਾਂ ਦਾ ਦੁਖਾਂਤ, ਬਜ਼ੁਰਗਾਂ ਦੀ ਸਾਂਭ-ਸੰਭਾਲ ਆਦਿ ਸਮਾਜਿਕ ਸਮੱਸਿਆਵਾਂ ਨੂੰ ਕਹਾਣੀਕਾਰ ਨੇ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ। ਕਹਾਣੀਆਂ ਦੇ ਪਾਤਰ ਚਾਹੇ ਕੇਸਰ ਸਿੰਘ ਹੋਵੇ, ਸਰਪੰਚ ਹੋਵੇ, ਬਸ਼ੰਬਰ ਹੋਵੇ ਜਾਂ ਗੁਰਸੇਵਕ, ਮੰਜੂ ਹੋਵੇ ਜਾਂ ਸੁਖਵੰਤ ਜਾਂ ਜਰਨੈਲ ਸਿੰਘ ਹੋਵੇ ਜਾਂ ਅਜਮੇਰ ਸਿੰਘ, ਜਸਬੀਰ ਹੋਵੇ ਜਾਂ ਗੁਰਨਾਮ ਸਿੰਘ ਇਨ੍ਹਾਂ ਸਾਰੇ ਹੀ ਪਾਤਰਾਂ ਦੀ ਜ਼ਿੰਦਗੀ ਸੰਘਰਸ਼ਮਈ ਅਤੇ ਜ਼ਿੰਦਗੀ ਦੇ ਯਥਾਰਥ ਦੀ ਹਕੀਕਤ ਬਿਆਨ ਕਰਦੀ ਹੈ ਅਤੇ ਸਾਡੇ ਸਮਾਜ ਦਾ ਅਸਲ ਚਿਹਰਾ ਪੂਰੀ ਬੇਬਾਕੀ ਨਾਲ ਨੰਗਾ ਕਰਦੀ ਹੈ। ਖੂਨੀ ਰਿਸ਼ਤੇ ਹੋਣ ਜਾਂ ਨੇੜਲੇ ਲੋਕ, ਉਨ੍ਹਾਂ ਵਿਚਾਲੇ ਸਵਾਰਥਪੁਣਾ ਕਿਸ ਹੱਦ ਤੱਕ ਘਰ ਕਰ ਚੁੱਕਿਆ ਹੈ, ਇਨ੍ਹਾਂ ਕਹਾਣੀਆਂ ਦੇ ਪਾਤਰਾਂ ਦੇ ਰੂ-ਬ-ਰੂ ਹੋ ਕੇ ਪਤਾ ਲਗਦਾ ਹੈ। ਸਾਰੀਆਂ ਹੀ ਕਹਾਣੀਆਂ ਭੱਖਦੇ ਵਿਸ਼ਿਆਂ ਨੂੰ ਛੂਹਣ ਵਾਲੀਆਂ, ਇਕਹਰੇ ਕਲੇਵਰ ਵਾਲੀਆਂ ਅਤੇ ਰੋਚਕ ਕਹਾਣੀਆਂ ਹਨ ਲੇਕਿਨ 'ਦੇਸ-ਪਰਦੇਸ' ਕਹਾਣੀ ਦੇ ਪਾਤਰਾਂ ਵਿਚਾਲੇ ਸੰਵਾਦ, ਉਨ੍ਹਾਂ ਦਾ ਦਵੰਦ ਅਤੇ ਕਹਾਣੀ ਵਿਚਲੇ ਮੋੜ ਕਹਾਣੀ ਨੂੰ ਖ਼ਾਸ ਬਣਾਉਂਦੇ ਹਨ। ਭਾਸ਼ਾ ਸ਼ੈਲੀ ਵਿਚ ਮਲਵਈ ਮੁਹਾਵਰਾ ਅਤੇ ਪੇਂਡੂ ਵਾਤਾਵਰਨ ਦੀ ਮੰਜ਼ਰਕਸ਼ੀ ਵਧੀਆ ਹੈ। ਕਹਾਣੀਕਾਰ ਨੇ ਕਹਾਣੀਆਂ ਰਾਹੀਂ ਸਮਾਜ ਦੀ ਅਸਲ ਤਸਵੀਰ ਦਿਖਾ ਕੇ ਆਪਣਾ ਲੇਖਕੀ ਧਰਮ ਬਾਖੂਬੀ ਨਾਲ ਨਿਭਾਇਆ ਹੈ।
c c c
ਨੀਨਿਆ
ਲੇਖਕ : ਏਕਮ
ਪ੍ਰਕਾਸ਼ਕ : ਰਹਾਉ ਪਬਲੀਕੇਸ਼ਨ, ਨਿਹਾਲ ਸਿੰਘ ਵਾਲਾ
ਮੁੱਲ : 325 ਰੁਪਏ, ਸਫ਼ੇ : 204
ਸੰਪਰਕ : 94785-89657

ਕਹਾਣੀਕਾਰ ਏਕਮ ਦੇ ਪਲੇਠੇ ਕਹਾਣੀ ਸੰਗ੍ਰਹਿ ਵਿਚ ਸ਼ਾਮਿਲ 9 ਕਹਾਣੀਆਂ ਸ਼ੁਰੂ ਤੋਂ ਲੈ ਕੇ ਆਖ਼ੀਰ ਤੱਕ ਵਿਸ਼ਵ ਪ੍ਰਸਿੱਧ ਕਹਾਣੀਕਾਰ ਦੋਸਤੋਵਸਕੀ ਦੀ ਕਹਾਣੀ ਕਲਾ ਅਤੇ ਉਹੋ ਜਿਹੀ ਮਾਨਸਿਕਤਾ ਵਾਲੇ ਪਾਤਰਾਂ ਦੇ ਇਰਦ ਗਿਰਦ ਬੁਣੀਆ ਗਈਆਂ ਕਹਾਣੀਆਂ ਹਨ। ਪੰਜਾਬੀ ਵਿਚ ਅਜਿਹਾ ਰੁਝਾਨ ਨਿਵੇਕਲਾ ਹੋ ਸਕਦਾ ਹੈ, ਪਰ ਹੋਰ ਭਾਸ਼ਾਵਾਂ ਲਈ ਨਵਾਂ ਨਹੀਂ। ਇਹ ਕਹਾਣੀਆਂ ਕਿਸੇ ਸਮਾਜਿਕ, ਆਰਥਿਕ, ਇਤਿਹਾਸਕ, ਰਾਜਨੀਤਕ ਜਾਂ ਸੱਭਿਆਚਾਰਕ ਯਥਾਰਥ, ਵਿਡੰਬਨਾ , ਤਣਾਅ ਜਾਂ ਦਵੰਦ ਤੇ ਆਧਾਰਿਤ ਨਾ ਹੋ ਕੇ ਵਿਸ਼ੇਸ਼ ਪਾਤਰ ਦੇ ਮਨੋਵਿਗਿਆਨਕ ਧਰਾਤਲ ਤੇ ਵਿਚਰਦੀਆਂ ਹਨ ਅਤੇ ਉਸ ਦੇ ਮਾਧਿਅਮ ਨਾਲ ਪਰਿਸਥਤੀਆਂ ਦਾ ਵਿਸ਼ਲੇਸ਼ਣ ਕਰਦੀਆਂ ਹਨ। ਉੱਤਮ ਪੁਰਖੀ ਸ਼ੈਲੀ ਵਿਚ ਮੈਂ ਪਾਤਰ ਕਈ ਥਾਂ ਏਕਮ (ਕਹਾਣੀਕਾਰ ਦਾ ਨਾਂਅ) ਲਿਖਦਾ ਹੈ। ਇੰਜ ਇਹ ਕਹਾਣੀਆਂ ਆਤਮਕਥਾਤਮਕ, ਸੰਸਮਰਣਾਤਮਿਕ ਵੀ ਹੋ ਨਿਬੜਦੀਆਂ ਹਨ। ਕੋਹਿਨੂਰ ਦੀ ਨੂਰਾਂ ਅਤੇ ਮੈਂ ਪਾਤਰ , ਪੰਜਾਬ ਦੇ ਅੱਤਵਾਦ ਦੇ ਦੌਰ ਦਾ ਅਹਿਸਾਸ ਕਰਾਉਂਦਾ ਲੇਖਕ ਸੁਪਨ ਭੰਗ ਦੀ ਅਵਸਥਾ ਵਿਚ ਕਹਾਣੀ ਲੈ ਆਉਂਦਾ ਹੈ। ਹੱਕ ਪਰਾਇਆ ਨਾਨਕਾ ਵਿਚ ਸਕੂਲ/ ਕਾਲਜਾਂ/ ਯੂਨੀਵਰਸਿਟੀਆਂ ਅਤੇ ਵਿਆਹ ਸ਼ਾਦੀਆਂ ਮੌਕੇ 'ਤੇ ਜਾਤ-ਪਾਤ ਦੀ ਸਮੱਸਿਆ ਨੂੰ ਉਭਾਰਦਾ ਹੈ। ਏਂਜਲ-ਪਰੀ ਮੇਰੀ, ਮਾਡਰਨ, ਕਾਊਂਸਲਰ, ਦੋਸਤੋਵਸਕੀ ਅਤੇ ਲਗਭਗ 50 ਸਫ਼ਿਆਂ ਲੰਮੀ ਕਹਾਣੀ ਨੀਨਿਆ ਇੱਕੋ ਪਿੱਠਭੂਮੀ, ਇੱਕੋ ਬਿਮਾਰ ਮਾਨਸਿਕਤਾ ਵਾਲੇ ਪਾਤਰ ਨੂੰ ਕੇਂਦਰ ਵਿਚ ਰੱਖ ਕੇ ਲਿਖੀਆਂ ਗਈਆਂ ਹਨ। ਏਂਜਲ-ਪਰੀ ਮੇਰੀ ਦੇ ਕਥਾਨਕ ਨੂੰ ਦੋਸਤੋਵਸਕੀ ਅਤੇ ਨੀਨਿਆ ਕਹਾਣੀਆਂ ਵਿਚ ਪਾਤਰ ਬਦਲ ਕੇ , ਦੂਸਰੇ ਪਾਤਰ ਨੂੰ ਸੁਨਾਉਣਾ, ਇਹ ਦੁਹਰਾਅ ਇੱਕੋ ਪਾਤਰ ਦੀ ਮਾਨਸਿਕਤਾ ਦਾ ਪ੍ਰਗਟਾਅ ਮਾਤਰ ਹਨ। ਇਨ੍ਹਾਂ ਵਿਚ ਬੇਲੋੜਾ ਵਿਸਥਾਰ ਕਹਾਣੀ ਵਿਚ ਠਹਿਰਾਅ ਪੈਦਾ ਕਰਦਾ ਹੈ। ਨੀਨਿਆ ਕਹਾਣੀ ਵਿਚ ਦਸ ਹਜ਼ਾਰ ਰੁਪਏ ਖ਼ਰਚ ਕਰਕੇ ਸੱਦੀ ਗਈ ਕਾਲ ਗਰਲ ਨਾਲ ਸਾਰੀ ਰਾਤ ਪਹਿਲੀ ਦੋ ਕਹਾਣੀਆਂ ਵਾਲੀ ਪਾਤਰ ਏਂਜਲ ਦਾ ਹੀ ਦੁੱਖੜਾ ਦਸੱਣਾ ਅਤੇ ਇਕ ਰਾਤ ਵਿਚ ਦੋਸੋਵਸਕੀ ਦੀ 'ਚਿੱਟੀਆਂ ਰਾਤਾਂ' ਤੋਂ ਪ੍ਰਭਾਵਿਤ ਹੋ ਕੇ ਕਾਲ ਗਰਲ ਵਾਲਾ ਧੰਧਾ ਛੱਡ ਕੇ ਨੀਨਿਆ ਵਲੋਂ ਆਪਣਾ ਚਾਹ ਕਾਫੀ ਦਾ ਕਾਰੋਬਾਰ ਸ਼ੁਰੂ ਕਰਨਾ, (ਇਸ ਲਈ ਅਨਜਾਣ ਕਾਲ ਗਰਲ ਨੂੰ ਦਸ ਹਜ਼ਾਰ ਰਾਤ ਦੀ ਪੇਮੇਂਟ ਅਤੇ ਪੰਜਾਹ ਹਜ਼ਾਰ ਵਖਰੇ ਤੌਰ 'ਤੇ ਦੇ ਕੇ) ਇਨ੍ਹਾਂ ਵਿਚ ਕਹਾਣੀਕਾਰ ਇੱਛਤ ਯਥਾਰਥ ਦੀ ਪ੍ਰਾਪਤੀ ਲਈ ਮਨੋਵਿਗਿਆਨਕ ਜੁਗਤਾਂ ਵਰਤਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਲੇਖਕ ਨੇ ਮਜਬੂਰੀਵਸ਼ ਦੇਹ ਵਪਾਰ ਵਿਚ ਸ਼ਾਮਿਲ ਲੜਕੀਆਂ ਨੂੰ ਇੱਜ਼ਤਦਾਰ ਜੀਵਨ ਗੁਜਾਰਨ ਲਈ ਇਸ਼ਾਰਾ ਕੀਤਾ ਹੈ। ਉਨ੍ਹਾਂ ਨੂੰ ਕਿਤਾਬਾਂ ਨਾਲ ਜੁੜਣ ਲਈ ਪ੍ਰੇਰਿਆ ਹੈ। ਕਹਾਣੀਕਾਰ ਵਲੋਂ ਸਿਰਜੇ ਗਏ ਬਿਰਤਾਂਤ, ਮਾਨਸਿਕ ਚਿੱਤਰਣ, ਮਨੋਬਚਨੀ ਵਾਰਤਾਲਾਪ ਅਤੇ ਉੱਤਮ ਪੁਰਖੀ ਵਿਧੀ ਰਾਹੀਂ ਕਹਾਣੀਆਂ ਵਿਚ ਰੌਚਕਤਾ ਪੈਦਾ ਹੁੰਦੀ ਹੈ। ਇੱਕੋ ਪਾਤਰ ਨੂੰ ਲੜੀ ਦਰ ਲੜੀ ਕਹਾਣੀਆਂ ਵਿਚ ਜੋੜਣ ਨਾਲੋਂ ਇਸ ਨੂੰ ਨਾਵਲ ਵਿਚ ਢਾਲਣਾ ਵਧੇਰੇ ਕਾਰਗਰ ਹੋ ਸਕਦਾ ਸੀ।
-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964






























































































.jpg)













































































































