JALANDHAR WEATHER

27-05-26

 ਧੀਆਂ ਦੀ ਸਰਦਾਰੀ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਲੱਗ ਅਲੱਗ ਕਲਾਸਾਂ ਦੇ ਜੋ ਵੀ ਨਤੀਜੇ ਐਲਾਨੇ ਗਏ ਹਨ। ਸਾਰਿਆਂ ਹੀ ਨਤੀਜਿਆਂ ਜਿਨ੍ਹਾਂ ਵਿਚ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਕਲਾਸਾਂ ਵਿਚ ਪਹਿਲੇ ਦੂਜੇ ਅਤੇ ਤੀਜੇ ਸਥਾਨ ਕੁੜੀਆਂ ਨੇ ਹੀ ਹਾਸਿਲ ਕੀਤੇ ਹਨ। ਇਨ੍ਹਾਂ ਧੀਆਂ ਨੇ ਆਪਣਾ ਆਪਣੇ ਮਾਪਿਆਂ ਦਾ, ਆਪਣੇ ਸਕੂਲ ਦਾ ਅਤੇ ਆਪਣੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ ਹੈ! ਸਾਨੂੰ ਸਾਡੀਆਂ ਹੋਣਹਾਰ ਧੀਆਂ 'ਤੇ ਬਹੁਤ ਜ਼ਿਆਦਾ ਮਾਣ ਹੈ। ਅੱਜਕੱਲ੍ਹ ਧੀਆਂ ਕਿਸੇ ਵੀ ਖੇਤਰ ਵਿਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਸਾਨੂੰ ਸਾਰੀਆਂ ਹੀ ਧੀਆਂ ਨੂੰ ਪੜ੍ਹਾਈ ਵਿਚ ਵੱਧ ਤੋ ਵੱਧ ਮੌਕੇ ਦੇਣੇ ਚਾਹੀਦੇ ਹਨ। ਪੰਜਾਬ ਸਰਕਾਰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੀਆ ਸਾਰੀਆਂ ਕਲਾਸਾਂ ਵਿਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ਅਤੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਮਾਣ-ਸਨਮਾਨ ਦੇ ਰਹੀ ਹੈ। ਸਰਕਾਰ ਵੀ ਇਨ੍ਹਾਂ ਨਤੀਜਿਆਂ ਤੋਂ ਬਹੁਤ ਖੁਸ਼ ਹੈ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

ਗਾਇਕਾਂ ਤੋਂ ਉਮੀਦਾਂ ਕਿਉਂ?

ਪੰਜਾਬ ਦੇ ਲੋਕ ਮਸ਼ਹੂਰ ਗਾਇਕਾਂ ਤੋਂ ਕੌਮ ਜਾਂ ਸਮਾਜ ਸੁਧਾਰ ਦੀਆਂ ਵੱਡੀਆਂ ਉਮੀਦਾਂ ਰੱਖ ਲੈਂਦੇ ਹਨ। ਉਨ੍ਹਾਂ ਨੂੰ ਸੁਣਦੇ-ਸੁਣਦੇ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਸ਼ਰਧਾਲੂ ਬਣ ਜਾਂਦੇ ਹਨ। ਜੇਕਰ ਉਨ੍ਹਾਂ ਨੂੰ ਕੁਝ ਕਹਿ ਦੇਵੇ ਤਾਂ ਉਸ ਬੰਦੇ ਨੂੰ ਗਾਲੀ ਗਲੋਚ ਕਰਨ ਲੱਗ ਜਾਂਦੇ ਹਨ। ਪਰ ਪੈਸੇ ਪਿੱਛੇ ਭੱਜਦੇ ਭੱਜਦੇ ਕਈ ਗਾਇਕ ਆਪਣੇ ਅਸੂਲਾਂ ਤੋਂ ਥਿੜਕ ਜਾਂਦੇ ਹਨ। ਬਾਹਰੋਂ ਇਹ ਲੋਕਾਂ ਨੂੰ ਦਿਖਾਉਂਦੇ ਹਨ ਜਿਵੇਂ ਉਹੀ ਸੱਭਿਆਚਾਰ, ਮਾਂ ਬੋਲੀ, ਵਿਰਸੇ, ਕੌਮ ਦੇ ਪਹਿਰੇਦਾਰ ਹੋਣ ਪਰ ਕਿਸੇ ਸਮੇਂ 'ਤੇ ਜਾ ਕੇ ਇਨ੍ਹਾਂ ਦਾ ਸੱਚ ਸਾਹਮਣੇ ਆ ਹੀ ਜਾਂਦਾ ਹੈ। ਕੁਝ ਦਿਨ ਪਹਿਲਾਂ ਇਕ ਪੰਜਾਬੀਆਂ ਦੇ ਨਵੇਂ ਬਣੇ ਸਟਾਰ ਦਾ ਸੱਚ ਸਾਹਮਣੇ ਆ ਗਿਆ ਹੈ। ਪੰਜਾਬੀ ਗਾਇਕਾਂ ਨੂੰ ਸੁਣੋ, ਦੇਖੋ ਪਰ ਉਨ੍ਹਾਂ ਨੂੰ ਕੌਮ ਦੇ ਅਲੰਬਰਦਾਰ ਨਾ ਸਮਝੋ, ਕਿਉਂਕਿ ਇਹ ਗਾਇਕ ਹਨ ਕੋਈ ਸਮਾਜ ਦੇ ਮਾਰਗਦਰਸ਼ਕ, ਵਿਦਵਾਨ ਜਾਂ ਸੂਰਮੇ ਨਹੀਂ।

-ਗੁਰਦਿੱਤ ਸਿੰਘ ਸੇਖੋਂ
ਪਿੰਡ ਤੇ ਡਾਕ. ਦਲੌਲ ਸਿੰਘ ਵਾਲਾ, ਮਾਨਸਾ।

ਪੇਪਰ ਲੀਕ ਆਖਰ ਕਦੋਂ ਤੱਕ?

ਮੈਡੀਕਲ ਦਾਖ਼ਲਾ ਪ੍ਰੀਖਿਆ ਲਈ ਕੁਝ ਦਿਨ ਪਹਿਲਾਂ ਹੋਇਆ ਨੀਟ ਦਾ ਪੇਪਰ ਲੀਕ ਹੋਣ ਕਾਰਨ ਰੱਦ ਕਰ ਦਿੱਤਾ ਗਿਆ ਹੈ। ਪੇਪਰ ਤੋਂ ਕੁਝ ਸਮਾਂ ਪਹਿਲਾਂ ਹੀ ਵਿਦਿਆਰਥੀਆਂ ਕੋਲ ਪੇਪਰ ਦੇ ਸਵਾਲਾਂ ਦਾ ਪਹੁੰਚਣਾ ਇਹ ਸ਼ਾਹਦੀ ਭਰਦਾ ਹੈ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ, ਜੋ ਮਿਹਨਤੀ ਬੱਚਿਆਂ ਦੇ ਭਵਿੱਖ ਨੂੰ ਦਾਅ 'ਤੇ ਲਾ ਰਹੀ ਹੈ। ਮੈਡੀਕਲ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਬੱਚੇ ਦਸਵੀਂ ਬਾਅਦ ਹੀ ਕਰਨੀ ਸ਼ੁਰੂ ਕਰ ਦਿੰਦੇ ਹਨ, ਜਿਸ ਲਈ ਉਹ ਲੱਖਾਂ ਰੁਪਏ ਕੋਚਿੰਗ ਸੈਂਟਰਾਂ ਨੂੰ ਦਿੰਦੇ ਹਨ, ਦਿਨ ਰਾਤ ਮਿਹਨਤ ਕਰਦੇ ਹਨ, ਹਰ ਸਮੇਂ ਤਣਾਅਪੂਰਨ ਜ਼ਿੰਦਗੀ ਬਤੀਤ ਕਰਦੇ ਹਨ ਪ੍ਰੰਤੂ ਅਜਿਹੀਆਂ ਘਟਨਾਵਾਂ ਉਨ੍ਹਾਂ ਬੱਚਿਆਂ ਦੇ ਹੌਸਲਿਆਂ ਨੂੰ ਢਾਹ ਕੇ ਰੱਖ ਦਿੰਦੀਆਂ ਹਨ। ਸਰਕਾਰ ਦੀ ਨਕਲ ਅਤੇ ਪੇਪਰ ਲੀਕ ਰੋਕਣ ਲਈ ਕੀਤੇ ਜਾ ਰਹੇ ਉਪਰਾਲੇ ਬਹੁਤ ਘੱਟ ਜਾਂ ਆਟੇ ਵਿਚ ਲੂਣ ਬਰਾਬਰ ਹਨ, ਜਿਸਦੀ ਕੀਮਤ ਵਿਦਿਆਰਥੀਆਂ ਨੂੰ ਚੁਕਾਉਣੀ ਪੈਂਦੀ ਹੈ। ਸਿੱਖਿਆ ਦੇ ਖ਼ੇਤਰ ਵਿਚ ਹੋ ਰਹੀਆਂ ਧਾਂਦਲੀਆਂ ਦੇਸ਼ ਦੇ ਸਿੱਖਿਆ ਖੇਤਰ ਨੂੰ ਖੋਰਾ ਲਾਉਣ ਦੇ ਨਾਲ ਨਾਲ ਦੇਸ਼ ਦੇ ਭਵਿੱਖ ਨੂੰ ਵੀ ਦਾਅ 'ਤੇ ਲਾ ਰਹੀਆਂ ਹਨ। ਨਕਲ ਅਤੇ ਪੇਪਰ ਲੀਕ ਸਿੱਖਿਆ ਖ਼ੇਤਰ ਦੇ ਅਜਿਹੇ ਕੋਹੜ ਹਨ, ਜਿਨ੍ਹਾਂ ਦਾ ਹੱਲ ਤਲਾਸ਼ਣਾ ਬਹੁਤ ਜ਼ਰੂਰੀ ਹੈ। ਜ਼ਿੰਮੇਵਾਰ ਵਿਅਕਤੀਆਂ ਨੂੰ ਜਿਥੇ ਅਦਾਲਤ ਦੇ ਕਟਹਿਰੇ ਵਿਚ ਖੜ੍ਹਾ ਕਰਨਾ ਹੋਵੇਗਾ, ਉਥੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਹੋਣ ਇਸ ਲਈ ਅਗਾਊਂ ਚੌਕਸੀ ਪ੍ਰਬੰਧ ਵੀ ਹੋਰ ਮਜ਼ਬੂਤ ਕਰਨੇ ਹੋਣਗੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, (ਬਠਿੰਡਾ)

ਨਹੁੰਆਂ ਤੋਂ ਮਾਸ ਟੁੱਟਿਆ

ਕੀ ਨਹੁੰਆਂ ਨਾਲੋਂ ਮਾਸ ਵੀ ਟੁੱਟ ਜਾਂਦਾ ਹੈ? ਇਹ ਕਹਾਵਤ ਮੈਂ ਅੱਜ ਦੇ ਸਮਾਜਿਕ ਸਫ਼ਰ ਵਿਚ ਹੁੰਦੀ ਵੇਖੀ ਵੀ ਹੈ ਅਤੇ ਸੁਣੀ ਵੀ ਹੈ। ਜੀ ਹਾਂ ਨਹੁੰਆਂ ਨਾਲੋਂ ਮਾਸ ਮੈਂ ਟੁੱਟਦੇ ਦੇਖੇ ਵੀ ਨੇ ਅਤੇ ਸੁਣੇ ਵੀ ਹਨ। ਕਈ ਆਕ੍ਰਿਤਘਣ ਲੋਕ ਘਰਾਂ 'ਚ ਹੀ ਕਾਂਅੰਗਿਆਰੀ ਬਣ ਆਪਣਿਆਂ ਤੋਂ ਛੋਟਿਆਂ ਨੂੰ ਨਜ਼ਰਅੰਦਾਜ਼ ਕਰ ਆਪ ਹੀ ਸਾਂਝੇ ਪਰਿਵਾਰ ਦੀਆਂ ਨੀਹਾਂ ਪੁੱਟਣੀਆਂ ਸ਼ਰੂ ਕਰ ਦਿੰਦੇ ਹਨ। ਸਾਂਝੇ ਤੌਰ 'ਤੇ ਵਧਿਆ ਫੁੱਲਿਆ ਟੱਬਰ ਦੇਖ ਕੇ ਆਪਣੇ ਨਿੱਜ ਬੱਚਿਆਂ ਦੇ ਮੋਹ-ਜਾਲ 'ਚ ਫਸ ਛੋਟੇ ਭੈਣ-ਭਰਾ ਦੇ ਪ੍ਰੇਮ-ਪਿਆਰ ਨੂੰ ਭੁਲ-ਭੁਲਾ ਕੇ ਅਜਿਹਾ ਵਰਤਾਰਾ ਕਰਦੇ ਹਨ। ਉਹ ਆਪਣੀ ਜਨਮ-ਭੋਂ ਵਿਚ ਰਹਿੰਦੇ ਹੋਏ ਵੀ ਪ੍ਰਵਾਸੀਆਂ ਜਿਹਾ ਸੰਤਾਪ ਭੋਗਦਾ ਹਨ। ਕੱਲੇ ਕਾਰੇ ਬੰਦੇ ਦੀਆਂ, ਅਜਿਹੇ ਲੋਕਾਂ ਦੇ ਜ਼ਿੱਦੀ, ਬੇਰਹਿਮ, ਬੇਤਰਸ ਅਤੇ ਲਾਲਚੀ ਸੁਭਾਅ ਅੱਗੇ ਦੂਜੇ ਭਲੇਮਾਣਸ ਦੀਆਂ ਸੱਚੀਆਂ-ਸੁੱਚੀਆਂ ਸੱਧਰਾਂ ਭਰੀਆਂ ਹੱਕੀ ਇੱਛਾਵਾਂ ਦਾ ਗਲ ਘੁੱਟ, ਮਾਨਸਿਕ, ਆਰਥਿਕ ਅਤੇ ਸਰੀਰਕ ਤੌਰ 'ਤੇ ਸ਼ੋਸ਼ਣ ਹੁੰਦਾ ਰਹਿੰਦਾ ਹੈ।

-ਸਨੇਹਇੰਦਰ ਮੀਲੂ (ਫਰੌਰ)

ਬਜ਼ੁਰਗਾਂ ਦਾ ਸਤਿਕਾਰ ਕਰੋ

ਬਜ਼ੁਰਗਾਂ ਦੀ ਸਤਿਕਾਰ ਕਰਨਾ ਸਾਡੀ ਜ਼ਿੰਦਗੀ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ। ਸਾਡੇ ਬਜ਼ੁਰਗ ਆਪਣੀ ਸਾਰੀ ਉਮਰ ਦੇ ਕੀਮਤੀ ਤਜਰਬਿਆਂ ਨਾਲ ਸਾਨੂੰ ਜੀਵਨ ਦੇ ਸਹੀ ਰਸਤੇ ਦਿਖਾਉਂਦੇ ਹਨ। ਬਜ਼ੁਰਗਾਂ ਦੀ ਸਲਾਹ ਵਿਚ ਸਮਝ, ਧੀਰਜ ਅਤੇ ਦੂਰਦਰਸ਼ਤਾ ਹੁੰਦੀ ਹੈ, ਜੋ ਸਾਨੂੰ ਗਲਤੀਆਂ ਕਰਨ ਤੋਂ ਬਚਾਉਂਦੀ ਹੈ। ਜਦੋਂ ਅਸੀਂ ਉਨ੍ਹਾਂ ਨਾਲ ਸਨਮਾਨ ਅਤੇ ਨਿਮਰਤਾ ਨਾਲ ਪੇਸ਼ ਆਉਂਦੇ ਹਾਂ ਤਾਂ ਪਰਿਵਾਰ ਵਿਚ ਪਿਆਰ, ਸਾਂਝ ਅਤੇ ਏਕਤਾ ਬਣੀ ਰਹਿੰਦੀ ਹੈ। ਬਜ਼ੁਰਗਾਂ ਦੀ ਕਦਰ ਕਰਨ ਨਾਲ ਸਮਾਜ ਵਿਚ ਸੰਵੇਦਨਸ਼ੀਲਤਾ ਅਤੇ ਮਨੁੱਖਤਾ ਦਾ ਵਿਕਾਸ ਹੁੰਦਾ ਹੈ। ਉਹ ਸਾਡੇ ਲਈ ਰੋਲ ਮਾਡਲ ਹੁੰਦੇ ਹਨ ਅਤੇ ਸਾਨੂੰ ਚੰਗੇ ਸੰਸਕਾਰ, ਸਹਿਣਸ਼ੀਲਤਾ ਅਤੇ ਜੀਵਨ ਮੁੱਲ ਸਿਖਾਉਂਦੇ ਹਨ। ਜੇਕਰ ਅਸੀਂ ਆਪਣੇ ਬਜ਼ੁਰਗਾਂ ਦੀ ਇੱਜ਼ਤ ਨਹੀਂ ਕਰਾਂਗੇ, ਤਾਂ ਕੱਲ੍ਹ ਨੂੰ ਸਾਨੂੰ ਵੀ ਆਪਣੇ ਬੱਚਿਆਂ ਤੋਂ ਸਨਮਾਨ ਮਿਲਣ ਦੀ ਉਮੀਦ ਨਹੀਂ ਰੱਖਣੀ ਚਾਹੀਦੀ।

-ਸਤਵਿੰਦਰ ਕੌਰ ਮੱਲੇਵਾਲ

ਅਧਿਆਪਕ ਵੰਡਦਾ ਹੈ ਰੌਸ਼ਨੀ

ਜਿਵੇਂ ਮੋਮਬੱਤੀ ਖੁਦ ਜਲ ਕੇ ਦੂਜਿਆਂ ਨੂੰ ਚਾਨਣ ਦਿੰਦੀ ਹੈ, ਠੀਕ ਇਸੇ ਤਰ੍ਹਾਂ ਅਧਿਆਪਕ ਆਪਣਾ ਪ੍ਰਾਪਤ ਕੀਤਾ ਗਿਆਨ ਦੂਜਿਆਂ ਨੂੰ ਵੰਡ ਕੇ ਉਨ੍ਹਾਂ ਦੇ ਜੀਵਨ ਵਿਚ ਗਿਆਨਮਈ ਲੋਅ ਦਾ ਪ੍ਰਕਾਸ਼ ਕਰਦਾ ਹੈ। ਭਾਵੇਂ ਅਧਿਆਪਕ ਆਪਣੇ ਕਿੱਤੇ ਨਾਲ ਆਪਣਾ ਘਰ ਪਰਿਵਾਰ ਪਾਲਦਾ ਹੈ। ਪਰ ਉਹ ਬੱਚਿਆਂ ਦਾ ਭਵਿੱਖ ਸਵਾਰਦਾ ਹੈ। ਉਨ੍ਹਾਂ ਨੂੰ ਗਿਆਨ ਵੰਡਦਾ ਹੈ। ਗਿਆਨ ਵੰਡਣ ਵਾਸਤੇ ਉਸ ਨੂੰ ਪਹਿਲਾ ਖੁਦ ਨੂੰ ਮੋਮਬੱਤੀ ਵਾਂਗ ਮਚਣਾ ਪੈਂਦਾ ਹੈ। ਉਸ ਨੂੰ ਬੱਚਿਆਂ ਨੂੰ ਤਾਲੀਮ ਦੇਣ ਤੋਂ ਪਹਿਲਾਂ ਖੁਦ ਤਾਲੀਮ ਹਾਸਿਲ ਕਰਨੀ ਪੈਂਦੀ ਹੈ। ਉਸ ਨੂੰ ਨਿੱਤ ਨਵੀਂ ਤਕਨੀਕ ਤੋਂ ਜਾਣੂ ਹੋਣਾ ਪੈਂਦਾ ਹੈ। ਉਹ ਆਪਣੀ ਤਾਲੀਮ ਵਿਦਿਆਰਥੀਆਂ ਵਿਚ ਵੰਡਦਾ ਹੈ। ਪਰ ਅਜੋਕੇ ਸਮਾਜ 'ਚ ਅਧਿਆਪਕ ਦਾ ਰੁਤਬਾ ਤੇ ਸਤਿਕਾਰ ਪਹਿਲਾਂ ਜਿਹਾ ਨਹੀਂ ਰਿਹਾ।

-ਲੈਕਚਰਾਰ ਅਜੀਤ ਖੰਨਾ
(ਐੱਮ.ਏ., ਐੱਮ.ਫਿਲ, ਐੱਮ.ਜੇ.ਐੱਮ.ਸੀ. ਬੀ.ਐੱਡ)