10-05-26
ਸਰਦਲ ਤੋਂ ਸਰਦਲ ਤੱਕ
ਲੇਖਕ : ਦਿਲਪ੍ਰੀਤ ਕਾਹਲੋਂ
ਸੰਪਾਦਕ : ਪ੍ਰੋ. ਬਲਦੇਵ ਸਿੰਘ ਬੱਲੀ
ਪ੍ਰਕਾਸ਼ਕ : ਕਾਜਲ ਪਬਲਿਸ਼ਰਜ਼, ਦਸੂਹਾ (ਹੁਸ਼ਿਆਰਪੁਰ)
ਮੁੱਲ : 200, ਸਫ਼ੇ : 88
ਸੰਪਰਕ : 94637-73991

ਦਿਲਪ੍ਰੀਤ ਕਾਹਲੋਂ ਦੀ ਪਲੇਠੀ ਪੁਸਤਕ 'ਸਰਦਲ ਤੋਂ ਸਰਦਲ ਤੱਕ' ਕਾਵਿ-ਸੰਗ੍ਰਹਿ 'ਚ ਕੁੱਲ 46 ਕਵਿਤਾਵਾਂ ਹਨ। ਇਸ ਪੁਸਤਕ ਦਾ ਮੁੱਖ ਬੰਦ ਲਿਖਣ 'ਚ ਪ੍ਰੋ. ਬਲਦੇਵ ਸਿੰਘ ਬੱਲੀ ਦੀ ਅਹਿਮ ਭੂਮਿਕਾ ਰਹੀ ਹੈ। ਲੇਖਕ ਅਧਿਆਪਕ ਹੋਣ ਦੇ ਨਾਲ ਸਾਹਿਤ ਸਭਾ ਗੜ੍ਹਦੀਵਾਲਾ (ਰਜਿ:) ਦੇ ਲੰਬੇ ਸਮੇਂ ਤੋਂ ਕਾਰਜਸ਼ੀਲ ਮੈਂਬਰ ਹੋਣ ਕਰਕੇ ਕਵਿਤਾਵਾਂ ਬੋਲਣ ਦਾ ਅਕਸਰ ਹੀ ਮੌਕਾ ਮਿਲਦਾ ਰਹਿੰਦਾ ਸੀ ਤੇ ਸਾਹਿਤ 'ਚ ਰੁਚੀ ਹੋਣ ਕਾਰਨ ਸਮਕਾਲੀ ਵਰਤਾਰਿਆਂ ਨੂੰ ਗਹੁ ਨਾਲ ਕਾਵਿ-ਦ੍ਰਿਸ਼ਟੀ ਤੋਂ ਵਾਚ ਕੇ ਸਮਝਣ ਦੀ ਕੋਸ਼ਿਸ਼ ਕੀਤੀ। ਕਵਿਤਾਵਾਂ ਲੇਖਕ ਦੇ ਸੰਘਰਸ਼ੀ ਸਵੈ-ਜੀਵਨ ਦੇ ਯਥਾਰਥ ਤੇ ਭਾਵਨਾਤਮਿਕ ਸੋਚ ਨਾਲ ਪ੍ਰਗਤੀਸ਼ੀਲ ਵਿਚਾਰ ਨੂੰ ਉਜਾਗਰ ਕਰਦੀਆਂ ਹਨ।
ਲੇਖਕ ਨੇ ਗੰਭੀਰ ਵਿਸ਼ੇ ਲਏ ਜਿਵੇਂ ਕਿ ਮੰਜ਼ਿਲ, ਵੱਡਾ ਰੁੱਖ ਛੋਟਾ ਰੁੱਖ, ਸ਼ਬਦ, ਤਿੰਨ ਮਾਵਾਂ, ਉੱਠ ਸਾਥੀ, ਤਰੱਕੀ, ਕਲਮ, ਮੇਰਾ ਹੱਕ, ਭਗਤ ਸਿੰਘ ਦੇ ਵਾਰਸ, ਇੱਕ ਸ਼ਹਿਰ, ਹੱਕ ਸੱਚ, ਤਲਵਾਰ, ਸੁਫਨੇ, ਨਾਰੀ, ਦਾਦੀ ਦਾ ਚਰਖਾ, ਕੈਦ, ਕਾਗਜ਼ ਦੀ ਬੇੜੀ, ਦੋਸਤ ਜਾਂ ਦੁਸ਼ਮਣ, ਮਨ ਦੇ ਸੱਚੇ, ਹਾਕਮ ਤੰਤਰ, ਮੈਂ ਪੱਤਾ ਨਹੀਂ, ਰੱਬ, ਜੰਗ ਬੰਦੀ, ਭਟਕਣ, ਮਾਂ ਅਤੇ ਹੋਰ ਬਹੁਤ ਸਾਰੇ ਵਿਸ਼ੇ 'ਤੇ ਲਿਖਿਆਂ ਜਿਨ੍ਹਾਂ ਨੂੰ ਪੜ੍ਹ ਕੇ ਮਹਿਸੂਸ ਹੁੰਦਾ ਜ਼ਿੰਦਗੀ ਦੀ ਇਹੀ ਹਕੀਕਤ ਹੈ।
ਜਿਵੇਂ 'ਸਰਦਲ ਤੋਂ ਸਰਦਲ ਤੱਕ' ਜੀਵਨ ਦੇ ਯਥਾਰਥ ਨੂੰ ਬਿਆਨ ਕਰਦੇ ਲਿਖਿਆ ਹੈ।
ਘਰ ਦੀ ਸਰਦਲ ਤੋਂ ਬਾਹਰ
ਜ਼ਿੰਦਗੀ ਦੀ ਸਰਦਲ ਤੇ ਖਲੋਤਾ
ਪਤਾ ਨਹੀਂ ਕੀ ਸੋਚ ਰਿਹੈ?
ਸ਼ਾਇਦ-
ਨੰਗੇ ਪੈਰੀਂ ਕੀਤੇ ਉਸ ਸਫ਼ਰ ਬਾਰੇ
ਜੋ ਤੈਅ ਕੀਤਾ ਉਸਨੇ ਉਦਾਸ ਹਵਾਵਾਂ ਸੰਗ,
ਖਾਮੋਸ਼ ਸਾਏ ਹੇਠ
ਸੰਤਾਪ ਦੀ ਧਰਤੀ 'ਤੇ
ਵਿਤਕਰਿਆਂ ਦੀਆਂ ਰਾਹਾਂ ਤੇ।
ਇੰਝ ਹੀ 'ਸਿਆਣਾ ਰਾਜਾ' ਦੀਆਂ ਕੁਝ ਸਤਰਾਂ ਹਨ।
ਰਾਜਾ ਹੁਣ ਸਿਆਣਾ ਹੋ ਗਿਆ ਲੱਗਦਾ
ਕੌੜੇ ਸ਼ਬਦ ਨਹੀਂ ਬੋਲਦਾ
ਮਾਖਿਓਂ ਮਿੱਠੇ ਸ਼ਬਦਾਂ ਓਹਲੇ
ਖੰਜਰ ਉਂਝ ਲੁਕੋ ਰੱਖਦਾ
ਰਾਜਾ ਹੁਣ ਸਿਆਣਾ ਹੋ ਗਿਆ ਲੱਗਦਾ।
ਇਹ ਸਤਰਾਂ ਗੰਦਲੀ ਰਾਜਨੀਤੀ ਨੂੰ ਬਿਆਨ ਕਰਦੀਆਂ।
ਲੇਖਕ ਨੇ ਇਹ ਪੁਸਤਕ ਜਨਮ ਦੇਣ ਤੇ ਪਾਲਣ ਵਾਲੀਆਂ ਸਾਰੀਆਂ ਮਾਵਾਂ ਨੂੰ ਸਮਰਪਿਤ ਕੀਤੀ ਹੈ। ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ। ਲੇਖਕ ਆਪਣੀ ਕੀਤੀ ਮਿਹਨਤ ਲਈ ਵਧਾਈ ਦਾ ਪਾਤਰ ਹੈ।
-ਸਾਹਿਬਾ ਜੀਟਨ ਕੌਰ
ਮੋਬਾਈਲ : 99883-47109
ਵਿਚਾਰ ਤੇ ਸੰਵਾਦ
ਸੰਪਾਦਕੀ ਮੰਡਲ : ਤੇਜਾ ਸਿੰਘ ਤਿਲਕ, ਤੇਜਿੰਦਰ ਚੰਡਿਹੋਕ, ਮਲਵਿੰਦਰ ਸ਼ਾਇਰ
ਪ੍ਰਕਾਸ਼ਕ : ਤਾਲਿਫ਼ ਪ੍ਰਕਾਸ਼ਨ, ਬਰਨਾਲਾ
ਮੁੱਲ : 260 ਰੁਪਏ, ਸਫ਼ੇ : 136
ਸੰਪਰਕ : 98766-36159

ਪੰਜਾਬੀ ਸਾਹਿਤ ਸਭਾ (ਰਜਿ.) ਬਰਨਾਲਾ ਵਲੋਂ ਪ੍ਰਕਾਸ਼ਿਤ/ਸੰਪਾਦਿਤ 'ਵਿਚਾਰ ਤੇ ਸੰਵਾਦ' 15ਵੀਂ ਪੁਸਤਕ ਹੈ ਜੋ ਪੰਜਾਬੀ ਸਮੀਖਿਆ ਦੀ ਦਸ਼ਾ ਤੇ ਦਿਸ਼ਾ ਵੱਲ ਪੁਲਾਂਘਾਂ ਪੁੱਟਦੀ, ਇਹ ਸਿੱਧ ਕਰਦੀ : ਬਰਨਾਲਾ ਸਾਹਿਤ ਦਾ ਉਜਾਲਾ। ਪੁਸਤਕ ਵਿਚ ਵੱਖੋ-ਵੱਖ ਰੂਪਾਂ ਦੀਆਂ 17 ਪੁਸਤਕਾਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਬਾਰੇ ਵੱਖ-ਵੱਖ ਸਮੀਖਿਅਕਾਂ ਨੇ ਵਿਚਾਰ ਤੇ ਸੰਵਾਦ ਰਚਾ ਕੇ ਆਲੋਚਨਾ ਦੇ ਮਾਪਦੰਡਾਂ ਨੂੰ ਉਜਾਗਰ ਕੀਤਾ। ਜ਼ਿਕਰਯੋਗ ਹੈ ਬਰਨਾਲਾ ਸਾਹਿਤਕਾਰਾਂ ਦਾ ਗੜ੍ਹ ਹੈ ਅਤੇ ਰਾਜਸੀ ਸੱਤਾ ਦਾ ਵੀ ਖੇਤਰ ਹੈ। ਇਥੋਂ ਦੇ ਦੋ ਪੰਜਾਬੀ ਰਸਾਲੇ 'ਮੁਹਾਂਦਰਾ' ਅਤੇ 'ਕਲਾਕਾਰ' ਸੰਪਾਦਕਾਂ ਦਾ ਮੁੱਖ ਕੇਂਦਰ ਹਨ। ਪ੍ਰੌੜ੍ਹ ਅਤੇ ਉੱਭਰਦੇ ਲੇਖਕਾਂ ਦਾ ਸੁਮੇਲ-ਸੰਸਥਾਨ ਵੀ ਹੈ। ਕ੍ਰਾਂਤੀਕਾਰੀ ਲਹਿਰਾਂ ਦਾ ਝੰਡਾ ਬਰਦਾਰ ਵੀ। ਇਸ ਪ੍ਰਸੰਗ ਵਿਚ ਪੰਜਾਬੀ ਸਾਹਿਤ ਸਭਾ (ਰਜਿ.) ਬਰਨਾਲਾ ਜੋ 1955 'ਚ ਸੰਗਠਿਤ ਹੋਈ, ਨਿਰੰਤਰ ਕਾਰਜਸ਼ੀਲ ਹੈ। ਹਥਲੀ-ਪੁਸਤਕ ਨਵੇਂ ਉੱਭਰਦੇ ਦੇ ਲੇਖਕਾਂ ਦੀਆਂ ਪੁਸਤਕਾਂ 'ਤੇ ਆਧਾਰਿਤ ਸਾਹਿਤਕ-ਆਲੋਚਨਾ ਦੀਆਂ ਪ੍ਰਣਾਲੀਆਂ ਉਦਮਨ ਕਰਦੀ ਹੈ। ਏਦਾਂ ਦੀ ਸ਼ੁਰੂਆਤ ਕਰਨੀ ਭਵਿੱਖਮੁਖੀ ਕਾਰਜ ਹੈ। ਸੰਖੇਪਤਾ 'ਚ ਪੁਸਤਕ-ਸਮੱਗਰੀ ਦੀ ਘੋਖ ਇੰਜ ਕਰੀ ਜਾ ਸਕਦੀ ਹੈ। ਡਾ. ਅਨਿਲ ਜੋਸ਼ੀ ਨੇ ਕਵਿੱਤਰੀ ਅੰਜਨਾ ਮੈਨਨ ਦੀ ਪਲੇਠੀ ਕਾਵਿ-ਪੁਸਤਕ 'ਕੱਕੀਆਂ ਕਣੀਆਂ' ਦੀ ਵਿਸਥਾਰ ਸਹਿਤ ਸੰਤੁਲਿਤ ਆਲੋਚਨਾ ਕੀਤੀ ਹੈ। ਕਾਵਿ-ਟੂਕਾਂ ਦਾ ਜ਼ਿਕਰ ਛਾਂਟਵਾਂ ਹੈ। ਡਾ. ਅਨਿਲ ਸ਼ੋਰੀ ਨੇ ਨਾਵਲਕਾਰ ਚਤਿੰਦਰ ਰੁਪਾਲ ਦੇ ਲਘੂ ਨਾਵਲ 'ਮਹਿਨੂਰ' ਦੇ ਜੀਵਨ ਘਟਨਾਕ੍ਰਮ ਨੂੰ ਦਰਸਾਇਆ। ਉੱਘੀ ਲੇਖਿਕਾ ਡਾ. ਅਰਵਿੰਦਰ ਕੌਰ ਕਾਕੜਾ ਨੇ ਸਮਰੱਥ ਕਹਾਣੀਕਾਰ ਜਗਿੰਦਰ ਸਿੰਘ ਨਿਰਾਲਾ ਦੀਆਂ 20 'ਮੇਰੀਆਂ ਪਿਆਰੀਆਂ ਕਹਾਣੀਆਂ' ਦਾ ਲੇਖਾ-ਜੋਖਾ ਅੱਜ ਦੀ ਕਹਾਣੀ ਦੇ ਸੰਦਰਭ 'ਚ ਕੀਤਾ। ਬੜੀ ਮਿਹਨਤ ਕੀਤੀ ਗਈ। ਡਾ. ਕਾਕੜਾ ਨੇ 'ਸਾਹਾਂ ਦੇ ਸਾਕ' ਬੂਟਾ ਸਿੰਘ ਚੌਹਾਨ ਦੇ ਨਿਬੰਧਾਂ ਦਾ ਬਾਰੀਕ-ਬੀਨੀ ਨਾਲ ਮੁਲਾਂਕਣ ਕੀਤਾ। ਸ੍ਰੀ ਚੌਹਾਨ ਦਾ ਜੀਵਨ ਦਰਪਣ ਉਤਸ਼ਾਹਿਤ ਕਰਨ ਵਾਲਾ ਡਾ. ਹਰਪ੍ਰੀਤ ਕੌਰ ਔਲਖ ਨੇ ਬਰਨਾਲਾ ਦੇ ਲੇਖਕਾਂ ਦੀ ਲੋਕਧਾਰਾ ਨੂੰ ਦੇਣ ਦੀ ਪੂਰੀ ਝਲਕ ਪੇਸ਼ ਕੀਤੀ। ਲੋਕ-ਪੱਖੀ ਸੱਭਿਆਚਾਰ ਦੀ ਮਹੱਤਤਾ ਜੀਵੰਤ ਕੀਤੀ ਗਈ। ਡਾ. ਗਗਨਦੀਪ ਕੌਰ ਨੇ 'ਇਸ਼ਕ ਬੰਦਗੀ ਹੈ' ਕਿੱਸਾ ਹੀਰ ਰਾਂਝਾ ਦਾ ਆਧੁਨਿਕ ਸੰਦਰਭ ਪੁਨਰ-ਸੁਰਜੀਤ ਕੀਤਾ। ਜਗਮੀਤ ਹਰਫ਼ ਨੇ ਕੇਸਰ ਗੁਰਮੀਤ ਦੇ ਗ਼ਜ਼ਲ ਸੰਗ੍ਰਹਿ 'ਦਿਨ ਢਲੇ' ਅਜੋਕੇ ਮਨੁੱਖ ਦੀ ਪ੍ਰਵਿਰਤੀ ਨੂੰ ਅਭੀਵਿਅਕਤ ਕੀਤਾ। ਤੇਜਾ ਸਿੰਘ ਤਿਲਕ ਨੇ 'ਮੈਂ ਸਰਹੱਦ ਬੋਲਦੀ ਹਾਂ' ਅਤੇ 'ਸ੍ਰੀ ਗੁਰੂ ਤੇਗ ਬਹਾਦਰ' ਪੁਸਤਕਾਂ ਬਾਰੇ ਸੁਝਾਊ ਢੰਗ ਨਾਲ ਸਮੀਖਿਆ ਕੀਤੀ। ਤੇਜਿੰਦਰ ਚੰਡਿਹੋਕ ਨੇ ਨਵੀਂ ਦ੍ਰਿਸ਼ਟੀ ਨਾਲ 'ਜੜ੍ਹਮੂਲ' ਤੇ 'ਚਾਰ ਕਦਮ ਜ਼ਿੰਦਗੀ' ਦਾ ਮਿਆਰੀ ਵਿਸ਼ਲੇਸ਼ਣ ਕੀਤਾ। ਡਾ. ਰਾਮਪਾਲ ਸ਼ਾਹਪੁਰੀ ਨੇ 'ਪੰਜਾਬੀ ਗੀਤ ਸ਼ਾਸਤਰ' ਅਤੇ 'ਮਿੱਟੀ ਜਾਗ ਪਈ' ਪੁਸਤਕਾਂ ਬਾਰੇ ਸਾਰਥਿਕ ਆਲੋਚਨਾ ਕੀਤੀ। 'ਸ਼ੂਕਦੇ ਆਬ ਤੇ ਖਾਬ' ਬਾਰੇ ਡਾ. ਭੁਪਿੰਦਰ ਸਿੰਘ ਬੇਦੀ ਨੇ ਠੀਕ ਨਿਰਣਾ ਲਿਆ। ਮਹਿੰਦਰ ਸਿੰਘ ਰਾਹੀ ਨੇ 'ਲੇਲ੍ਹੜੀਆਂ' ਬਾਰੇ ਅਤੇ ਮਾਲਵਿੰਦਰ ਸ਼ਾਇਰ ਨੇ 'ਅਕਥ ਨਾ ਕਥਨਾ ਜਾਈ' ਪੁਸਤਕਾਂ ਨੂੰ ਵਿਚਾਰਿਆ। ਰਾਜਾ ਰਾਮ ਹੰਡਿਆਇਆ ਨੇ 'ਤਰਕਸ਼ੀਲ ਸੁਸਾਇਟੀ ਦੀ ਪੰਜਾਬੀ ਸਾਹਿਤ ਨੂੰ ਦੇਣ' ਬਾਖ਼ੂਬੀ ਲਿਖਿਆ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਕੂਕਾ ਲਹਿਰ ਦੇ ਅਮਰ ਨਾਇਕ
ਲੇਖਕ : ਸੁਵਰਨ ਸਿੰਘ ਵਿਰਕ
ਪ੍ਰਕਾਸ਼ਕ : ਨਾਮਧਾਰੀ ਸਿੱਖ ਸੰਗਤ,
ਗੁਰਦੁਆਰਾ ਸ੍ਰੀ ਭੈਣੀ ਸਾਹਿਬ
ਮੁੱਲ : ਦਰਜ ਨਹੀਂ, ਸਫ਼ੇ : 828
ਸੰਪਰਕ : 099963-71716

ਸ. ਸੁਵਰਨ ਸਿੰਘ ਵਿਰਕ (ਸਰਪੰਚ ਕਰੀਵਾਲਾ, ਸਿਰਸਾ) ਦੁਆਰਾ ਵਿਉਂਤਬੱਧ ਕੀਤਾ ਅਤੇ ਲਿਖਿਆ ਇਹ ਵੱਡਆਕਾਰੀ ਗ੍ਰੰਥ ਪੰਜਾਬ ਦੀ 'ਕੂਕਾ ਲਹਿਰ' ਦਾ ਦਸਤਾਵੇਜ਼ੀ ਇਤਿਹਾਸ ਹੈ। ਅਜੇ ਤੱਕ ਤਾਂ ਇਸ ਗ੍ਰੰਥ ਦੀਆਂ ਤਿੰਨ ਜਿਲਦਾਂ ਹੀ ਪ੍ਰਕਾਸ਼ਿਤ ਹੋਈਆਂ ਹਨ, ਸ਼ਾਇਦ ਸਿਦਕੀ ਲੇਖਕ ਦੇ ਮਨ-ਮਸਤਕ ਵਿਚ ਅਜੇ ਕਿਸੇ ਹੋਰ 'ਜਿਲਦ' ਦਾ ਖ਼ਾਕਾ ਵੀ ਉੱਘੜ ਰਿਹਾ ਹੋਵੇ। ਹਥਲੀ ਜਿਲਦ, ਇਸ ਚਿਤਵੇ ਹੋਏ ਪ੍ਰਾਜੈਕਟ ਦਾ ਤੀਜਾ ਭਾਗ ਹੈ। ਏਡੇ ਵੱਡੇ ਕੈਨਵਸ ਉੱਪਰ ਚਿਤਵਿਆ ਅਤੇ ਚਿਤਰਿਆ ਇਹ ਇਕ ਵਿਸਮੈਜਨਕ ਕਾਰਜ ਹੈ। ਮੈਂ ਇਸ ਪ੍ਰਾਜੈਕਟ ਦੇ ਸੁਘੜ ਲੇਖਕ ਨੂੰ ਇਸ ਵਚਨਬੱਧਤਾ ਦੀ ਮੁਬਾਰਕ ਪੇਸ਼ ਕਰਦਾ ਹਾਂ। 'ਕੂਕਾ ਲਹਿਰ' ਦਾ ਸੰਚਾਲਕ ਤਾਂ ਸਤਿਗੁਰੂ ਰਾਮ ਸਿੰਘ ਨੂੰ ਮੰਨਿਆ ਜਾਂਦਾ ਹੈ ਪਰ ਬਾਬਾ ਰਾਮ ਸਿੰਘ ਨੇ ਇਸ ਲਹਿਰ ਦੇ ਨਕਸ਼ ਅਤੇ ਫੁਰਨੇ, ਹਜ਼ਰੋ-ਨਿਵਾਸੀ ਬਾਬਾ ਬਾਲਕ ਸਿੰਘ ਤੋਂ ਹਾਸਿਲ ਕੀਤੇ ਸਨ। ਬਾਬਾ ਰਾਮ ਸਿੰਘ ਤੋਂ ਉਪਰੰਤ ਗੁਰੂ ਹਰੀ ਸਿੰਘ, ਗੁਰੂ ਪ੍ਰਤਾਪ ਸਿੰਘ, ਮਹਾਰਾਜਾ ਬੀਰ ਸਿੰਘ ਅਤੇ ਸਤਿਗੁਰੂ ਜਗਜੀਤ ਸਿੰਘ ਕ੍ਰਮਵਾਰ ਇਸ ਸੰਪਰਦਾਇ ਦਾ ਸੰਚਾਲਨ ਕਰਦੇ ਰਹੇ। ਅੱਜਕੱਲ੍ਹ ਸਤਿਗੁਰੂ ਉਦੈ ਸਿੰਘ ਇਸ ਪਦਵੀ ਉੱਪਰ ਸੁਸ਼ੋਭਿਤ ਹਨ। 19ਵੀਂ ਸਦੀ ਦੇ ਦੂਜੇ ਅੱਧ ਵਿਚ ਬ੍ਰਿਟਿਸ਼ ਸਾਮਰਾਜ ਨਾਲ ਲੜਨ ਦੀ ਪ੍ਰੇਰਨਾ ਬਾਬਾ ਰਾਮ ਸਿੰਘ ਦੀ ਪ੍ਰਗਤੀਸ਼ੀਲ ਸੋਚ ਦਾ ਨਤੀਜਾ ਸੀ। ਇਸ ਮੰਤਵ ਲਈ ਉਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਨਾਲ ਅਸਹਿਯੋਗ ਕੀਤਾ। ਬ੍ਰਿਟਿਸ਼ ਉਤਪਾਦਨਾਂ (ਇਥੋਂ ਤੱਕ ਕਿ ਰੇਲ ਗੱਡੀਆਂ, ਡਾਕਖਾਨਿਆਂ ਆਦਿ) ਦਾ ਬਾਈਕਾਟ ਕੀਤਾ। ਗਊ-ਰਕਸ਼ਾ ਲਈ ਲਗਭਗ 100 ਕੂਕਿਆਂ ਨੇ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ। ਬਹੁਤ ਸਾਰਿਆਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ, ਪਰ ਕੂਕੇ ਸ਼ਾਂਤਮਈ ਸਤਿਆਗ੍ਰਹਿ ਉੱਪਰ ਡਟੇ ਰਹੇ। ਇਹ ਮਹਾਤਮਾ ਗਾਂਧੀ ਦੇ ਉਦੈ ਹੋਣ ਤੋਂ ਲਗਭਗ ਅੱਧੀ ਸਦੀ ਪਹਿਲਾਂ ਦਾ ਸਮਾਂ ਸੀ। ਗਊ-ਰਕਸ਼ਾ ਦੇ ਨਾਲ-ਨਾਲ ਸ਼ਾਸਤਰੀ ਸੰਗੀਤ ਅਤੇ ਹਾਕੀ ਦੀ ਖੇਡ ਨਾਲ ਲਗਾਉ ਇਨ੍ਹਾਂ ਕੂਕਿਆਂ ਦੇ ਗੌਰਵਮਈ ਇਤਿਹਾਸ ਵਿਚ ਸ਼ਾਮਿਲ ਹੈ। ਕੂਕਿਆਂ ਨੇ ਸਤਿਗੁਰੂ ਅਰਜਨ ਦੇਵ ਜੀ ਅਤੇ ਸਤਿਗੁਰੂ ਤੇਗ ਬਹਾਦਰ ਜੀ ਦੀ ਸ਼ਾਂਤਮਈ ਸੋਚ ਉੱਪਰ ਪਹਿਰਾ ਦਿੱਤਾ, ਸੰਗੀਤ ਦੇ ਮਹੱਤਵ ਨੂੰ ਸਮਝਿਆ, ਵਿਅਕਤੀ ਦੇ ਸਾਬਤ-ਸੂਰਤ ਜਾਂ ਕੇਸਾਧਾਰੀ ਰਹਿਣ ਉੱਪਰ ਜ਼ੋਰ ਦਿੱਤਾ। ਸਫ਼ੇਦ ਵਸਤਰ ਧਾਰਨ ਕੀਤੇ, ਸੰਤ-ਸਰੂਪ ਸ਼ਖ਼ਸੀਅਤ ਧਾਰਨ ਕਰਨ ਨੂੰ ਤਰਜੀਹ ਦਿੱਤੀ ਅਤੇ ਕਦੇ ਲੋੜ ਪੈਣ ਉੱਤੇ ਤਲਵਾਰ ਦੇ ਜੌਹਰ ਵੀ ਦਿਖਾਏ। ਮੌਜੂਦਾ ਸਨਾਤਨ-ਧਰਮੀਆਂ ਨੂੰ ਕੂਕਿਆਂ ਦੇ ਦੱਸੇ ਮਾਰਗ ਉੱਪਰ ਚੱਲਣ ਦੀ ਲੋੜ ਹੈ। ਸੰਤ ਇੰਦਰ ਸਿੰਘ ਚੱਕਰਵਰਤੀ ਅਤੇ ਗੁਰਦੇਵ ਸਿੰਘ ਰਾਇ ਵਰਗੇ ਕਵੀਆਂ ਨੇ ਕੂਕਿਆਂ ਬਾਰੇ ਮਹੱਤਵਪੂਰਨ ਮਹਾਂਕਾਵਿ ਵੀ ਲਿਖੇ ਹਨ। ਮੈਂ ਸ. ਸੁਵਰਨ ਸਿੰਘ ਦੇ ਹਥਲੇ ਪ੍ਰਾਜੈਕਟ ਦੀ ਪ੍ਰਸੰਸਾ ਕਰਦਾ ਹਾਂ ਕਿਉਂਕਿ ਇਹ ਪੰਜਾਬ ਦੇ ਸੱਭਿਆਚਾਰਕ ਇਤਿਹਾਸ ਦੇ ਇਕ ਵੱਡੇ ਖੱਪੇ ਨੂੰ ਪੂਰਦੇ ਨਜ਼ਰ ਆਉਂਦੇ ਹਨ। ਉਹ ਇਕ ਮਾਰਕਸਵਾਦੀ ਚਿੰਤਕ ਵੀ ਹੈ। ਜਿਊਂਦਾ-ਵਸਦਾ ਰਹੇ।
-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136
ਸ੍ਰੀ ਗੁਰ ਕਥਾ
(ਕ੍ਰਿਤ ਬਾਬਾ ਜੀਵਨ ਸਿੰਘ ਜੀ [ਭਾਈ ਜੈਤਾ ਜੀ])
ਮੂਲ ਪਾਠ ਤੇ ਵਿਆਖਿਆ
ਲੇਖਕ/ਸੰਪਾਦਕ : ਬੂਟਾ ਸਿੰਘ ਪੰਡੋਰੀ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 280 ਰੁਪਏ, ਸਫ਼ੇ : 120
ਸੰਪਰਕ : 98152-44571

ਹਥਲੀ ਪੁਸਤਕ ਦੇ ਲੇਖਕ/ਸੰਪਾਦਕ ਵਿਦਵਾਨ ਤੇ ਸੂਝਵਾਨ ਬਿਰਤੀ ਦੇ ਮਾਲਕ ਹਨ। ਜਿਨ੍ਹਾਂ ਸਿੱਖਾਂ ਸਾਹਿਤ ਦੀ ਖੋਜ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਇਸ ਤੋਂ ਪਹਿਲਾਂ ਉਹ ਸੱਤ ਪੁਸਤਕਾਂ ਨਾਲ ਪਾਠਕਾਂ ਦੇ ਸਨਮੁੱਖ ਵਡਮੁੱਲੀ ਇਤਿਹਾਸਕ ਸੇਵਾ ਨਿਭਾਅ ਚੁੱਕੇ ਹਨ। ਸਿੱਖ ਇਤਿਹਾਸ ਕੁਰਬਾਨੀਆਂ ਅਤੇ ਸ਼ਹੀਦੀਆਂ ਨਾਲ ਲਬਰੇਜ਼ ਹੈ। ਇਤਿਹਾਸਕ ਤੱਥਾਂ ਮੁਤਾਬਿਕ 'ਸ੍ਰੀ ਗੁਰ ਕਥਾ' ਭਾਈ ਜੀਵਨ ਸਿੰਘ ਜੀ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ (ਭਾਈ ਜੈਤਾ ਜੀ) ਦਾ ਪਾਵਨ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਉਣ ਦਾ ਕਠਿਨ ਕਾਰਜ ਕਰਕੇ ਗੌਰਵਮੀ ਤੇ ਬੇਮਿਸਾਲ ਝੰਡਾ-ਬਰਦਾਰ ਬਣਿਆ। ਭਾਈ ਜੈਤਾ ਜੀ ਨੇ ਬੜੀ ਸੂਰਮਤਾਈ ਨਾਲ ਸਰਬੰਸਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਬਹੁਤਾਤ ਲੜਾਈਆਂ ਵਿਚ ਵੱਡਾ ਯੋਗਦਾਨ ਪਾਇਆ। 'ਸ੍ਰੀ ਗੁਰ ਕਥਾ' ਵਰਗੀ ਰਚਨਾ ਨੂੰ ਵਾਚ ਕੇ ਪਾਠਕ ਇਹ ਅਨੁਭਵ ਕਰਨਗੇ ਕਿ ਭਾਈ ਜੈਤਾ ਜੀ ਇਕੱਲੇ ਸੂਰਬੀਰ ਯੋਧੇ ਹੀ ਨਹੀਂ ਸਨ, ਸਗੋਂ ਉੱਚ ਕੋਟੀ ਦੇ ਲਿਖਾਰੀ ਤੇ ਕਵੀ ਵੀ ਸਨ। ਇਹ ਰਚਨਾ ਅਣਗੌਲੀ ਕਿਉਂ ਰਹੀ, ਇਸ ਉੱਪਰ ਵੀ ਖੋਜ ਹੋਣੀ ਚਾਹੀਦੀ ਹੈ। ਇਸ ਰਚਨਾ ਦੀ ਛੰਦ-ਬੰਦੀ ਅਤੇ ਵਿਸ਼ਾ-ਵਸਤੂ ਦੀ ਤਾਰੀਫ਼ ਕਰਨੀ ਬਣਦੀ ਹੈ। ਜਿਥੇ ਇਸ ਉੱਤਮ ਕਾਵਿ-ਰਚਨਾ ਵਿਚ ਦਸਮ ਪਿਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਹੈ, ਉਥੇ ਇਸ ਦੀ ਪੁਰਾਤਨ ਕਾਵਿ-ਸ਼ੈਲੀ ਵਾਲਾ ਪਾਠ ਵੀ ਸੁਖੈਲ ਹੈ। ਇਸ ਪੁਸਤਕ ਦੇ 124 ਛੰਦਾਂ ਵਿਚ ਗੁਰੂ ਮਰਿਆਦਾ ਨਾਲ ਖ਼ਾਲਸਾ ਸਿਰਜਣਾ ਦੇ ਸਮੇਂ ਦਾ ਰੂਹਾਨੀ ਵਰਣਨ, ਸਮੇਂ ਦੀ ਹਕੂਮਤ ਦਾ ਜਬਰ, ਕਾਵਿ-ਰਚਨਾ ਦਾ ਸਿਖਰ ਹੈ। ਵਰਤੇ ਗਏ ਛੰਦਾਂ ਵਿਚ ਸਵੈਯਾ ਦੀ ਗਿਣਤੀ 69, ਦੋਹਿਰਾ-24, ਸਿਰਖਿੰਡੀ ਛੰਦ-3, ਕਬਿੱਤ-13, ਸ਼ਬਦ-6,. ਰੋਲਾ-1, ਚੌਪਈ-3, ਸੋਰਠਾ-2, ਅੜਿਲ 2 ਵਾਰ ਆਇਆ ਹੈ। ਲੇਖਕ ਨੇ ਪੁਸਤਕ ਦੇ ਆਰੰਭ ਵਿਚ 'ਦੋ ਸ਼ਬਦ' ਦਰਜ ਕਰਕੇ ਇਹ ਬਹੁਮੁੱਲੇ ਕਾਰਜ ਉੱਪਰ ਪੰਛੀਝਾਤ ਪਾਉਣ ਦਾ ਯਤਨ ਕੀਤਾ ਹੈ। ਪੁਸਤਕ ਦੇ ਵੱਖ-ਵੱਖ ਸਿਰਲੇਖਾਂ ਵਿਚ 'ਸ੍ਰੀ ਗੁਰ ਕਥਾ' ਦਾ ਸਾਹਿਤਕ ਪੱਖ, 'ਸ੍ਰੀ ਗੁਰ ਕਥਾ', 'ਅਰਦਾਸ', 'ਉਸਤਤਿ', 'ਚਿਤ੍ਰ ਕਲਗੀਧਰ ਜੀ ਦਾ', 'ਅੰਮ੍ਰਿਤ ਬਿਧਿ', 'ਰਹਿਤ' ਤੋਂ ਇਲਾਵਾ 'ਸਹਾਇਕ ਪੁਸਤਕਾਂ ਦੀ ਸੂਚੀ' ਵੀ ਦਰਜ ਕੀਤੀ ਹੈ। ਪੁਸਤਕ ਦਾ ਆਰੰਭ ਵਿਚ ਪੰਥ ਦਸਮੇਸ਼ ਤਰਨਾ ਵਲੋਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਦੀ 'ਅਸੀਸ', 'ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਸ. ਚੇਤਨ ਸਿੰਘ ਵਲੋਂ 'ਸ੍ਰੀ ਗੁਰ ਕਥਾ ਦੀ ਰੂਹਾਨੀ ਹਕੀਕਤ', ਡਾ. ਰਾਗਿਨੀ ਸ਼ਰਮਾ ਵਲੋਂ 'ਸ੍ਰੀ ਗੁਰ ਕਥਾ' ਵਿਦਵਾਨਾਂ ਲਈ ਵਡਮੁੱਲਾ ਸਰੋਤ', ਡਾ. ਭੁਪਿੰਦਰ ਸਿੰਘ ਮੱਟੂ ਸ. ਭਾਸ਼ਾ ਅਫ਼ਸਰ ਵਲੋਂ 'ਨਿਵੇਕਲਾਕਾਰਜ' ਸਿਰਲੇਖਾਂ ਅਧੀਨ ਪੁਸਤਕ ਸੰਬੰਧੀ ਅਤੇ ਲੇਖਕ ਦੀ ਸਖ਼ਤ ਘਾਲਣਾ ਦਾ ਜ਼ਿਕਰ ਭਾਵਪੂਰਤ ਤੇ ਚੋਣਵੇਂ ਸ਼ਬਦਾਂ ਵਿਚ ਕੀਤਾ ਹੈ। ਪੁਸਤਕ ਦੀ ਆਮਦ ਨਾਲ ਸਿੱਖ-ਸਾਹਿਤ ਵਿਚ ਹੋਰ ਨਿੱਗਰ ਵਾਧਾ ਹੋਵੇਗਾ।
-ਭਗਵਾਨ ਸਿੰਘ ਜੌਹਲ
ਮੋਬਾਈਲ : 98143-24040
ਜਵਾਹਰ ਭਾਟਾ
ਲੇਖਕ : ਹਰਿੰਦਰ ਸਿੰਘ ਰਾਏ
ਪ੍ਰਕਾਸ਼ਕ : ਸਮਰਾਟ ਪਬਲੀਕੇਸ਼ਨਜ਼, ਮੋਗਾ
ਮੁੱਲ : 300 ਰੁਪਏ, ਸਫ਼ੇ : 230
ਸੰਪਰਕ : 98143-65265

ਹਰਿੰਦਰ ਸਿੰਘ ਰਾਏ ਨੇ ਪੰਜਾਬੀ ਸਾਹਿਤ ਜਗਤ ਨੂੰ ਜ਼ਿਕਰਯੋਗ ਪੁਸਤਕਾਂ ਦਿੱਤੀਆਂ ਹਨ। ਉਨ੍ਹਾਂ ਦਾ ਹਥਲਾ ਨਾਵਲ 'ਜਵਾਹਰ ਭਾਟਾ' ਪਰਵਾਸ ਤੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਨੂੰ ਬਿਆਨ ਕਰਦਾ ਹੈ। ਨਾਵਲਕਾਰ ਨੇ 'ਜਵਾਹਰ ਭਾਟਾ' ਨੂੰ ਪ੍ਰਤੀਕ ਵਜੋਂ ਵਰਤ ਕੇ ਜੀਵਨ ਵਿਚਲੇ ਉਤਾਰ ਚੜਾਅ ਪਿੱਛੇ ਕਾਰਜਸ਼ੀਲ ਕਾਰਨਾਂ ਨੂੰ ਬਾਰੀਕਬੀਨੀ ਨਾਲ ਨਸ਼ਰ ਕੀਤਾ ਹੈ। ਮਨੁੱਖ ਦੀ ਵਿਦੇਸ਼ੀ ਧਰਤੀਆਂ ਉੱਤੇ ਜਾਣ ਦੀ ਲਾਲਸਾ ਸਦਾ ਕਾਇਮ ਰਹੀ ਹੈ ਪਰ ਪੰਜਾਬ ਦੀ ਨੌਜਵਾਨੀ ਉੱਤੇ ਇਸ ਨੇ ਬਹੁਤਾ ਪ੍ਰਭਾਵ ਪਾਇਆ ਹੈ ਜਿਸ ਕਾਰਨ ਪੰਜਾਬ ਦੀ ਅਮੀਰ ਵਿਰਾਸਤ ਤੋਂ ਦੂਰ ਹੁੰਦੇ ਜਾ ਰਹੇ ਹਨ। ਨਾਵਲੀ ਬਿਰਤਾਂਤ ਸਿਰਫ਼ ਮਾਲਵੇ ਦੇ ਖੇਤਰ ਤੱਕ ਸੀਮਤ ਨਹੀਂ ਰਹਿੰਦਾ ਸਗੋਂ ਪੂਰੇ ਪੰਜਾਬ ਦੀ ਹੋਣੀ ਨੂੰ ਬਿਆਨ ਕਰਦਾ ਹੈ। ਹਰਿੰਦਰ ਰਾਏ ਦੇ ਨਾਵਲ 'ਜਵਾਹਰ ਭਾਟਾ' ਦੇ ਤਿੰਨ ਭਾਗ ਤੇ 20 ਕਾਂਡ ਹਨ, ਜਿਨ੍ਹਾਂ ਦੇ ਬਿਰਤਾਂਤ ਰਾਹੀਂ ਪੁਰਾਤਨਤਾ ਤੋਂ ਆਧੁਨਿਕਤਾ ਤੱਕ ਦਾ ਸਫ਼ਰ ਕੀਤਾ ਗਿਆ ਹੈ। ਮਨੁੱਖੀ ਹਯਾਤੀ ਲਈ ਵਿਕਾਸ ਬਹੁਤ ਜ਼ਰੂਰੀ ਹੈ ਪਰ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਮਨੁੱਖ ਦਾ ਵਿਕਾਸ ਹੋਇਆ ਜਾਂ ਵਿਨਾਸ਼? ਜਿਸ 'ਜੀਵਨ ਜੁਗਤ ਤੇ ਆਨੰਦ' ਲਈ ਘਰ-ਬਾਰ, ਮਾਤਾ-ਪਿਤਾ, ਪਰਿਵਾਰ, ਰਿਸ਼ਤੇਦਾਰਾਂ, ਪਿੰਡ, ਦੇਸ਼ ਅਤੇ ਸਵੈ ਦਾ ਤਿਆਗ ਕੀਤਾ× ਕੀ ਉਹ ਆਨੰਦ ਪ੍ਰਾਪਤ ਹੋਇਆ? ਪ੍ਰਵਾਸੀਆਂ ਨੇ ਆਪਣੇ ਸੰਘਰਸ਼ ਤੇ ਮਿਹਨਤ ਰਾਹੀਂ ਉੱਚ ਮੁਕਾਮ ਹਾਸਿਲ ਕੀਤੇ। ਪਿੰਡ ਅਤੇ ਪ੍ਰਦੇਸ਼ਾਂ ਵਿਚ ਜਾਇਦਾਦਾਂ ਬਣਾਈਆਂ ਪਰ ਆਪਣੀ ਅਗਲੀ ਪੀੜ੍ਹੀ ਦੇ ਪਿਆਰ ਤੋਂ ਵਿਰਵੇ ਹੀ ਰਹੇ। ਹਰਿੰਦਰ ਰਾਏ ਨੇ ਵੱਡੀ ਸਮੱਸਿਆ ਵੱਲ ਵੀ ਧਿਆਨ ਦਿਵਾਇਆ ਹੈ ਕਿ ਮਿਹਨਤਾਂ ਨਾਲ ਪਿੰਡ ਵਿਚ ਬਣਾਈ ਜਾਇਦਾਦ ਉੱਤੇ ਪੁਲਿਸਤੰਤਰ, ਨੇਤਾਵਾਂ, ਸਰਕਾਰਾਂ, ਨਿਆਂ-ਪ੍ਰਣਾਲੀ ਦੀ ਮਿਲੀਭੁਗਤ ਕਰਕੇ ਦੂਜਿਆਂ ਵਲੋਂ ਕਬਜ਼ੇ ਕੀਤੇ ਜਾ ਰਹੇ ਹਨ। ਜੇਕਰ ਕੋਈ ਵਿਦੇਸ਼ ਤੋਂ ਵਾਪਸ ਆਪਣੇ ਪਿੰਡ ਆਪਣੇ ਘਰ ਆ ਕੇ ਰਹਿਣਾ ਵੀ ਚਾਹੇ ਤਾਂ ਰਹਿ ਨਹੀਂ ਸਕਦਾ। ਗੈਂਗਸਟਰਾਂ ਵਲੋਂ ਫਿਰੌਤੀਆਂ ਮੰਗਣਾ, ਧਮਕੀਆਂ ਦੇਣਾ, ਰਿਸ਼ਤਿਆਂ ਵਲੋਂ ਮੋਹ ਭੰਗ ਕਾਰਨ ਵੀ ਹਾਲਾਤ ਚਿੰਤਾਜਨਕ ਰੂਪ ਧਾਰਨ ਕਰਦੇ ਹਨ। ਵਿਦੇਸ਼ਾਂ ਵਿਚ ਪੱਕੇ ਹੋਣ ਲਈ ਧੀਆਂ, ਭੈਣਾਂ ਦੇ ਅਣਜੋੜ ਵਿਆਹ ਕਰਨਾ ਵੀ ਆਮ ਵਰਤਾਰਾ ਹੋ ਗਿਆ ਹੈ। ਆਈਲੈਟਸ ਸੈਂਟਰਾਂ, ਸਟੂਡੈਂਟ ਵੀਜ਼ੇ, ਵਰਕ ਵੀਜ਼ੇ ਕਬੂਤਰਬਾਜ਼ੀ ਤੇ ਦਲਾਲਾਂ ਨੇ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਜਾਣ ਲਈ ਖੇਤ ਤੇ ਜਾਇਦਾਦਾਂ ਵੇਚਣ ਲਈ ਮਜਬੂਰ ਕੀਤਾ ਹੈ। ਹਰਿੰਦਰ ਰਾਏ ਨੇ ਨਾਵਲੀ ਬਿਰਤਾਂਤ ਵਿਚ ਮਨੁੱਖ ਦੀ ਖੀਨ ਹੋ ਰਹੀ ਸਥਿਤੀ ਤੇ ਪਦਾਰਥਵਾਦ ਦੀ ਮਾਰ ਕਾਰਨ ਉਪਜੇ ਸੰਕਟ ਨੂੰ ਸਮਝਣ ਤੇ ਸੁਚੇਤ ਰਹਿਣ ਲਈ ਸ਼ਲਾਘਾਯੋਗ ਯਤਨ ਕੀਤਾ ਹੈ। ਨਾਵਲਕਾਰ ਨੇ ਖੁੱਲ੍ਹੇ ਪ੍ਰਸ਼ਨ ਵਾਰੀ ਵਰਸੀ ਖਟਣ ਗਏ ਸੀ ਤੇ ਖੱਟਣ ਵਾਲੇ ਈ? ਰਾਹੀਂ ਸੁਹਿਰਦ ਮਨੁੱਖਾਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਸੋਚਣ ਲਈ ਤਾਕੀਦ ਕੀਤੀ ਹੈ।
-ਡਾ. ਹਰਿੰਦਰ ਸਿੰਘ ਤੁੜ
ਮੋਬਾਈਲ :94146-91091
ਧਰਤਿ ਵੰਗਾਰੇ ਤਖ਼ਤ ਨੂੰ
ਸੰਪਾਦਕ : ਗੁਰਭਜਨ ਗਿੱਲ
ਪ੍ਰਕਾਸ਼ਕ : ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ
ਮੁੱਲ : 500 ਰੁਪਏ, ਸਫ਼ੇ : 344
ਸੰਪਰਕ : gurbhajansinghgill@gmail.com

ਪਿਛਲੀ ਸਦੀ ਤੋਂ ਕਿਸਾਨ-ਮਜ਼ਦੂਰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸਮੇਂ-ਸਮੇਂ ਸੰਘਰਸ਼ ਕਰਦੇ ਆਏ ਨੇ। ਇਸ ਸੰਘਰਸ਼ ਦਾ ਮੁੱਢ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਸ. ਅਜੀਤ ਸਿੰਘ ਤੇ ਸੂਫ਼ੀ ਅੰਬਾ ਪ੍ਰਸਾਦ ਦੀ ਅਗਵਾਈ ਹੇਠ 1905-06 ਵਿਚ ਬਾਰਾਂ-ਆਬਾਦ ਲਈ ਉੱਠੇ ਸੰਘਰਸ਼ ਸਮੇਂ ਬੱਝਿਆ ਸੀ। ਉਸ ਸੰਘਰਸ਼ ਨੂੰ ਵੇਖ ਕੇ ਬਾਂਕੇ ਦਯਾਲ ਨੇ ਆਪਣੇ ਭਾਵਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ 'ਪਗੜੀ ਸੰਭਾਲ ਜੱਟਾ' ਸਿਰਲੇਖ ਹੇਠ ਕਵਿਤਾ ਸਿਰਜੀ ਸੀ ਜੋ ਅੱਜ ਤੱਕ ਕਿਰਸਾਨੀ ਲਹਿਰ ਨੂੰ ਜੁੰਬਸ਼ ਪ੍ਰਦਾਨ ਕਰਦੀ ਆ ਰਹੀ ਹੈ। ਪਰ ਇਸ ਲਹਿਰ ਨੇ 2020-21 ਵਿਚ ਪ੍ਰਚੰਡ ਰੂਪ ਧਾਰ ਕੇ ਤੂਫ਼ਾਨੀ ਸ਼ਕਲ ਅਖ਼ਤਿਆਰ ਕਰ ਲਈ। ਇਸੇ ਲਈ ਤਾਂ ਸੁਰਜੀਤ ਪਾਤਰ ਨੂੰ ਕਵਿਤਾ ਲਿਖਣੀ ਪਈ :-
ਉਹ ਜੋ ਇਸ ਦੇ ਮਗਰੋਂ ਆਉਂਦਾ ਏ
ਮੈਨੂੰ ਫ਼ਿਕਰ ਤਾਂ ਓਸ ਤੂਫ਼ਾਨ ਦਾ ਏ
ਏਹ ਬਾਤ ਨਿਰੀ ਏਨੀ ਹੀ ਨਹੀਂ। (ਪੰ.66)
ਗੁਰਭਜਨ ਗਿੱਲ ਨੇ ਵੀ ਏਸੇ ਲਈ ਇਸ ਪੁਸਤਕ ਦਾ 'ਬੀਰ ਰਸੀ' ਨਾਂਅ 'ਧਰਤਿ ਵੰਗਾਰੇ ਤਖ਼ਤ ਨੂੰ' ਰੱਖਿਆ ਜਾਪਦਾ ਹੈ। ਹਥਲੀ 334 ਪੰਨਿਆਂ ਦੀ ਵਡ-ਅਕਾਰੀ ਪੁਸਤਕ ਨੂੰ ਨੇਪਰੇ ਚੜ੍ਹਨ ਲਈ ਸੰਪਾਦਕੀ ਸਲਾਹਕਾਰਾਂ (ਡਾ. ਸ. ਪ. ਸਿੰਘ, ਸੁਖਵਿੰਦਰ ਕੰਬੋਜ, ਕੁਲਵਿੰਦਰ) ਸਮੇਤ ਹੋਰਨਾਂ ਸਹਿਯੋਗੀਆਂ ਨੇ ਵੀ ਮੁੱਲਵਾਨ ਯੋਗਦਾਨ ਪਾਇਆ ਹੈ। ਇਸ ਸੰਗ੍ਰਹਿ ਲਈ ਵੱਖ-ਵੱਖ ਕਾਵਿ-ਵਿਧਾਵਾਂ ਦੀਆਂ ਪੁੱਜੀਆਂ ਰਚਨਾਵਾਂ ਵਿਚੋਂ ਛਾਂਟ-ਛਟਾਈ ਕਰਕੇ ਸੂਝਵਾਨ ਸੰਪਾਦਕ ਨੇ ਦੋ ਸੌ ਦੇ ਲਗਭਗ ਦਾ ਸੰਕਲਨ ਕੀਤਾ ਹੈ। ਇਨ੍ਹਾਂ ਕਵੀਆਂ ਦੇ ਨਾਵਾਂ ਨੂੰ ਗੁਰਮੁਖੀ ਦੇ ਅੱਖਰਾਂ ਅਨੁਸਾਰ ਤਰਤੀਬ ਦਿੱਤੀ ਗਈ ਹੈ। ਆਮ ਤੌਰ 'ਤੇ ਇਹ ਧਿਆਨ ਰੱਖਿਆ ਗਿਆ ਹੈ ਕਿ ਇਕ ਕਵੀ ਦੀ ਇਕ ਹੀ ਕਵਿਤਾ ਨੂੰ ਸਥਾਨ ਦਿੱਤਾ ਜਾਵੇ, ਪਰ ਫਿਰ ਵੀ ਸੁਰਜੀਤ ਪਾਤਰ, ਲਖਵਿੰਦਰ ਜੌਹਲ, ਕਵਿੰਦਰ ਚਾਂਦ, ਵਰਿਆਮ ਸੰਧੂ, ਰਵਿੰਦਰ ਭੱਠਲ ਆਦਿ ਦੀਆਂ ਦੋ-ਦੋ, ਸੁਖਵਿੰਦਰ ਅੰਮ੍ਰਿਤਸਰ ਦੀਆਂ ਤਿੰਨ ਅਤੇ ਸੰਪਾਦਕ ਦੀਆਂ 8 ਕਵਿਤਾਵਾਂ ਸਹਿਜ ਭਾਅ ਹੀ ਸਥਾਨ ਗ੍ਰਹਿਣ ਕਰ ਗਈਆਂ। ਇਸ ਸੰਗ੍ਰਹਿ ਵਿਚ ਮੁੱਖ ਤੌਰ 'ਤੇ ਕਵਿਤਾਵਾਂ, ਗੀਤਾਂ, ਗ਼ਜ਼ਲਾਂ ਦੀ ਚੋਣ ਹੀ ਕੀਤੀ ਗਈ ਹੈ। ਪਰ ਕਿਧਰੇ ਕਿਧਰੇ ਲੋਕ-ਬੋਲੀਆਂ, ਟੱਪੇ ਆਦਿ ਵੀ ਪੜ੍ਹੇ ਜਾ ਸਕਦੇ ਹਨ। ਇਨ੍ਹਾਂ ਰਚਨਾਵਾਂ ਦਾ ਉਦੇਸ਼ ਕਿਰਤੀਆਂ-ਕਿਸਾਨਾਂ ਦੇ ਹੱਕ ਵਿਚ ਜ਼ੋਰਦਾਰ ਆਵਾਜ਼ ਬੁਲੰਦ ਕਰਨਾ ਹੈ। ਸਮਕਾਲੀ ਸਰਕਾਰ ਨੂੰ ਚੁਣੌਤੀ ਦੇਣਾ ਪ੍ਰਤੀਤ ਹੁੰਦਾ ਹੈ। ਸੌ ਗਜ਼ ਰੱਸਾ, ਸਿਰੇ 'ਤੇ ਗੰਢ, ਇਸ ਸੰਗ੍ਰਹਿ ਵਿਚ ਸ਼ਾਮਿਲ ਸਾਰੀਆਂ ਹੀ ਸਤਿਕਾਰਤ ਕਲਮਾਂ ਨੇ ਆਪੋ-ਆਪਣੀ ਦ੍ਰਿਸ਼ਟੀ ਅਨੁਸਾਰ, ਕ੍ਰਾਂਤੀਕਾਰੀ ਸ਼ਬਦਾਵਲੀ ਵਿਚ, ਕਿਸਾਨਾਂ, ਮਜ਼ਦੂਰਾਂ ਦੇ ਹੱਕਾਂ ਲਈ ਕਲਾਮਈ ਆਵਾਜ਼ ਬੁਲੰਦ ਕੀਤੀ ਹੈ।
-ਡਾ. ਧਰਮ ਚੰਦ ਵਾਤਿਸ਼,
ਈਮੇਲ: vatish.dharamchand@gmail.com
ਕਾਗਜ਼ ਕਲਮ ਤੇ ਚਿੱਤਰ
ਲੇਖਿਕਾ : ਬਚਿੰਤ ਕੌਰ
ਪ੍ਰਕਾਸ਼ਕ : ਆਰਸੀ ਪਬਲੀਸ਼ਰਜ਼, ਨਵੀਂ ਦਿੱਲੀ
ਮੁੱਲ : 650 ਰੁਪਏ, ਸਫ਼ੇ : 152
ਸੰਪਰਕ : 098725-72060

ਬਹੁਵਿਧਾਈ ਲੇਖਿਕਾ ਬਚਿੰਤ ਕੌਰ ਨੇ ਕਹਾਣੀ, ਨਾਵਲ, ਕਵਿਤਾ, ਬਾਲ ਸਾਹਿਤ, ਨਾਟਕ, ਸਵੈ-ਜੀਵਨੀ ਅਤੇ ਅਨੁਵਾਦ ਦੇ ਖੇਤਰ ਵਿਚ ਆਪਣੀ ਕਲਮ ਰਾਹੀਂ ਵਡਮੁੱਲਾ ਯੋਗਦਾਨ ਪਾਇਆ ਹੈ। ਹਥਲੀ ਪੁਸਤਕ 'ਕਾਗ਼ਜ਼ ਕਲਮ ਤੇ ਚਿੱਤਰ' ਰੇਖਾ ਚਿੱਤਰਾਂ ਦਾ ਸੰਗ੍ਰਹਿ ਹੈ। ਲੇਖਿਕਾ ਨੇ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ 27 ਰਚਨਾਕਾਰ ਅਤੇ ਭਾਗ ਦੋ ਵਿਚ ਆਪਣੇ ਸਮੇਤ 8 ਅਦੀਬਾਂ ਨੂੰ ਪੇਸ਼ ਕੀਤਾ ਗਿਆ ਹੈ। ਲੇਖਿਕਾ ਨੇ ਪੁਸਤਕ ਵਿਚ ਸ਼ਾਮਿਲ ਲੇਖਕਾਂ ਦੇ ਜੀਵਨ, ਉਨ੍ਹਾਂ ਦੇ ਵਿਅਕਤੀਤਵ ਅਤੇ ਕ੍ਰਿਤਿਤਵ ਦੇ ਨਾਲ-ਨਾਲ ਉਨ੍ਹਾਂ ਦੀ ਹੱਥ ਲਿਖਤਾਂ ਨੂੰ ਵੀ ਸਾਂਭਣ ਦਾ ਯਤਨ ਕੀਤਾ ਹੈ। ਦਰਅਸਲ ਇਹ ਸਾਰੇ ਹੀ ਅਦੀਬ ਲੇਖਿਕਾ ਦੇ ਸਮਕਾਲੀ ਰਹੇ ਹਨ। ਉਨ੍ਹਾਂ ਨਾਲ ਵਿਚਰਦਿਆਂ, ਸਾਹਿਤਕ ਅਤੇ ਗ਼ੈਰ ਸਾਹਿਤਕ ਮੁਲਾਕਾਤਾਂ, ਨਿੱਜੀ ਵਿਚਾਰ-ਵਟਾਂਦਰੇ ਅਤੇ ਵਿਮਰਸ਼ ਦੀ ਪ੍ਰਕਿਰਿਆ 'ਚੋਂ ਲੰਘਦਿਆਂ ਲੇਖਿਕਾ ਨੇ ਉਨ੍ਹਾਂ ਦੇ ਵਿਅਕਤੀਤਵ ਤੋਂ ਜੋ ਵੀ ਪ੍ਰਭਾਵ ਕਬੂਲਿਆ, ਉਨ੍ਹਾਂ ਨੂੰ ਸਮਝਿਆ ਤੇ ਉਨ੍ਹਾਂ ਤੋਂ ਸਿੱਖਿਆ, ਇਹ ਸਭ ਲੇਖਿਕਾ ਨੇ ਇਮਾਨਦਾਰੀ, ਸਹਿਜ-ਸਰਲ ਅਤੇ ਸਾਹਿਤਕ ਢੰਗ ਨਾਲ ਆਪਣੇ ਰੇਖਾ ਚਿੱਤਰਾਂ ਵਿਚ ਪੇਸ਼ ਕਰ ਦਿੱਤਾ ਹੈ। ਇਹ ਵੀ ਇੱਕ ਸੱਚਾਈ ਹੈ ਕਿ ਇਕ ਸਮਕਾਲੀ ਹੀ ਦੂਸਰੇ ਸਮਕਾਲੀ ਬਾਰੇ ਜਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਲਿਖ ਸਕਦਾ ਹੈ ਸ਼ਾਇਦ ਉਸ ਤੋਂ ਬਾਅਦ ਵਾਲੇ ਨਹੀਂ। ਲੇਖਿਕਾ ਦੇ ਆਪਣੇ ਸ਼ਬਦਾਂ ਵਿਚ, 'ਜਿੱਥੇ ਮੈਂ ਆਪਣੀਆਂ ਬਾਕੀ ਰਚਨਾਵਾਂ ਵਿਚ ਪਾਠਕਾਂ ਨਾਲ ਆਪਣੇ ਹੋਰ ਬਹੁਤ ਸਾਰੇ ਭੇਦ ਅਤੇ ਦੁੱਖ ਸੁੱਖ ਸਾਂਝੇ ਕੀਤੇ ਹਨ, ਉੱਥੇ ਇਸ ਪੁਸਤਕ ਵਿਚ ਮੈਂ ਆਪਣੇ ਪਾਠਕਾਂ ਨਾਲ ਸਿਰਫ਼ ਉਨ੍ਹਾਂ ਹੀ ਪਲਾਂ ਨੂੰ ਦੀ ਸਾਂਝ ਪਾਈ ਹੈ, ਜਿਨ੍ਹਾਂ ਪਲਾਂ ਨੇ ਮੈਨੂੰ ਇਕ ਖੁਸ਼ਬੋਈ ਨਾਲ ਸਰਸ਼ਾਰ ਕੀਤਾ ਹੈ।' ਤੇ ਸੱਚੁਮੱਚ ਭਾਪਾ ਪ੍ਰੀਤਮ, ਡਾ.ਹਰਭਜਨ ਸਿੰਘ, ਬਲਵੰਤ ਗਾਰਗੀ, ਕਰਤਾਰ ਸਿੰਘ ਦੁੱਗਲ, ਡਾ, ਅਮਰੀਕ ਸਿੰਘ, ਖੁਸ਼ਵੰਤ ਸਿੰਘ, ਪ੍ਰੋ.ਪ੍ਰੀਤਮ ਸਿੰਘ, ਜਸਵੰਤ ਕੰਵਲ, ਅੰਮ੍ਰਿਤਾ-ਇਮਰੋਜ਼, ਸੰਤੋਖ ਸਿੰਘ ਧੀਰ, ਜਸਵੰਤ ਸਿੰਘ ਨੇਕੀ, ਪਿਆਰਾ ਸਿੰਘ ਐਮ.ਏ., ਡਾ. ਕਰਨਜੀਤ ਸਿੰਘ, ਦਲੀਪ ਕੌਰ ਟਿਵਾਣਾ, ਗੁਰਦਿਆਲ ਸਿੰਘ, ਅਜੀਤ ਕੌਰ, ਗੁਲਜ਼ਾਰ ਸਿੰਘ ਸੰਧੂ, ਗੁਰਬਚਨ ਸਿੰਘ ਭੁੱਲਰ, ਬੀ.ਐਸ.ਬੀਰ, ਕੁਲਦੀਪ ਸਿੰਘ ਬੇਦੀ, ਬਲਬੀਰ ਮਾਧੋਪੁਰੀ, ਕੈਲਾਸ਼ ਪੁਰੀ, ਡਾ. ਮਹੀਪ ਸਿੰਘ, ਡਾ. ਮਹਿੰਦਰ ਕੌਰ ਗਿੱਲ ਅਤੇ ਡਾ. ਸਤਿੰਦਰ ਸਿੰਘ ਨੂਰ ਆਦਿ ਉੱਘੀਆਂ ਸ਼ਖ਼ਸੀਅਤਾਂ ਦੇ ਸੰਬੰਧ ਵਿਚ ਬਹੁਤ ਹੀ ਨਿਵੇਕਲੀ ਅਤੇ ਮੌਲਿਕ ਜਾਣਕਾਰੀ ਹਾਸਿਲ ਹੁੰਦੀ ਹੈ। ਲੇਖਿਕਾ ਬਚਿੰਤ ਕੌਰ ਨੇ ਇਸ ਪੁਸਤਕ ਰਾਹੀਂ ਪੰਜਾਬੀ ਸਾਹਿਤ ਦੇ ਇਕ ਯੁੱਗ ਨੂੰ ਸਾਂਭ ਲਿਆ ਹੈ। ਇਹ ਪੁਸਤਕ ਆਉਣ ਵਾਲੀਆਂ ਪੀੜ੍ਹੀਆਂ ਲਈ ਖੋਜ ਕਾਰਜ਼ਾਂ 'ਚ ਅਹਿਮ ਤੇ ਪ੍ਰਮਾਣਕ ਦਸਤਾਵੇਜ਼ ਵਾਂਗ ਕੰਮ ਆਵੇਗੀ। ਕਥਾਰਸ ਨਾਲ ਭਰਪੂਰ ਰੌਚਕਤਾ ਇਨ੍ਹਾਂ ਨੂੰ ਰੇਖਾ ਚਿੱਤਰਾਂ ਨੂੰ ਪੜ੍ਹਣ ਲਈ ਪ੍ਰੇਰਦੀ ਹੈ।
- ਡਾ.ਧਰਮਪਾਲ ਸਾਹਿਲ
ਮੋਬਾਈਲ : 98761-24040
ਇਲਹਾਮ
ਗ਼ਜ਼ਲਗੋ : ਮਨਜੀਤ ਸਿੰਘ 'ਕਮਲਾ'
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ
ਮੁੱਲ : 300 ਰੁਪਏ, ਸਫ਼ੇ : 127
ਸੰਪਰਕ : 98729-91780

ਗ਼ਜ਼ਲਾਂ ਦੀ ਇਸ ਖ਼ੂਬਸੂਰਤ ਫੁਲਵਾੜੀ ਵਿਚ ਰੂਹਾਨੀਅਤ, ਇਨਸਾਨੀਅਤ ਅਤੇ ਮਾਸੂਮੀਅਤ ਦੇ ਰੰਗ ਸਮੋਏ ਹੋਏ ਹਨ। ਆਓ ਕੁਝ ਝਲਕਾਂ ਮਾਣੀਏ
-ਇਸ਼ਕ ਵਿਚ ਮਹਿਬੂਬ ਦਾ, ਸਨਮਾਨ ਹੋਣਾ ਚਾਹੀਦਾ।
ਆਸ਼ਕੀ ਵਿਚ ਹੱਸ ਕੇ, ਕੁਰਬਾਨ ਹੋਣਾ ਚਾਹੀਦਾ।
-ਜ਼ਿੰਦਗੀ ਭਰ ਜ਼ਿੰਦਗੀ ਨੂੰ, ਪਿਆਰ ਮਿਲਿਆ ਹੀ ਨਹੀਂ।
ਗ਼ਮੀ ਖ਼ੁਸ਼ੀ ਜੋ ਸਮਝਦਾ, ਗ਼ਮਖ਼ਾਰ ਮਿਲਿਆ ਹੀ ਨਹੀਂ।
-ਸੋਫੀ ਕਰੇ ਸੇਵਾ ਰਿੰਦਾਂ ਦੀ, ਮਹਿਫ਼ਲ ਦੇ ਰੰਗ ਨਿਆਰੇ ਨੇ।
ਇਸ ਰੰਗ-ਬਰੰਗੀ ਦੁਨੀਆ ਦੇ, ਰਿਸ਼ਤੇ ਵੀ ਬੜੇ ਪਿਆਰੇ ਨੇ।
-ਏਸ ਮਨ ਦਾ ਕੀ ਕਰਾਂ, ਹੈ ਪਿਆਰ ਤੇਰਾ ਲੋਚਦਾ।
ਆਪਣੇ ਹੀ ਜਿਗਰ ਦਾ, ਹੈ ਮਾਸ ਰਹਿੰਦਾ ਨੋਚਦਾ।
-ਦੀਨ-ਦੁਖੀ ਦੀ ਸੇਵਾ, ਅਸਲੀ ਪਵਿੱਤਰ ਧਰਮ ਹੈ।
ਦੁਖੀਆਂ ਦਾ ਦਰਦ ਵੰਡਾਉਣਾ, ਅਸਲੀ ਪਵਿੱਤਰ ਕਰਮ ਹੈ।
ਪਰਵਾਸੀ ਸ਼ਾਇਰ ਦੀਆਂ ਇਨ੍ਹਾਂ ਗ਼ਜ਼ਲਾਂ ਵਿਚ ਜ਼ਿੰਦਗੀ ਦੀਆਂ ਗੁੰਝਲਾਂ, ਪਰਛਾਈਆਂ ਅਤੇ ਸਚਾਈਆਂ ਪੇਸ਼ ਕੀਤੀਆਂ ਗਈਆਂ ਹਨ। ਸਮਾਜਕ, ਧਾਰਮਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਕ ਰੰਗ ਵੀ ਝਲਕਦੇ ਹਨ। ਪ੍ਰਦੂਸ਼ਣ, ਵਿਸ਼ਵਾਸਘਾਤ, ਟੁੱਟਦੇ ਰਿਸ਼ਤਿਆਂ ਅਤੇ ਪਰਦੇਸਾਂ ਦੇ ਦੁੱਖਾਂ ਦੀ ਬਾਤ ਪਾਈ ਗਈ ਹੈ। ਇਸ ਗ਼ਜ਼ਲ ਸੰਗ੍ਰਹਿ ਦਾ ਭਰਪੂਰ ਸਵਾਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਗੁਨਾਹਗਾਰ
(ਇਤਿਹਾਸਕ ਘਟਨਾਵਾਂ ਦੇ ਆਧਾਰਿਤ)
ਲੇਖਕ : ਹਰੀਸ਼ ਜੈਨ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 350 ਰੁਪਏ, ਸਫ਼ੇ : 220
ਸੰਪਰਕ : 98150-00873

ਹਰੀਸ਼ ਜੈਨ ਦਾ ਇਹ ਨਾਟਕ ਸ਼ਹੀਦ ਭਗਤ ਸਿੰਘ ਅਤੇ ਬੁੰਕਟੇਸ਼ਵਰ ਦੱਤ ਵਲੋਂ ਦਿੱਲੀ ਅਸੈਂਬਲੀ ਵਿਚ ਸੁੱਟੇ ਬੰਬ ਸੰਬੰਧੀ ਚੱਲੇ ਅਦਾਲਤੀ ਕੇਸ ਨੂੰ ਪੇਸ਼ ਕਰਦਾ ਹੈ। ਲੰਮੀਆਂ-ਚੌੜੀਆਂ ਤਰੀਕਾਂ ਭੁਗਤਦਿਆਂ ਦਿੱਤੀਆਂ ਦਲੀਲਾਂ ਅਪੀਲਾਂ ਨੂੰ ਨਕਾਰਦਿਆਂ ਅਦਾਲਤ ਉਨ੍ਹਾਂ ਨੂੰ ਗੁਨਾਹਗਾਰ ਐਲਾਨ ਦਿੰਦੀ ਹੈ ਪਰ ਕਿਸ ਗੁਨਾਹ ਲਈ ਇਹ ਪ੍ਰਸ਼ਨ ਉਨ੍ਹਾਂ ਦੇ ਚਿਹਰਿਆਂ 'ਤੇ ਉੱਕਰਿਆ ਹੀ ਰਹਿ ਜਾਂਦਾ ਹੈ।
8 ਅਪ੍ਰੈਲ, 1929 ਨੂੰ ਦਿੱਲੀ ਅਸੈਂਬਲੀ ਵਿਚ ਟਰੇਡਸ ਡਿਸਪਿਊਟਸ ਬਿੱਲ ਦੀ ਬਹਿਸ ਦੌਰਾਨ ਭਗਤ ਸਿੰਘ ਅਤੇ ਬੁੰਕਟੇਸ਼ਵਰ ਦੱਤ ਵਲੋਂ ਸੁੱਟੇ ਬੰਬ ਅਤੇ ਹਵਾਈ ਫਾਇਰ ਮਾਮਲੇ ਵਿਚ ਦੋਵਾਂ ਨੂੰ ਇਰਾਦਾ ਕਤਲ ਦੇ ਦੋਸ਼ ਵਿਚ ਸੈਸ਼ਨ ਜੱਜ ਵਲੋਂ ਬਾਮੁਸ਼ੱਕਤ ਉਮਰ ਕੈਦ ਅਤੇ ਦੇਸ਼ ਨਿਕਾਲੇ ਦੀ ਸਜ਼ਾ ਹੋ ਚੁੱਕੀ ਹੈ। ਸੈਸ਼ਨ ਦੇ ਇਸ ਫੈਸਲੇ ਵਿਰੁੱਧ ਹਾਈ ਕੋਰਟ ਵਿਚ ਕੀਤੀ ਗਈ ਅਪੀਲ ਨੰਬਰ 748 ਆਫ 1929 ਭਗਤ ਸਿੰਘ ਵਰਸਜ਼ ਦਾ ਕਰਾਊਨ' ਦੀ ਬਹਿਸ ਦੌਰਾਨ ਹੋਈਆਂ ਅਪੀਲਾਂ ਦਲੀਲਾਂ ਅਤੇ ਦਿੱਤੇ ਫ਼ੈਸਲੇ ਦੀ ਤਸਵੀਰ ਨੂੰ ਇਸ ਨਾਟਕ ਰਾਹੀਂ ਨਾਟਕਕਾਰ ਨੇ ਸਫ਼ਲਤਾ ਨਾਲ ਪੇਸ਼ ਕੀਤਾ ਹੈ। ਸਫ਼ਲਤਾ ਨਾਲ ਏਸ ਕਰਕੇ ਕਿ ਇਹ ਪੁਸਤਕ ਪੜ੍ਹਦਿਆਂ ਪਾਠਕ ਸਹਿਜੇ ਹੀ ਉਸ ਅਦਾਲਤ ਵਿਚ ਜਾ ਬੈਠਦਾ ਹੈ ਤੇ ਜੱਜ ਨੂੰ ਸਵਾਲ ਵੀ ਕਰਦਾ ਹੈ ਅਤੇ ਅਖੀਰ ਫਿਟਕਾਰ ਪਾਉਂਦਾ ਹੈ ਕਿ ਜਦੋਂ ਕੋਈ ਗੁਨਾਹ ਹੀ ਨਹੀਂ ਤਾਂ ਫਿਰ ਕੋਈ ਗੁਨਾਹਗਾਰ ਕਿਵੇਂ ਹੋ ਸਕਦਾ ਹੈ। ਭਗਤ ਸਿੰਘ ਨੂੰ ਇਸ ਮੁਕੱਦਮੇ ਵਿਚ ਹੋਈ ਸਜ਼ਾ ਦੀ ਪਰਵਾਹ ਨਹੀਂ ਪਰ ਉਹ ਅਸੂਲਾਂ ਤੇ ਪਹਿਰਾ ਦੇਣ ਲਈ ਦ੍ਰਿੜ੍ਹ ਹੈ। ਨਾਟਕ ਦੇ ਦੂਜੇ ਦ੍ਰਿਸ਼ ਵਿਚ ਆਪਣੇ ਪਿਤਾ ਸਰਦਾਰ ਕਿਸ਼ਨ ਸਿੰਘ ਨਾਲ ਹੋਈ ਮੁਲਾਕਾਤ ਦੌਰਾਨ ਭਗਤ ਸਿੰਘ ਆਖਦਾ ਹੈ ਕਿ 'ਸਾਡਾ ਮੁੱਦਾ ਸਜ਼ਾ ਦਾ ਨਹੀਂ ਅਸੂਲਾਂ ਦਾ ਹੈ। ਜੱਜ ਸਾਹਿਬ ਜਿਵੇਂ ਸਵਾਲ ਕਰ ਰਹੇ ਹਨ ਇਹ ਬਹੁਤ ਵਧੀਆ ਹੋ ਰਿਹਾ ਹੈ। ....ਉਨ੍ਹਾਂ ਦੇ ਸਵਾਲ ਸਾਡੇ ਲਈ ਮੱਹਤਵਪੂਰਨ ਹਨ। ਇਸ ਲਈ ਨਹੀਂ ਕਿ ਉਨ੍ਹਾਂ ਦਾ ਸਾਡੀਆਂ ਸਜ਼ਾਵਾਂ 'ਤੇ ਕੋਈ ਅਸਰ ਪਵੇਗਾ ਪਰੰਤੂ ਇਸ ਲਈ ਕਿ ਸੈਸ਼ਨ ਦੀ ਅਦਾਲਤ ਤੋਂ ਬਾਅਦ ਸਾਨੂੰ ਅਸੈਂਬਲੀ ਬੰਬ ਦੀ ਘਟਨਾ ਬਾਰੇ ਆਪਣੀ ਗੱਲ ਕਹਿਣ ਦਾ ਦੁਬਾਰਾ ਮੌਕਾ ਮਿਲ ਰਿਹਾ ਹੈ'। ਨਾਟਕ ਦਾ ਆਖਰੀ ਗਿਆਰ੍ਹਵਾਂ ਦ੍ਰਿਸ਼ ਇਸ ਮੁਕੱਦਮੇ ਦੀ ਆਖਰੀ ਤਰੀਕ ਦਾ ਹੈ ਜਿਸ ਵਿਚ ਭਗਤ ਸਿੰਘ ਅਤੇ ਬੁੰਕਟੇਸ਼ਵਰ ਦੱਤ ਨੂੰ ਖੁਦ ਪੇਸ਼ ਨਹੀਂ ਕੀਤਾ ਗਿਆ ਬਲਕਿ ਵਕੀਲ ਰਾਹੀਂ ਉਨ੍ਹਾਂ ਦੀ ਪਟੀਸ਼ਨ ਪੜ੍ਹੀ ਗਈ ਜਿਸ ਵਿਚ ਭਗਤ ਸਿੰਘ ਸਵਾਲ ਕਰਦਾ ਹੈ, 'ਅਸੀਂ ਅਸੈਂਬਲੀ ਵਿਚ ਦੋ ਬੰਬ ਸੁੱਟੇ। ਆਪਣੇ ਇਸ ਕੰਮ ਨੂੰ ਅਸੀਂ ਲਿਖਤੀ ਤੌਰ 'ਤੇ ਸਵੀਕਾਰ ਕੀਤਾ ਹੈ। ਆਪਣੀ ਜ਼ਿੰਦਗੀ ਦਾਉ ਤੇ ਲਗਾ ਕੇ ਅਸੀਂ ਆਪਣੇ ਮੰਤਵ ਨੂੰ ਲੋਕਾਂ ਤੱਕ ਪਹੰਚਾ ਸਕੀਏ ਕਿ ਅਸੀਂ ਅਜਿਹਾ ਕਿਉਂ ਕੀਤਾ ਹੈ । ਕੀ ਆਪਣੇ ਮੰਤਵ ਬਾਰੇ ਅਦਾਲਤ ਤੇ ਲੋਕਾਂ ਨੂੰ ਦੱਸਣਾ ਗੁਨਾਹ ਹੈ'। ਸਭ ਦਲੀਲਾਂ ਅਪੀਲਾਂ ਅਤੇ ਬਹਿਸ ਤੋਂ ਬਾਅਦ ਜਸਟਿਸ ਸੀ ਫੋਰਡ ਫੈਸਲਾ ਦਿੰਦਾ ਹੈ ਕਿ 'ਇਹ ਅਪੀਲ ਰੱਦ ਕੀਤੀ ਜਾਂਦੀ ਹੈ '। ਇਹ ਦ੍ਰਿਸ਼ ਪੜ੍ਹਦਿਆਂ ਪਾਠਕ ਖੁਦ ਫ਼ੈਸਲਾ ਕਰ ਲੈਂਦਾ ਹੈ ਕਿ ਫਿਰੰਗੀ ਹਕੂਮਤ ਦਾ ਅਦਲਾਤੀ ਢਾਂਚਾ ਖੁਦ ਹੀ ਗੁਨਾਹਗਾਰ ਹੈ, ਜੋ ਗੁਨਾਹਾਂ ਨਾਲ ਭਰਿਆ ਪਿਆ ਹੈ। ਗੀਤ ਦੇ ਬੋਲ ਉਭਰਦੇ ਹਨ, 'ਗੁਨਹਾਗਾਰੋਂ ਮੇਂ ਹੈਂ ਸ਼ਾਮਿਲ, ਗੁਨਾਹੋਂ ਸੇ ਨਹੀਂ ਵਾਕਿਫ'। ਨਾਟਕੀ ਅੰਦਾਜ਼ ਵਿਚ ਲਿਖਿਆ ਇਹ ਇਤਿਹਾਸਕ ਬਿਰਤਾਂਤ ਭਾਰਤ ਦੀ ਅਜ਼ਾਦੀ ਨਾਲ ਸੰਬੰਧਿਤ ਮਹੱਤਵਪੂਰਨ ਹਿੱਸੇ 'ਤੇ ਚਾਨਣਾ ਪਾਉਂਦਾ ਹੈ।
-ਨਿਰਮਲ ਜੌੜਾ
ਮੋਬਾਈਲ : 98140-78799
ਇੱਤਰ ਨਾਲ
ਲਿਖੀ ਇਬਾਰਤ
ਲੇਖਿਕਾ : ਨਵਜੋਤ ਕੌਰ ਭੁੱਲਰ
ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ
ਮੁੱਲ : 200 ਰੁਪਏ, ਸਫ਼ੇ : 88
ਸੰਪਰਕ : 98156-88952

ਸ਼ਾਇਰਾ ਨਵਜੋਤ ਕੌਰ ਭੁੱਲਰ ਆਪਣੇ ਪਲੇਠੇ ਕਾਵਿ-ਪਰਾਗੇ 'ਇੱਤਰ ਨਾਲ ਲਿਖੀ ਇਬਾਰਤ' ਨਾਲ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਰਹੀ ਹੈ, ਸ਼ਾਇਰਾ ਦੇ ਕਾਵਿ-ਪ੍ਰਵਚਨ ਦੀ ਧੁਨੀ ਦੀ ਤੰਦ ਸੂਤਰ ਕਿਤਾਬ ਦੇ ਨਾਂਅ ਤੋਂ ਹੀ ਸਾਡੇ ਹੱਥ ਆ ਜਾਂਦੀ ਹੈ। ਇੱਤਰ ਖੁਸ਼ਬੂਆਂ ਦਾ ਬਾਦਸ਼ਾਹ ਹੈ ਅਤੇ ਜੇ ਇਹ ਇਤਰ ਬਾਦਸ਼ਾਹ ਸ਼ਾਇਰੀ ਨੂੰ ਸੁਗੰਧਿਤ ਕਰ ਦੇਵੇ ਤਾਂ ਸੋਨੇ 'ਤੇ ਸੁਹਾਗੇ ਦਾ ਕੰਮ ਹੋ ਜਾਂਦਾ ਹੈ। ਸ਼ਾਇਰਾ ਦੀ ਸ਼ਾਇਰੀ ਖ਼ਾਸ ਕਰਕੇ ਤਰੰਗਤੀ ਮੁਹੱਬਤ ਦੇ ਆਲੇ-ਦੁਆਲੇ ਦੀ ਪਰਕਰਮਾ ਕਰਦੀ ਹੈ। ਜਦੋਂ ਤੋਂ ਮਾਈ ਹਵਾ ਤੇ ਬਾਬਾ ਆਦਮ ਨੂੰ ਬਹਿਸ਼ਤ ਦੇ ਈਡਨ ਗਾਰਡਨ ਵਿਚ ਵਰਜਿਤ ਫੁੱਲ ਚੱਖਣ ਤੇ ਧਰਤੀ 'ਤੇ ਸੁੱਟ ਦਿੱਤਾ ਗਿਆ ਉਸ ਦਿਨ ਤੋਂ ਹੀ ਮਾਈ ਹਵਾ ਤੇ ਬਾਬਾ ਆਦਮ ਦੀ ਔਲਾਦ ਉਸ ਵਰਜਿਤ ਵੱਲ ਦੀ ਪੁਰਸਲਾਤ ਪਾਰ ਕਰਕੇ ਆਪਣੀ ਮੰਜ਼ਿਲ ਵਸਲ ਤੱਕ ਪਹੁੰਚਣ ਲਈ ਆਦਿ ਜੁਗਾਦੀ ਕੋਸ਼ਿਸ਼ ਕਰ ਰਹੀ ਹੈ। ਬਾਈਬਲ ਆਖਦੀ ਹੈ ਕਿ ਬੰਦਾ ਰੋਟੀ 'ਤੇ ਨਹੀਂ, ਜਿਊਂਦਾ ਤੇ ਜੀਊਣ ਲਈ ਮੁਹੱਬਤ ਵੀ ਜ਼ਰੂਰੀ ਹੈ ਪਰ ਇਸ ਬਿਖੜੇ ਪੈਂਡੇ ਦਾ ਤਪਦਾ ਮਾਰੂਥਲ ਪਾਰ ਕਰਨ ਲਈ ਨਿਤਸ਼ੇ ਅਨੁਸਾਰ ਸਮਾਜਿਕ ਵਰਜਣਾਵਾਂ ਜੋ ਪਲੇਗ ਤੋਂ ਵੀ ਘਾਤਕ ਹੁੰਦੀਆਂ ਹਨ ਦੀ ਰਾਮ ਕਾਰ ਉਲੰਘ ਕੇ ਹੀ ਮਹਾਂ ਮਾਨਵ ਬਣਦਾ ਹੈ। ਸ਼ਾਇਰਾ ਜੇ ਰਸੂਲ ਹਮਜ਼ਾਤੋਵ ਦੇ 'ਮੇਰਾ ਦਾਗਿਸਤਾਨ' ਦਾ ਜ਼ਿਕਰ ਕਰਦੀ ਹੈ ਤਾਂ ਉਸ ਦਾ ਦਾਗਿਸਤਾਨ ਤਾਂ ਉਸ ਦਾ ਗਰਾਂ ਕੋਟਲੀ ਢੋਲੇ ਸ਼ਾਹ ਹੈ, ਜਿਥੇ ਉਸ ਦੇ ਮਾਤਾ ਪਿਤਾ ਨੇ ਉਕਾਬ ਬਣ ਕੇ ਆਪਣੀ ਲਾਡੋ ਰਾਣੀ ਨੂੰ ਉੱਚੀਆਂ ਉਡਾਰੀਆਂ ਮਾਰਨ ਲਈ ਕੋਈ ਵਰਜਣਾ ਦੀ ਕੰਧ ਨਹੀਂ ਉਸਾਰੀ ਤੇ ਜਦੋਂ ਉਸ ਦਾ ਬਾਪੂ ਡਰ ਨੂੰ ਡਰਾਉਂਦਾ ਹੋਵੇ ਤਾਂ ਉਡਾਰੀ ਦੇ ਖੰਭਾਂ ਨਾਲ ਦਿਸਹੱਦਿਆਂ ਤੋਂ ਪਾਰ ਵੀ ਜਾਇਆ ਜਾ ਸਕਦਾ ਹੈ। ਉਹ ਮੁਹੱਬਤ ਨੂੰ ਨਿਰਛਲਤਾ ਦਾ ਕਰਮ ਮੰਨਦੀ ਹੈ ਤੇ ਜਦੋਂ ਇਹ ਨਿਰਛਲਤਾ ਪਰਛਾਵਿਆਂ ਵਾਂਗ ਤੁਹਾਡੇ ਅੰਗ ਸੰਗ ਰਹੇ ਤਾਂ ਸਿਧਾਰਥ ਤੋਂ ਬੁੱਧ ਬਣਿਆ ਜਾ ਸਕਦਾ ਹੈ। ਭਾਵੇਂ ਸ਼ਾਇਰਾ ਵਿਚ ਕਲਾਤਮਿਕ ਰੁਚੀਆਂ ਤਾਂ ਬੀਜ ਰੂਪ ਵਿਚ ਹੀ ਪਈਆਂ ਸਨ ਪਰ 'ਗੁਰੂ ਲਾਧੋ' ਦੀ ਭਰਮਣ ਨੇ ਸਾਡੇ ਸਾਰਿਆਂ ਦੇ ਪ੍ਰਬੁੱਧ ਕਹਾਣੀਕਾਰ ਜਸਵੀਰ ਰਾਣਾ ਗੁਰੂ ਬਣ ਕੇ ਥਾਪੜਾ ਦੇ ਦੇਵੇ ਤਾਂ ਸ਼ਬਦ ਸਾਧਕ ਬਣਨ ਲਈ ਸੋਨੇ 'ਤੇ ਸੁਹਾਗਾ ਹੋ ਜਾਂਦਾ ਹੈ। ਸ਼ਾਇਰਾ ਨੇ ਆਪਣੀ ਮਮਤਾ ਦੀ ਮੂਰਤ ਨੂੰ ਏਨੇ ਖ਼ੂਬਸੂਰਤ ਸ਼ਬਦਾਂ ਵਿਚ ਕਵਿਤਾਇਆ ਹੈ, ਉਸ ਨਾਲ ਉਹ ਪ੍ਰੋ. ਮੋਹਨ ਸਿੰਘ ਅਤੇ ਉਰਦੂ ਸ਼ਾਇਰਾ ਮੁਨੱਵਰ ਰਾਣਾ ਨਾਲ ਵਰ ਮੇਚਦੀ ਨਜ਼ਰ ਆਉਂਦੀ ਹੈ। ਵਿਭਿੰਨ ਸਰੋਕਾਰਾਂ ਨਾਲ ਦਸਤਪੰਜਾ ਹੋਇਆ ਉਹ ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਆਪਣਾ ਕਾਵਿ ਧਰਮ ਨਿਭਾਅ ਰਹੀ ਹੈ। ਸ਼ਾਇਰਾ ਜਦੋਂ ਆਪਣੀ ਨਜ਼ਮ ਦੇ 'ਰੂ-ਬ-ਰੂ' ਹੁੰਦੀ ਹੈ ਤਾਂ ਅਮਰੀਕਨ ਨੋਬਲ ਪੁਰਸਕਾਰ ਜੇਤੂ ਸ਼ਾਇਰਾ ਲੂਈਸ ਗਲੁੱਕ ਦਾ ਇਹ ਕਥਨ ਤਸਦੀਕ ਹੋ ਜਾਂਦਾ ਹੈ ਕਿ ਸ਼ਾਇਰੀ ਸਵੈ ਦਾ ਸਵੈ ਦੇ ਰੂ-ਬਰੂ ਹੋ ਜਾਣਾ ਹੁੰਦਾ ਹੈ। ''ਪਤਾਸਿਆਂ ਵਰਗੀਆਂ ਕੜੀਆਂ'' ਦੀਆਂ ਤਸ਼ਬੀਹਾਂ ਲਿਖਣ ਵਾਲੀ ਸ਼ਾਇਰਾ ਤੋਂ ਨਿਕਟ ਭਵਿੱਖ ਵਿਚ ਹੋਰ ਬਿਹਤਰ ਕਲਾਤਮਿਕ ਪ੍ਰਗਟਾਵੇ ਦੀ ਸ਼ਾਇਰੀ ਦੀ ਉਡੀਕ ਰਹੇਗੀ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਦਿਨ ਕਟੀਆਂ
ਲੇਖਕ : ਹਰਵਿੰਦਰ ਸਿੰਘ ਚਹਿਲ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 250 ਰੁਪਏ, ਸਫ਼ੇ : 151
ਸੰਪਰਕ : 94174-67104

'ਦਿਨ ਕਟੀਆਂ' ਨਾਵਲ ਹਰਵਿੰਦਰ ਸਿੰਘ ਚਹਿਲ ਦੀ ਚੌਥੀ ਹੱਥ-ਲਿਖਤ ਹੈ। ਪਾਠਕ ਦਾ ਧਿਆਨ ਕਿਸੇ ਵੀ ਨਾਵਲ ਨੂੰ ਪੜ੍ਹਨ ਤੋਂ ਪਹਿਲਾਂ ਕਿਤਾਬ ਦੇ ਪੇਪਰ-ਬੈਕ (ਕਿਤਾਬ ਦੇ ਕਵਰ) 'ਤੇ ਜਾਂਦਾ ਹੈ, ਇਸ ਕਿਤਾਬ ਦਾ ਕਵਰ ਹੀ ਏਨਾ ਪ੍ਰਭਾਵਸ਼ਾਲੀ ਹੈ, ਜੇਕਰ ਇਸ ਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਇਸ ਵਿਚੋਂ ਹਰ ਦਿੱਤੇ ਕਿਰਦਾਰ ਦੀ ਇੱਕ ਵੱਖਰੀ ਕਹਾਣੀ ਦ੍ਰਿਸ਼ਟੀਗੋਚਰ ਹੁੰਦੀ ਹੈ। ਜਿਸ ਨੂੰ ਜਾਣਨ ਲਈ ਪਾਠਕ ਮੱਲੋ-ਮੱਲੀ ਕਿਤਾਬ ਪੜ੍ਹਨ ਵੱਲ ਅਕਰਸ਼ਿਤ ਹੁੰਦਾ ਹੈ। ਇਹ ਨਾਵਲ ਬਿੰਬ ਚਿਤਰਨ ਦੀ ਬੇ-ਮਿਸਾਲ ਉਦਾਹਰਨ ਹੈ।
ਨਾਵਲ ਆਪਣੇ-ਆਪ ਵਿਚ ਮੱਧ-ਸ਼੍ਰੇਣੀ ਗ਼ਰੀਬ ਕਿਰਸਾਨੀ ਪਰਿਵਾਰ ਦੀ ਕਹਾਣੀ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ। ਇਸ ਨਾਵਲ ਵਿਚ ਵੱਖ-ਵੱਖ ਵਿਸ਼ਿਆਂ/ਸਮੱਸਿਆਵਾਂ ਨੂੰ ਪਾਠਕ ਦੇ ਸਮਰੱਥ ਰੱਖਿਆ ਗਿਆ, ਜਿਨ੍ਹਾਂ ਨਾਲ ਜੂਝਦਾ ਹੋਇਆ ਇਹ ਪਰਿਵਾਰ ਆਪਣੇ ਦਿਨ ਕੱਟੀ ਜਾ ਰਿਹਾ ਹੈ। ਪਿਓ ਚੰਦ ਸਿੰਘ ਦੀ ਮੌਤ ਤੋਂ ਬਾਅਦ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਉਸ ਦੇ ਵੱਡੇ ਮੁੰਡੇ ਜੋਗਿੰਦਰ ਸਿੰਘ ਉੱਤੇ ਆ ਜਾਂਦੀ ਹੈ, ਜੋ ਛੇ ਭੈਣ-ਭਰਾਵਾਂ ਵਿਚੋਂ ਸਭ ਤੋਂ ਵੱਡਾ ਹੈ। ਨਾਵਲ ਵਿਚ ਕਿਵੇਂ ਜੋਗਿੰਦਰ ਸਿੰਘ ਆਪਣੇ ਪਰਿਵਾਰ ਦੀਆਂ, ਭੈਣਾਂ-ਭਰਾਵਾਂ ਦੀਆਂ, ਕਬੀਲਦਾਰੀਆਂ ਦੀਆਂ ਮੰਗਾਂ ਪੁਗਾਉਂਦਾ ਹੋਇਆ ਇਹੋ ਜਹੇ ਜੀਆਂ ਜੰਜਾਲ ਵਿਚ ਫਸਦਾ ਹੈ, ਜਿਸ ਤੋਂ ਨਜ਼ਾਤ ਪਾਉਣ ਦਾ ਇੱਕ ਮਾਰਗ ਉਸ ਨੂੰ ਮੌਤ ਹੀ ਲਗਦੀ ਹੈ।
ਜੋਗਿੰਦਰ ਆਰਥਕ ਅਤੇ ਮਾਨਸਿਕ ਦੋਵਾਂ ਪਾਸਿਓਂ ਪਰੇਸ਼ਾਨ ਸੀ ਕਿਉਂਕਿ ਜਿਹੜੇ ਭਰਾਵਾਂ ਨੇ ਉਸ ਦੇ ਸਹਾਰੇ ਬਣਨਾ ਸੀ, ਉਨ੍ਹਾਂ ਵਿਚੋਂ ਇੱਕ ਨਸ਼ੇ ਦੇ ਦਲਦਲ ਵਿਚ ਧਸਿਆ ਤੇ ਧਸਦਾ ਹੀ ਚਲਾ ਗਿਆ ਤੇ ਘਰ ਤੋਂ ਵੱਖ ਹੋ ਸਾਰਾ ਘਰ-ਬਾਰ ਲੁਟਾ ਛੱਡਿਆ। ਤੀਸਰੇ ਛੋਟੇ ਭਰਾ ਦੀ ਮੌਤ ਇੱਕ ਖੇਤ ਵਿਚ ਹੋਈ ਮੰਦਭਾਗੀ ਦੁਰਘਟਨਾ ਕਾਰਨ ਮੌਤ ਹੋ ਗਈ, ਤੀਸਰਾ ਭਰਾ ਆਰਥਿਕ ਦੂਸ਼ਵਾਰੀਆਂ ਦੇ ਚਲਦਿਆਂ ਵੱਖ ਹੋ ਗਿਆ। ਉਸ ਦੀਆਂ ਦੋਵੇਂ ਭੈਣਾਂ ਇੱਕੋ ਘਰ ਵਿਚ ਵਿਆਹੀਆਂ ਹੋਈਆਂ ਸਨ, ਜਿੱਥੇ ਛੋਟੀ ਭੈਣ ਪੀਤੋ ਦੇ ਦੋ ਕੁੜੀਆਂ ਹੋਣ ਕਾਰਨ ਉਸ ਨੂੰ ਨਿਤ ਮਾਨਸਿਕ ਅਤੇ ਸਰੀਰਕ ਉਤ-ਪੀੜਨ ਦਾ ਸ਼ਿਕਾਰ ਹੋਣਾ ਪਿਆ। ਛੋਟੀ ਭੈਣ ਪੀਤੋ ਨੂੰ ਉਸ ਦੇ ਸਹੁਰਿਆ ਵਲੋਂ ਹੀ ਮਾਰਿਆ ਜਾਂਦਾ ਹੈ, ਜਿਸ ਦਾ ਨਾਵਲਕਾਰ ਬਹੁਤ ਹੀ ਸੁਲਝੇ ਹੋਏ ਤੇ ਗੁੱਝੇ ਭੇਤ ਦੇ ਰੂਪ ਵਿਚ ਪ੍ਰਗਟਾਅ ਆਪਣੀ ਨਾਵਲ ਦੀ ਪਾਤਰ ਜੀਤੋ (ਜੋਗਿੰਦਰ ਦੀ ਵੱਡੀ ਭੈਣ) ਦੇ ਮੂੰਹੋ ਇਹ ਸ਼ਬਦ ਅਖਵਾ ਕਰਦਾ ਹੈ- ''ਪਿਛਲੇ ਮਹੀਨੇ ਮੇਰੀ ਸੱਸ ਇਸ ਨੂੰ ਪੁੜੀਆਂ ਦੁਆ ਕੇ ਲਿਆਈ ਐ ਕਿਸੇ ਤੋਂ ਮੁੰਡਾ ਹੋਣ ਦੀਆਂ। ਪਤਾ ਨੀ ਓਦਣ ਦਾ ਕੀ ਪਹਿਰ ਗਿਆ ਏਹ ਤਾਂ ਮੰਜੇ ਤੋਂ ਈ ਨੀ ਉਠਦੀ।'' ਅੰਤ ਨੂੰ ਪੀਤੋ ਦੀ ਮੌਤ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨਾਲ ਹੋ ਜਾਂਦੀ ਹੈ ਤੇ ਉਸ ਦੀਆਂ ਦੋ ਫੁੱਲਾਂ ਵਰਗੀਆਂ ਧੀਆਂ ਤੋਂ ਮਾਂ ਪਰਛਾਵਾਂ ਵੀ ਖੋਹਿਆ ਜਾਂਦਾ ਹੈ। ਮੇਲੋ ਦਾ ਪਤੀ ਜਗਰੂਪ ਦਾ ਕਰਜ਼ਾ ਚੁੱਕ ਵਿਦੇਸ਼ ਜਾ ਪੱਕੇ ਹੋਣ ਲਈ ਦੂਜਾ ਵਿਆਹ ਰਚਾ ਲੈਣਾ ਤੇ ਪਰਿਵਾਰ ਤੋਂ ਕੰਨੀ ਹੀ ਛੁਡਾ ਲੈਣਾ। ਇਨ੍ਹਾਂ ਸਭ ਝਮੇਲਿਆਂ ਦੇ ਚਲਦੇ ਵੀ ਜੋਗਿੰਦਰ ਆਪਣੇ ਤੇ ਪੀਤੋ ਦੀਆਂ ਬੱਚੀਆਂ ਦੀ ਪੜ੍ਹਾਈ ਵਿਚ ਕੋਈ ਵਿਘਨ ਨਹੀਂ ਪੈਣ ਦਿੰਦਾ।
ਨਾਵਲ ਕਰਾਰਾ ਵਿਅੰਗ ਕੱਸਦਾ ਹੈ, ਕਬੀਲਦਾਰੀਆਂ ਦੇ ਨਾਂਅ 'ਤੇ ਹੁੰਦੇ ਚੋਚਲਿਆਂ 'ਤੇ ਜਿਨ੍ਹਾਂ ਢਕੋਸਲਿਆਂ ਦੀ ਪੂਰਤੀ ਦੇ ਚੱਠੂ ਵਿਚ ਮੱਧ-ਸ਼੍ਰੇਣੀ ਗ਼ਰੀਬ ਹੀ ਪਿੱਸਦਾ ਹੈ।
ਨਾਵਲ ਆਧੁਨਿਕ ਪੀੜ੍ਹੀ ਦੀ ਸੁਲਝੀ ਤੇ ਸਪਸ਼ੱਟ ਸੋਚ ਨੂੰ ਪ੍ਰਗਟ ਕਰਦਾ ਹੈ, ਜਿਸ ਵਿਚ ਜੋਗਿੰਦਰ ਦਾ ਮੁੰਡਾ ਜੰਟਾ, ਪੀਤੋ ਦੀ ਕੁੜੀ ਗੁੱਡਾਂ ਜਿਸ ਪਾਲਣ ਜੋਗਿੰਦਰ ਕਰ ਰਿਹਾ ਸੀ, ਇਹ ਦੋਵੇਂ ਨੌਜਵਾਨ ਸਮਾਜ ਦੇ ਉਸਾਰੇ ਢੋਂਗੀ ਪ੍ਰਬੰਧ 'ਤੇ ਟਕੋਰਾਂ ਕੱਸਦੇ ਹਨ। ਜਿੱਥੇ ਜੰਟਾ ਦਹੇਜ ਦੇ ਖਿਲਾਫ਼, ਕੁੜੀਆਂ ਨੂੰ ਵੱਧ ਪੜ੍ਹਾਉਣ ਤੇ ਆਪਣੇ ਪੈਰ੍ਹਾਂ 'ਤੇ ਆਪ ਖੜ੍ਹੇ ਹੋਣ ਲਈ ਆਖਦਾ ਹੈ, ਉੱਥੇ ਹੀ ਗੁੱਡਾਂ ਤੇ ਉਸਦੀ ਛੋਟੀ ਭੈਣ ਦਾ ਪੜ੍ਹਾਈ ਵਿਚ ਅਵੱਲ ਰਹਿਣਾ, ਕਈ ਸਾਲਾਂ ਬਾਅਦ ਆਏ ਆਪਣੇ ਪਿਉ ਦੀ ਗੁੱਡਾਂ ਦੁਆਰਾ ਨਿਸੰਗ ਹੋ ਖ਼ਬਰ ਲੈਣਾ ਮਰਦ ਪ੍ਰਧਾਨ ਸਮਾਜ ਦੀ ਮਰਦਾਉਪੂਣਾ ਵਰਗੀ ਸੌੜੀ ਸੋਚ ਦੀ ਨਕੇਲ ਕੱਸਦਾ ਹੈ।
ਨਾਵਲ ਦੇ ਅੰਤ 'ਤੇ ਜਿੱਥੇ ਜੋਗਿੰਦਰ ਵੱਲੋਂ ਕਰਜ਼ਿਆਂ ਤੋਂ ਤੰਗ ਆ ਕੀਟਨਾਸ਼ਕ ਦਵਾਈ ਪੀ ਆਤਮ-ਘਾਤ ਕਰ ਲਿਆ ਜਾਂਦਾ ਹੈ। ਉੱਥੇ ਹੀ ਆਤਮ-ਘਾਤ ਵਰਗੀ ਸੋਚ ਦੀ ਜੰਟੇ ਵੱਲੋਂ ਨਿਖੇਧੀ ਵੀ ਕੀਤੀ ਗਈ ਹੈ। ਨਾਵਲ ਦੇ ਅੰਤ 'ਤੇ ਨਾਵਲਕਾਰ ਵੱਲੋਂ ਆਖਰ ਇਨ੍ਹਾਂ ਹਾਲਾਤਾਂ ਦੇ ਜ਼ਿੰਮੇਵਾਰ ਰੱਬ ਜਾਂ ਸਮਾਜਿਕ ਪ੍ਰਬੰਧ ਉੱਤੇ ਟਕੋਰ ਕੱਸ ਪਾਠਕ ਲਈ ਅੰਤ ਖੁੱਲ੍ਹਾ ਛੱਡ ਦਿੰਦਾ ਹੈ।ਹਰਵਿੰਦਰ ਜੀ ਦੀ ਸਾਹਿਤਕ-ਸ਼ੈਲੀ ਬਾ-ਕਮਾਲ ਹੈ। ਨਵੇਂ ਮੁਹਾਵਰੇ ਤੇ ਭੁੱਲੀਆਂ-ਵਿਸਰੀਆਂ ਅਖਾਣਾਂ ਦੀ ਬੇ-ਮਿਸਾਲ ਜੁਗਲ-ਬੰਦੀ ਨਾਵਲ ਵਿਚ ਪੜ੍ਹਨ ਨੂੰ ਮਿਲਦੀ ਹੈ।ਹਰਵਿੰਦਰ ਸਿੰਘ ਚਹਿਲ ਆਪਣੀ ਇਸ ਖ਼ੂਬਸੂਰਤ ਸਾਹਿਤਕ ਕਿਰਤ ਲਈ ਵਿਸ਼ੇਸ਼ ਵਧਾਈ ਦੇ ਤੇ ਪਾਠਕਾਂ ਵੱਲੋਂ ਧੰਨਵਾਦ ਦੇ ਹੱਕਦਾਰ ਹਨ।
-ਜਸਕਿਰਨਜੀਤ ਕੌਰ
ਮੋਬਾਈਲ : 88476-94338






















































































.jpg)























































































































