05-04-26
18ਵੀਂ ਸ਼ਤਾਬਦੀ ਦੇ ਸਿੱਖ
ਸੰਘਰਸ਼, ਸ਼ਹਾਦਤਾਂ ਅਤੇ ਸੱਤਾ
ਲੇਖਕ : ਦਵਿੰਦਰ ਪਾਲ ਸਿੰਘ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ।
ਮੁੱਲ : 300 ਰੁਪਏ, ਸਫੇ : 151
ਸੰਪਰਕ : 63940-26844

ਵਿਚਾਰਾਧੀਨ ਪੁਸਤਕ ਦੇ ਲੇਖਕ ਦਵਿੰਦਰਪਾਲ ਸਿੰਘ ਸਟੇਟ ਬੈਂਕ ਆਫ਼ ਇੰਡੀਆ ਦੇ ਸੇਵਾਮੁਕਤ ਅਧਿਕਾਰੀ ਹਨ ਜੋ ਲਖਨਊ ਦੇ ਪੱਕੇ ਵਸਨੀਕ ਹਨ। ਉਸ ਨੇ ਇਹ ਕਿਤਾਬ ਪਹਿਲਾਂ ਹਿੰਦੀ ਵਿਚ ਲਿਖੀ ਸੀ। ਹੁਣ ਇਸ ਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ। ਲੇਖਕ ਨੇ ਇਸ ਦੀਆਂ ਘਟਨਾਵਾਂ ਇਤਿਹਾਸਕ ਦ੍ਰਿਸ਼ਟੀ ਤੋਂ ਸਿੱਖਾਂ ਦੇ ਸੰਘਰਸ਼, ਕੁਰਬਾਨੀਆਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਸਥਾਪਤ ਕਰਨ ਤੱਕ ਬੜੀ ਮਿਹਨਤ ਨਾਲ ਉਲੀਕੀਆਂ ਹਨ। ਇਸ ਪੁਸਤਕ ਨੂੰ ਮੁੱਖ 9 ਅਧਿਆਵਾਂ ਵਿਚ ਵੰਡ ਕੇ (1708-1725, 1726-32, 1733-39, 1740-46, 1747-53, 1754-61, 1762-1765, 1766-83) ਤੱਕ ਅਤੇ ਅੱਗੋਂ ਸਿੱਖ ਮਿਸਲਾਂ ਦੀ ਏਕਤਾ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਕੌਮ ਦੇ ਸੁਨਹਿਰੀ ਯੁੱਗ ਤੱਕ ਉਲੀਕਿਆ ਹੈ। ਵੱਖ-ਵੱਖ ਇਤਿਹਾਸਕ ਘਟਨਾਵਾਂ ਨੂੰ, ਵੱਖ-ਵੱਖ ਇਤਿਹਾਸਕਾਰਾਂ ਦੇ ਹਵਾਲਿਆਂ ਨਾਲ ਡੂੰਘੀ ਖੋਜ ਦ੍ਰਿਸ਼ਟੀ ਨਾਲ ਪੇਸ਼ ਕੀਤਾ ਹੈ। ਧਾਰਮਿਕ ਅਤੇ ਕੁਰਬਾਨੀਆਂ ਦੇਣ ਵਾਲੇ ਗੁਰਸਿੱਖਾਂ ਦੀਆਂ ਸੰਖੇਪ ਜੀਵਨੀਆਂ ਦਿੱਤੀਆਂ ਨੇ। ਦੱਸਿਆ ਗਿਆ ਹੈ ਕਿ ਕਿਵੇਂ ਮੁਗ਼ਲਾਂ, ਅਫ਼ਗਾਨੀਆਂ (ਅਬਦਾਲੀਆਂ) ਆਦਿ ਨੇ ਸਿੱਖਾਂ ਨੂੰ ਜ਼ੁਲਮ ਤਸੀਹੇ ਦਿੱਤੇ। ਮੌਤ ਦੇ ਘਾਟ ਉਤਾਰਿਆ। ਸਿੱਖ ਕਿਵੇਂ ਜੰਗਲਾਂ, ਪਹਾੜਾਂ, ਰੇਤਲੇ ਇਲਾਕਿਆਂ ਵਿਚ ਪਨਾਹ ਲੈਂਦੇ ਰਹੇ। ਧਾੜਵੀਆਂ ਉਤੇ ਗੁਰੀਲਾ ਹਮਲੇ ਕਰਦੇ ਰਹੇ। ਅਤਿ ਦੇ ਜ਼ੁਲਮਾਂ ਵਿਚ ਸਿੱਖ ਅਡੋਲ ਰਹੇ। ਵਾਹਿਗੁਰੂ ਦਾ ਭਾਣਾ ਮੰਨਦੇ ਰਹੇ। ਵਿਲੱਖਣ ਗੱਲ ਇਹ ਹੈ ਕਿ ਭਗਤੀ-ਸ਼ਕਤੀ, ਮੀਰੀ-ਪੀਰੀ, ਸੰਤ-ਸਿਪਾਹੀ ਆਦਿ ਦਾ ਸਿਧਾਂਤਕ ਸੁਮੇਲ ਹੈ, ਇਹ ਪੁਸਤਕ। ਹਿੰਦੂ, ਸਿੱਖ ਪਤਨੀਆਂ ਅਤੇ ਬੱਚਿਆਂ ਦੀ ਰੱਖਿਆ ਕਰਦੇ ਰਹੇ। ਧਾੜਵੀ ਲਾਲਚ ਦਿੰਦੇ ਸਨ-ਇਸਲਾਮ ਕਬੂਲ ਕਰੋ, ਜਾਗੀਰਾਂ ਪ੍ਰਾਪਤ ਕਰੋ ਜਾਂ ਮੌਤ ਕਬੂਲ ਕਰੋ। ਜਦ ਜ਼ੁਲਮਾਂ ਦੀ ਹੱਦ ਵੱਧ ਜਾਂਦੀ ਹੈ ਤਾਂ ਉਸ ਸਮੇਂ ਸਿੱਖਾਂ ਦਾ ਖੂਨ ਉਬਾਲੇ ਖਾਣ ਲੱਗ ਜਾਂਦਾ। 'ਉਹ ਦਿਨ' ਵਿਚ ਸਿੱਖਾਂ ਨਾਲ ਹਮਦਰਦੀ ਕਰਨ ਵਾਲੇ ਅਤੇ ਜ਼ੁਲਮਾਂ 'ਚ ਸਹਾਇਤਾ ਕਰਨ ਵਾਲੇ ਅਹੁਦੇਦਾਰਾਂ ਦੇ ਨਾਂਅ ਵੀ ਦਿੱਤੇ ਹਨ। ਇਤਿਹਾਸਕ ਘਟਨਾਵਾਂ ਦੇ ਨਾਲ-ਨਾਲ ਭੂਗੋਲਿਕ ਥਾਵਾਂ ਦੀ ਜਾਣਕਾਰੀ ਵੀ ਦਿੱਤੀ ਹੈ, ਕਿਹੜਾ ਸਥਾਨ ਕਿਸ ਸਥਾਨ ਤੋਂ ਕਿੰਨੀ ਦੂਰ ਹੈ। ਅਬਦਾਲੀ ਦੇ ਸਾਰਿਆਂ ਹਮਲਿਆਂ ਦਾ ਜ਼ਿਕਰ ਕੀਤਾ ਹੈ। ਲੁੱਟ-ਮਾਰ ਕਰ ਕੇ ਵਾਪਸ ਚਲਿਆ ਜਾਂਦਾ ਸੀ। ਸਾਰਿਆਂ ਮਹਾਨ ਸ਼ਹੀਦਾਂ ਦੀਆਂ ਹਿਰਦੇਵੇਦਕ ਗੱਲਾਂ ਦੱਸੀਆਂ ਹਨ। ਜ਼ਕਰੀਆ ਖਾਂ, ਯਾਹੀਆ ਖਾਂ, ਮੀਰ-ਮੰਨੂ ਦੇ ਜ਼ੁਲਮਾਂ ਦੀ ਲੰਬੀ ਦਾਸਤਾਂ ਬਿਆਨ ਕੀਤੀ ਹੈ।
ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ।
ਜਿਉਂ ਜਿਉਂ ਮੰਨੂ ਵੱਢਦਾ, ਅਸੀਂ ਦੂਣ ਸਵਾਏ ਹੋਏ। (ਪੰਨਾ : 101)
ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਦੋਹਾਂ ਬਾਰੇ ਬਿਆਨਿਆ ਗਿਆ ਹੈ।
ਹੋਰਾਂ ਤੋਂ ਇਲਾਵਾ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਬਘੇਲ ਸਿੰਘ (ਸਰਦਾਰ) ਆਦਿ ਦੀਆਂ ਬਹਾਦਰੀਆਂ ਦੇ ਜੌਹਰ ਵਿਖਾਏ ਹਨ।
ਸੰਨ 1780 ਈ. ਵਿਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਤੋਂ ਬਾਅਦ ਕੌਮ ਦੀ ਕਿਸਮਤ ਨੂੰ ਭਾਗ ਲੱਗ ਗਏ। ਸੰਨ 1801 ਈ. ਵਿਚ ਪੰਜਾਬ ਦੇ ਕਾਫੀ ਹਿੱਸੇ ਵਿਚ ਕਬਜ਼ਾ ਕਰ ਕੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਚ ਰਣਜੀਤ ਸਿੰਘ ਨੂੰ 'ਮਹਾਰਾਜਾ' ਦਾ ਖਿਤਾਬ ਦੇ ਦਿੱਤਾ ਗਿਆ। ਮਹਾਰਾਜੇ ਦਾ ਜੀਵਨ ਆਖਰੀ ਦਿਨ 27 ਜੂਨ, 1839 ਇਤਿਹਾਸਕ ਦ੍ਰਿਸ਼ਟੀ ਤੋਂ ਸਹੀ ਹੈ। ਅਲਬਾਮਾ ਦੀ ਅਮਰੀਕਨ ਯੂਨੀਵਰਸਿਟੀ ਦੇ ਸਰਵੇਖਣ (2019) ਅਨੁਸਾਰ ਵਿਸ਼ਵ ਦੇ 10 ਉੱਚ ਸ਼ਾਸਨ ਅਧਿਕਾਰੀਆਂ ਦੀ ਸੂਚੀ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਪਹਿਲੇ ਸਥਾਨ 'ਤੇ ਰੱਖਿਆ ਗਿਆ ਹੈ। ਪੰਨਾ : 150
ਇੰਜ ਇਹ ਪੁਸਤਕ 18ਵੀਂ ਸਦੀ ਦੇ ਸਿੱਖ ਇਤਿਹਾਸ ਬਾਰੇ ਇਕ ਮੁੱਲਵਾਨ ਦਸਤਾਵੇਜ਼ ਹੋ ਨਿਬੜੀ ਹੈ।
-ਡਾ. ਧਰਮ ਸਿੰਘ ਵਾਤਿਸ਼
vatishdharamchand@gmail.com
ਸੁਰੀਲੇ ਸਾਜ਼
ਲੇਖਕ : ਜਗਜੀਤ ਸਿੰਘ ਲੱਡਾ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 150 ਰੁਪਏ, ਸਫੇ : 80
ਸੰਪਰਕ : 98555-31045

ਸੱਭਿਆਚਾਰ ਅਤੇ ਗੀਤ-ਸੰਗੀਤ ਦੇ ਖਿੱਤੇ ਵਿਚ ਵੰਨ-ਸੁਵੰਨੇ ਸਾਜ਼ਾਂ ਦੀ ਬਹੁਤ ਅਹਿਮੀਅਤ ਹੈ। ਇਹ ਮਾਨਵੀ ਜੀਵਨ ਵਿਚ ਉਤਸ਼ਾਹ, ਉਮਾਹ, ਖੁਸ਼ੀਆਂ ਖੇੜੇ ਅਤੇ ਤਾਜ਼ਗੀ ਭਰਦੇ ਹੋਏ ਅਨੋਖਾ ਵਾਤਾਵਰਨ ਸਿਰਜਣ ਵਾਲੇ ਸਸਤੇ ਸ੍ਰੋਤ ਹਨ। ਇਸ ਸੰਦਰਭ ਵਿਚ ਭਾਵੇਂ ਵਾਰਤਕ ਰੂਪ ਵਿਚ ਤਾਂ ਅਨੇਕ ਮੌਖਿਕ ਅਤੇ ਖੋਜ ਪੁਸਤਕਾਂ ਉਪਲਬਧ ਹਨ, ਪਰੰਤੂ ਬੱਚਿਆਂ ਨੂੰ ਭਾਂਤ-ਸੁਭਾਂਤ ਦੇ ਸਾਜ਼ਾਂ ਨਾਲ ਤੁਆਰਫ਼ ਕਰਨ ਵਾਲੀ ਸਮੱਗਰੀ ਦਾ ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿਚ ਲਗਭਗ ਅਭਾਵ ਹੀ ਰਿਹਾ ਹੈ। ਜਗਜੀਤ ਸਿੰਘ ਲੱਡਾ ਰਚਿਤ ਪੁਸਤਕ 'ਸੁਰੀਲੇ ਸਾਜ਼' ਇਸੇ ਹੀ ਪ੍ਰਸੰਗ ਵਾਲੀ ਪੁਸਤਕ ਹੈ, ਜਿਸ ਨੂੰ ਵਿਸ਼ੇਸ਼ ਤੌਰ 'ਤੇ ਸਾਜ਼ ਬਣਾਉਣ ਵਾਲਿਆਂ ਲਈ ਸਮਰਪਿਤ ਕੀਤਾ ਗਿਆ ਹੈ।
ਸਮੀਖਿਆ ਅਧੀਨ ਇਸ ਪੁਸਤਕ ਵਿਚ ਦੇਸੀ-ਵਿਦੇਸ਼ੀ ਉਨ੍ਹਾਂ ਸਾਰੇ ਸਾਜ਼ਾਂ ਨੂੰ ਗ਼ਜ਼ਲ-ਵਿਧਾ ਵਿਚ ਬਿਆਨਿਆ ਗਿਆ ਹੈ ਜੋ 'ਅਵਨਧ' ਭਾਵ ਚੋਟਾਂ ਖਾ ਕੇ ਵੱਜਦੇ ਹਨ, 'ਤੰਤੀ' ਭਾਵ ਜਿਨ੍ਹਾਂ ਦੀਆਂ ਤਾਰਾਂ ਦੇ ਮਾਧਿਆਮ ਦੁਆਰਾ ਮਿੱਠੀਆਂ ਸੁਰਾਂ ਦੀ ਉਤਪਤੀ ਹੁੰਦੀ ਹੈ। ਇਨ੍ਹਾਂ ਹੀ ਸਾਜ਼ਾਂ ਦੀ ਸ਼੍ਰੇਣੀ ਵਿਚ 'ਸੁਸ਼ਿਰ' ਭਾਵ ਬਾਂਸਾਂ ਨਾਲ ਸੰਬੰਧਿਤ ਅਤੇ 'ਘਣ' ਸਾਜ਼ਾਂ ਨੂੰ ਵੀ ਸੰਮਿਲਿਤ ਕੀਤਾ ਗਿਆ ਹੈ ਜੋ ਆਪਸ ਵਿਚ ਵੱਜਦੇ ਹੋਏ ਸ਼ੋਰ ਪੈਦਾ ਕਰਦੇ ਹਨ। ਲੇਖਕ ਨੇ ਇਨ੍ਹਾਂ ਸਾਜ਼ਾਂ ਬਾਰੇ ਇੰਟਰਨੈੱਟ ਤੋਂ ਉਪਲਬੱਧ ਸਮੱਗਰੀ ਨੂੰ ਆਧਾਰ ਬਣਾਇਆ ਹੈ। ਇਨ੍ਹਾਂ ਵਿਚੋਂ ਕੁਝ ਵਿਸ਼ੇਸ਼ ਸਾਜ਼ ਜਿਵੇਂ ਢੋਲ, ਢੋਲਕੀ, ਢੱਡ, ਡਫਲੀ, ਤੂੰਬੀ, ਚਿਮਟਾ, ਘੜਾ, ਕਾਟੋ, ਤਬਲਾ, ਬੀਨ, ਵਾਜਾ, ਬੰਸਰੀ, ਸੰਖ, ਸਿਤਾਰ ਅਤੇ ਵਾਇਲਨ ਆਦਿ ਪ੍ਰਚਲਿਤ ਹਨ ਪ੍ਰੰਤੂ ਦੂਜੇ ਪਾਸੇ ਬੱਚਿਆਂ ਵਿਚ ਘੱਟ ਜਾਣੇ ਜਾਣ ਵਾਲੇ ਸਾਜ਼ਾਂ ਬਾਰੇ ਵੀ ਲੇਖਕ ਨੇ ਬਾਲ ਪਾਠਕਾਂ ਨੂੰ ਵਾਕਫੀਅਤ ਕਰਵਾਈ ਗਈ ਹੈ ਜਿਵੇਂ ਹਾਰਪ, ਮੰਜੀਰਾ, ਦਿਲਰੁਬਾ, ਤਾਊਸ, ਤਾਨਪੁਰਾ ਅਤੇ ਦੋ ਤਾਰਾ ਆਦਿ ਸਾਜ਼ਾਂ ਦੇ ਬਹੁਪੱਖੀ ਮਹੱਤਵ ਉਪਰ ਰੌਸ਼ਨੀ ਪਾਈ ਗਈ ਹੈ। ਇਨ੍ਹਾਂ ਸਾਜ਼ਾਂ ਦੇ ਆਕਾਰ, ਬਣਤਰ, ਵਜਾਉਣ ਵਿਧੀ ਅਤੇ ਨਿਕਲਣ ਵਾਲੀ ਆਵਾਜ਼ ਦੇ ਵੇਰਵੇ ਵੀ ਦਿਤੇ ਗਏ ਹਨ। ਇਸ ਪੁਸਤਕ ਦੀ ਪੰਜ ਤੋਂ ਬਾਰਾਂ ਸਾਲਾਂ ਦੀ ਆਯੂ-ਵਰਗ ਦੇ ਬਾਲ ਪਾਠਕਾਂ ਲਈ ਵਿਸ਼ੇਸ਼ ਅਹਿਮੀਅਤ ਹੈ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਚੁੱਪ ਚਾਪ ਜੁਦਾ ਹੋਇਓਂ
ਲੇਖਕ : ਰਾਜ਼ ਗੁਰਦਾਸਪੁਰੀ
ਪ੍ਰਕਾਸ਼ਕ : ਸਹਿਜ ਪਬਲੀਕੇਸ਼ਨਜ਼, ਸਮਾਣਾ
ਮੁੱਲ : 200 ਰੁਪਏ, ਸਫ਼ੇ : 104
ਸੰਪਰਕ : 75089-13308

ਮਿਲਣਾ ਤੇ ਵਿਛੜਨਾ ਕੁਦਰਤ ਦਾ ਦਸਤੂਰ ਹੈ। ਇਹ ਦੋਵੇਂ ਸਮਾਨਅੰਤਰ ਚਲਦੇ ਹਨ ਤੇ ਗੂੜ੍ਹੇ ਵੀ ਦੂਸਰੇ ਦੇ ਮਿਟਣ 'ਤੇ ਹੁੰਦੇ ਹਨ। 'ਚੁੱਪ ਚਾਪ ਵਿਦਾ ਹੋਇਓਂ' ਗ਼ਜ਼ਲ ਸੰਗ੍ਰਹਿ ਵੀ ਅਜਿਹੀਆਂ ਪ੍ਰਸਥਿਤੀਆਂ ਦੀ ਉਪਜ ਹੈ। ਰਾਜ਼ ਗੁਰਦਾਸਪੁਰੀ ਪੰਜਾਬੀ ਗ਼ਜ਼ਲ ਨਾਲ ਜੁੜਿਆ ਪੁਰਾਣਾ ਸ਼ਾਇਰ ਹੈ ਜਿਸ ਨੂੰ ਆਪਣੀ ਜੀਵਨ ਸਾਥਣ ਦੀ ਦੁਨੀਆ ਤੋਂ ਰੁਖ਼ਸਤੀ ਦਾ ਦਰਦ ਸਹਿਣਾ ਪਿਆ ਹੈ। ਅਜਿਹਾ ਦਰਦ ਇਕ ਸ਼ਾਇਰ ਨੂੰ ਸਹਿਣ ਕਰਨਾ ਹੋਰ ਵੀ ਮੁਸ਼ਕਿਲ ਹੁੰਦਾ ਤੇ ਫਿਰ ਸ਼ਬਦ ਹੀ ਉਸ ਦਾ ਆਸਰਾ ਬਣਦੇ ਹਨ। ਇਸ ਗ਼ਜ਼ਲ ਸੰਗ੍ਰਹਿ ਦੀ ਖ਼ੂਬੀ ਹੈ ਕਿ ਇਸ ਵਿਚ ਸ਼ਾਮਿਲ ਤਮਾਮ ਗ਼ਜ਼ਲਾਂ ਇਕੋ ਜ਼ਮੀਨ 'ਤੇ ਲਿਖੀਆਂ ਗਈਆਂ ਹਨ ਭਾਵ ਇਕੋ ਬਹਿਰ ਦਾ ਇਸਤੇਮਾਲ ਕੀਤਾ ਗਿਆ ਹੈ। ਇਨ੍ਹਾਂ ਸਭ ਗ਼ਜ਼ਲਾਂ ਦੀ ਰਦੀਫ਼ 'ਤੇਰੇ ਜਾਣ ਪਿੱਛੋਂ' ਹੀ ਰੱਖੀ ਗਈ ਹੈ। ਇਸ ਰਦੀਫ਼ ਅਤੇ ਜ਼ਮੀਨ 'ਤੇ ਪੰਜਾਬੀ ਗ਼ਜ਼ਲ ਦੇ ਮੋਢੀ ਸ. ਸਾਧੂ ਸਿੰਘ ਹਮਦਰਦ ਤੋਂ ਮੇਰੇ ਤੀਕਰ ਤੇ ਫਿਰ ਹੋਰ ਅਨੇਕਾਂ ਗ਼ਜ਼ਲਕਾਰਾਂ ਨੇ ਵੀ ਗ਼ਜ਼ਲਾਂ ਕਹੀਆਂ ਹਨ। ਰਾਜ਼ ਨੇ ਇਨ੍ਹਾਂ ਵਿਚ ਸਿਰਫ਼ ਕਾਫ਼ੀਏ ਦੀ ਭਿੰਨਤਾ ਰੱਖੀ ਹੈ। ਇਨ੍ਹਾਂ ਗ਼ਜ਼ਲਾਂ ਵਿਚ ਗ਼ਜ਼ਲਕਾਰ ਆਪਣੀ ਜੀਵਨ ਸਾਥਣ ਨਾਲ ਬਿਤਾਏ ਪਲਾਂ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ ਤੇ ਦੁੱਖ ਸੁੱਖ ਵਿਚ ਬਰਾਬਰ ਖੜ੍ਹਨ ਲਈ ਗ਼ਜ਼ਲਾਂ ਰਾਹੀਂ ਸ਼ਰਧਾਂਜਲੀ ਭੇਟ ਕਰਦਾ ਹੈ। ਜਿੱਥੇ ਅਤੀਤ ਉਸ ਨੂੰ ਹੰਝੂ ਹੰਝੂ ਕਰਦਾ ਓਥੇ ਤਨਹਾਈ ਉਸ ਨੂੰ ਟੁਕੜਿਆਂ ਵਿਚ ਵੰਡਦੀ ਮਹਿਸੂਸ ਹੁੰਦੀ ਹੈ। ਉਸ ਦੀ ਗ਼ੈਰਹਾਜ਼ਰੀ ਵਿਚ ਘਰ ਦੀ ਮੌਜੂਦਾ ਸਥਿਤੀ ਵੀ ਉਸ ਦੇ ਸ਼ਿਅਰਾਂ ਵਿਚ ਦੇਖੀ ਜਾ ਸਕਦੀ ਹੈ। ਆਪਣੇ ਮੁਹੱਬਤੀ ਵਾਰਤਾਲਾਪ ਤੋਂ ਇਲਾਵਾ ਗ਼ਜ਼ਲਕਾਰ ਨੇ ਸਮਾਜ ਤੇ ਸਿਆਸਤ ਦੇ ਨਿਘਾਰ ਨੂੰ ਵੀ ਆਪਣੇ ਵਿਸ਼ੇ ਬਣਾਇਆ ਹੈ। ਉਹ ਵਿੱਛੜੀ ਸ਼ਖ਼ਸੀਅਤ ਨੂੰ ਸੰਬੋਧਨ ਹੋ ਕੇ ਕਹਿੰਦਾ ਹੈ ਕਿ ਏਥੇ ਓਸੇ ਤਰ੍ਹਾਂ ਲੁੱਟ ਖਸੁੱਟ ਜਾਰੀ ਹੈ ਤੇ ਕਿਸਾਨ-ਮਜ਼ਦੂਰ ਉਸ ਤੋਂ ਬਾਅਦ ਵੀ ਓਸੇ ਤਰ੍ਹਾਂ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਇੰਝ ਇਹ ਗ਼ਜ਼ਲਾਂ ਮੁਹੱਬਤ ਦੇ ਅੰਤ ਦਾ ਰੁਦਨ ਤਾਂ ਹਨ ਹੀ ਇਸ ਦੇ ਨਾਲ ਨਾਲ ਇਨ੍ਹਾਂ ਵਿਚ ਲੋਕਾਂ ਨੂੰ ਵੀ ਜਾਗ੍ਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਮੇਰੇ ਸਿਰਜਣ-ਹਾਰੇ
ਲੇਖਕ : ਵਰਿਆਮ ਸਿੰਘ ਸੰਧੂ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ।
ਮੁੱਲ : 395 ਰੁਪਏ, ਸਫੇ : 296
ਸੰਪਰਕ : 98726-02296

ਪੰਜਾਬੀ ਕਹਾਣੀ ਦੇ ਪ੍ਰਗਤੀਸ਼ੀਲ ਤੇ ਮੁਮਤਾਜ ਲੇਖਕ ਸ. ਵਰਿਆਮ ਸਿੰਘ ਸੰਧੂ ਨੇ ਆਪਣੀ ਇਸ ਪੁਸਤਕ ਵਿਚ ਆਪਣੇ ਸਿਰਜਣਾਤਮਕ ਅਨੁਭਵ ਸ਼ਖ਼ਸੀਅਤ ਅਤੇ ਸ਼ਨਾਖ਼ਤ ਦੇ ਵਿਭਿੰਨ ਪਸਾਰਾਂ ਬਾਰੇ ਤੁਆਰਫ਼ ਕਰਵਾਇਆ ਹੈ। ਉਸ ਨੂੰ ਇਹ ਸੱਚ ਕਹਿਣ ਅਤੇ ਦੱਸਣ ਵਿਚ ਕੋਈ ਝਿਜਕ ਨਹੀਂ ਕਿ ਕਿਸੇ ਵੱਡੇ-ਛੋਟੇ ਲੇਖਕ ਨੂੰ ਲਿਖਣ (wr}t}n{) ਦੌਰਾਨ ਕੋਈ 'ਆਕਾਸ਼ਵਾਣੀ' ਨਹੀਂ ਹੁੰਦੀ, ਨਾ ਹੀ ਉਹ ਰੱਬ ਤੇ ਉਸ ਦੀ ਕੁਦਰਤ ਵਲੋਂ ਵਰੋਸਾਇਆ ਕੋਈ ਵਿਅਕਤੀ ਵਿਸ਼ੇਸ਼ ਹੁੰਦਾ ਹੈ। ਅਸਲ ਵਿਚ ਹਰ ਵਿਅਕਤੀ ਜਿਸ ਘਰ ਤੇ ਪਿੰਡ ਵਿਚ ਜਨਮਦਾ ਹੈ, ਜਿਨ੍ਹਾਂ ਲੋਕਾਂ ਦੇ ਸੰਪਰਕ ਵਿਚ ਆਉਂਦਾ ਹੈ ਅਤੇ ਜਿਨ੍ਹਾਂ ਅਧਿਆਪਕਾਂ ਦੇ ਸਨਮੁੱਖ ਬੈਠ ਕੇ ਸਿੱਖਿਆ ਦੇ ਨਾਲ-ਨਾਲ ਅਚਾਰ-ਵਿਹਾਰ ਨੂੰ ਸਿੱਖਦਾ-ਸਮਝਦਾ ਹੈ, ਉਹੀ ਉਸ ਦੇ ਮਨ-ਮਸਤਕ ਉੱਪਰ ਕੁਝ ਅਜਿਹੇ ਪੂਰਨੇ ਪਾ ਦਿੰਦੇ ਹਨ, ਜਿਨ੍ਹਾਂ ਨੂੰ ਉਹ ਗੂੜ੍ਹੇ ਤੋਂ ਗੂੜ੍ਹੇ ਕਰਨ ਦੇ ਯਤਨ ਵਿਚ ਲੇਖਕ ਬਣ ਜਾਂਦਾ ਹੈ। ਵਰਿਆਮ ਸਿੰਘ ਦੀ ਨਜ਼ਰ ਵਿਚ ਉਸ ਦਾ ਪਿੰਡ ਸੁਰਸਿੰਘ (ਹੁਣ ਜ਼ਿਲ੍ਹਾ ਤਰਨ ਤਾਰਨ), ਉਸ ਦੇ ਮਾਤਾ-ਪਿਤਾ, ਸਾਕ-ਸੰਬੰਧੀ ਅਤੇ ਜਾਣ-ਪਛਾਣ ਵਾਲੇ ਲੋਕਾਂ ਤੋਂ ਬਿਨਾਂ ਕੁਝ ਸਕੂਲ ਅਧਿਆਪਕਾਂ ਨੇ ਉਸ ਨੂੰ ਅੱਗੇ ਵਧਣ ਅਤੇ ਆਪਣੀ ਸ਼ਨਾਖਤ ਦਾ ਨਿਰਮਾਣ ਕਰਨ ਦੀ ਪ੍ਰੇਰਨਾ ਦਿੱਤੀ ਸੀ। ਸੁਰ ਸਿੰਘ ਪਿੰਡ ਦੀ ਇਤਿਹਾਸਕ ਵਿਰਾਸਤ ਬਹੁਤ ਗੌਰਵਮਈ ਹੈ। ਭਾਈ ਦੀਪ ਸਿੰਘ, ਭਾਈ ਤਾਰੂ ਸਿੰਘ, ਭਾਈ ਤਾਰੂ ਸਿੰਘ ਵਾਂ, ਭਾਈ ਬਿਧੀ ਚੰਦ, ਭਾਈ ਨੱਥ ਮੱਲ ਤੇ ਅਬਦੁਲਾ ਢਾਡੀ, ਭਾਈ ਮਹਾਂ ਸਿੰਘ, ਭਾਈ ਹਰਦਾਸ ਸਿੰਘ, ਭਾਈ ਦੇਸ ਰਾਜ ਅਤੇ ਕਈ ਗ਼ਦਰੀ ਯੋਧੇ ਇਸੇ ਪਿੰਡ ਨਾਲ ਸੰਬੰਧ ਰੱਖਦੇ ਸਨ। ਉਹ ਆਪਣਾ ਪਹਿਲਾ ਸਾਹਿਤਕ ਗੁਰੂ ਆਪਣੇ ਪਿਤਾ ਨੂੰ ਮੰਨਦਾ ਹੈ। ਜਿਸ ਨੂੰ ਅਖ਼ਬਾਰਾਂ ਅਤੇ ਸਾਹਿਤਕ ਪੁਸਤਕਾਂ ਪੜ੍ਹਨ ਦਾ ਤੀਬਰ ਸ਼ੌਕ ਸੀ। ਉਹ ਆਪਣੀ ਮਾਂ ਨੂੰ 'ਪਰਬਤੀ ਜਿਗਰੇ ਵਾਲੀ ਔਰਤ' ਮੰਨਦਾ ਹੈ। ਸਕੂਲ ਦੇ ਅਧਿਆਪਕਾਂ ਵਿਚ ਉਸ ਨੇ ਹੰਸ ਰਾਜ ਪ੍ਰਭਾਕਰ, ਲਾਲ ਸਿੰਘ ਜੋਸ਼ੀ, ਹਰਚਰਨ ਸਿੰਘ, ਸੁਖਦੇਵ ਸਿੰਘ, ਮਹਿੰਦਰ ਸਿੰਘ ਹੱਲਣ ਅਤੇ ਅਮਰ ਸਿੰਘ ਧਾਲੀਵਾਲ ਦਾ ਜ਼ਿਕਰ ਕੀਤਾ ਹੈ। ਲੇਖਕਾਂ ਦੀ ਇਕ ਵੱਡੀ ਟੀਮ ਦਾ ਵੀ ਸਮੇਂ-ਸਮੇਂ ਵਰਨਣ ਹੁੰਦਾ ਰਿਹਾ ਹੈ। ਸੁਰ ਸਿੰਘ ਦਾ ਪਿੰਡ ਮਾਝੇ ਵਿਚ ਸਥਿਤ ਹੈ। ਇਥੇ ਸੱਭਿਆਚਾਰਕ-ਰੂਪਾਂਤਰਣ ਬੜਾ ਤਿੱਖਾ ਰਿਹਾ ਹੈ। ਦੁਆਬਾ ਅਤੇ ਮਾਲਵਾ ਕ੍ਰਮਵਾਰ ਕੁਝ ਪਛੜੇ ਰਹੇ। ਖਾਸ ਤੌਰ 'ਤੇ ਮਾਲਵੇ ਦੇ ਲੋਕ ਤਾਂ ਰਾਜਨੀਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਤੋਂ ਕਿਸੇ ਹੱਦ ਤੱਕ ਟੁੱਟੇ ਹੀ ਰਹੇ। ਵਰਿਾਮ ਸਿੰਘ ਸੰਧੂ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਸ ਨੇ ਆਪਣੇ ਪਿੰਡ ਦੀ ਬਹੁਤ ਸ਼ਾਨਦਾਰ ਵਿਰਾਸਤ ਵਿਚ ਕੁਝ ਨਵੇਂ ਅਧਿਆਏ ਜ਼ਰੂਰ ਜੋੜੇ। ਉਸ ਨੇ ਵਿਰਾਸਤ ਦੀ ਇਮਾਰਤ ਚਾਹੇ ਨਾ ਵੀ ਉਸਾਰੀ ਹੋਵੇ, ਇਸ ਉੱਪਰ ਕੁਝ ਖ਼ੂਬਸੂਰਤ ਚਿੱਤਰ ਜ਼ਰੂਰ ਵਾਹੇ ਹਨ। ਮੁਬਾਰਕਾਂ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਗ਼ਦਰੀ ਬਾਬਾ
ਪਾਖਰ ਸਿੰਘ ਢੁੱਡੀਕੇ
ਨਾਵਲਕਾਰ : ਹਰੀ ਸਿੰਘ ਢੁੱਡੀਕੇ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ।
ਮੁੱਲ : 150 ਰੁਪਏ, ਸਫੇ : 104
ਸੰਪਰਕ : 94178-55876

ਗ਼ਦਰੀ ਬਾਬਿਆਂ ਵਲੋਂ ਭਾਰਤ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਪਾਏ ਗਏ ਅਤਿ ਅਹਿਮ ਯੋਗਦਾਨ ਅੱਗੇ ਸਭਨਾਂ ਦਾ ਸਿਰ ਝੁਕਦਾ ਹੈ।
ਚਰਚਾ ਅਧੀਨ ਇਤਿਹਾਸਕ ਨਾਵਲ ਹਰੀ ਸਿੰਘ ਢੁੱਡੀਕੇ ਦੀ ਕਲਮੀ ਕਾਬਲੀਅਤ ਦਾ ਪੁਖਤਾ ਪ੍ਰਮਾਣ ਦਿੰਦਾ ਹੈ। ਗ਼ਦਰ ਪਾਰਟੀ ਦਾ ਨਾਂਅ ਗ਼ਦਰ ਪਾਰਟੀ ਕਿਵੇਂ ਪਿਆ, ਇਸ ਗੱਲ ਨੂੰ ਬਹੁਤ ਥੋੜ੍ਹੇ ਸ਼ਬਦਾਂ ਵਿਚ ਬੜੇ ਤੱਥਪੂਰਨ ਅੰਦਾਜ਼ ਵਿਚ ਨਾਵਲਕਾਰ ਨੇ ਇਉਂ ਦਰਸਾਇਆ ਹੈ:
'ਲਾਲਾ ਹਰਦਿਆਲ ਸਿੰਘ ਵਲੋਂ ਸੇਂਟ ਜੌਨ ਪਹੁੰਚਣ 'ਤੇ ਹੋਏ ਫ਼ੈਸਲਿਆਂ ਨੂੰ ਵਿਚਾਰਿਆ ਗਿਆ। ਇਥੇ ਦੇਸ਼ ਦੀ ਆਜ਼ਾਦੀ ਲਈ ਇਕ ਸਿਆਸੀ ਸਭਾ ਰਾਹੀਂ ਇਕੱਠੇ ਹੋ ਕੇ ਗ਼ਦਰ ਦੀ ਤਿਆਰੀ ਦਾ ਫ਼ੈਸਲਾ ਹੋਇਆ। ਇਸ ਤਿਆਰੀ ਦੇ ਸਿੱਟੇ ਵਜੋਂ ਗ਼ਦਰ ਨਾਮੀ ਅਖ਼ਬਾਰ ਕੱਢਣ ਦਾ ਫ਼ੈਸਲਾ ਹੋਇਆ। ਜਥੇਬੰਦੀ ਦਾ ਕੇਂਦਰੀ ਦਫ਼ਤਰ ਸਾਨਫਰਾਂਸਿਸਕੋ ਵਿਖੇ ਬਣਾਉਣ ਦੀ ਸਹਿਮਤੀ ਹੋਈ। ਦਫ਼ਤਰ ਦਾ ਨਾਂਅ 'ਯੂਗਾਂਤਰ ਆਸ਼ਰਮ' ਰੱਖਣ ਦੀ ਸਹਿਮਤੀ ਬਣੀ। ਤਿਆਰੀ ਪੂਰੀ ਕਰਨ ਤੋਂ ਬਾਅਦ ਹਥਿਆਰਬੰਦ ਗ਼ਦਰ ਰਾਹੀਂ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਦੀ ਸਹਿਮਤੀ ਬਣੀ। ਜਥੇਬੰਦੀ ਦਾ ਨਾਂਅ ਬਦਲ ਕੇ 'ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ' ਕਰ ਦਿੱਤਾ ਗਿਆ। ਪਰ ਇਹ ਗ਼ਦਰ ਅਖ਼ਬਾਰ ਦੇ ਨਾਂਅ 'ਤੇ ਗ਼ਦਰ ਪਾਰਟੀ ਵਜੋਂ ਚਰਚਿਤ ਹੋਈ। ਇਥੇ ਅਖ਼ਬਾਰ ਕੱਢਣ ਲਈ 10 ਹਜ਼ਾਰ ਡਾਲਰ ਦਾ ਚੰਦਾ ਵੀ ਇੱਕਠਾ ਕੀਤਾ ਗਿਆ। (ਪੰਨਾ : 35)
ਗ਼ਦਰੀ ਬਾਬਾ ਹਰੀ ਸਿੰਘ ਢੁੱਡੀਕੇ ਦੀ ਕੈਨੇਡਾ ਜਾਣ ਦੀ ਇੱਛਾ ਤੋਂ ਲੈ ਕੇ ਕੈਨੇਡਾ ਪਹੁੰਚਣ ਤੋਂ ਬਾਅਦ ਵਾਪਸ ਦੇਸ਼ ਆ ਕੇ ਗ਼ਦਰੀ ਗਤੀਵਿਧੀਆਂ 'ਚ ਤਨੋਂ ਮਨੋਂ ਸ਼ਾਮਿਲ ਹੋਣ ਦੀ ਜੋ ਵਿਥਿਆ 28 ਕਾਂਡਾਂ ਦੀ ਇਸ ਗਲਪ ਰਚਨਾ 'ਚ ਉਜਾਗਰ ਕੀਤੀ ਗਈ ਹੈ, ਉਹ ਬੜੀ ਟੁੰਬਵੀਂ ਤੇ ਡੂੰਘੇ ਅਧਿਐਨ ਆਧਾਰਿਤ ਹੈ। ਬਾਬਾ ਹਰੀ ਸਿੰਘ ਢੁੱਡੀਕੇ ਨੇ ਦੇਸ਼ ਦੀ ਆਜ਼ਾਦੀ ਦੀ ਖਾਤਰ ਕਈ ਸਾਲ ਜੇਲ੍ਹ ਕੱਟੀ ਤੇ ਜੇਲ੍ਹਾਂ 'ਚ ਤਸੀਹੇ ਝੱਲੇ। ਨਾਵਲ ਦੇ ਅੰਤ 'ਚ ਤਹਿਸੀਲਦਾਰ ਬਾਬਾ ਪਾਖਰ ਸਿੰਘ ਢੁੱਡੀਕੇ ਵਲੋਂ ਲਿਆ ਕਰਜ਼ਾ ਮੁਆਫ਼ ਕਰ ਦਿੰਦਾ ਹੈ। ਪਰ ਬਾਬਾ ਜੀ ਇਸ ਨਾਲ ਸਹਿਮਤ ਨਹੀਂ ਹੁੰਦੇ ਕਿਉਂਕਿ ਉਹ ਆਪਣੀ ਕੁਰਬਾਨੀ ਦਾ ਮੁੱਲ ਵੱਟਣ ਤੋਂ ਇਨਕਾਰੀ ਹੁੰਦੇ ਹਨ। ਸਮੁੱਚੇ ਰੂਪ ਵਿਚ ਇਹ ਨਾਵਲ ਸਹੀ ਮਾਅਨਿਆਂ 'ਚ ਇਕ ਉੱਚ ਪਾਏ ਦੀ ਰਚਨਾ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਅਹਿਸਾਸਾਂ ਦੀ ਗੰਢ
ਲੇਖਕ : ਯਾਦਵਿੰਦਰ ਸਿੰਘ ਕਲੌਲੀ
ਪ੍ਰਕਾਸ਼ਕ : ਜੇ.ਪੀ. ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 80
ਸੰਪਰਕ : 095414-36253

ਸ਼ਾਇਰ ਯਾਦਵਿੰਦਰ ਸਿੰਘ ਕਲੌਲੀ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਅਹਿਸਾਸਾਂ ਦੀ ਗੰਢ' ਰਾਹੀਂ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਪ੍ਰਬੁੱਧ ਰੰਗਕਰਮੀ ਮਰਹੂਮ ਗੁਰਸ਼ਰਨ ਭਾਅ ਜੀ ਦੀ ਨਾਟ ਮੰਡਲੀ ਵਿਚ ਅਭਿਨੈ ਕਰਦੇ ਹਨ ਤੇ ਅਜਿਹੇ ਰੰਗ ਕਰਮੀ ਦੀ ਸੋਹਬਤ ਵਿਚ ਸਾਹਿਤਕ ਪਿਉਂਦ ਲੱਗਣੀ ਸੁਭਾਵਿਕ ਹੀ ਹੈ। ਉਨ੍ਹਾਂ ਦੀ ਸੰਗਤ ਵਿਚ ਕਿਤਾਬਾਂ ਦਾ ਗੂੜ੍ਹ ਅਧਿਐਨ ਕਰਕੇ ਇਹ ਨਿਵੇਕਲਾ ਸ਼ਾਇਰ ਪ੍ਰਗਤੀਸ਼ੀਲ ਲੇਖਕ ਬਣਨ ਦਾ ਪਾਂਧੀ ਬਣ ਗਿਆ। ਖ਼ੂਬਸੂਰਤੀ ਇਸ ਗੱਲ ਵਿਚ ਵੀ ਹੈ ਕਿ 1998 ਦੀਆਂ ਪੰਚਾਇਤੀ ਚੋਣਾਂ ਵਿਚ ਮਹਿਜ਼ 21 ਸਾਲ ਦੀ ਉਮਰ ਵਿਚ ਪਿੰਡ ਕਲੌਲੀ ਦਾ ਛੋਟੀ ਉਮਰ ਦਾ ਸਰਪੰਚ ਬਣਨ ਦਾ ਸਰਫ਼ ਹਾਸਿਲ ਹੋਇਆ ਹੈ। ਪਿੰਡ ਦੇ ਸਰਬਪੱਖੀ ਵਿਕਾਸ ਕਾਰਜ ਅਤੇ ਪਿੰਡ ਦੇ ਲੋਕਾਂ ਦੇ ਮਸਲੇ ਤੇ ਦਰਦ ਸਮਝਣ ਦੀ ਤੇ ਨਜਿੱਠਣ ਦੀ ਸਮਝ ਪੈਦਾ ਹੋਈ ਤੇ ਇਹੀ ਸਮਝ ਅੱਗੇ ਜਾ ਕੇ ਸਾਹਿਤ ਦਾ ਮੁਢਲਾ ਪੰਚ ਬਣ ਕੇ ਲੋਕਾਈ ਦੇ ਮਸਲਿਆਂ ਨਾਲ ਦਸਤਪੰਜਾਂ ਲੈਂਦਿਆਂ ਸ਼ਬਦਾਂ ਦੀ ਠਾਹਰ ਵਿਚ ਜਾ ਕੇ ਕਾਵਿ ਫ਼ੈਸਲੇ ਕਰਨ ਦਾ ਪਾਂਧੀ ਬਣ ਗਿਆ ਹੈ। ਸ਼ਾਇਰ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਸ਼ਾਇਰ ਦੀ ਕਿਤਾਬ ਦੇ ਨਾਮ 'ਅਹਿਸਾਸਾਂ ਦੀ ਗੰਢ' ਤੋਂ ਸਹਿਜੇ ਹੀ ਅਸਾਡੇ ਹੱਥ ਆ ਜਾਂਦੀ ਹੈ। ਉਹ ਅਹਿਸਾਸਾਂ ਦੀ ਗੰਢ ਨੂੰ ਗੰਢ ਨਹੀਂ ਰਹਿਣ ਦਿੰਦਾ ਤੇ ਇਸ ਗੰਢ ਨੂੰ ਖੋਲ੍ਹ ਕੇ ਸਮਾਜਿਕ ਵਰਤਾਰਿਆਂ ਨਾਲ ਦਸਤਪੰਜਾ ਲੈਂਦਾ ਹੈ। ਉਹ ਕਹਿੰਦਾ ਹੈ ਕਿ ਜਦੋਂ ਅਸੀਂ ਕੁਦਰਤ ਨਾਲ ਖਿਲਵਾੜ ਕਰਦੇ ਹਾਂ ਤਾਂ ਕੁਦਰਤ ਵੀ ਸਾਡੇ ਨਾਲ ਲਿਹਾਜ਼ ਨਹੀਂ ਕਰਦੀ। ਅੱਜ ਲੱਕ ਤੋੜਵੀਂ ਮਹਿੰਗਾਈ ਜਨਤਾ ਦਾ ਕਚੂੰਮਰ ਕੱਢ ਰਹੀ ਹੈ ਤੇ ਸਿਆਸੀ ਘੜੰਮ ਚੌਧਰੀ ਪੰਜਾਂ ਸਾਲਾਂ ਬਾਅਦ ਲਾਰਿਆਂ ਦਾ ਕਲੋਰੋਫਾਮ ਸੁੰਘਾਅ ਕੇ ਆਪਣਾ ਤਾਂ ਉੱਲੂ ਸਿੱਧਾ ਕਰ ਲੈਂਦੇ ਹਨ ਪਰ ਭੋਲੀ ਭਾਲੀ ਜਨਤਾ ਆਪਣੇ-ਆਪ ਨੂੰ ਠੱਗੀ-ਠੱਗੀ ਮਹਿਸੂਸ ਕਰਦੀ ਹੈ। ਉਹ ਪੰਜਾਬ ਅੰਦਰ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਆਪਣਾ ਯੋਗਦਾਨ ਪਾਉਣ ਲਈ ਕਾਵਿ ਤਰੱਦਦ ਕਰ ਰਿਹਾ ਹੈ। ਹਿੰਦ-ਪਾਕਿ ਦੀ ਵੰਡ ਤੋਂ ਬਾਅਦ ਲੱਗੀ ਕੰਡਿਆਲੀ ਤਾਰ ਤੋਂ ਬਾਅਦ ਜਦੋਂ ਏਧਰੋਂ ਓਧਰੋਂ ਪਰਿੰਦੇ ਉਡਾਰੀਆਂ ਮਾਰ ਕੇ ਉੱਡੇ ਫਿਰਦੇ ਹਨ ਕੀ ਅਸੀਂ ਇਨ੍ਹਾਂ ਪਰਿੰਦਿਆਂ ਵਾਂਗ ਬਿਨਾਂ ਰੋਕ ਟੋਕ ਕਿਉਂ ਨਹੀਂ ਜਾ ਸਕਦੇ। ਓਧਰਲੇ ਤੇ ਏਧਰਲੇ ਲੋਕ ਆਪਣੀ ਜੰਮਣ ਭੋਂਇ ਨੂੰ ਦੇਖਣ ਲਈ ਤਰਸ ਰਹੇ ਹਨ। ਸ਼ਾਲਾ ਸ਼ਾਇਰ ਦੀ ਇਹ ਤਾਂਘ ਨੂੰ ਕਦੇ ਤਾਂ ਬੂਰ ਪਾਏਗੀ। ਸਮਾਜਿਕ ਸਰੋਕਾਰਾਂ ਨਾਲ ਸਿੱਝਣ ਲਈ ਅਸਾਨੂੰ ਕੋਹਲੂ ਵਾਂਗ ਪਿੜਨਾ ਪੈਣਾ। ਸ਼ਾਇਰ ਨੇ ਜੇ ਸਾਹਿਤਕ ਪੈੜ ਵਿਚ ਪੈਰ ਧਰ ਹੀ ਲਿਆ ਹੈ ਤਾਂ ਸਮਕਾਲ ਵਿਚ ਲਿਖੀ ਜਾ ਰਹੀ ਸ਼ਾਇਰੀ ਦਾ ਨਿੱਠ ਕੇ ਅਧਿਐਨ ਕਰਨ ਦੀ ਲੋੜ ਹੈ ਤੇ ਉਸ ਅਧਿਐਨ ਤੋਂ ਬਾਅਦ ਹੀ ਉਹ ਆਪਣਾ ਸਥਾਨ ਨਿਸਚਿਤ ਕਰ ਸਕੇਗਾ। ਸ਼ਾਇਰ ਇਕ ਥਾਂ ਭੁਲੇਖਾ ਖਾ ਜਾਂਦਾ ਹੈ ਜਦੋਂ ਉਹ 'ਵਿੱਦਿਆ ਵੀਚਾਰੀ' ਨੂੰ ਵਿੱਦਿਆ ਵਿਚਾਰੀ ਲਿਖ ਜਾਂਦਾ ਹੈ। ਇਹ ਭੁਲੇਖਾ ਅਕਸਰ ਹੀ ਲੇਖਕ ਕਰ ਜਾਂਦੇ ਹਨ। ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ।
-ਭਗਵਾਨ ਢਿੱਲੋਂ
ਮੋਬਾਈਲ : 98143-78254






















.jpg)

























































































































































































