17-05-26
ਪਾਸ਼ੋ
ਲੇਖਕ : ਡਾ. ਰਛਪਾਲ ਸਿੰਘ ਬਾਲੀ
ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ।
ਮੁੱਲ : 200 ਰੁਪਏ, ਸਫੇ : 132
ਸੰਪਰਕ : 98729-91780

ਕਸ਼ਮੀਰੀਅਤ ਦੇ ਨਾਂਅ ਕੀਤਾ ਗਿਆ ਇਹ ਨਾਵਲ ਭਾਵੁਕ ਤਲ 'ਤੇ ਵਿਸ਼ੇਸ਼ ਤੌਰ 'ਤੇ ਬਹੁਤ ਭਾਵਪੂਰਤ ਰਚਨਾ ਹੈ। ਨਾਵਲਨਿਗਾਰ ਨੇ 'ਲੇਖਕ ਵਲੋਂ' ਤਹਿਤ ਅਰਕਨੁਮਾ ਗੱਲ ਆਰੰਭ 'ਚ ਹੀ ਲਿਖ ਦਿੱਤੀ ਹੈ ਕਿ ਹਥਲਾ ਨਾਵਲ 'ਪਾਸ਼ੋ' ਵਕੀਲਾਂ ਦੁਆਰਾ ਲਈ ਆਜ਼ਾਦੀ ਦਾ ਪ੍ਰਤੀਕ ਹੈ। ਪਾਸ਼ੋ (ਪੁਸ਼ਪਿੰਦਰ ਕੌਰ) ਕੇਵਲ ਪਾਤਰ ਹੀ ਨਹੀਂ, ਪਿੱਟ ਚੁੱਕੇ ਪਰਿਵਾਰਾਂ ਦਾ ਨਿਸ਼ਾਨ ਹੈ। ਕੌਮ 'ਤੇ ਹੋਏ ਅੱਤਿਆਚਾਰਾਂ ਦਾ ਸਾਰ ਹੈ। ਲੋਕਤੰਤਰ ਅੰਦਰ ਲੁਕੀ ਕੌਮੀਅਤ ਦੀ ਪਛਾਣ ਹੈ, ਦੇਸ਼ ਭਗਤਾਂ ਦੇ ਸੁਫਨਿਆਂ ਦਾ ਅਰਮਾਨ ਹੈ।'
ਕੁੱਲ 12 ਕਾਂਡਾਂ ਵਿਚ ਨਾਵਲ ਦਾ ਵਿਸ਼ਾ ਵਸਤੂ ਬਾਖੂਬੀ ਨਿਭਾਇਆ ਗਿਆ ਹੈ। ਪਾਸ਼ੋ ਦੇ ਨਾਲ ਹੰਸ ਰਾਜ, ਨੀਰਜਾ, ਤਨੂ, ਤਾਰਾ, ਗੁਰਪਾਲ ਸਿੰਘ ਤੇ ਕੁਝ ਹੋਰ ਪਾਤਰ ਰਲ ਕੇ ਨਾਵਲ ਦੀ ਮੂਲ ਕਥਾ ਨੂੰ ਹੁਲਾਰਾ ਦਿੰਦੇ ਹਨ। ਗੁਰਪਾਲ ਸਿੰਘ ਪਾਸ਼ੋ ਦਾ ਘਰਵਾਲਾ ਹੈ, ਹੰਸ ਰਾਜ ਪਾਸ਼ੋ ਦਾ ਪੁਰਾਣਾ ਪ੍ਰੇਮੀ ਹੈ, ਜਿਹੜਾ ਅੰਤ 'ਚ ਇਕ ਪੂਰੇ ਦਾ ਪੂਰਾ ਘਰ ਹੀ ਉਨ੍ਹਾਂ ਦੇ ਨਾਂਅ ਲਾ ਦਿੰਦਾ ਹੈ ਤੇ ਆਪ ਵਿਲਾਇਤ ਨੂੰ ਚਲੇ ਜਾਂਦਾ ਹੈ। ਇੰਜ ਇਹ ਸਾਰੇ ਪਾਤਰ ਆਪੋ-ਆਪਣੀ ਭੂਮਿਕਾ ਵਿਚ ਹਨ ਤੇ ਮਿਲ ਕੇ ਪਾਸ਼ੋ ਦੀ ਭੂਮਿਕਾ ਨੂੰ ਹੋਰ ਵੀ ਮਹੱਤਵਪੂਰਨ ਕਰਦੇ ਹਨ। ਮੂਲ ਵਿਸ਼ੇ ਦੇ ਨਿਭਾਅ ਦੇ ਨਾਲ-ਨਾਲ ਇਸ ਗਲਪ ਰਚਨਾ ਵਿਚ ਹੋਰ ਵੀ ਬਹੁਤ ਅ੍ਰਰਥਭਰਪੂਰ ਗੱਲਾਂ ਲਿਖੀਆਂ ਗਈਆਂ ਹਨ, ਜਿਹਾ ਕਿ:
-ਜੀਵਨ ਜੀਣ ਦਾ ਨਾਂਅ ਹੈ। ਜੀਵਨ ਸੱਤਾ ਜਮਾਂਦਰੂ ਗੁਣ ਹੈ। ਇਸ ਜੀਣਾ ਹੈ। ਪ੍ਰਾਣੀਆਂ ਅੰਦਰ ਇਕ ਪ੍ਰਤੱਖ ਅਤੇ ਬਨਾਸਪਤੀ ਅੰਦਰ ਗੁਪਤ ਹੁੰਦਾ ਹੈ।
-ਗ੍ਰਹਿਣ ਤਾਂ ਸੂਰਜ ਨੂੰ ਵੀ ਨਹੀਂ ਬਖ਼ਸ਼ਦਾ।
-ਇਨਸਾਨਾਂ ਅੰਦਰ ਬੈਠਾ ਹੈਵਾਨ ਸਾਡਾ ਦੁਸ਼ਮਣ ਹੈ।
-ਕਿਸੇ ਵੀ ਸਮਾਜ ਦਾ ਢਾਂਚਾ ਮਾਨਵੀ ਮੁੱਲਾਂ ਅਨੁਸਾਰ ਸਮਾਂ ਆਪ ਘੜਦਾ ਹੈ। ਸਮਾਜਿਕ ਢਾਂਚੇ ਦੀ ਸਿਰਜਣਾ ਮਨੁੱਖੀ ਲੋੜਾਂ ਸਿਰੇ ਚਾੜ੍ਹਦੀਆਂ ਹਨ।
-ਜ਼ਿੰਦਾ ਕੌਮਾਂ ਦੂਜਿਆਂ ਦੇ ਸਹਾਰਿਆਂ 'ਤੇ ਨਹੀਂ ਰਹਿੰਦੀਆਂ।
ਨਿਰਸੰਦੇਹ ਕਸ਼ਮੀਰੀਅਤ ਦੇ ਸੰਦਰਭ 'ਚ ਇਸ ਨਾਵਲ ਦਾ ਆਪਣਾ ਵਿਸ਼ੇਸ਼ ਮਹੱਤਵ ਤਾਂ ਹੈ ਹੀ, ਆਮ ਜਨ-ਜੀਵਨ ਲਈ ਵੀ ਇਸ ਵਿਚ ਕਈ ਚੰਗੀਆਂ ਸੇਧਾਂ ਹਨ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-005287
ਫ਼ਾਲਤੂ ਗੱਲ
ਲੇਖਕ : ਸੁਖਵਿੰਦਰ ਸਿੰਘ ਫੁੱਲ
ਪ੍ਰਕਾਸ਼ਕ : ਜੇ.ਪੀ. ਪਬਲੀਕੇਸ਼ਨ, ਪਟਿਆਲਾ
ਮੁੱਲ : 300 ਰੁਪਏ, ਸਫ਼ੇ : 108
ਸੰਪਰਕ : 98142-82543

ਪੰਜਾਬੀ ਪੱਤਰਕਾਰੀ ਅਤੇ ਵਾਰਤਕ ਖਿੱਤੇ ਦੇ ਮਕਬੂਲ ਕਲਮਕਾਰ ਸੁਖਵਿੰਦਰ ਸਿੰਘ ਫੁੱਲ ਦੀ ਨਵੀਨ ਪੁਸਤਕ 'ਫਾਲਤੂ ਗੱਲ' ਹੁਣੇ-ਹੁਣੇ ਆਈ ਹੈ ਜਿਸ ਵਿਚ ਕੁੱਲ 32 ਮਜ਼ਮੂਨ ਸੰਮਿਲਿਤ ਹਨ। ਵਾਰਤਕਕਾਰ ਨੇ ਇਸ ਪੁਸਤਕ ਵਿਚ ਸਮਾਜਿਕ, ਸਦਾਚਾਰਕ, ਪਰਿਵਾਰਕ, ਭਾਸ਼ਾਈ, ਧਾਰਮਿਕ, ਭੂਗੋਲਿਕ, ਰਾਜਨੀਤਕ ਅਤੇ ਰਿਸ਼ਤਾ-ਨਾਤਾ ਪ੍ਰਬੰਧ ਨਾਲ ਸੰਬੰਧਿਤ ਵਿਸ਼ਿਆਂ ਨੂੰ ਆਧਾਰ ਬਣਾਇਆ ਹੈ। ਇਹ ਮਜ਼ਮੂਨ ਪਾਠਕ ਦੇ ਹਿਰਦੇ ਵਿਚ ਸਾਹਿਤ ਅਤੇ ਪੁਸਤਕ-ਸੱਭਿਆਚਾਰ ਪ੍ਰਤੀ ਸਨੇਹ ਉਤਪੰਨ ਕਰਦੇ ਹਨ, ਦੇਸ਼-ਵਿਦੇਸ਼ਾਂ ਵਿਚ ਮਾਤ-ਭਾਸ਼ਾ ਦੇ ਵਿਕਾਸ ਵਿਚ ਪੈਦਾ ਹੋ ਰਹੇ ਸੰਕਟਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਦਾ ਸਾਰਥਕ ਹੱਲ ਸੁਝਾਉਂਦੇ ਹਨ, ਡਾਕਟਰਾਂ ਅਤੇ ਮਰੀਜ਼ਾਂ ਵਿਚਲੇ ਰਿਸ਼ਤੇ ਦੀ ਪਾਕੀਜ਼ਗੀ ਦਰਸਾਉਂਦੇ ਹਨ, ਸੱਸ-ਨੂੰਹ, ਅਧਿਆਪਕ-ਵਿਦਿਆਰਥੀ, ਪੁਰਾਣੀ ਪੀੜ੍ਹੀ ਅਤੇ ਨਵੀਂ ਪੀੜ੍ਹੀ ਆਦਿ ਰਿਸ਼ਤੇ-ਨਾਤਿਆਂ ਦੀ ਵਿਰਾਸਤੀ ਪ੍ਰਣਾਲੀ ਨੂੰ ਸਮਝਣ ਦੀ ਪ੍ਰੇਰਨਾ ਦਿੰਦੇ ਹਨ ਅਤੇ ਅੰਧ-ਵਿਸ਼ਵਾਸਾਂ ਦੀ ਮੁਖ਼ਾਲਫ਼ਤ ਕਰਦੇ ਤਰਕਸ਼ੀਲਤਾ ਦੀ ਸਮਝ ਪੈਦਾ ਕਰਦੇ ਹਨ।
ਲੇਖਕ ਨੇ ਇਨ੍ਹਾਂ ਮਜ਼ਮੂਨਾਂ ਵਿਚ ਵਿੱਦਿਅਕ, ਦਫ਼ਤਰੀ ਕਾਰ-ਵਿਹਾਰ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸੰਬੰਧਿਤ ਵਿਸ਼ਿਆਂ ਨੂੰ ਵੀ ਕੇਂਦਰ ਵਿਚ ਰੱਖਿਆ ਹੈ। ਇਨ੍ਹਾਂ ਕ੍ਰਿਤਾਂ ਵਿਚ ਜਿੱਥੇ ਗੁਰੂ ਘਰ ਦੇ ਵਜ਼ੀਰਾਂ ਅਤੇ ਧਾਰਮਿਕ ਸਥਾਨਾਂ ਪ੍ਰਤੀ ਸਾਰਥਿਕ ਪਹੁੰਚ ਅਪਣਾਉਣ ਦੀ ਪ੍ਰੇਰਨਾ ਦਿਤੀ ਗਈ ਹੈ ਉਥੇ ਖ਼ਾਹਮਖ਼ਾਹ ਸਮੱਸਿਆਵਾਂ ਉਤਪੰਨ ਕਰਨ ਵਾਲੇ ਵਿਅਕਤੀਆਂ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਲਈ ਸਾਫ਼ਗੋਈ ਅਪਣਾਈ ਗਈ ਹੈ ਤਾਂ ਜੋ ਦੋਵੇਂ ਧਿਰਾਂ ਦਰਮਿਆਨ ਸੰਤੁਲਨ ਤੇ ਸੁੱਖ-ਸ਼ਾਂਤੀ ਦਾ ਮਾਹੌਲ ਬਣਿਆ ਰਹਿ ਸਕੇ। ਲੇਖਕ ਨੇ ਇਸ ਪੁਸਤਕ ਵਿਚ ਆਪਣੀਆਂ ਕੈਨੇਡਾ, ਹਾਂਗਕਾਂਗ, ਦੁਬਈ, ਫਰਾਂਸ, ਪੈਰਿਸ, ਸ੍ਰੀਲੰਕਾ ਆਦਿ ਮੁਲਕਾਂ ਦੀਆਂ ਯਾਤਰਾਵਾਂ ਦੇ ਹਵਾਲੇ ਨਾਲ ਉੱਥੋਂ ਦੇ ਵੰਨ-ਸੁਵੰਨੇ ਖ਼ੂਬਸੂਰਤ ਅਤੇ ਯਾਦਗਾਰੀ ਸੰਸਮਰਣ ਵੀ ਸਾਂਝੇ ਕੀਤੇ ਹਨ। ਇਨ੍ਹਾਂ ਮਜ਼ਮੂਨਾਂ ਦੀ ਵਿਸ਼ੇਸ਼ਤਾ ਇਹ ਵੀ ਹੈ ਹਰ ਇੱਕ ਗੱਲ ਨੂੰ ਨਿਆਂਪੂਰਨ ਢੰਗ ਨਾਲ ਦਰਸਾਇਆ ਗਿਆ ਹੈ, ਢੁਕਵੀਆਂ ਉਦਾਹਰਨਾਂ ਅੰਕੜੇ ਅਤੇ ਤੱਥ ਇਨ੍ਹਾਂ ਮਜ਼ਮੂਨਾਂ ਨੂੰ ਵਾਸਤਵਿਕ ਸਥਿਤੀ ਦੇ ਨੇੜੇ ਲੈ ਜਾਂਦੇ ਹਨ।
ਇਹ ਮਜ਼ਮੂਨ ਜਿੱਥੇ ਇੱਕ ਪਾਸੇ ਸਦਾਚਾਰਕ ਸੁਨੇਹੇ ਦਿੰਦੇ ਹਨ ਉੱਥੇ ਦੂਜੇ ਪਾਸੇ ਪਾਠਕ ਨੂੰ ਮਾਨਸਿਕ ਬੋਝ ਤੋਂ ਹਲਕਾ-ਫੁਲਕਾ ਕਰਕੇ ਇਕ ਅਨੋਖੇ ਵਾਯੂਮੰਡਲ ਵਿਚ ਪ੍ਰਵੇਸ਼ ਕਰਵਾ ਦਿੰਦੇ ਹਨ। ਇਨ੍ਹਾਂ ਮਜ਼ਮੂਨਾਂ ਦਾ ਇਕ ਹੋਰ ਵਿਸ਼ੇਸ਼ ਲੱਛਣ ਇਹ ਵੀ ਹੈ ਕਿ ਇਨ੍ਹਾਂ ਵਿਚਲਾ ਗਿਆਨ ਪਾਠਕ ਉਪਰ ਜ਼ਬਰਦਸਤੀ ਨਹੀਂ ਥੋਪਿਆ ਗਿਆ, ਸਗੋਂ ਇਨ੍ਹਾਂ ਵਿਚ ਲੁਪਤ ਉਪਦੇਸ਼ ਜਾਂ ਗਿਆਨ ਪਾਠਕ ਨੂੰ ਖੰਡ ਵਿਚ ਲਪੇਟੀ ਕੁਨੀਨ ਵਾਂਗ ਅਨੁਭਵ ਹੁੰਦਾ ਹੈ। ਇਨ੍ਹਾਂ ਮਜ਼ਮੂਨਾਂ ਵਿਚ ਵਿਚਾਰਾਂ ਦੀ ਪ੍ਰਧਾਨਤਾ ਹੈ। ਲੇਖਕ ਪਾਠਕ ਦੀ ਮਨੋਦਸ਼ਾ ਨੂੰ ਬਖ਼ੂਬੀ ਸਮਝਦਾ ਹੋਇਆ ਕਿਤੇ-ਕਿਤੇ ਵਿਅੰਗ-ਆਤਮਕ ਸ਼ੈਲੀ ਦੀ ਵੀ ਸੁੰਦਰ ਵਰਤੋਂ ਕਰਦਾ ਹੈ। ਇਹ ਮਜ਼ਮੂਨ ਦੀਰਘ ਅਨੁਭਵ ਦੀ ਉਪਜ ਹਨ, ਜਿਨ੍ਹਾਂ ਵਿਚ ਸਰਲਤਾ, ਸਪੱਸ਼ਟਤਾ ਅਤੇ ਨਿਸੰਕੋਚ ਪ੍ਰਗਟਾਵੇ ਦੇ ਗੁਣਾਂ ਦੀ ਚਾਸ਼ਨੀ ਘੁਲੀ ਹੋਈ ਹੈ। ਪੁਸਤਕ ਵਿਚ ਲੇਖਕ ਦੀਆਂ ਧਾਰਮਿਕ ਅਤੇ ਇਤਿਹਾਸਕ ਸਥਾਨਾਂ, ਮਹਾਨ ਸ਼ਖ਼ਸੀਅਤਾਂ ਅਤੇ ਸਮਾਗਮਾਂ ਨਾਲ ਸੰਬੰਧਿਤ ਰੰਗਦਾਰ ਤਸਵੀਰਾਂ ਪੁਸਤਕ ਵਿਚਲੇ ਵਸਤੂ-ਜਗਤ ਨੂੰ ਹੋਰ ਨੇੜਿਓਂ ਸਮਝਣ ਲਈ ਮਦਦਗਾਰ ਸਿੱਧ ਹੁੰਦੀਆਂ ਹਨ।
ਇਸ ਪ੍ਰਕਾਰ ਇਹ ਪੁਸਤਕ ਪਾਠਕ-ਵਰਗ ਦੇ ਬਹੁਪੱਖੀ ਦ੍ਰਿਸ਼ਟੀਕੋਣ ਨੂੰ ਵਸੀਹ ਕਰਦੀ ਹੈ। ਮੈਂ ਸੁਖਵਿੰਦਰ ਸਿੰਘ ਫੁੱਲ ਨੂੰ ਦਿਲਚਸਪ ਮਜ਼ਮੂਨਾਂ ਦੀ ਸਿਰਜਣਾ ਲਈ ਵਧਾਈ ਦਿੰਦਾ ਹੋਇਆ ਪਾਠਕ-ਵਰਗ ਨੂੰ ਇਹ ਪੁਸਤਕ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ।
-ਡਾ.ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
65 ਲੱਖ ਦਾ ਬੁੱਢਾ
ਲੇਖਕ : ਰਾਮ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 108
ਸੰਪਰਕ : 99153-35032

ਪੁਸਤਕਾਂ ਦੇ ਰਚੇਤਾ ਰਾਮ ਸਿੰਘ ਦੀ ਇਹ 8ਵੀਂ ਪੁਸਤਕ '65 ਲੱਖ ਦਾ ਬੁੱਢਾ' (ਨਾਵਲ) ਪ੍ਰਕਾਸ਼ਿਤ ਹੋਈ ਹੈ। ਇਹ ਨਾਵਲ ਅਜੋਕੇ ਪੰਜਾਬੀ ਸਮਾਜ ਵਿਚ ਤੇਜ਼ੀ ਨਾਲ ਪੈਰ ਪਸਾਰ ਰਹੀ ਪਦਾਰਥਵਾਦੀ ਸੋਚ ਅਤੇ ਮਨੁੱਖੀ ਰਿਸ਼ਤਿਆਂ ਦੇ ਹੋ ਰਹੇ ਘਾਣ ਦੀ ਇਕ ਮਾਰਮਿਕ ਦਾਸਤਾਨ ਹੈ। ਨਾਵਲ ਦਾ ਕੇਂਦਰੀ ਪਾਤਰ ਸੱਜਣ ਸਿੰਘ ਹੈ ਜੋ ਕਦੇ ਪਿੰਡ ਦਾ ਇਕ ਸਤਿਕਾਰਤ ਅਤੇ ਮਿਹਨਤੀ ਕਿਸਾਨ ਸੀ। ਉਹ ਹੁਣ 90 ਸਾਲ ਦਾ ਹੋਣ ਕਰਕੇ, ਸਰੀਰਕ ਤੌਰ 'ਤੇ ਟੁੱਟ ਚੁੱਕਾ ਹੈ ਅਤੇ ਬੋਲਣ ਤੋਂ ਅਸਮਰੱਥ ਹੈ। ਉਸ ਦੇ ਤਿੰਨ ਪੁੱਤਰ ਕੁੱਲਰੱਖਣ, ਦਰਸ਼ਨ ਅਤੇ ਸਰਵਣ, ਕਿਸੇ ਸਮੇਂ ਇਕੱਠੇ ਰਹਿੰਦੇ ਸਨ। ਪਰ ਸਿਆਸਤ ਅਤੇ ਲਾਲਚ ਨੇ ਉਨ੍ਹਾਂ ਵਿਚ ਦਰਾਰ ਪਾ ਦਿੱਤੀ। ਜਦੋਂ ਸਰਕਾਰ ਵਲੋਂ ਬਣ ਰਹੇ ਹਾਈਵੇਅ ਲਈ ਸੱਜਣ ਸਿੰਘ ਦੀ ਜ਼ਮੀਨ ਐਕੁਆਇਰ ਕੀਤੀ ਜਾਂਦੀ ਹੈ ਅਤੇ 65,60,470 ਰੁਪਏ ਦਾ ਮੁਆਵਜ਼ਾ ਉਸ ਦੇ ਨਾਂਅ ਬੋਲਦਾ ਹੈ, ਤਾਂ ਰਿਸ਼ਤਿਆਂ ਦਾ ਅਸਲੀ ਰੂਪ ਸਾਹਮਣੇ ਆਉਂਦਾ ਹੈ। ਜਿਹੜੇ ਪੁੱਤਰਾਂ ਨੇ ਕਦੇ ਪਿਓ ਦੀ ਸਾਰ ਨਹੀਂ ਸੀ ਲਈ, ਉਹ ਹੁਣ ਉਸ ਦੇ 'ਵਾਰਸ' ਬਣਨ ਲਈ ਕਚਹਿਰੀਆਂ ਤੱਕ ਪਹੁੰਚ ਜਾਂਦੇ ਹਨ। ਪੈਸੇ ਦੀ ਚਮਕ ਕਾਰਨ ਪਿਤਾ ਹੁਣ ਇਕ ਇਨਸਾਨ ਨਹੀਂ, ਸਗੋਂ ਇਕ ਚਲਦੀ-ਫਿਰਦੀ ਐੱਫ.ਡੀ. ਜਾਂ ਇਕ ਅਜਿਹੀ ਵਸਤੂ ਬਣ ਕੇ ਰਹਿ ਗਿਆ ਹੈ, ਜਿਸ ਦੀ ਹੋਂਦ ਸਿਰਫ ਅੰਗੂਠੇ ਦੇ ਨਿਸ਼ਾਨ ਤੱਕ ਸੀਮਤ ਹੈ। ਲੇਖਕ ਨੇ ਦਿਖਾਇਆ ਹੈ ਕਿ ਕਿਵੇਂ ਸਿਆਸੀ ਲੀਡਰ ਆਪਣੇ ਸਵਾਰਥ ਲਈ ਪਰਿਵਾਰਕ ਝਗੜਿਆਂ ਨੂੰ ਹਵਾ ਦਿੰਦੇ ਹਨ। 90 ਸਾਲ ਦਾ ਸੱਜਣ ਸਿੰਘ, ਜੋ ਬੋਲਣ ਤੋਂ ਅਸਮਰੱਥ ਹੈ, ਆਪਣੇ ਹੀ ਬਣਾਏ ਸ਼ਾਨਦਾਰ ਬੰਗਲੇ ਵਿਚ ਬੇਗਾਨਾ ਮਹਿਸੂਸ ਕਰਦਾ ਹੈ। ਲੇਖਕ ਨੇ ਬਹੁਤ ਹੀ ਸਰਲ, ਪਰ ਪ੍ਰਭਾਵਸ਼ਾਲੀ ਢੰਗ ਨਾਲ ਪਾਤਰਾਂ ਦੇ ਅੰਦਰੂਨੀ ਸੰਘਰਸ਼ ਅਤੇ ਸਮਾਜਿਕ ਕਟਾਕਸ਼ ਨੂੰ ਪੇਸ਼ ਕੀਤਾ ਹੈ। ਇਹ ਨਾਵਲ ਅੱਜ ਦੇ ਪਦਾਰਥਵਾਦੀ ਯੁੱਗ 'ਤੇ ਇਕ ਕਰਾਰੀ ਚੋਟ ਹੈ ਜਿੱਥੇ ਇਨਸਾਨ ਦੀ ਕੀਮਤ ਉਸ ਦੇ ਕਿਰਦਾਰ ਨਾਲ ਨਹੀਂ, ਸਗੋਂ ਉਸ ਦੇ ਬੈਂਕ ਖਾਤੇ ਨਾਲ ਲੱਗਦੀ ਹੈ। '65 ਲੱਖ ਦਾ ਬੁੱਢਾ' ਇਕ ਬਹੁਤ ਹੀ ਸੰਵੇਦਨਸ਼ੀਲ ਰਚਨਾ ਹੈ ਜੋ ਸਾਨੂੰ ਚਿਤਾਵਨੀ ਦਿੰਦੀ ਹੈ ਕਿ ਜੇਕਰ ਅਸੀਂ ਬਜ਼ੁਰਗਾਂ ਦੇ ਸਤਿਕਾਰ ਨੂੰ ਨਾ ਸੰਭਾਲਿਆ ਤਾਂ ਆਰਥਿਕ ਅਮੀਰੀ ਸਾਨੂੰ ਮਾਨਸਿਕ ਤੌਰ 'ਤੇ ਗ਼ਰੀਬ ਕਰ ਦੇਵੇਗੀ। ਇਹ ਨਾਵਲ ਹਰ ਉਸ ਪਾਠਕ ਲਈ ਪੜ੍ਹਨਯੋਗ ਹੈ, ਜੋ ਅਜੋਕੇ ਪੰਜਾਬ ਦੀ ਸਮਾਜਿਕ ਦਸ਼ਾ ਨੂੰ ਸਮਝਣਾ ਚਾਹੁੰਦਾ ਹੈ।
-ਜਸਵਿੰਦਰ ਸਿੰਘ ਕਾਈਨੌਰ
ਮੋਬਾਈਲ : 98888-42244
ਵਲੈਤੋਂ ਵੇਖੀ ਦੁਨੀਆਂ
ਲੇਖਕ : ਡਾ. ਸੁਜਿੰਦਰ ਸਿੰਘ ਸੰਘਾ
ਪ੍ਰਕਾਸ਼ਕ : ਪੰਜਾਬੀ ਗਾਰਡੀਅਨ ਪ੍ਰੈੱਸ, ਬ੍ਰਮਿੰਘਮ (ਯੂ.ਕੇ.)
ਮੁੱਲ : 1250 ਰੁਪਏ, ਸਫ਼ੇ : 582
ਸੰਪਰਕ :sujindersangha@gmail.com

'ਵਲੈਤੋਂ ਵੇਖੀ ਦੁਨੀਆ' (ਭਾਗ ਦੂਜਾ), ਇਕ ਵੱਡ ਆਕਾਰੀ, ਗਹਿਰ-ਗੰਭੀਰ ਅਤੇ ਵਿਚਾਰ-ਉਤੇਜਕ ਰਚਨਾ ਹੈ। ਇਸ ਪੁਸਤਕ ਵਿਚ ਵਿਦਵਾਨ ਲੇਖਕ ਡਾ. ਸੁਜਿੰਦਰ ਸਿੰਘ ਨੇ 1997 ਤੋਂ 2025 ਤੱਕ ਲਿਖੇ ਅਤੇ ਇਧਰ ਪੰਜਾਬ ਜਾਂ ਬਰਤਾਨੀਆ ਦੀਆਂ ਅਖ਼ਬਾਰਾਂ, ਪਰਚਿਆਂ ਵਿਚ ਪ੍ਰਕਾਸ਼ਿਤ ਲੇਖਾਂ ਨੂੰ ਸੰਗ੍ਰਹਿਤ ਕਰ ਕੇ ਸਾਂਭ ਲਿਆ ਹੈ। ਇਸ ਪੁਸਤਕ ਵਿਚ ਮਿਲਦੀਆਂ ਸੂਚਨਾਵਾਂ ਤੋਂ ਇਹ ਪਤਾ ਚਲਦਾ ਹੈ ਕਿ ਸੰਘਾ-ਪਰਿਵਾਰ ਨੂੰ ਬ੍ਰਿਟੇਨ ਵਿਚ ਸ਼ਿਫਟ ਹੋਇਆਂ ਲਗਭਗ ਪੌਣੀ ਸਦੀ ਬੀਤ ਗਈ ਹੈ। ਡਾ. ਸੰਘਾ ਦੀ ਪੜ੍ਹਾਈ-ਲਿਖਾਈ ਅਤੇ ਸਾਹਿਤਕਾਰੀ ਦੀ ਪ੍ਰਕਿਰਿਆ ਉਧਰ ਵਲੈਤ ਵਿਚ ਹੀ ਸੰਪੰਨ ਹੋਈ ਹੋਵੇਗੀ। ਉਹ ਚੰਦ ਅਜਿਹੇ ਲੇਖਕਾਂ ਵਿਚੋਂ ਹੈ, ਜਿਸ ਦੇ ਸਨਮੁਖ ਜਦੋਂ ਕੋਈ ਚੁਣੌਤੀ ਉਪਸਥਿਤ ਹੁੰਦੀ ਹੈ ਤਾਂ ਉਸ ਨਾਲ ਨਜਿੱਠਣ ਵਾਸਤੇ ਉਹ ਕਲਮ ਦਾ ਸਹਾਰਾ ਲੈਂਦਾ ਹੈ।
ਲਗਭਗ ਤੀਹ ਵਰ੍ਹਿਆਂ ਵਿਚ ਲਿਖੇ ਸੈਂਕੜੇ ਛੋਟੇ-ਵੱਡੇ ਆਰਟੀਕਲਜ਼ ਨੂੰ ਇਕ ਜਿਲਦ ਵਿਚ ਸਮੇਟਣਾ ਕੋਈ ਸੌਖਾ ਕੰਮ ਨਹੀਂ ਰਿਹਾ ਹੋਵੇਗਾ। ਪ੍ਰੰਤੂ ਪ੍ਰਿੰ. ਸੰਘਾ ਸ਼ਾਰਟ-ਕਟ ਜਾਂ ਸੌਖੇ ਰਾਹਾਂ ਉੱਪਰ ਚੱਲਣ ਵਾਲਾ ਵਿਦਵਾਨ ਨਹੀਂ ਹੈ। ਉਸ ਨੇ ਆਪਣੀਆਂ ਲਿਖਤਾਂ ਦੇ ਮਿਜ਼ਾਜ ਅਤੇ ਧਾਰ (Thrust) ਨੂੰ ਧਿਆਨ ਵਿਚ ਰੱਖ ਕੇ ਪੂਰੀ ਸਮੱਗਰੀ ਨੂੰ 11 ਭਾਗਾਂ ਵਿਚ ਵੰਡਿਆ ਹੈ। ਉਹ ਇਕ ਸਿੱਖ-ਪੰਜਾਬੀ ਹੈ ਅਤੇ ਆਪਣੀ ਇਸ ਸ਼ਨਾਖਤ ਨੂੰ ਪ੍ਰਮਾਣਿਤ ਕਰਨ ਦਾ ਯਤਨ ਗਾਹੇ-ਬਗਾਹੇ ਕਰਦਾ ਹੀ ਰਹਿੰਦਾ ਹੈ।
ਜਦੋਂ ਲੇਖਕ ਉੱਤਰ-ਸੁਤੰਤਰਤਾ ਦੌਰ ਵਿਚ ਬਰਤਾਨੀਆ ਗਿਆ ਸੀ ਤਾਂ ਪਰਿਸਥਿਤੀਆਂ ਏਨੀਆਂ ਗੁੰਝਲਦਾਰ ਨਹੀਂ ਸਨ। ਉਸ ਦੇ ਉੱਧਰ ਹੁੰਦਿਆਂ ਹੀ ਆਧੁਨਿਕਤਾ, ਉੱਤਰ ਆਧੁਨਿਕਤਾ, ਬਸਤੀਵਾਦ, ਸੱਭਿਅਤਾਵਾਂ ਦੇ ਭੇੜ ਅਤੇ 'ਐਂਪਾਇਰ' ਦੇ ਸਰੂਪ ਅਤੇ ਕਿਰਦਾਰ ਬਾਰੇ ਬਹੁਤ ਸਾਰੀਆਂ ਨਵੀਆਂ ਅੰਤਰ-ਦ੍ਰਿਸ਼ਟੀਆਂ ਸਾਹਮਣੇ ਆਈਆਂ ਅਤੇ ਸਾਨੂੰ ਖੁਸ਼ੀ ਹੈ ਕਿ ਉਹ ਇਨ੍ਹਾਂ ਸਾਰੇ ਸਰੋਕਾਰਾਂ ਦੇ ਰੂਬਰੂ ਹੁੰਦਾ ਰਿਹਾ ਹੈ।
ਪੁਸਤਕ ਦੇ ਪਹਿਲੇ ਭਾਗ ਵਿਚ ਉਹ ਇਹ ਮੰਗ ਉਠਾਉਂਦਾ ਹੈ ਕਿ ਬ੍ਰਿਟੇਨ ਦੀ ਸਿੱਖ ਆਬਾਦੀ ਨੂੰ 'ਐਥਨਿਕ' ਦਰਜਾ ਮਿਲੇ। ਦੂਜੇ ਵਿਚ ਉਹ ਇਹ ਖ਼ਦਸ਼ਾ ਪ੍ਰਗਟ ਕਰਦਾ ਹੈ ਕਿ ਕੀ ਭਾਰਤ ਵਿਸ਼ਵ-ਸ਼ਕਤੀ ਬਣ ਸਕਦਾ ਹੈ? ਤੀਜੇ ਭਾਗ ਵਿਚ ਪੰਜਾਬ ਦੇ ਲਹੂ-ਲੁਹਾਣ ਯਥਾਰਥ ਨੂੰ ਬਿਆਨ ਕੀਤਾ ਗਿਆ ਹੈ। ਚੌਥੇ ਵਿਚ ਬਰਤਾਨੀਆ ਅੰਦਰ ਸਿੱਖ ਧਰਮ (ਗੁਰਦੁਆਰਿਆਂ) ਦੀ ਸਿਆਸਤ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਅਗਲੇ ਭਾਗਾਂ ਵਿਚ ਸਿੱਖਿਆ, ਖੋਜ, ਮੀਡੀਆ, ਪ੍ਰਵਾਸ ਆਦਿ ਵਿਸ਼ਿਆਂ ਬਾਰੇ ਵਿਚਾਰ ਪ੍ਰਗਟ ਕੀਤੇ ਹਨ। ਅੰਤਿਮ ਭਾਗ ਵਿਚ ਚੀਨ ਦੀ ਅਜਾਰੇਦਾਰੀ, ਭਾਰਤ-ਚੀਨ ਸੰਬੰਧਾਂ ਅਤੇ ਇਨ੍ਹਾਂ ਨੂੰ ਸੁਧਾਰਨ ਆਦਿ ਬਾਰੇ ਟਿੱਪਣੀਆਂ ਮਿਲਦੀਆਂ ਹਨ। ਲੇਖਕ ਚੀਨ ਨੂੰ ਅਮਰੀਕਾ ਅਤੇ ਰੂਸ ਦੇ ਸਮਾਨਾਂਤਰ ਇਕ ਵੱਖਰੇ ਧੁਰੇ ਵਜੋਂ ਉੱਭਰਦਾ ਵੇਖਦਾ ਹੈ।
-ਬ੍ਰਹਮਜਗਦੀਸ਼ ਸਿੰਘ
ਮੋਬਾਈਲ : 98760-52136
ਆਪਣੇ ਅਧੂਰੇ
ਲੇਖਕ : ਕਿਰਨਦੀਪ ਕੌਰ (ਡਾ.)
ਪ੍ਰਕਾਸ਼ਕ : ਸੁੰਦਰ ਬੁੱਕ ਡਿਪੂ, ਜਲੰਧਰ
ਮੁੱਲ : 200 ਰੁਪਏ, ਸਫ਼ੇ : 80
ਸੰਪਰਕ : 97799-88370

ਡਾ. ਕਿਰਨਦੀਪ ਕੌਰ ਦਾ ਕਹਾਣੀ-ਸੰਗ੍ਰਹਿ 'ਆਪਣੇ ਅਧੂਰੇ' 2025 ਵਿਚ ਸੁੰਦਰ ਬੁੱਕ ਡਿਪੂ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਸੰਗ੍ਰਹਿ ਵਿਚ 13 ਕਹਾਣੀਆਂ ਹਨ, ਜੋ ਪੰਜਾਬੀ ਪੇਂਡੂ ਰਹਿਤਲ ਨੂੰ ਚਿੱਤਰਿਤ ਕਰਦੀਆਂ ਹਨ। ਡਾ. ਕਿਰਨਦੀਪ ਕੌਰ ਦਾ ਕਥਾ ਜਗਤ ਦੇਸ਼ ਵੰਡ ਸਮੇਂ ਦੇ ਮਸਲਿਆਂ ਦੇ ਨਾਲ ਨਾਲ ਵਰਤਮਾਨ ਯੁੱਗ ਦੀ ਇਕੱਲਤਾ ਭਰੀ ਜ਼ਿੰਦਗੀ, ਨਸ਼ੇ, ਕੋਵਿਡ ਅਤੇ ਮਾਨਸਿਕ ਤਣਾਵਾਂ ਨੂੰ ਚਿੱਤਰਿਤ ਕਰਦੇ ਸੰਕਟਾਂ ਤੱਕ ਨੂੰ ਆਪਣੇ ਕੈਨਵਸ 'ਤੇ ਪੇਸ਼ ਕਰਦਾ ਹੈ। ਕਹਾਣੀਆਂ ਦਾ ਕਥਾਨਕ ਉਸ ਦੇ ਅਨੁਭਵਾਂ ਨੂੰ ਗਲਪੀ ਰੂਪ ਦਿੰਦਾ, ਉਸ ਦੀਆਂ ਸੁਭਾਵਿਕ ਤੇ ਸਤਹੀ ਗਲਪੀ ਜੁਗਤਾਂ ਦੀ ਹਾਮੀ ਭਰਦਾ ਹੈ। ਪਹਿਲੀ ਕਹਾਣੀ 'ਹੱਕ' ਵਿਚ ਪਰਿਵਾਰਕ ਲੈਣ-ਦੇਣ ਨੂੰ ਰਿਸ਼ਤਿਆਂ ਦੀ ਖਿੱਚੋਤਾਣ ਤੇ ਸਵਾਰਥ ਦੀ ਮਦਦ ਨਾਲ ਵਿਸ਼ਾ ਬਣਾਇਆ ਗਿਆ ਹੈ। ਕਹਾਣੀਕਾਰਾ ਇਹ ਸਿੱਧ ਕਰਦੀ ਹੈ ਕਿ ਵਸਤੂਵਾਦੀ ਯੁੱਗ ਵਿਚ ਕੇਵਲ ਸਵੈ-ਭਲਾਈ ਨੂੰ ਹੀ ਮਾਨਤਾ ਦਿੱਤੀ ਜਾਂਦੀ ਹੈ। ਪਾਤਰ ਪ੍ਰਧਾਨ ਕਹਾਣੀ 'ਮਸੀਤ ਦਾ ਦੀਵਾ' ਵਿਚ ਕਹਾਣੀਕਾਰਾ ਨੇ ਸੱਚੀ ਤੇ ਨਿਰਸਵਾਰਥ ਅਧਿਆਪਕਾ ਦਾ ਯਥਾਰਥਕ ਪਾਤਰ ਘੜਿਆ ਹੈ। ਨਾਲ ਹੀ ਅੱਜ ਦੇ ਜ਼ਮਾਨੇ ਵਿਚ ਅਜਿਹੀ ਸੱਚੀ ਅਣਖ ਵਾਲੇ ਪਾਤਰ ਦੀ ਸਮਾਜ ਵਲੋਂ ਕੀਤੀ ਜਾ ਰਹੀ ਬੇਹੁਰਮਤੀ ਨੂੰ ਵੀ ਵਿਸ਼ਾ ਬਣਾਇਆ ਹੈ। ਕਹਾਣੀ 'ਤਿੱਲੇ ਵਾਲੀ ਜੁੱਤੀ' ਇੱਕ ਭਾਵੁਕ ਕਹਾਣੀ ਹੈ। ਦੇਸ਼ ਵੰਡ ਸਮੇਂ ਬਿਰਤਾਂਤਕਾਰਾ ਦੀ ਦਾਦੀ ਦੀ ਤਿੱਲੇ ਵਾਲੀ ਜੁੱਤੀ ਪਾਕਿਸਤਾਨ ਵਿਚਲੇ ਘਰ ਦੇ ਸੰਦੂਕ ਵਿਚ ਪਈ ਰਹਿ ਜਾਂਦੀ ਹੈ ਅਤੇ ਉਸ ਵੇਲੇ ਵੀਹ ਵਰ੍ਹਿਆਂ ਦੀ ਭਰ ਜਵਾਨ ਉਹ ਕੁੜੀ ਦੇ ਮਨ ਦੇ ਚਾਅ ਤਿੱਲੇ ਵਾਲੀ ਪੰਜਾਬੀ ਜੁੱਤੀ ਨਾਲ ਉਥੇ ਹੀ ਰਹਿ ਜਾਂਦੇ ਹਨ। ਕਹਾਣੀ 'ਅੜਬ ਪੁੱਤ' ਵਿਚ ਕਹਾਣੀਕਾਰਾ ਨੇ ਮੁੱਖ ਪਾਤਰ ਦੀ ਖ਼ਾਹ-ਮ-ਖ਼ਾਹ ਦੀ ਜ਼ਿੱਦ ਅਤੇ ਉਸ ਕਾਰਨ ਭੁਗਤੇ ਜਾਣ ਵਾਲੇ ਖ਼ਮਿਆਜ਼ੇ ਦੀ ਗੱਲ ਕੀਤੀ ਹੈ। ਇਸੇ ਤਰ੍ਹਾਂ 'ਸੋਨੇ ਦੀਆਂ ਤਵੀਤੀਆਂ' ਰਤਨੋ ਨਾਂਅ ਦੀ ਪਾਤਰ ਦੀ ਇਮਾਨਦਾਰੀ ਦੀ ਕਹਾਣੀ ਹੈ ਤੇ ਕਹਾਣੀ 'ਵਾਰਸ' ਪਰਿਵਾਰ ਦੇ ਸਹੀ ਵਾਰਸ ਗੁਰਮੰਗਤ ਦੀ ਕਹਾਣੀ ਹੈ। ਉਸ ਵੇਲੇ ਤਾਂ ਖੁੰਝ ਗਏ, ਪਛਤਾਵਾ, ਕਰਫਿਊ ਵਰਗਾ ਦਿਨ, ਬਘਿਆੜ ਮਾਮਾ ਅਤੇ ਸੁਲੱਖਣੀ ਵੀ ਜ਼ਿਕਰ ਯੋਗ ਕਹਾਣੀਆਂ ਹਨ। ਇਸ ਪੁਸਤਕ ਦੇ ਸਿਰਲੇਖ ਵਾਲੀ ਕਹਾਣੀ 'ਆਪਣੇ ਅਧੂਰੇ' ਇਸ ਸੰਗ੍ਰਹਿ ਦੀ ਉੱਤਮ ਕਹਾਣੀ ਸਿੱਧ ਹੁੰਦੀ ਹੈ ਜਿਸ ਵਿਚ ਕਹਾਣੀਕਾਰਾ ਨੇ ਸਵਾਰਥ ਅਤੇ ਜ਼ਰੂਰਤ ਦੇ ਸਮੀਕਰਨ ਨੂੰ ਚਿੱਤਰਿਤ ਕੀਤਾ ਹੈ। ਮੁੱਖ ਪਾਤਰ ਨੂੰ ਅਮਰੀਕਾ ਜਾ ਵਸਣ ਲਈ ਮਦਦ ਕਰਨ ਵਾਲੇ ਰਿਸ਼ਤੇਦਾਰਾਂ ਦਾ ਜੋ ਵਿਹਾਰ ਕਦੀ ਸਵਾਰਥ ਲੱਗਦਾ ਸੀ ਉਸੇ ਢੰਗ ਨਾਲ ਉਹ ਵੀ ਆਪਣੇ ਕਿਸੇ ਹੋਰ ਰਿਸ਼ਤੇਦਾਰ ਦੀ ਸਵਾਰਥੀ ਬਣ ਮਦਦ ਕਰਨ ਲਈ ਮਜਬੂਰ ਹੁੰਦੇ ਹਨ। ਇਸ ਢੰਗ ਨਾਲ ਇਹ ਕਹਾਣੀਆਂ ਯਥਾਰਥਵਾਦੀ ਸਮਾਜ ਦੀ ਸਫ਼ਲ ਪੇਸ਼ਕਾਰੀ ਦਾ ਜ਼ਰੀਆ ਬਣਦੀਆਂ ਹਨ। ਆਸ ਹੈ ਪਾਠਕਾਂ ਨੂੰ ਵੀ ਇਹ ਪਸੰਦ ਆਉਣਗੀਆਂ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਜੰਨਤ
ਲੇਖਿਕਾ : ਪਰਮਿੰਦਰ ਕੌਰ ਸਵੈਚ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 94638-36591

ਪੰਜਾਬੀ ਸਾਹਿਤ ਵਿਚ ਪਰਮਿੰਦਰ ਕੌਰ ਸਵੈਚ ਦੀਆਂ ਸੱਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਵਿਚਾਰ ਅਧੀਨ ਇਹ ਅੱਠਵੀਂ ਪੁਸਤਕ 'ਜੰਨਤ' ਨਾਟ-ਸੰਗ੍ਰਹਿ ਹੈ ਜਿਸ ਵਿਚ ਦੋ ਨਾਟਕ ਸ਼ਾਮਿਲ ਹਨ, ਜੰਨਤ ਅਤੇ ਲਾਸ਼ ਦਾ ਮੁੱਲ। ਦੋਵੇਂ ਨਾਟਕ ਵੱਖੋ-ਵੱਖਰੇ ਮਹੱਤਵਪੂਰਨ ਵਿਸ਼ਿਆਂ ਨੂੰ ਲੈ ਕੇ ਉਸਾਰੇ ਗਏ ਹਨ। ਵਿਦੇਸ਼ ਦੀ ਧਰਤੀ ਨਾਲ ਪੰਜਾਬੀਆਂ ਦਾ ਸ਼ੁਰੂ ਤੋਂ ਰਿਸ਼ਤਾ ਰਿਹਾ ਹੈ। ਰੋਟੀ ਰੋਜ਼ੀ ਲਈ ਪੰਜਾਬੀਆਂ ਨੂੰ ਆਪਣਾ ਦੇਸ਼ ਛੱਡ ਕੇ ਬੇਗਾਨੀਆਂ ਧਰਤੀਆਂ 'ਤੇ ਮਿਹਨਤ ਮਜ਼ਦੂਰੀ ਕਰਨੀ ਪਈ। ਸਹੂਲਤਾਂ ਪੱਖੋਂ ਵਿਦੇਸ਼ ਜੰਨਤ ਵੀ ਹੈ ਪਰ ਵਿਛੋੜੇ ਦਾ ਦਰਦ ਵੀ ਭੈੜਾ ਹੈ। ਸਮੇਂ ਦੇ ਬਦਲਣ ਨਾਲ ਪਰਵਾਸ ਦੀ ਤਹਿਸੀਰ ਵੀ ਬਦਲੀ ਹੈ। ਸਥਾਪਤ ਮੁਲਕਾਂ ਦੇ ਵਪਾਰ, ਸਾਹਿਤ, ਸਿੱਖਿਆ, ਸੱਭਿਆਚਾਰ, ਆਰਥਿਕਤਾ, ਰਾਜਨੀਤੀ ਇਥੋਂ ਤੱਕ ਕਿ ਸਰਕਾਰੀ ਅਦਾਰਿਆਂ ਵਿਚ ਵੀ ਪੰਜਾਬੀਆਂ ਦਾ ਬੋਲ ਬਾਲਾ ਹੈ। ਪਰ ਨਾਟਕ ਜੰਨਤ ਇਸ ਜੰਨਤ ਦੇ ਅੰਦਰਲੇ ਦਰਦ ਨੂੰ ਫਰੋਲਦਾ ਹੈ। ਪਰਵਾਸ ਦੇ ਕਾਰਨਾਂ ਤੋਂ ਲੈ ਕੇ ਇਸ ਵੇਲੇ ਆਈਲਟਸ ਦੇ ਜਾਦੂ ਅਤੇ ਪਰਵਾਸ ਨਾਲ ਜੁੜੀ ਹਰ ਤਰਾਂ ਦੀ ਖੱਜਲ-ਖੁਆਰੀ ਤੱਕ ਦੀ ਤਸਵੀਰ ਇਸ ਨਾਟਕ ਰਾਹੀਂ ਪਰਮਿੰਦਰ ਕੌਰ ਸਵੈਚ ਨੇ ਪੇਸ਼ ਕੀਤੀ ਹੈ। ਕੈਨੇਡਾ ਪਹੁੰਚੀ ਨਾਟਕ ਦੀ ਪਾਤਰ ਮਹਿਕ ਦਾ ਇਕ ਸੰਵਾਦ ਹੈ ਕਿ '...ਮੈਂ ਬਥੇਰਾ ਕਿਹਾ ਡੈਡੀ ਨੂੰ ਕਿ ਜਿਹੜਾ ਆਪ ਆਈਲਟਸ ਨਹੀਂ ਕਰ ਸਕਦਾ, ਮੇਰਾ ਸਹਾਰਾ ਭਾਲਦੈ, ਕਿੰਨਾ ਕੁ ਇੰਟੈਲੀਜੈਂਟ ਹੋਊਗਾ। ਡੈਡੀ ਦੇਖ ਕੇ ਆਏ, ਕਹਿੰਦੇ ਸਾਨੂੰ ਠੀਕ ਆ, ਛੇਤੀ-ਛੇਤੀ 'ਚ ਵਿਆਹ ਕਰ ਦਿੱਤਾ'। ਮਹਿਕ ਦੇ ਇਸ ਛੋਟੇ ਜਿਹੇ ਵਾਕ ਵਿਚ ਕਿੰਨੀਆਂ ਹੀ ਧੀਆਂ ਦਾ ਦਰਦ ਲੁਕਿਆ ਹੈ ਅਤੇ ਇਸੇ ਵਾਕ ਵਿਚੋਂ ਵਿਦੇਸ਼ ਜਾ ਕੇ ਹੁੰਦੀ ਬੇਵਫਾਈ ਦੇ ਕਾਰਨ ਲੱਭਦੇ ਹਨ। ਪੁਸਤਕ ਵਿਚਲਾ ਦੂਸਰਾ ਨਾਟਕ 'ਲਾਸ਼ ਦਾ ਮੁੱਲ' ਜਲ੍ਹਿਆਂਵਾਲੇ ਬਾਗ ਦੀ ਘਟਨਾ 'ਤੇ ਆਧਾਰਿਤ ਹੈ ਪਰ ਨਾਟਕ ਪੜ੍ਹਦਿਆਂ ਉਸ ਵੇਲੇ ਦੀ ਫਿਰੰਗੀ ਹਕੂਮਤ ਵਲੋਂ ਆਮ ਲੋਕਾਂ ਤੇ ਹੁੰਦੇ ਰੋਜ਼ਮਰ੍ਹਾ ਅੱਤਿਆਚਾਰ ਦੀ ਤਸਵੀਰ ਵੀ ਦਿਸਦੀ ਹੈ। ਅੰਗਰੇਜ਼ਾਂ ਖਿਲਾਫ ਅਵਾਜ਼ ਚੁੱਕਣ ਵਾਲੇ ਲੋਕਾਂ ਦੇ ਮੂੰਹ ਕਿਵੇਂ ਹਕੂਮਤ ਬੰਦ ਕਰਦੀ ਸੀ ਅਤੇ ਕਿਸ ਕਿਸ ਤਰਾਂ ਦੇ ਜ਼ੁਲਮ ਢਹਿੰਦੇ ਸਨ ਇਸ ਦੀ ਵਿੜਕ ਵੀ ਨਾਟਕ ਵਿਚੋਂ ਮਿਲਦੀ ਹੈ। ਜਲ੍ਹਿਆਂਵਾਲੇ ਬਾਗ ਵਿਚ ਹਾਕਮ ਦੀਆਂ ਗੋਲੀਆਂ ਨਾਲ ਮਰੇ ਲੋਕ ਲਾਸ਼ਾਂ ਨਹੀਂ ਸਨ, ਉਹ ਸਾਡੇ ਦੇਸ਼ ਸਾਡੀ ਕੌਮ ਦੀ ਵਿਰਾਸਤ ਸਨ, ਪਰ ਮੌਕੇ ਦੇ ਅਫਸਰ ਉਨ੍ਹਾਂ ਦਾ ਆਮ ਲਾਸ਼ਾਂ ਵਾਂਗ ਮੁੱਲ ਪਾ ਰਹੇ ਸਨ। ਦੇਸ਼-ਪ੍ਰਸਤੀ ਦੀਆਂ ਅਣਮੁੱਲੀਆਂ ਭਾਵਨਾਵਾਂ ਨੂੰ ਕੌਡੀਆਂ ਦੇ ਭਾਅ ਖਰੀਦਣ ਦੀ ਚਾਰਾਜੋਈ ਕਰ ਰਹੇ ਹਨ। ਅਤਰ ਕੌਰ ਦੇ ਬੋਲ ਮੌਕੇ ਦੇ ਹਾਕਮਾਂ ਨੂੰ ਫਿਟਕਾਰ ਪਾਉਂਦੇ ਹਨ 'ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਆਪਣੇ ਸ਼ਹੀਦ ਪਤੀ ਦੀ ਕੀਮਤ ਵੱਟ ਕੇ ਆਪਣੇ ਬੱਚਿਆਂ ਦੇ ਮੂੰਹ 'ਤੇ ਕਾਲਖ ਲੁਆ ਲਵਾਂ । ਆਪਣੇ ਦੇਸ਼ ਦੇ ਇਤਿਹਾਸ ਨੂੰ ਝੂਠਾ ਬਣਾ ਦਿਆਂ'। ਅਤਰ ਕੌਰ ਨੇ ਪੰਜਾਬੀ ਮਾਨਸਿਕਤਾ ਨੂੰ ਪੇਸ਼ ਕਰਦਿਆਂ ਸਪਸ਼ੱਟ ਕਰ ਦਿੱਤਾ ਕਿ ਸ਼ਹੀਦਾਂ ਦੇ ਮੁੱਲ ਨਹੀਂ ਵੱਟੇ ਜਾਂਦੇ, ਉਨ੍ਹਾਂ ਦੀਆਂ ਕੁਰਬਾਨੀਆਂ ਦੇ ਮੁੱਲ ਤਾਂ ਇਤਿਹਾਸ ਆਪਣੇ-ਆਪ ਪਾਉਂਦਾ ਹੈ। ਇਹ ਦੋਵੇਂ ਨਾਟਕ ਪੰਜਾਬੀ ਰੰਗਮੰਚ ਦੀਆਂ ਵੱਡੀਆਂ ਸਟੇਜਾਂ ਉੱਪਰ ਮੰਚਿਤ ਹੋ ਚੁੱਕੇ ਹਨ।
-ਨਿਰਮਲ ਜੌੜਾ
ਮੋਬਾਈਲ : 98140 78799







































































































.jpg)






































































































