03-05-26
ਲੋਹੇ ਦੀਆਂ ਕਮਰ ਪੇਟੀਆਂ
ਲੇਖਕ : ਤਾਪੀ ਧਰਮਾਰਾਓ
ਅਨੁਵਾਦ : ਭਗਵੰਤ ਰਸੂਲਪੁਰੀ
ਪ੍ਰਕਾਸ਼ਕ : ਵਾਈਟ ਕਰੋਅ ਪਬਲਿਸ਼ਰਜ਼, ਮਾਨਸਾ
ਮੁੱਲ : 120 ਰੁਪਏ, ਸਫ਼ੇ : 64
ਸੰਪਰਕ : 97809-09077

'ਲੋਹੇ ਦੀਆਂ ਕਮਰ ਪੇਟੀਆਂ' ਤਾਪੀ ਧਰਮਾ ਰਾਓ ਦੁਆਰਾ ਲਿਖੀ ਗਈ ਹੈ ਜਿਸ ਦੇ ਅਨੁਵਾਦਕ ਹਨ ਭਗਵੰਤ ਰਸੂਲਪੁਰੀ। ਇਸ ਪੁਸਤਕ ਨੂੰ ਭਗਵੰਤ ਰਸੂਲਪੁਰੀ ਨੇ 19 ਪਾਠਾਂ ਵਿਚ ਤਕਸੀਮ ਕੀਤਾ ਹੈ। ਲੋਹੇ ਦੀਆਂ ਕਮਰ ਪੇਟੀਆਂ ਔਰਤ ਨੂੰ ਕਾਬੂ ਤੇ ਆਪਣੇ ਅਧੀਨ ਰੱਖਣ ਵਾਲੇ ਇੱਕ ਸੰਦ ਦੇ ਰੂਪ ਵਿਚ ਈਜ਼ਾਦ ਹੋਈਆਂ। ਇਹ ਕਿਤਾਬ ਲੱਖਾਂ ਕੈਦੀਆਂ ਦੇ ਦੁਖਾਂਤਿਕ, ਨਿੱਜੀ ਅਨੁਭਵਾਂ ਤੇ ਤਜ਼ਰਬਿਆਂ ਦਾ ਬਿਰਤਾਂਤ ਹੈ। ਹਥਲੀ ਪੁਸਤਕ 26 ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀ ਹੈ। ਇਸ ਪੁਸਤਕ ਵਿਚ ਲੇਖਕ ਨੇ ਔਰਤਾਂ ਤੇ ਹੋਏ ਤਸ਼ੱਦਦ, ਘੋਰ ਤ੍ਰਾਸਦੀ ਅਤੇ ਜੋ ਘਿਨੌਣੇ ਕਾਰੇ ਇਸਤਰੀ ਸਹਿ ਰਹੀ ਸੀ, ਨੂੰ ਬਹੁਤ ਹੀ ਬੇਬਾਕੀ ਨਾਲ ਪੇਸ਼ ਕੀਤਾ ਹੈ। ਗੱਲ ਕੀ ਲੇਖਕ ਨੇ ਲੋਹੇ ਦੀਆਂ ਕਮਰ ਪੇਟੀਆਂ ਦੀ ਪਰੰਪਰਾ ਅਤੇ ਇਤਿਹਾਸ ਨੂੰ ਆਪਣਾ ਵਿਸ਼ਾ ਬਣਾਇਆ ਹੈ। ਜਿਵੇਂ ਕਿ ਸਮੁੱਚੀ ਪੁਸਤਕ ਦੇ ਪਾਠ ਹਨ, 'ਕਮਰ ਪੇਟੀ ਇੱਕ ਧਾਰਨਾ', 'ਚਮੜੇ ਦੀਆਂ ਪੇਟੀਆਂ ਅਤੇ ਲੋਹੇ ਦੀਆਂ ਕਮਰ ਪੇਟੀਆਂ', 'ਕਮਰ ਪੇਟੀਆਂ ਦਾ ਨਿਰਮਾਤਾ', 'ਅਦਾਲਤਾਂ ਵਿਚ ਕਮਰ ਪੇਟੀਆਂ', 'ਗ੍ਰੰਥਾਂ ਵਿਚ ਕਮਰ ਪੇਟੀਆਂ ਦਾ ਵਰਨਣ', 'ਪਤੀ-ਪਤਨੀ ਦੀ ਮਨੋ-ਅਵਸਥਾ', 'ਮਰਦਾਂ ਦੇ ਰੱਖਿਆ-aਕਵਚ', 'ਮਰਦਾਂ ਦੀ ਮੂਰਖਤਾ ਦੇ ਠੋਸ ਚਿੰਨ੍ਹ'। ਇਸ ਤਰ੍ਹਾਂ ਲੇਖਕ ਨੇ ਕਮਰ ਪੇਟੀਆਂ ਵਿਚ ਸਾਡੀ ਪਰੰਪਰਾ ਵਿਚ ਯੋਨ-ਵਰਜਨਾਵਾਂ, ਮਰਦਾਂ ਦਾ ਰੋਹਬ ਅਤੇ ਸ਼ੁੱਧਤਾਵਾਦੀ ਨੈਤਿਕ ਮਾਨਤਾਵਾਂ ਦੀ ਸੁਚੱਮਤਾ ਦੀ ਪੇਸ਼ਕਾਰੀ ਅਤੇ ਕਮਰ ਪੇਟੀਆਂ ਦਾ ਇਤਿਹਾਸ ਦੱਸਿਆ ਹੈ। ਅਨੁਵਾਦਕ ਨੇ ਆਮ ਭਾਸ਼ਾ ਵਿਚ ਗੱਲ ਕਰਕੇ ਇਸ ਪੁਸਤਕ ਨੂੰ ਚਾਰ-ਚੰਨ ਲਗਾਏ ਹਨ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਔਰਤ ਨੂੰ ਮਰਦ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਕਰ ਸਕਦਾ। ਮੁੱਕਦੀ ਗੱਲ ਇਹ ਹੈ ਕਿ ਤਾਪੀ ਧਰਮਾ ਰਾਓ ਦੀਆਂ ਸਾਰੀਆਂ ਲਿਖਤਾਂ ਹੀ ਸਮਾਜ-ਸੁਧਾਰ ਲਈ ਹਨ। ਤਾਪੀ ਧਰਮਾ ਰਾਓ ਮੁੱਖ ਰੂਪ ਵਿਚ ਪੰਡਿਤ, ਆਲੋਚਕ, ਨਾਟਕਕਾਰ, ਸਮਾਜ-ਸੇਵਕ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਨਾਲ ਜੁੜੇ ਰਹੇ ਹਨ ਅਤੇ ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਤੇਲਗੂ ਭਾਸ਼ਾ ਵਿਚ ਲਿਖੀਆਂ ਹਨ। ਸਮੁੱਚੀ ਪੁਸਤਕ ਪੜ੍ਹਣਯੋਗ ਹੈ। ਲੇਖਕ ਨੂੰ ਮੁਬਾਰਕਬਾਦ।
-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161
ਪਲਾਸਟਿਕ ਦਾ ਡੱਡੂ
ਲੇਖਕ: ਹਰੀ ਕ੍ਰਿਸ਼ਨ ਮਾਇਰ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ: 200 ਰੁਪਏ, ਸਫੇ : 64
ਸੰਪਰਕ : 97806-67686

'ਲਾਲ ਤਿਤਲੀਆਂ' (2012), 'ਸ਼ਰਾਰਤੀ ਵਿੱਕੀ' ਅਤੇ 'ਰੁਪਈਏ ਦਾ ਸਿੱਕਾ'(2014) ਤੋਂ ਬਾਅਦ ਪ੍ਰਤੀਬੱਧ ਤੇ ਵਿਗਿਆਨਕ ਬਾਲ ਸਾਹਿਤ ਦੀ ਰਚਨਾ ਕਰਨ ਵਾਲੇ ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਦਾ ਚੌਥਾ ਬਾਲ ਕਹਾਣੀ ਸੰਗ੍ਰਹਿ 'ਪਲਾਸਟਿਕ ਦਾ ਡੱਡੂ' (2025) ਬਾਲ ਪਾਠਕਾਂ ਦੇ ਸਨਮੁੱਖ ਹੈ। ਇਸ ਪੁਸਤਕ ਵਿਚਲੀਆਂ ਕਹਾਣੀਆਂ ਸਮਾਜ ਦੀਆਂ ਗਲੀਆਂ-ਸੜੀਆਂ, ਥੋਥੀਆਂ-ਬੇਹੀਆਂ ਅਤੇ ਤਿਲਸਮੀ ਕਿਸਮ ਦੇ ਭਰਮ-ਜਾਲ ਵਿਚ ਉਲਝਾਉਣ ਵਾਲੀ ਪਿਛਾਂਹਖਿਚੂ ਮਾਨਸਿਕਤਾ ਉਪਰ ਤਰਕ ਦਾ ਤਿੱਖਾ ਨਸ਼ਤਰ ਚਲਾਉਂਦੀਆਂ ਹਨ ਅਤੇ ਘਟਨਾਵਾਂ ਪਿੱਛੇ ਛੁਪੇ ਰਹੱਸਾਂ ਦਾ ਪਰਦਾ ਫ਼ਾਸ਼ ਕਰਦੀਆਂ ਹਨ।
ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਦੇ ਕਥਾਨਕ ਠੋਸ ਜੀਵਨ-ਜੁਗਤੀ ਨੂੰ ਦਰਸਾਉਂਦੇ ਹਨ ਜਿਵੇਂ ਕਿਰਤ ਦਾ ਆਪਣਾ ਮਹੱਤਵ ਹੁੰਦਾ ਹੈ, ਸੱਚ ਬੋਲਣ ਅਤੇ ਸਹੀ ਬੋਲ-ਬਾਣੀ ਦੀ ਵਰਤੋਂ ਕਰਨ ਨਾਲ ਵਿਅਕਤੀਤਵ ਵਿਚ ਨਿਖਾਰ ਆਉਂਦਾ ਹੈ, ਦੂਜਿਆਂ ਦਾ ਦਿਲ ਦੁਖਾਉਣ ਨਾਲ ਮਨੁੱਖ ਖ਼ੁਦ ਵੀ ਸੁਖੀ ਨਹੀਂ ਰਹਿ ਸਕਦਾ ਅਤੇ ਲਗਨ ਅਤੇ ਮਿਹਨਤ ਨਾਲ ਕੀਤੇ ਹੋਏ ਕਾਰਜ ਕਦੇ ਅਜਾਈਂ ਨਹੀਂ ਜਾਂਦੇ। ਇਸ ਸੰਦਰਭ ਵਿਚ 'ਰਾਜੂ ਨਹੀਂ ਰਾਜਕੁਮਾਰ', 'ਮਾਲੀ ਦਾ ਮੁੰਡਾ', 'ਲਵ ਯੂ ਸੈਂਟਾ', 'ਆਈ ਫ਼ੋਨ' ਅਤੇ 'ਨਵੀਂ ਉਮੀਦ' ਵਿਸ਼ੇਸ਼ ਤੌਰ ਤੇ ਨਿਰੂਪਣ ਯੋਗ ਹਨ। ਕਹਾਣੀਕਾਰ ਬਦਲਦੀਆਂ ਪ੍ਰਸਥਿਤੀਆਂ ਅਤੇ ਚੁਣੌਤੀਆਂ ਬਾਰੇ ਵੀ ਬਾਲ ਪਾਠਕਾਂ ਨੂੰ ਆਗਾਹ ਕਰਦਾ ਹੈ। ਮਸਲਨ ਪ੍ਰਾਕ੍ਰਿਤਕ ਧਰੋਹਰ ਨੂੰ ਬਚਾਉਣ ਨਾਲ ਹੀ ਮਨੁੱਖੀ ਅਤੇ ਜੀਵ-ਜੰਤੂ ਸੰਸਾਰ ਦੀ ਹੋਂਦ ਕਾਇਮ ਰਹਿ ਸਕਦੀ ਹੈ। ਅਜਿਹੀਆਂ ਕਹਾਣੀਆਂ ਦਾ ਆਸ਼ਾ ਇਸ ਕੇਂਦਰੀ ਨੁਕਤੇ ਦੇ ਇਰਦਗਿਰਦ ਘੁੰਮਦਾ ਹੈ ਕਿ ਕੁਦਰਤੀ ਜ਼ਖ਼ੀਰਿਆਂ ਨੂੰ ਨਸ਼ਟ ਕਰਨ ਨਾਲ ਸੱਭਿਆਚਾਰਕ ਅਤੇ ਭੂਗੋਲਿਕ ਵਿਰਾਸਤਾਂ ਵੀ ਨੇਸਤ-ਓ-ਨਾਬੂਦ ਹੋ ਜਾਂਦੀਆਂ ਹਨ। ਇਸ ਲਈ ਕੁਦਰਤੀ- ਸੌਂਦਰਯ ਨਾਲ ਖਿਲਵਾੜ ਕਰਨਾ ਮਨੁੱਖੀ ਅਤੇ ਜੀਵ-ਜੰਤੂਆਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਉਣਾ ਹੈ, ਜਿਸ ਪ੍ਰਤੀ ਸਜਗ ਰਹਿਣ ਦੀ ਜ਼ਰੂਰਤ ਹੈ। 'ਰੱਬ ਦਾ ਬੰਦਾ', 'ਮੈਂ ਆਲ੍ਹਣਾ ਕਿੱਥੇ ਪਾਵਾਂ?', 'ਪਲਾਸਟਿਕ ਦਾ ਡੱਡੂ', 'ਭੋਲੂ ਦਾ ਘਰ', 'ਅਨੋਖਾ ਚਿੜੀਆ ਘਰ', ਖਾਦ ਘਰ' ਅਤੇ 'ਨਿੱਕਾ ਲੂੰਬੜ' ਕਹਾਣੀਆਂ ਦਾ ਬਿਰਤਾਂਤ ਇਨ੍ਹਾਂ ਹੀ ਚਿੰਤਾਜਨਕ ਮਸਲਿਆਂ ਨੂੰ ਉਭਾਰਦਾ ਹੈ। ਇਹ ਕਹਾਣੀਆਂ ਵਿਚਲੇ ਸੁਨੇਹੇ ਸੰਕੇਤ ਕਰਦੇ ਹਨ ਕਿ ਸੁਤੰਤਰ ਅਤੇ ਸਵੱਛ-ਵਾਤਾਵਰਨ ਵਿਚ ਹੀ ਜੀਅ-ਜੰਤ ਅਤੇ ਬਨਸਪਤੀ ਜਗਤ ਮੌਲ ਸਕਦਾ ਹੈ। 'ਚੰਨ ਦਾ ਰਾਜਾ' ਅਤੇ 'ਨਵਾਂ ਚੰਨ ਉਗ ਪਿਆ' ਕਹਾਣੀਆਂ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਉਭਾਰਨ ਵਾਲੀਆਂ ਦਿਲਚਸਪ ਕਹਾਣੀਆਂ ਹਨ। 'ਭੂੰਡੀ ਭੂੰਡੀ ਫੇਲ੍ਹ ਕਿ ਪਾਸ', 'ਹੱਲਾਸ਼ੇਰੀ' ਅਤੇ 'ਸੁਪਨਾ ਸੱਚ ਹੋ ਗਿਆ' ਆਦਿ ਕਹਾਣੀਆਂ ਸਿੱਖਿਆ ਜਗਤ ਦੇ ਮਹੱਤਵ ਨੂੰ ਦਰਸਾਉਂਦੀਆਂ ਹਨ। ਇਨ੍ਹਾਂ ਕਹਾਣੀਆਂ ਦੇ ਨਾਇਕ ਅਤੇ ਦੂਰਦ੍ਰਿਸ਼ਟ ਸੋਚਣੀ ਦੇ ਮਾਲਕ ਹਨ, ਜੋ ਅੰਧ-ਵਿਸ਼ਵਾਸਾਂ, ਮਿੱਥਾਂ ਅਤੇ ਗ਼ੈਰ-ਮਨੁੱਖੀ ਮਾਨਸਿਕਤਾ ਦਾ ਪ੍ਰਚਾਰ-ਪ੍ਰਸਾਰ ਕਰਕੇ ਆਪਣਾ ਉੱਲੂ ਸਿੱਧ ਕਰਨ ਵਾਲੇ ਖਲਨਾਇਕਾਂ ਦੀ ਲੋਭ-ਲਾਲਸਾ ਤੇ ਸੁਆਰਥੀ-ਸੋਚਣੀ ਨੂੰ ਪੈਰਾਂ ਹੇਠ ਲਤਾੜਦੇ ਹਨ। ਜੇਕਰ ਕਹਾਣੀਆਂ ਨਾਲ ਢੁਕਵੇਂ ਚਿੱਤਰ ਵੀ ਛਾਪੇ ਜਾਂਦੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋਈ ਸੀ। ਖ਼ੈਰ, ਇਹ ਕਹਾਣੀਆਂ ਪਾਠਕਾਂ ਨੂੰ ਪੈਗ਼ਾਮ ਦਿੰਦੀਆਂ ਹਨ ਕਿ ਅਗਾਂਹਵਧੂ ਮਾਨਸਿਕਤਾ ਹੀ ਅਗਿਆਨਤਾ ਅਤੇ ਅੰਧ-ਵਿਸ਼ਵਾਸ ਦੇ ਹਨੇਰੇ ਨੂੰ ਚੀਰ ਕੇ ਗਿਆਨ ਦੇ ਦਰਵਾਜ਼ੇ ਖੋਲ੍ਹ ਸਕਦੀ ਹੈ। ਇਨ੍ਹਾਂ ਕਹਾਣੀਆਂ ਵਿਚਲੇ ਮਨੁੱਖੀ ਅਤੇ ਜਨੌਰ ਪਾਤਰਾਂ ਦੀ ਵਾਰਤਾਲਾਪ ਘਟਨਾ-ਸਥਲ ਅਤੇ ਦੇਸ਼-ਕਾਲ ਦੇ ਅਨੁਕੂਲ ਹੈ। ਵਰਤਮਾਨ ਦੌਰ ਵਿਚ ਬਾਲ-ਮਨਾਂ ਨੂੰ ਵਿਗਿਆਨਕ ਸੋਚਣੀ ਦਾ ਹਲੂਣਾ ਦੇਣ ਵਾਲੀਆਂ ਅਜਿਹੀਆਂ ਮਿਆਰੀ ਪੁਸਤਕਾਂ ਦੀ ਹੋਰ ਜ਼ਰੂਰਤ ਹੈ। ਮੈਂ 'ਮਾਇਰ' ਨੂੰ ਇਸ ਮਿਆਰੀ ਬਾਲ ਪੁਸਤਕ ਦੀ ਰਚਨਾ ਲਈ ਵਧਾਈ ਦਿੰਦਾ ਹਾਂ।
-ਦਰਸ਼ਨ ਸਿੰਘ 'ਆਸ਼ਟ' (ਡਾ.)
ਮੋਬਾਈਲ : 98144-23703
ਵਿਸ਼ਵ ਲੋਕ ਨਾਇਕ ਅਤੇ ਤਾਜ਼ਾ ਮੁੱਦੇ
ਲੇਖਕ : ਜਸਵੀਰ ਸਿੰਘ ਉੱਭੀ 'ਅਜਨੋਹਾ'
ਪ੍ਰਕਾਸ਼ਕ : ਡੀ.ਪੀ. ਪਬਲਿਸ਼ਰਜ਼ ਐਂਡ ਮੀਡੀਆ ਹਾਊਸ, ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 170
ਸੰਪਰਕ : 96463-92945

ਡਾ. ਅਜਨੋਹਾ (ਯੂ.ਐੱਸ.ਏ.) ਦੀ ਪਲੇਠੀ ਪੁਸਤਕ 'ਨਾਇਕਤਵ' ਪੰਜਾਬੀ ਪਾਠਕਾਂ ਅਤੇ ਆਲੋਚਨਾ ਵਿਚ ਕਾਫ਼ੀ ਨਾਮਣਾ ਖੱਟਣ ਵਿਚ ਕਾਮਯਾਬ ਹੋਈ ਹੈ। ਇਸ ਦੇ ਦੋ-ਤਿੰਨ ਐਡੀਸ਼ਨ ਛਪੇ ਅਤੇ ਕਈ ਸਕਾਲਰਾਂ ਨੇ ਇਸ 'ਤੇ ਪੀ.ਐੱਚ.ਡੀ. ਦੀ ਡਿਗਰੀ ਹਾਸਿਲ ਕੀਤੀ। ਇਹ ਇਤਿਹਾਸ, ਰਾਜਨੀਤੀ ਅਤੇ ਸੱਭਿਆਚਾਰਕ ਪੱਖਾਂ 'ਤੇ ਰੌਸ਼ਨੀ ਪਾਉਂਦੀ ਪੁਸਤਕ ਹੈ। 'ਵਿਸ਼ਵ ਲੋਕ ਨਾਇਕ ਅਤੇ ਤਾਜ਼ਾ ਮੁੱਦੇ' ਉਨ੍ਹਾਂ ਦੀ ਹਾਲ ਵਿਚ ਛਪੀ ਪੁਸਤਕ ਹੈ, ਜਿਸ ਵਿਚ ਵਿਸ਼ਵ ਪ੍ਰਸਿੱਧ ਸ਼ਖ਼ਸੀਅਤਾਂ ਦੀਆਂ ਸੰਖੇਪ ਜੀਵਨੀਆਂ ਅਤੇ ਦੇਸ਼ ਦੇ ਪ੍ਰਚੱਲਿਤ ਮੁੱਦਿਆਂ 'ਤੇ ਸੰਵਾਦ ਰਚਾਇਆ ਗਿਆ ਹੈ। ਇਸ ਵਿਚ ਕੁੱਲ 52 ਜੀਵਨੀਆਂ ਅਤੇ ਲੇਖ ਸ਼ਾਮਿਲ ਕੀਤੇ ਗਏ ਹਨ।
ਜੀਵਨੀਆਂ ਵਿਚ ਲੇਖਕ ਨੇ ਸੂਰਮਿਆਂ, ਵਿਗਿਆਨਕਾਂ, ਫਿਲਾਸਫ਼ਰਾਂ, ਦੇਸ਼ ਭਗਤਾਂ, ਜਰਨੈਲਾਂ, ਸਮਾਜ ਸੇਵੀਆਂ, ਚਿੱਤਰਕਾਰਾਂ, ਮਹਾਂਮਾਰੀਆਂ (ਕੋਰੋਨਾ ਆਦਿ), ਭਗਤਾਂ ਅਤੇ ਆਜ਼ਾਦੀ ਪਰਵਾਨਿਆਂ ਆਦਿ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ।
ਤਾਜ਼ਾ ਮੁੱਦਿਆਂ ਵਿਚ ਕਿਸਾਨ ਅੰਦੋਲਨ, ਵਾਤਾਵਰਨ, ਪੰਜਾਬ ਦੇ ਹਾਲਾਤਾਂ, ਯੁਕਰੇਨ-ਰੂਸ ਜੰਗ, ਫਲਸਤੀਨ-ਇਜ਼ਰਾਈਲ ਯੁੱਧ, ਅਮਰੀਕਨ ਚੋਣਾਂ (2024), ਭਾਰਤੀ ਸੰਵਿਧਾਨ, ਅਮਰੀਕੀ ਪ੍ਰਧਾਨ ਟਰੰਪ ਦੀ ਚੋਣ ਆਦਿ 'ਤੇ ਚਾਨਣਾ ਪਾਇਆ ਗਿਆ ਹੈ।
ਛਿਟਪੁਟ ਲੇਖਾਂ ਵਿਚ ਹਾਥੀ, ਵਿਸ਼ਵਾਸ, ਸਮਾਂ, ਬ੍ਰਹਿਮੰਡ ਦੀ ਸ਼ੁਰੂਆਤ, ਮਾਯੂਸੀਆਂ ਆਦਿ ਬਾਰੇ ਗੱਲਬਾਤ ਕੀਤੀ ਗਈ ਹੈ। ਡਾ. ਅਜਨੋਹਾ ਦੀ ਵਾਰਤਕ ਸ਼ੈਲੀ ਬਹੁਤ ਹੀ ਸਾਧਾਰਨ, ਸੌਖੀ ਅਤੇ ਆਮ ਬੋਲੀ 'ਚ ਲਿਖੀ ਮਹਿਸੂਸ ਹੁੰਦੀ ਹੈ। ਆਮ ਪਾਠਕ ਦੇ ਸਮਝ ਆਉਣ ਵਾਲੀ ਹੈ। ਜਾਣ-ਬੁੱਝ ਕੇ ਔਖੇ ਤੇ ਭਾਰੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਗਈ। ਸੰਵਾਦ ਇਉਂ ਰਚਾਇਆ ਗਿਆ ਹੈ ਜਿਵੇਂ ਕਿਸੇ ਸ੍ਰੋਤੇ ਨੂੰ ਸਮਝਾ ਸਮਝਾ ਕੇ ਗਿਆਨ ਪਹੁੰਚਾਇਆ ਗਿਆ ਹੋਵੇ। ਜੀਵਨੀਆਂ ਨੂੰ ਬਹੁਤ ਸਲਾਹਿਆ ਨਹੀਂ ਗਿਆ ਤੇ ਨਾ ਹੀ ਅਕਾਊ ਹੋਣ ਦਾ ਯਤਨ ਕੀਤਾ ਗਿਆ ਹੈ। ਹਰ ਗੱਲ ਗਿਣੇ-ਮਿਣਵੇਂ ਸ਼ਬਦਾਂ 'ਚ ਹੀ ਕੀਤੀ ਗਈ ਹੈ। ਆਸ ਹੈ ਕਿ ਇਹ ਪੁਸਤਕ ਪਾਠਕਾਂ ਦੇ ਗਿਆਨ ਵਿਚ ਚੋਖਾ ਵਾਧਾ ਕਰੇਗੀ।
-ਕੇ. ਐਲ. ਗਰਗ
ਮੋਬਾਈਲ : 94635-37050
ਪਰਮ ਹੰਸ ਬੈਰਾਗੀ
ਭਾਈ ਸਾਹਿਬ ਭਾਈ ਜੀਵਨ ਸਿੰਘ ਜੀ
ਲੇਖਿਕਾ : ਜਗਜੀਤ ਕੌਰ ਖ਼ਾਲਸਾ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ ; 167
ਸੰਪਰਕ : 97804-82354

ਇਹ ਪੁਸਤਕ ਉਸ ਮਹਾਨ ਪੁਰਸ਼ ਦਾ ਜੀਵਨ ਬਿਰਤਾਂਤ ਹੈ, ਜਿਸ ਨੇ ਉਮਰ ਭਰ ਮਾਨਵਤਾ ਲਈ ਬਹੁਤ ਸਾਰੇ ਉਪਕਾਰੀ ਕਾਰਜ ਕੀਤੇ। ਪੁਸਤਕ ਨੂੰ ਵਿਵਸਥਿਤ ਰੂਪ ਦੇਣ ਹਿਤ ਲੇਖਿਕਾ ਨੇ 127 ਕਾਂਡ ਬਣਾਏ ਹਨ। ਇਸ ਤੋਂ ਇਲਾਵਾ ਕੁਝ ਵਿਦਵਾਨਾਂ ਦੇ ਵਿਚਾਰ ਪੁਸਤਕ ਦੇ ਕਾਂਡਾਂ ਦੇ ਆਰੰਭ ਤੋਂ ਪਹਿਲਾਂ ਅੰਕਿਤ ਕੀਤੇ ਹਨ ਅਤੇ ਪੁਸਤਕ ਦੀ ਅੰਕਿਤਾ ਵਿਚ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਵਲੋਂ ਵੱਖ-ਵੱਖ ਸਮਿਆਂ 'ਤੇ ਆਪਣੇ ਸੁਨੇਹੀਆਂ ਵੱਲ ਲਿਖੀਆਂ ਗਈਆਂ ਚਿੱਠੀਆਂ ਵੀ ਅੰਕਿਤ ਹਨ ਅਤੇ ਲੇਖਿਕਾ ਵਲੋਂ ਗੁਰੂ ਸਾਹਿਬਾਂ ਦਾ ਧੰਨਵਾਦ ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਵੀ ਅੰਕਿਤ ਹੈ। ਭਾਈ ਸਾਹਿਬ ਉਹ ਮਹਾਨ ਸ਼ਖ਼ਸੀਅਤ ਹੋਏ ਹਨ ਜਿਨ੍ਹਾਂ ਦਾ ਜਨਮ 1925 ਈਸਵੀ ਨੂੰ ਸਾਂਝੇ ਪੰਜਾਬ ਦੇ ਜ਼ਿਲ੍ਹਾ ਝੰਗ ਦੇ ਪਿੰਡ ਕੋਟ ਰੁਸਤਮ ਵਿਖੇ ਪਿਤਾ ਭਾਈ ਮਹਿਤਾਬ ਸਿੰਘ ਜੀ ਅਤੇ ਮਾਤਾ ਸਰਦਾਰਨੀ ਕਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਦੇਸ਼ ਵੰਡ ਉਪਰੰਤ ਆਪ ਲੁਧਿਆਣੇ ਜਾ ਵਸੇ। ਆਪ ਜੀ ਦੀ ਪਤਨੀ ਦਾ ਨਾਂਅ ਸਰਦਾਰਨੀ ਜੋਗਿੰਦਰ ਕੌਰ ਜੋ ਖ਼ੁਦ ਧਾਰਮਿਕਤਾ ਵਿਚ ਰੰਗੇ ਹੋਏ ਸਨ। ਆਪ ਜੀ ਦੇ ਭੈਣ-ਭਰਾ ਆਪ ਨਾਲ ਹਰ ਧਾਰਮਿਕ ਗਤੀਵਿਧੀ ਵਿਚ ਸਾਥ ਨਿਭਾਉਂਦੇ ਰਹੇ ਸਨ। ਆਪ ਜੀ ਨੇ ਜੀਵਨ ਦੇ ਅੰਤਿਮ 14-15 ਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਤਾਉਂਦਿਆਂ ਹੋਇਆਂ 7 ਜਨਵਰੀ, 2015 ਨੂੰ ਆਪਣੇ ਸਵਾਸ ਪਰਮ ਆਤਮਾ ਨੂੰ ਪ੍ਰਦਾਨ ਕਰ ਦਿੱਤੇ। ਇਸ ਜੀਵਨ ਕਾਲ ਵਿਚ ਆਪ ਜੀ ਨੇ ਨਾ ਕੋਈ ਡੇਰਾ ਬਣਾਇਆ ਅਤੇ ਨਾ ਕੋਈ ਨਿੱਜੀ ਸੁਆਰਥ ਦਾ ਕਾਰਜ ਕੀਤਾ ਸਗੋਂ ਆਪ ਜੀ ਦਾ ਜੀਵਨ ਗੁਰੂ ਸਾਹਿਬਾਂ ਦੇ ਦਰਸਾਏ ਗੁਰਮਤਿ ਸਿਧਾਂਤਾਂ ਅਨੁਸਾਰ ਬਤੀਤ ਹੁੰਦਾ ਰਿਹਾ। ਨਿਰਸ਼ੁਲਕ ਕੀਰਤਨ ਕਰਨਾ ਮਾਇਆ, ਧਨ ਤੋਂ ਨਿਰਲੇਪ ਰਹਿਣਾ ਸਗੋਂ ਜੋ ਕੁਝ ਆਪਣੇ ਕੋਲ ਹੋਣਾ, ਉਹ ਗ਼ਰੀਬ ਲੋਕਾਂ ਵਿਚ ਵੰਡਣਾ ਸ਼ੁਰੂ ਕੀਤਾ। ਗੁਰਦੁਆਰਿਆਂ ਦੀ ਸਾਂਭ-ਸੰਭਾਲ, ਧਰਮ-ਪ੍ਰਚਾਰ, ਆਪਣੇ ਆਪ ਨੂੰ ਕਈ ਵਾਰ ਦੁੱਖ ਵਿਚ ਪਿਆ ਹੋਇਆ ਵੀ ਸੁੱਖ ਦਾ ਅਹਿਸਾਸ ਕਰਨਾ ਅਤੇ ਮਾਨਵਤਾ ਨਾਲ ਪ੍ਰੇਮ ਭਗਤੀ ਵਿਚ ਵਿਚਰਨਾ ਆਪ ਜੀ ਦੇ ਜੀਵਨ ਦਾ ਮੁੱਖ ਉਦੇਸ਼ ਸਨ। ਆਪ ਜੀ ਦਾ ਗਿਆਨ ਹੰਸ ਵਰਗਾ, ਧਿਆਨ ਕੱਛੂ ਵਰਗਾ ਅਤੇ ਸਿਮਰਨ ਕੂੰਜ ਵਰਗਾ ਸੀ। ਨਿਮਰਤਾ, ਸੂਰਤ ਅਤੇ ਸੀਰਤ ਦੀ ਇਕਜੁੱਟਤਾ ਸੀ। ਸ਼ਰਾਬ ਪੀਣ ਅਤੇ ਮਾਸ ਖਾਣ ਦੀ ਮਨਾਹੀ ਕਰਨਾ ਇਨ੍ਹਾਂ ਦਾ ਸੰਦੇਸ਼ ਹੁੰਦਾ। ਹਰਿ ਰਸ, ਰਹਿਤ ਮਰਿਆਦਾ ਜੀਵਨ ਦੇ ਮੁੱਖ ਉਦੇਸ਼ ਸਨ। ਜਗਦੀਸ਼ ਕੌਰ ਖ਼ਾਲਸਾ ਨੇ ਅਜਿਹੀ ਪੁਸਤਕ ਲਿਖ ਕੇ ਪਾਠਕਾਂ ਨੂੰ ਇਕ ਅਣਮੋਲ ਤੋਹਫ਼ਾ ਦਿੱਤਾ ਹੈ।
-ਡਾ. ਜਗੀਰ ਸਿੰਘ ਨੂਰ
ਮੋਬਾਈਲ : 98142-09732
ਭੁਲੇਖਿਆਂ ਦੀ ਦੌੜ ਵਿੱਚ
ਲੇਖਕ : ਅਮਰਜੀਤ ਬਰਾੜ
ਪ੍ਰਕਾਸ਼ਕ : 5 ਆਬ ਪ੍ਰਕਾਸ਼ਨ ਜਲੰਧਰ
ਮੁੱਲ: 285 ਰੁਪਏ, ਸਫ਼ੇ : 160
ਸੰਪਰਕ : 94179-49079

ਅਮਰਜੀਤ ਸਿੰਘ ਬਰਾੜ ਦਾ ਪੰਜਾਬੀ ਸਾਹਿਤ ਜਗਤ ਤੇ ਪੱਤਰਕਾਰੀ ਦੇ ਖੇਤਰ ਵਿਚ ਵਿਸ਼ੇਸ਼ ਸਥਾਨ ਹੈ। ਅਖ਼ਬਾਰ 'ਦੇਸ਼ ਪ੍ਰਦੇਸ਼ ਟਾਈਮਜ਼' ਤੇ 'ਅਜੀਤ' ਵਿਚ ਵੀ ਉਸ ਦੀ ਕਲਮ ਨੇ ਪਾਠਕਾਂ ਦਾ ਘੇਰਾ ਵਿਸ਼ਾਲ ਕੀਤਾ ਹੈ। ਉਸ ਦੀਆਂ ਜ਼ਿਕਰਯੋਗ ਪੁਸਤਕਾਂ ਗਿਆਨ ਗੰਗਾ, ਸ਼ਖ਼ਸੀਅਤ ਜ਼ਿੰਦਗੀ ਦੀ ਦੌਲਤ, ਸ਼ੇਰਨੀਆਂ, ਵਿਸ਼ਵ ਪ੍ਰਸਿੱਧ ਔਰਤਾਂ, ਆਦਰਸ਼, ਜ਼ਿੰਦਗੀ ਦੀ ਖੋਜ, ਜ਼ਿੰਦਗੀ ਦਾ ਤੀਜਾ ਨੇਤਰ, ਵਿਸ਼ਵ ਕਬੱਡੀ ਕੱਪ, ਕਵਿਤਾ ਵਰਗੀ ਜ਼ਿੰਦਗੀ, ਜ਼ਿੰਦਗੀ ਦਾ ਸਿਰਨਾਵਾਂ, ਜ਼ਿੰਦਗੀ ਦੇ ਸਬਕ, ਰੋੜਾਂ ਤੋਂ ਕਰੋੜਾਂ ਤੱਕ ਦਾ ਸਫ਼ਰ, ਡੂੰਘੀਆਂ ਰਮਜ਼ਾਂ, ਡੂੰਘੀਆਂ ਸੋਚਾਂ ਦੀ ਫੁਲਕਾਰੀ, ਦ੍ਰਿਸ਼ਟੀਕੋਣ, ਖੂਬਸੂਰਤ ਇਰਾਦਿਆਂ ਦੀ ਵਰਣਮਾਲਾ, ਸ਼ਖ਼ਸੀਅਤ ਸੋਚ ਅਤੇ ਸਲੀਕਾ, ਆਪਣੇ ਲਈ ਵੀ ਜਿਊਣਾ ਸਿੱਖੋ, ਖੁਸ਼ੀਆਂ ਦੀ ਵਿਰਾਸਤ, ਤੁਸੀਂ ਵੀ ਬਣ ਸਕਦੇ ਹੋ ਲੇਖਕ ਆਦਿ ਹਨ।
'ਭੁਲੇਖਿਆਂ ਦੀ ਦੌੜ ਵਿਚ' 33 ਮਹੱਤਵਪੂਰਨ ਨਿਬੰਧ ਜੀਵਨ ਦੇ ਵਿਭਿੰਨ ਪੱਖਾਂ ਨੂੰ ਰੂਪਮਾਨ ਕਰਦੇ ਹੋਏ ਮਨੁੱਖ ਨੂੰ ਸਕਾਰਾਤਮਕ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੇ ਹਨ। ਵਰਤਮਾਨ ਮਨੁੱਖ ਅਸ਼ਾਂਤ, ਤਣਾਅ ਤੇ ਭਟਕਣਾ ਵਾਲੀ ਜੀਵਨ-ਸ਼ੈਲੀ ਦਾ ਆਦੀ ਹੋ ਗਿਆ ਹੈ। ਉਹ ਨਾ ਚਾਹੁੰਦੇ ਹੋਏ ਵੀ ਦੂਜਿਆਂ ਦੀ ਖੁਸ਼ੀ ਨੂੰ ਬਰਦਾਸ਼ਤ ਨਹੀਂ ਕਰਦਾ। ਅਮਰਜੀਤ ਬਰਾੜ ਦੇ ਨਿਬੰਧਾਂ ਦੀ ਸ਼ੈਲੀ ਮਨੁੱਖ ਨੂੰ ਮੁੜ ਜਿਊਣ ਲਈ ਆਨੰਦ ਤੇ ਸ਼ਾਂਤੀ ਦਾ ਰਸਤਾ ਦਿਖਾਉਂਦੀ ਹੈ। 'ਸ਼ਾਂਤ ਰਹਿਣ ਦਾ ਹੁਨਰ' ਵਿਚ ਜ਼ਿਕਰ ਮਿਲਦਾ ਹੈ:
ਸ਼ਾਂਤ ਰਹਿਣਾ ਇਕ ਸੁਭਾਅ ਹੀ ਨਹੀਂ ਹੁੰਦਾ ਇਹ ਇਕ ਹੁਨਰ, ਇਕ ਆਰਟ, ਇਕ ਸਮਝ, ਇਕ ਸਲੀਕਾ, ਇਕ ਜਾਗਰੂਕਤਾ ਅਤੇ ਗਿਆਨ ਵੀ ਹੁੰਦਾ ਹੈ। ਜਿੰਨਾ ਸਮਾਂ ਬੁੱਧ ਨੂੰ ਗਿਆਨ ਨਹੀਂ ਹੋਇਆ ਉਹ ਚੁੱਪ ਅਤੇ ਸ਼ਾਂਤ ਰਿਹਾ।
ਅਮਰਜੀਤ ਬਰਾੜ ਦੇ ਨਿਬੰਧ ਵਿਚਲੇ ਵਿਭਿੰਨ ਵਿਸ਼ੇ ਸਫ਼ਲਤਾ, ਆਨੰਦ, ਸਿਰਜਣਾ, ਸਫ਼ਰ, ਪਤੀ-ਪਤਨੀ, ਵਾਤਾਵਰਨ, ਖ਼ੂਬਸੂਰਤੀ, ਪਸੰਦ, ਧਿਆਨ, ਡਰ, ਜ਼ਿੰਦਗੀ, ਕਾਮਯਾਬੀ, ਸਮਝਣਾ, ਅਨੁਭਵ, ਵਿਵਹਾਰ, ਬੋਲਬਾਣੀ, ਰਿਸ਼ਤਿਆਂ ਦੀ ਅਹਿਮੀਅਤ ਆਦਿ ਤਰਕ ਅਧਾਰਤ ਪਾਠਕਾਂ ਦੀ ਦਿਸ਼ਾ ਨਿਰਧਾਰਤ ਕਰਦੇ ਹਨ:
ਹੁਨਰ ਦਾ ਹੁਸਨ, ਗੁਣਾਂ ਦੀ ਰੌਸ਼ਨੀ, ਸੋਚ ਦਾ ਸੂਰਜ, ਵਿਚਾਰਾਂ ਦੀ ਲੋਅ, ਚਰਿੱਤਰ ਦੀ ਤਪਸ, ਸ਼ਖ਼ਸੀਅਤ ਦੀ ਗਰਮੀ, ਸੁਭਾਅ ਦਾ ਨਿੱਘ, ਵਿਹਾਰ ਦੀ ਚਮਕ, ਸਲੀਕੇ ਤੇ ਲਿਆਕਤ ਦੀਆਂ ਕਿਰਨਾਂ ਅਤੇ ਇਮਾਨਦਾਰੀ ਦੀ ਧੁੱਪ ਭੀੜਾਂ ਵਿਚ ਵੀ ਬੰਦੇ ਨੂੰ ਕਦੀ ਕਦੇ ਗੁਆਚਣ ਨਹੀਂ ਦਿੰਦੀ। ਅਮਰਜੀਤ ਬਰਾੜ ਦੀ ਪੁਸਤਕ 'ਭੁਲੇਖਿਆਂ ਦੀ ਦੌੜ ਵਿਚ ਪਾਠਕਾਂ ਦੀ ਸੁਹਜ ਤ੍ਰਿਪਤੀ ਦੇ ਨਾਲ-ਨਾਲ ਪਾਠਕਾਂ ਨੂੰ ਤਰਕਸੰਗਤ ਜੀਵਨ ਜਿਊਣ ਦਾ ਵਲ ਵੀ ਸਿਖਾਉਂਦੀ ਹੈ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ :94146-91091
ਸ੍ਰਿਸ਼ਟੀ ਦ੍ਰਿਸ਼ਟੀ
ਦੇ ਆਧਾਰ 'ਤੇ ਬਲਦੇਵ ਸਿੰਘ 'ਬੱਦਨ' ਦੀ ਕਾਵਿ-ਚੇਤਨਾ
ਸੰਪਾਦਕ: ਡਾ. ਸਤਨਾਮ ਸਿੰਘ ਜੱਸਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 350 ਰੁਪਏ, ਸਫ਼ੇ : 192
ਸੰਪਰਕ: 94172-25942

ਡਾ. ਸਤਨਾਮ ਸਿੰਘ ਜੱਸਲ ਦੁਆਰਾ ਸੰਪਾਦਿਤ ਇਹ ਪੁਸਤਕ, ਲਗਭਗ 274 ਪੁਸਤਕਾਂ ਦੇ ਰਚੇਤਾ ਪੰਜਾਬੀ ਦੇ ਬਹੁ-ਪੱਖੀ ਸਾਹਿਤਕਾਰ ਡਾ. ਬਲਦੇਵ ਸਿੰਘ 'ਬੱਦਨ' ਦੇ ਕਾਵਿ-ਸੰਗ੍ਰਹਿ 'ਸ੍ਰਿਸ਼ਟੀ ਦ੍ਰਿਸ਼ਟੀ' ਦਾ ਇੱਕ ਸੰਪੂਰਨ ਆਲੋਚਨਾਤਮਿਕ ਦਸਤਾਵੇਜ਼ ਹੈ।
192 ਪੰਨਿਆਂ ਦੀ ਇਹ ਪੁਸਤਕ 24 ਵਿਦਵਾਨਾਂ, ਪ੍ਰਿੰ.(ਡਾ.) ਇੰਦਰਜੀਤ ਸਿੰਘ 'ਵਾਸੂ', ਡਾ.ਪਰਮਪਾਲ ਸਾਹਿਲ, ਡਾ.ਸਤਨਾਮ ਸਿੰਘ ਜੱਸਲ, ਡਾ. ਹਰਨੇਕ ਸਿੰਘ ਕਲੇਰ, ਪਵਨ ਹਰਚੰਦਪੁਰੀ, ਡਾ.ਅਨੁਰਾਗ ਸ਼ਰਮਾ, ਡਾ.ਰਾਕੇਸ਼ ਸ਼ਰਮਾ (ਸੁਆਮੀ ਆਨੰਦ ਗਣਤਵ), ਪ੍ਰੋ. ਬਲਦੇਵ ਸਿੰਘ ਬੱਲੀ, ਪ੍ਰੋ. ਸੰਧੂ ਵਰਿਆਣਵੀ, ਡਾ.ਅਮਰ ਕੋਮਲ, ਮਨਮੋਹਨ ਸਿੰਘ ਦਾਊਂ, ਪ੍ਰੋ.ਮਲਕੀਤ ਜੌੜਾ, ਡਾ. ਤੇਜਾ ਸਿੰਘ ਤਿਲਕ, ਅਮਰੀਕ ਡੋਗਰਾ, ਸੁਖਦੇਵ ਸਿੰਘ ਔਲਖ, ਡਾ. ਸੌਮਾਸ ਬਲੋਕ, ਨਵਤੇਜ ਗੜ੍ਹਦੀਵਾਲਾ, ਗੁਲਜ਼ਾਰ ਸਿੰਘ ਸ਼ੌਂਕੀ (ਧੂਰੀ), ਪ੍ਰੋ.ਨਵ ਸੰਗੀਤ ਸਿੰਘ, ਭਗਵਾਨ ਢਿੱਲੋਂ, ਬਲਵਿੰਦਰ ਸਿੰਘ ਭੱਟੀ, ਰੂਪ ਲਾਲ ਰੂਪ (ਸਟੇਟ ਅਵਾਰਡੀ), ਰਘਬੀਰ ਸਿੰਘ ਭਰਤ ਅਤੇ ਕੇ. ਸਾਧੂ ਸਿੰਘ) ਦੇ ਖੋਜ-ਪੱਤਰਾਂ ਰਾਹੀਂ ਬੱਦਨ ਦੀ ਕਾਵਿ-ਸੰਵੇਦਨਾ ਨੂੰ ਪਰਿਭਾਸ਼ਿਤ ਕਰਦੀ ਹੈ।
ਪੁਸਤਕ ਦਾ ਮੁੱਖ ਕੇਂਦਰ ਬੱਦਨ ਜੀ ਦੀ ਮਾਨਵਵਾਦੀ ਪਹੁੰਚ ਹੈ। ਸਾਰੇ ਵਿਦਵਾਨਾਂ ਨੇ ਉਜਾਗਰ ਕੀਤਾ ਹੈ ਕਿ ਬੱਦਨ ਦੀ ਕਵਿਤਾ ਕੇਵਲ ਸ਼ਬਦਾਂ ਦਾ ਜਾਲ ਨਹੀਂ, ਸਗੋਂ ਸਮਾਜਿਕ ਬੁਰਾਈਆਂ, ਗ਼ਰੀਬੀ ਅਤ ੇਸਿਆਸੀ ਭ੍ਰਿਸ਼ਟਾਚਾਰ ਵਿਰੁੱਧ ਇੱਕ ਮਜ਼ਬੂਤ ਆਵਾਜ਼ ਹੈ। ਉਨ੍ਹਾਂ ਦੀ ਕਵਿਤਾ ਵਿਚ ਸ੍ਰਿਸ਼ਟੀ ਦੇ ਕਣ-ਕਣ ਨਾਲ ਮਨੁੱਖੀ ਸਾਂਝ ਦਾ ਦਰਸ਼ਨ ਮਿਲਦਾ ਹੈ। ਉਹ ਕੁਦਰਤ ਦੇ ਨਿਘਾਰ ਅਤੇ ਵਾਤਾਵਰਨ ਦੇ ਪ੍ਰਦੂਸ਼ਣ ਪ੍ਰਤੀ ਵੀ ਓਨੇ ਹੀ ਚਿੰਤਤ ਹਨ ਜਿੰਨੇ ਕਿ ਮਨੁੱਖੀ ਨੈਤਿਕਤਾ ਦੇ ਪਤਨ ਪ੍ਰਤੀ।
ਪੁਸਤਕ ਦੀ ਸੰਪਾਦਨਾ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਕਵੀ ਦੇ ਸ਼ਿਲਪ ਵਿਧਾਨ, ਭਾਸ਼ਾਈ ਸਰਲਤਾ ਅਤੇ ਬਿੰਬਾਵਲੀ ਦਾ ਡੂੰਘਾ ਵਿਸ਼ਲੇਸ਼ਣ ਕੀਤਾ ਗਿਆ ਹੈ। ਡਾ.ਜੱਸਲ ਨੇ ਵੱਖ-ਵੱਖ ਵਿਚਾਰਧਾਰਾਵਾਂ ਦੇ ਆਲੋਚਕਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਬੱਦਨ ਦੀ ਕਾਵਿ-ਚੇਤਨਾ ਨੂੰ ਬ੍ਰਹਿਮੰਡੀ ਪੱਧਰ 'ਤੇ ਸਮਝਣ ਦਾ ਯਤਨ ਕੀਤਾ ਹੈ।
ਇਹ ਪੁਸਤਕ ਖੋਜਾਰਥੀਆਂ ਅਤੇ ਪਾਠਕਾਂ ਲਈ ਇਕ ਅਨਮੋਲ ਤੋਹਫ਼ਾ ਹੈ। ਇਹ ਸਿੱਧ ਕਰਦੀ ਹੈ ਕਿ ਬਲਦੇਵ ਸਿੰਘ 'ਬੱਦਨ' ਦੀ ਕਵਿਤਾ ਮੌਜੂਦਾ ਦੌਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਨੁੱਖ ਨੂੰ ਸਵੈ-ਪਛਾਣ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਮਾਰਗ ਦਿਖਾਉਂਦੀ ਹੈ। ਇਹ ਪੁਸਤਕ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਇਕ ਮੀਲ ਪੱਥਰ ਹੈ, ਜੋ ਨਵੇਂ ਪਾਠਕਾਂ ਲਈ ਪ੍ਰੇਰਨਾ ਸਰੋਤ ਬਣੇਗੀ।
-ਜਸਵਿੰਦਰ ਸਿੰਘ ਕਾਈਨੌਰ
ਮੇਬਾਈਲ : 98888-42244











































































.jpg)



































































































































