21-05-26
ਤਕਨਾਲੋਜੀ ਦਿਵਸ ਦੀਆਂ ਮੁਬਾਰਕਾਂ
ਹਰ ਸਾਲ 11 ਮਈ ਨੂੰ ਪੂਰੇ ਭਾਰਤ ਵਿਚ 'ਰਾਸ਼ਟਰੀ ਤਕਨਾਲੋਜੀ ਦਿਵਸ' ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਦਰਜ ਹੈ, ਕਿਉਂਕਿ 11 ਮਈ, 1998 ਨੂੰ ਭਾਰਤ ਨੇ ਪੋਖਰਨ ਵਿਚ ਸਫਲ ਪ੍ਰਮਾਣੂ ਪ੍ਰੀਖਣ ਕਰਕੇ ਵਿਸ਼ਵ ਪੱਧਰ 'ਤੇ ਆਪਣੀ ਤਕਨੀਕੀ ਤਾਕਤ ਦਾ ਲੋਹਾ ਮਨਵਾਇਆ ਸੀ। ਇਸੇ ਦਿਨ ਭਾਰਤ ਵਿਚ ਬਣੇ ਪਹਿਲੇ ਸਵਦੇਸ਼ੀ ਜਹਾਜ਼ 'ਹੰਸਾ-3' ਨੇ ਸਫਲ ਉਡਾਣ ਭਰੀ ਸੀ ਅਤੇ 'ਤ੍ਰਿਸ਼ੂਲ' ਮਿਜ਼ਾਈਲ ਦਾ ਸਫਲ ਪਰੀਖਣ ਵੀ ਕੀਤਾ ਗਿਆ ਸੀ। ਅੱਜ ਦੇ ਡਿਜੀਟਲ ਯੁੱਗ ਵਿਚ ਤਕਨਾਲੋਜੀ ਸਾਡੀ ਜੀਵਨ ਸ਼ੈਲੀ ਦਾ ਅਨਿੱਖੜਵਾਂ ਅੰਗ ਬਣ ਚੁੱਕੀ ਹੈ। ਮਸਨੂਈ ਬੁੱਧੀ (ਏ.ਆਈ.), ਕੋਡਿੰਗ ਅਤੇ ਡਿਜੀਟਲ ਟੂਲਸ ਨੇ ਸਿੱਖਿਆ ਦੇ ਖੇਤਰ ਵਿਚ ਵੱਡੀ ਕ੍ਰਾਂਤੀ ਲਿਆਂਦੀ ਹੈ, ਜਿਸ ਨਾਲ ਪੜ੍ਹਨ ਅਤੇ ਪੜ੍ਹਾਉਣ ਦੇ ਤਰੀਕੇ ਪੂਰੀ ਤਰ੍ਹਾਂ ਬਦਲ ਗਏ ਹਨ। ਅੱਜ ਜਦੋਂ ਭਾਰਤ ਇਕ ਤੇਜ਼ੀ ਨਾਲ ਵਧ ਰਹੀ ਡਿਜੀਟਲ ਅਰਥਵਿਵਸਥਾ ਬਣ ਰਿਹਾ ਹੈ, ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਕੇਵਲ ਤਕਨਾਲੋਜੀ ਦੇ 'ਯੂਜ਼ਰ' ਹੀ ਨਹੀਂ, ਸਗੋਂ 'ਕ੍ਰੀਏਟਰ' (ਸਿਰਜਣਹਾਰ) ਬਣਨ ਲਈ ਪ੍ਰੇਰਿਤ ਕਰੀਏ। ਸਾਨੂੰ ਚਾਹੀਦਾ ਹੈ ਕਿ ਅਸੀਂ ਸਕਲੂਾਂ ਵਿਚ ਤਕਨਾਲੋਜੀ ਦੀ ਵਰਤੋਂ ਨੂੰ ਹੋਰ ਉਤਸ਼ਾਹਿਤ ਕਰੀਏ, ਤਾਂ ਜੋ ਸਾਡੇ ਪੇਂਡੂ ਖੇਤਰਾਂ ਦੇ ਬੱਚੇ ਵੀ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ। ਇਸ ਦਿਨ ਦਾ ਅਸਲੀ ਮਕਸਦ ਉਦੋਂ ਹੀ ਸਾਰਥਕ ਹੋਵੇਗਾ ਜਦੋਂ ਅਸੀਂ ਤਕਨਾਲੋਜੀ ਦੀ ਵਰਤੋਂ ਸਮਾਜਿਕ ਭਲਾਈ ਅਤੇ ਸਿੱਖਿਆ ਦੇ ਪਸਾਰ ਲਈ ਕਰਾਂਗੇ।
-ਵਿਜੇ ਕੁਮਾਰ
ਸਰਕਾਰੀ ਹਾਈ ਸਕੂਲ, ਸਾਹਰ, ਹੁਸ਼ਿਆਰਪੁਰ।
ਦੁਰਘਟਨਾ ਤੋਂ ਦੇਰ ਭਲੀ
ਸੜਕ 'ਤੇ ਚੱਲਦੇ ਸਮੇਂ ਹੋਣ ਵਾਲੇ ਹਾਦਸੇ ਅੱਜ ਇਕ ਵੱਡੀ ਮੁਸੀਬਤ ਬਣ ਗਏ ਹਨ। ਇਨ੍ਹਾਂ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਸਾਡੀ ਆਪਣੀ ਲਾਪਰਵਾਹੀ ਅਤੇ ਕਾਹਲ ਹੁੰਦੀ ਹੈ। ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਲੋਕ ਗਲਤ ਤਰੀਕੇ ਨਾਲ ਓਵਰਟੇਕ ਕਰਦੇ ਹਨ ਅਤੇ ਤੇਜ਼ ਰਫ਼ਤਾਰ ਨਾਲ ਗੱਡੀਆਂ ਚਲਾਉਂਦੇ ਹਨ। ਜਦੋਂ ਅਸੀਂ ਟ੍ਰੈਫਿਕ ਦੇ ਨਿਯਮਾਂ ਦੀ ਪਰਵਾਹ ਨਹੀਂ ਕਰਦੇ, ਤਾਂ ਅਸੀਂ ਜਾਣਬੁੱਝ ਕੇ ਮੌਤ ਨੂੰ ਸੱਦਾ ਦੇ ਰਹੇ ਹੁੰਦੇ ਹਾਂ।
ਕਈ ਲੋਕ ਸੜਕੀ ਨਿਯਮਾਂ ਨੂੰ ਤੋੜਨਾ ਆਪਣੀ ਸ਼ਾਨ ਸਮਝਦੇ ਹਨ। ਹੈਲਮੇਟ ਨਾ ਪਾਉਣਾ, ਸੀਟ ਬੈਲਟ ਨਾ ਲਗਾਉਣੀ ਜਾਂ ਲਾਲ ਬੱਤੀ ਟੱਪਣਾ ਅਜਿਹੀਆਂ ਗਲਤੀਆਂ ਹਨ, ਜੋ ਕਿਸੇ ਭਿਆਨਕ ਦੁਰਘਟਨਾ ਦਾ ਕਾਰਨ ਬਣਦੀਆਂ ਹਨ। ਇਕ ਛੋਟੀ ਜਿਹੀ ਗਲਤੀ ਕਾਰਨ ਕਈ ਵਾਰ ਪੂਰਾ ਪਰਿਵਾਰ ਉੱਜੜ ਜਾਂਦਾ ਹੈ ਅਤੇ ਘਰ ਦੇ ਜੀਆਂ ਨੂੰ ਉਮਰ ਭਰ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਨੂੰ ਗੱਡੀ ਚਲਾਉਂਦੇ ਸਮੇਂ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਘਰ ਵਿਚ ਪਰਿਵਾਰ ਸਾਡੀ ਉਡੀਕ ਕਰ ਰਿਹਾ ਹੈ। ਸੜਕ 'ਤੇ ਕਦੇ ਵੀ ਕਾਹਲੀ ਨਾ ਕਰੋ, ਹਮੇਸ਼ਾ ਧੀਰਜ ਨਾਲ ਗੱਡੀ ਚਲਾਓ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ। ਜੇਕਰ ਅਸੀਂ ਸਾਵਧਾਨੀ ਵਰਤਾਂਗੇ, ਤਾਂ ਹੀ ਸਾਡਾ ਅਤੇ ਸਾਡੇ ਪਰਿਵਾਰ ਦਾ ਜੀਵਨ ਸੁਰੱਖਿਅਤ ਰਹਿ ਸਕਦਾ ਹੈ। ਸੜਕ ਸੁਰੱਖਿਆ ਦੀ ਜ਼ਿੰਮੇਵਾਰੀ ਸਿਰਫ਼ ਸਰਕਾਰ ਦੀ ਨਹੀਂ, ਸਗੋਂ ਸਾਡੀ ਸਾਰਿਆਂ ਦੀ ਹੈ।
-ਚਾਨਣਦੀਪ ਸਿੰਘ ਔਲਖ
ਮਾਨਸਾ।
ਪੰਛੀਆਂ ਨੂੰ ਬਚਾਓ
ਵਧਦੇ ਪ੍ਰਦੂਸ਼ਣ ਦੇ ਨਾਲ ਘਟਦੀ ਦਰੱਖਤਾਂ ਦੀ ਤਾਦਾਦ ਨੇ ਮਨੁੱਖਤਾ ਲਈ ਤਾਂ ਸੰਕਟ ਖੜ੍ਹਾ ਕੀਤਾ ਹੈ, ਪਰ ਨਾਲ ਹੀ ਇਸਦਾ ਖਾਮਿਆਜ਼ਾ ਮਾਸੂਮ ਪੰਛੀਆਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਚਿੰਤਾ ਦੀ ਗੱਲ ਹੈ ਕਿ ਪੰਛੀ ਘਟੇ ਹਨ, ਪਰ ਅਸੀਂ ਵੀ ਇਨ੍ਹਾਂ ਦੇ ਬਚਾਅ ਈ ਕੁਝ ਨਹੀਂ ਕਰ ਸਕੇ, ਜਦੋਂ ਕਿ ਟਾਵੇਂ-ਟਾਵੇਂ ਦਿਸਣ ਵਾਲੇ ਪੰਛੀ ਹੌਲੀ-ਹੌਲੀ ਮਨੁੱਖ ਨਾਲੋਂ ਰਹਿੰਦਾ ਨਾਤਾ ਵੀ ਤੋੜਦੇ ਜਾ ਰਹੇ ਹਨ। ਨਤੀਜਨ ਵਧਦੇ ਵਿਗਿਆਨਕ ਦੌਰ ਵਿਚ ਪੰਛੀਆਂ ਦਾ ਚਹਿਕਣਾ ਦਮ ਤੋੜਨ ਲੱਗਿਆ ਹੈ। ਕਿਸੇ ਸਮੇਂ ਹਰ ਘਰ ਦੀ ਰੌਣਕ ਬਣਨ ਵਾਲੇ ਪੰਛੀ ਹੁਣ ਇਨਸਾਨੀ ਆਬਾਦੀ ਤੋਂ ਦੂਰ ਹੀ ਰਹਿਣਾ ਪਸੰਦ ਕਰਨ ਲੱਗੇ ਹਨ। ਘਰਾਂ ਵਿਚ ਕਈ-ਕਈ ਦੇਸੀ ਦਰੱਖਤ ਲੱਗੇ ਹੁੰਦੇ ਸਨ, ਜਿਨ੍ਹਾਂ 'ਤੇ ਅਕਸਰ ਇਹ ਪੰਛੀ ਆਲ੍ਹਣੇ ਪਾ ਕੇ ਰਹਿੰਦੇ ਸਨ, ਪਰ ਜਿਵੇਂ ਹੀ ਸਾਡੇ ਘਰ ਪੱਕੇ ਹੋਣ ਲੱਗੇ ਤਾਂ ਕੱਚੀਆਂ ਛੱਤਾਂ ਦੇ ਨਾਲ-ਨਾਲ ਪੰਛੀਆਂ ਦੇ ਘਰ ਵੀ ਚਲੇ ਗਏ। ਅਸੀਂ ਆਪਣੀ ਸੌਖ ਲਈ ਪੱਕੇ ਮਕਾਨ ਬਣਾ ਲਏ ਹਨ, ਵਿਕਾਸ ਦੇ ਨਾਂਅ 'ਤੇ ਦਰੱਖਤਾਂ ਦੀ ਕਟਾਈ ਕੀਤੀ ਹੈ ਤੇ ਪੰਛੀਆਂ ਨੂੰ ਹੁਣ ਮਨੁੱਖੀ ਆਬਾਦੀ ਤੋਂ ਦੂਰ ਜਾਣ ਲਈ ਮਜਬੂਰ ਕਰ ਦਿੱਤਾ ਹੈ। ਜੋ ਇੱਕਾ-ਦੁੱਕਾ ਪ੍ਰਜਾਤੀਆਂ ਬਚੀਆਂ ਹਨ, ਉਹ ਵੀ ਅਸਮਾਨ ਵਿਚ ਹੀ ਵਿਖਾਈ ਦਿੰਦੀਆਂ ਹਨ, ਪਰ ਜੇਕਰ ਮਨੁੱਖ ਪੰਛੀਆਂ ਨਾਲ ਦੋਸਤੀ ਮੁੜ ਕਰ ਲਵੇ ਤਾਂ ਸ਼ਾਇਦ ਅਸੀਂ ਇਨ੍ਹਾਂ ਦੀ ਹੋਂਦ ਨੂੰ ਕਾਇਮ ਰੱਖ ਸਕਦੇ ਹਾਂ। ਤਾਪਮਾਨ ਲਗਾਤਾਰ ਵਧ ਰਿਹਾ ਹੈ ਤੇ ਅਜਿਹੇ ਵਿੱਚ ਪੰਛੀ ਮਨੁੱਖ 'ਤੇ ਹੀ ਨਿਰਭਰ ਹੁੰਦੇ ਹਨ। ਹੁਣ ਗਰਮੀ ਵਧ ਰਹੀ ਹੈ ਤੇ ਪੰਛੀਆਂ ਲਈ ਅਜਿਹੇ ਵਿਚ ਠੰਢੇ ਪਾਣੀ ਲਈ ਯਤਨ ਔਖੇ ਹੋ ਗਏ ਹਨ। ਚਿੰਤਕ ਸੰਸਥਾਵਾਂ ਨੇ ਭਲੇ ਹੀ ਪੰਛੀਆਂ ਲਈ ਠੰਢੇ ਪਾਣੀ ਦੇ ਕਟੋਰੇ ਤੇ ਬਨਾਵਟੀ ਘਰਾਂ ਦਾ ਪ੍ਰਬੰਧ ਕਰਨਾ ਸ਼ੁਰੂ ਰਕ ਦਿੱਤਾ ਹੈ, ਪਰ ਨਾਲ ਹੀ ਹਰ ਮਨੁੱਖ ਦਾ ਇਹ ਪਹਿਲਾ ਫਰਜ਼ ਬਣਦਾ ਹੈ ਕਿ ਉਹ ਆਪਣੇ ਘਰਾਂ ਦੀਆਂ ਛੱਤਾਂ 'ਤੇ ਪਾਣੀ ਦੇ ਕਟੋਰੇ ਰੱਖਣੇ ਹੁਣ ਤੋਂ ਹੀ ਸ਼ੁਰੂ ਕਰੇ। ਸਾਡੀ ਇਸ ਛੋਟੀ ਜਿਹੀ ਕੋਸ਼ਿਸ਼ ਨਾਲ ਹਜ਼ਾਰਾਂ ਪੰਛੀਆਂ ਦੀ ਜਾਨ ਇਸ ਗਰਮੀ ਤੋਂ ਬਚ ਸਕਦੀ ਹੈ।
-ਰਾਜਾ ਤੱਖੀ
ਪਿੰਡ ਭੰਗਚੜ੍ਹੀ (ਸ੍ਰੀ ਮੁਕਤਸਰ ਸਾਹਿਬ)
ਸਿਆਸਤ ਨੂੰ ਗੰਧਲਾ ਨਾ ਕਰੋ
ਸਿਆਸਤ ਜੋ ਕਦੇ ਸੇਵਾ ਹੋਇਆ ਕਰਦੀ ਸੀ ਅੱਜ ਪੈਸਾ ਕਮਾਉਣ ਦਾ ਸਾਧਨ ਬਣ ਜਾਣ ਕਾਰਨ ਗੰਧਲੀ ਹੁੰਦੀ ਜਾ ਰਹੀ ਹੈ। ਸੌੜੀ ਸਿਆਸਤ ਦੇ ਚਲਦਿਆਂ ਵਿਧਾਨ ਸਭਾ 'ਚ ਇਕ-ਦੂਜੇ 'ਤੇ ਸ਼ਰੇਆਮ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਅਤੇ ਇਕ-ਦੂਜੇ 'ਤੇ ਨਿੱਜੀ ਚਿੱਕੜ ਸੁੱਟਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਇਸ ਤੋਂ ਵੀ ਸ਼ਰਮ ਵਾਲੀ ਗੱਲ ਇਹ ਹੈ ਕਿ ਪਵਿੱਤਰ ਸਦਨ 'ਚ ਖੁੱਲ੍ਹੇਆਮ ਗਾਲੀ- ਗਲੋਚ ਕੀਤੀ ਜਾਂਦੀ ਹੈ ਤੇ ਮੁੱਖ ਮੰਤਰੀ ਖ਼ੁਦ ਵਿਰੋਧੀਆਂ ਨੂੰ ਬੁਰਾ ਭਲਾ ਕਹਿਣ ਤੋਂ ਗੁਰੇਜ਼ ਨਹੀਂ ਕਰਦੇ, ਜਿਸ ਵਿਚ ਲੋਕਾਈ ਦੀ ਭਲਾਈ ਵਾਸਤੇ ਕਦਮ ਚੁੱਕੇ ਜਾਣੇ ਹੁੰਦੇ ਹਨ, ਉੱਥੇ ਨਿੱਜੀ ਕਿੜ ਕੱਢਣੀ ਕਿਸੇ ਤਰ੍ਹਾਂ ਵੀ ਸਹੀ ਨਹੀਂ ਆਖੀ ਜਾ ਸਕਦੀ। ਸਾਡੇ ਨੇਤਾਵਾਂ ਨੂੰ ਅਜਿਹੀਆਂ ਪ੍ਰਸਥਿਤੀਆਂ ਉਤਪੰਨ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸੋ, ਸਾਰੇ ਸਿਆਸਤਦਾਨਾਂ ਨੂੰ ਰੱਬ ਦਾ ਵਾਸਤਾ ਹੈ ਕਿ ਉਹ ਸਿਆਸਤ ਨੂੰ ਹੋਰ ਗੰਧਲਾ ਨਾ ਕਰਨ, ਭਾਵ ਡਰਟੀ ਪੌਲੀਟਿਕਸ ਖੇਡਣੀ ਬੰਦ ਕਰਨ।
-ਲੈਕਚਰਾਰ ਅਜੀਤ ਖੰਨਾ (ਲਿਖਾਰੀ)
ਐਮ.ਏ.ਐਮ.ਫਿਲ, ਐੱਮ.ਜੇ.ਐੱਮ.ਸੀ.ਬੀ. ਐੱਡ.