JALANDHAR WEATHER

13-02-26

 ਅਸਲ ਸੱਚਾਈ ਬਿਆਨ ਕਰਦਾ ਲੇਖ

6 ਫਰਵਰੀ ਨੂੰ 'ਅਜੀਤ' ਦੇ ਐਡੀਟੋਰੀਅਲ ਪੰਨੇ 'ਤੇ ਲੇਖਕ ਮਨਜੀਤ ਮਾਨ ਵਲੋਂ ਲਿਖੇ ਗਏ ਲੇਖ 'ਪੰਜਾਬ ਵਿਚ ਵਧ ਰਿਹੈ ਜੀਭ ਵਾਲੀ ਗੋਲੀ ਦਾ ਅਮਲ' ਪੜ੍ਹਿਆ ਜੋ ਕਿ ਬਹੁਤ ਹੀ ਜਾਣਕਾਰੀ ਵਾਲਾ ਤੇ ਅਸਲ ਸਚਾਈ ਨੂੰ ਬਿਆਨ ਕਰਦਾ ਸੀ। ਪੰਜਾਬ ਅੰਦਰ ਜੀਭ ਵਾਲੀ ਗੋਲੀ ਲੈਣ ਦੇ ਅਮਲ ਦਾ ਵਧਣਾ ਇਕ ਚਿੰਤਾ ਦਾ ਵਿਸ਼ਾ ਹੈ।
ਅੱਜ ਦੇ ਸਮੇਂ 'ਚ ਨਸ਼ਾ ਕਿਸੇ ਇਕ ਦੇਸ਼ ਦੀ ਸਮੱਸਿਆ ਨਹੀਂ, ਸਗੋਂ ਹਰ ਦੇਸ਼ ਦੀ ਸਮੱਸਿਆ ਬਣ ਗਿਆ ਹੈ। ਨਸ਼ਿਆ ਨੂੰ ਖ਼ਤਮ ਕਰਨ ਲਈ ਭਾਵੇਂ ਹਰ ਸਰਕਾਰ ਨੇ ਯਤਨ ਕੀਤੇ, ਪਰ ਪੂਰੀ ਸਫ਼ਲਤਾ ਹੱਥ ਨਾ ਲੱਗੀ।
ਪੰਜਾਬ 'ਚ ਸਰਕਾਰ ਵਲੋਂ ਓਟ ਸੈਂਟਰ ਖੋਲ੍ਹ ਕੇ ਇਸ ਵਿਚ ਨਸ਼ਿਆਂ ਦੇ ਮਰੀਜ਼ਾਂ ਨੂੰ ਨਸ਼ਾ ਛੁਡਵਾਉਣ ਦੇ ਲਈ ਜੀਭ ਹੇਠਾਂ ਰੱਖਣ ਵਾਲੀ ਗੋਲੀ ਦਿੱਤੀ ਜਾਂਦੀ ਹੈ ਤਾਂ ਜੋ ਮਰੀਜ਼ ਜੋ ਵੀ ਨਸ਼ਾ ਕਰਦਾ ਹੈ ਉਸ ਦੀ ਤੋੜ ਨੂੰ ਇਸ ਗੋਲੀ ਦੀ ਸਹਾਇਤਾ ਨਾਲ ਹੌਲੀ-ਹੌਲੀ ਛੁਡਵਾਇਆ ਜਾ ਸਕੇ, ਪਰ ਨਸ਼ਾ ਕਰਨ ਵਾਲੇ ਨਸ਼ੇ ਦੇ ਬਦਲ ਵਜੋਂ ਹੀ ਇਸ ਗੋਲੀ ਨੂੰ ਖਾਣ ਲੱਗ ਪਏ ਹਨ। ਇਸ ਗੋਲੀ ਦੇ ਲਗਾਤਾਰ ਖਾਣ ਨਾਲ ਸਰੀਰ 'ਤੇ ਮਾੜ੍ਹਾ ਅਸਰ ਪੈਂਦਾ ਹੈ। ਜਿਸ ਲਈ ਸਾਡੀਆਂ ਸਰਕਾਰਾਂ ਨੂੰ ਇਸ ਗੰਭੀਰ ਸਮੱਸਿਆ ਪ੍ਰਤੀ ਵਿਸ਼ੇਸ਼ ਧਿਆਨ ਦੇ ਕੇ ਇਸ ਦਾ ਕੋਈ ਹੱਲ ਕੱਢਣਾ ਚਾਹੀਦਾ ਹੈ।

-ਇੰਜੀ : ਲਖਵਿੰਦਰ ਪਾਲ ਗਰਗ
ਪਿੰਡ ਤੇ ਡਾਕਖ਼ਾਨਾ : ਘਰਾਚੋਂ, (ਸੰਗਰੂਰ)

ਸਫ਼ਲ ਜੀਵਨ ਦੀ ਕੁੰਜੀ ਹੈ ਮਾਨਸਿਕ ਸੁਕੂਨ

ਮਾਨਸਿਕ ਸੁਕੂਨ ਜੀਵਨ ਵਿਚ ਅੰਦਰੂਨੀ ਅਮਨ ਅਤੇ ਸੰਤੁਸ਼ਟੀ ਦੀ ਉਹ ਅਵਸਥਾ ਹੈ ਜਦੋਂ ਸਾਡਾ ਮਨ ਚਿੰਤਾ, ਡਰ ਅਤੇ ਬੇਚੈਨੀ ਤੋਂ ਮੁਕਤ ਹੁੰਦਾ ਹੈ। ਇਹ ਉਹ ਅਨੁਭਵ ਹੈ ਜਿਸ ਵਿਚ ਹਰ ਕੰਮ ਸ਼ਾਂਤ ਚਿਤ ਅਤੇ ਧੀਰਜ ਨਾਲ ਕੀਤਾ ਜਾ ਸਕਦਾ ਹੈ।
ਮਾਨਸਿਕ ਸੁਕੂਨ ਪ੍ਰਾਪਤ ਕਰਨ ਲਈ ਮਨ ਨੂੰ ਨਿਰਵਿਕਾਰ ਬਣਾਉਣਾ ਬਹੁਤ ਜ਼ਰੂਰੀ ਹੈ। ਮਾਨਸਿਕ ਸੁਕੂਨ ਸਿਰਫ਼ ਬਾਹਰੀ ਸਫਲਤਾਵਾਂ ਨਾਲ ਹੀ ਨਹੀਂ ਮਿਲਦਾ, ਸਗੋਂ ਅੰਦਰੋਂ ਖੁਸ਼ ਰਹਿਣ ਅਤੇ ਆਪਣੇ ਜੀਵਨ ਨਾਲ ਸੰਤੁਸ਼ਟ ਹੋਣ ਨਾਲ ਪ੍ਰਾਪਤ ਹੁੰਦਾ ਹੈ। ਜਦੋਂ ਮਨ ਸਾਫ਼ ਅਤੇ ਸ਼ਾਂਤ ਹੁੰਦਾ ਹੈ, ਤਾਂ ਜੀਵਨ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਵੀ ਵੱਡੀਆਂ ਅਤੇ ਅਰਥਪੂਰਨ ਲੱਗਣ ਲੱਗ ਪੈਂਦੀਆਂ ਹਨ।

- ਸਤਵਿੰਦਰ ਕੌਰ ਮੱਲੇਵਾਲ

ਕੁਦਰਤ ਦਾ ਅਨੰਦ ਮਾਣੋ

ਹਰ ਇਨਸਾਨ ਨੂੰ ਜ਼ਿੰਦਗੀ ਦੇ ਕਾਰ ਵਿਹਾਰ ਛੱਡ ਕੇ ਕੁਝ ਪਲ ਕੁਦਰਤ ਨਾਲ ਸਾਂਝ ਪਾਉਣੀ ਚਾਹੀਦੀ ਹੈ ਜੋ ਧਰਤੀ 'ਤੇ ਖਿੜੀ ਕੁਦਰਤ ਦੀ ਫੁਲਵਾੜੀ ਦਾ ਅਨੰਦ ਮਾਣਿਆ ਜਾ ਸਕੇ। ਸਾਨੂੰ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਪਲਾਂ 'ਚੋਂ ਕੁਝ ਪਲ ਕੱਢ ਕੇ ਕੁਦਰਤ ਨਾਲ ਬਿਤਾਉਣੇ ਚਾਹੀਦੇ ਹਨ। ਇਸ ਨਾਲ ਤੁਹਾਡੀ ਜ਼ਿੰਦਗੀ ਨੂੰ ਆਰਾਮ ਮਿਲੇਗਾ।
ਜਦੋਂ ਵੀ ਸਮਾਂ ਮਿਲੇ ਆਪਣੇ ਆਲੇ-ਦੁਆਲੇ ਖਿੜੇ ਫੁੱਲਾਂ ਦਾ ਆਨੰਦ ਮਾਣੋ, ਪਸ਼ੂ ਪੰਛੀਆਂ ਨੂੰ ਪਿਆਰ ਕਰੋ, ਗਾਹੇ-ਬਗਾਹੇ ਲੋੜਵੰਦਾਂ ਦੀ ਵਿੱਤ ਮੁਤਾਬਕ ਮਦਦ ਕਰੋ। ਇੰਝ ਕਰਨ ਨਾਲ ਜ਼ਿੰਦਗੀ ਫੁੱਲਾਂ ਵਾਂਗ ਹੌਲ਼ੀ ਜਾਪੇਗੀ, ਕਿਉਂਕਿ ਇਨਸਾਨ ਵੀ ਕੁਦਰਤ ਦਾ ਇਕ ਨਿੱਕਾ ਜਿੰਨਾ ਹਿੱਸਾ ਹੈ। ਪਰ ਅਫ਼ਸੋਸ! ਇਨਸਾਨ ਖ਼ੁਦ ਨੂੰ ਕੁਦਰਤ ਦਾ ਮਾਲਕ ਸਮਝ ਬੈਠਾ ਹੈ। ਜੋ ਇਨਸਾਨ ਦੇ ਦੁੱਖਾਂ ਦੀ ਵਜ੍ਹਾ ਹੈ। ਜਿਸ ਦਾ ਇਨਸਾਨ ਨੂੰ ਤਿਆਗ ਕਰਨਾ ਚਾਹੀਦਾ ਹੈ। ਖ਼ੁਦ ਨੂੰ ਕੁਦਰਤ ਦਾ ਅੰਗ ਸਮਝ ਕੇ ਕੁਦਰਤ ਪਿਆਰ ਕਰੋ। ਫਿਰ ਵੇਖਿਓ! ਜ਼ਿੰਦਗੀ ਦਾ ਅਨੰਦ ਕਿੰਝ ਆਉਂਦਾ ਹੈ।

-ਲੈਕਚਰਾਰ ਅਜੀਤ ਖੰਨਾ
ਐੱਮ.ਏ., ਐੱਮ.ਫਿੱਲ., ਐੱਮ.ਜੇ.ਐੱਮ.ਸੀ., ਬੀ.ਐੱਡ।

ਖ਼ਤਰਨਾਕ ਹੈ ਜਾਤੀਵਾਦੀ ਸੋਚ

ਸਮਾਜ ਵਿਚ ਵਧ ਰਹੀ ਜਾਤੀਵਾਦੀ ਸੋਚ ਸਮਾਜਿਕ ਸਾਂਝ ਦੇ ਲਈ ਬਹੁਤ ਖ਼ਤਰਨਾਕ ਹੈ। ਅੱਜ ਵੀ ਕਈ ਨੇਤਾਵਾਂ ਅਤੇ ਲੋਕਾਂ ਦੇ ਮਨਾਂ ਵਿਚ ਜਾਤੀ ਆਧਾਰਿਤ ਭੇਦਭਾਵ ਡੂੰਘਾ ਵਸਿਆ ਹੋਇਆ ਹੈ। ਇਹ ਦੂਜਿਆਂ ਦਾ ਬੈਂਡ ਵਜਾਉਣ ਦੇ ਲਈ ਤੱਤਪਰ ਰਹਿੰਦੇ ਹਨ।
ਭਾਵੇਂ ਦਲਿਤ ਸਮਾਜ ਦੇ ਪ੍ਰਤੀਨਿਧੀ ਲੋਕਤੰਤਰਿਕ ਤਰੀਕੇ ਨਾਲ ਚੋਣਾਂ ਜਿੱਤ ਕੇ ਅੱਗੇ ਆ ਰਹੇ ਹਨ, ਪਰ ਉਨ੍ਹਾਂ ਨੂੰ ਅਜੇ ਵੀ ਹੰਕਾਰ ਅਤੇ ਤੌਹੀਨ ਭਰੇ ਸ਼ਬਦਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਕਈ ਵਾਰ ਉਨ੍ਹਾਂ ਨੂੰ ਉਨ੍ਹਾਂ ਦੇ ਪੁਰਾਣੇ ਕਿੱਤਿਆਂ (ਪੈਰ ਦੀ ਜੁੱਤੀ, ਅਜੀਬਮਟੀਰੀਅਲ) ਨਾਲ ਜੋੜ ਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੋ ਬਹੁਤ ਦੁਖਦਾਈ ਹੈ। ਇਹ ਰੁਝਾਨ ਗੁਰੂ ਸਾਹਿਬਾਨਾਂ ਦੀ ਸਿੱਖਿਆ ਦੇ ਉਲਟ ਹੈ ਤੇ ਸਮਾਜਿਕ ਸਾਂਝ ਲਈ ਖ਼ਤਰਾ ਹੈ। ਲੋਕਤੰਤਰ ਦੀ ਅਸਲ ਖ਼ੂਬਸੂਰਤੀ ਹੀ ਇਹ ਹੈ ਕਿ ਹਰ ਵਿਅਕਤੀ ਨੂੰ ਬਰਾਬਰ ਸਨਮਾਨ ਅਤੇ ਸਤਿਕਾਰ ਮਿਲੇ। ਇਸ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆ ਕੇ ਅਜਿਹੀ ਜਾਤੀਵਾਦੀ ਸੋਚ ਦਾ ਵਿਰੋਧ ਕਰਨਾ ਚਾਹੀਦਾ ਹੈ।
ਪ੍ਰਸ਼ਾਸਨ ਅਤੇ ਜਾਗਰੂਕ ਨਾਗਰਿਕਾਂ ਨੂੰ ਵੀ ਅਜਿਹੇ ਭੇਦਭਾਵ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

-ਪ੍ਰੋ. ਮਨਜੀਤ ਤਿਆਗੀ
'ਸਟੇਟ ਐਵਾਰਡੀ', ਮਾਲੇਰਕੋਟਲਾ।

ਅਖ਼ਬਾਰ ਪੜ੍ਹਨ ਦੀ ਆਦਤ ਪਾਓ

ਅੱਜਕਲ੍ਹ ਲੋਕਾਂ ਵਿਚ ਅਖ਼ਬਾਰ ਪੜ੍ਹਨ ਦਾ ਰੁਝਾਨ ਬਹੁਤ ਘਟ ਗਿਆ ਹੈ। ਜੇਕਰ ਅਸੀਂ ਸੋਸ਼ਲ ਮੀਡੀਆ ਆਉਣ ਤੋਂ ਪਹਿਲਾਂ ਦੀ ਗੱਲ ਕਰੀਏ, ਸਾਰੇ ਪਿੰਡਾਂ, ਸ਼ਹਿਰਾਂ, ਕਸਬਿਆਂ, ਧਾਰਮਿਕ ਅਸਥਾਨਾਂ, ਸਰਕਾਰੀ ਦਫਤਰਾਂ ਤੋਂ ਇਲਾਵਾ ਹੋਰ ਪਬਲਿਕ ਥਾਵਾਂ ਅਤੇ ਕਰੀਬ ਘਰ-ਘਰ ਅਖ਼ਬਾਰ ਆਉਂਦੇ ਹੁੰਦੇ ਸਨ।
ਅਖਬਾਰਾਂ ਵਿਚ ਲੋਕਾਂ ਲਈ ਸਾਰੇ ਵਿਸ਼ਿਆਂ, ਮੁੱਦਿਆਂ ਅਤੇ ਹਰ ਤਰ੍ਹਾਂ ਦੀ ਖੇਤਬਾੜੀ, ਵਪਾਰ, ਪੜ੍ਹਾਈ ਬਾਰੇ ਜਾਣਕਾਰੀ ਪੜ੍ਹਨ ਲਈ ਮਿਲਦੀ ਸੀ। ਲੋਕਾਂ ਨੂੰ ਸਹੀ ਅਤੇ ਪੂਰੀ ਪੂਰੀ ਜਾਣਕਾਰੀ ਪ੍ਰਾਪਤ ਹੁੰਦੀ ਸੀ। ਅਖਬਾਰਾਂ ਵਿਚ ਜੋ ਵੀ ਖਬਰਾਂ, ਲੇਖ ਛਪਦਾ ਹੈ, ਓਹ ਪੂਰੀ ਜਾਣਕਾਰੀ ਅਤੇ ਭਰੋਸੇਯੋਗਤਾ ਤੋਂ ਬਾਅਦ ਛਾਪਿਆ ਜਾਂਦਾ ਹੈ। ਝੂਠ ਅਤੇ ਅਫਵਾਹਾਂ ਨਹੀਂ ਫੈਲਾਈਆਂ ਜਾਂਦੀਆਂ।
ਸਾਡੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਓਹ ਆਪਣੇ ਘਰਾਂ ਵਿਚ ਅਖ਼ਬਾਰ ਲਗਵਾਉਣ ਆਪ ਪੜ੍ਹਨ, ਆਪਣੇ ਬੱਚਿਆਂ ਅਤੇ ਸਾਰੇ ਪਰਿਵਾਰ ਨੂੰ ਪੜ੍ਹਨ ਲਈ ਪ੍ਰੇਰਿਤ ਕਰਦਿਆਂ ਮੋਬਾਈਲ ਤੇ ਸੋਸ਼ਲ ਮੀਡੀਆ ਤੋਂ ਆਪਣੇ ਬੱਚਿਆਂ ਨੂੰ ਦੂਰ ਰੱਖਣ। ਬਹੁਤ ਸਾਰੇ ਦੇਸ਼ਾਂ ਨੇ ਬੱਚਿਆਂ ਦੇ ਸੋਸ਼ਲ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ ਹੈ। ਆਓ, ਆਪਾਂ ਸਾਰੇ ਰਲ ਕੇ ਅਖ਼ਬਾਰ, ਪੜ੍ਹਨ ਦੀ ਮੁਹਿੰਮ ਚਲਾ ਕੇ ਆਪਣੇ ਬੱਚਿਆਂ ਨੂੰ ਮੋਬਾਈਲ ਅਤੇ ਸੋਸ਼ਲ ਮੀਡੀਆ ਤੋਂ ਬਚਾਈਏ!

-ਗੁਰਤੇਜ ਸਿੰਘ ਖੁਡਾਲ
ਗਲੀ ਨੰਬਰ -11, ਭਾਗੂ ਰੋਡ, ਬਠਿੰਡਾ।