03-06-26
ਕੁਦਰਤ ਨੂੰ ਬਚਾਉਣਾ ਜ਼ਰੂਰੀ
ਅੱਜਕੱਲ੍ਹ ਗਰਮੀ ਬਹੁਤ ਵਧ ਗਈ ਹੈ। ਇਸ ਦਾ ਇਕੋ-ਇਕ ਕਾਰਨ ਮਨੁੱਖ ਵਲੋਂ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਹੈ। ਜੋ ਉਹ ਆਪਣੇ ਲਾਲਚ ਲਈ ਲਗਾਤਾਰ ਕਰ ਰਿਹਾ ਹੈ। ਇਹ ਸਿਲਸਿਲਾ ਸਿਰਫ਼ ਪੰਜਾਬ ਨਹੀਂ ਬਲਕਿ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ ਆਦਿ ਦੇ ਜੰਗਲਾਂ ਵਿਚ ਵੀ ਬੜੀ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਇਹੋ ਜਿਹਾ ਲਾਲਚੀ ਮਨੁੱਖ ਪਤਾ ਨਹੀਂ ਕੁਦਰਤ ਤੋਂ ਕੀ ਚਾਹੁੰਦਾ ਹੈ। ਦੂਜੇ ਪਾਸੇ ਉਹੀ ਲਾਲਚੀ ਮਨੁੱਖ ਜਿਨ੍ਹਾਂ ਵਿਚ ਸਰਕਾਰੀ ਏਜੰਸੀਆਂ ਅਤੇ ਸਰਕਾਰੀ ਬੰਦਿਆਂ ਦੀ ਮਿਲੀਭੁਗਤ ਹੁੰਦੀ ਹੈ ਰੇਤ ਅਤੇ ਬਜਰੀ ਦਾ ਕੰਮ ਵੀ ਲਗਾਤਾਰ ਵੱਡੇ ਪੱਧਰ 'ਤੇ ਕਰ ਰਹੇ ਹਨ। ਸਰਕਾਰਾਂ ਵੀ ਇਸ ਮਾਮਲੇ ਵਿਚ ਕੁਝ ਨਹੀਂ ਕਰ ਰਹੀਆਂ। ਜੇਕਰ ਕੁਝ ਕਰਨਾ ਵੀ ਚਾਹੁੰਣ ਤਾਂ ਜਾਂ ਤਾਂ ਇਨ੍ਹਾਂ ਰੇਤ ਮਾਫੀਆ, ਜਾਂ ਜੰਗਲ ਕੱਟਣ ਵਾਲੇ ਲੋਕਾਂ ਦੇ ਗੁੰਡੇ ਉਨ੍ਹਾਂ ਨੂੰ ਸ਼ਰ੍ਹੇਆਮ ਧਮਕਾਉਂਦੇ ਨਜ਼ਰ ਆਉਂਦੇ ਹਨ। ਕਈ ਵਾਰ ਤਾਂ ਖ਼ਬਰਾਂ ਵੀ ਆਈਆਂ ਕਿ ਪੁਲਿਸ ਦੇ ਵੱਡੇ ਅਧਿਕਾਰੀਆਂ ਨਾਲ ਵੀ ਇਨ੍ਹਾਂ ਗੁੰਡਿਆਂ ਵਲੋਂ ਕੁੱਟਮਾਰ ਕੀਤੀ ਗਈ। ਪਰ ਐਕਸ਼ਨ ਕੁਝ ਨਹੀਂ ਹੋ ਪਾਉਂਦਾ। ਇਹ ਸਾਰਾ ਖੇਲ੍ਹ ਸਿਰਫ਼ ਦੋ ਚੀਜ਼ਾਂ ਨਾਲ ਹੀ ਵੱਡੇ ਪੱਧਰ 'ਤੇ ਚੱਲਦਾ ਹੈ। ਜੇਕਰ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਆਪਣੀ ਇੱਛਾ ਸ਼ਕਤੀ ਨੂੰ ਜਾਗ੍ਰਿਤ ਕਰੇ ਤਾਂ ਸਿਰਫ਼ ਇਨ੍ਹਾਂ ਦੋ ਚੀਜ਼ਾਂ 'ਤੇ ਪਾਬੰਦੀ ਲਗਾਈ ਜਾਵੇ। ਇਹ ਸਾਰਾ ਵਾਤਾਵਰਨ ਆਪਣੇ-ਆਪ ਸ਼ੁੱਧ ਹੋ ਜਾਵੇਗਾ। ਇਨ੍ਹਾਂ ਦੋਵਾਂ ਚੀਜ਼ਾਂ ਤੋਂ ਪਹਿਲੀ ਹੈ ਇਲੈਕਟ੍ਰਾਨਿਕ ਵੁੱਡ ਕਟਰ, ਜਿਨ੍ਹਾਂ ਨਾਲ ਰਾਤੋਂ-ਰਾਤ ਜੰਗਲਾਂ ਦੇ ਜੰਗਲ ਕੱਟੇ ਜਾਂਦੇ ਹਨ। ਇਹ ਚੀਜ਼ ਸਰਕਾਰ ਆਪਣੇ ਹੱਥ ਵਿਚ ਲੈ ਲਵੇ, ਜੇਕਰ ਇਹ ਕਿਸੇ ਕੋਲ ਇਹ ਚੀਜ਼ ਮਿਲਦੀ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਉਹ ਹਥਿਆਰ ਹੈ ਜੋ ਜੰਗਲਾਂ ਨੂੰ ਰਾਤੋ-ਰਾਤ ਵੀਰਾਨ ਕਰ ਦਿੰਦਾ ਹੈ। ਦੂਜਾ ਹੈ ਜੇ.ਸੀ.ਬੀ.। ਜੇਕਰ ਜੇ.ਸੀ.ਬੀ. 'ਤੇ ਸਰਕਾਰ ਪਾਬੰਦੀ ਲਗਾ ਦਿੰਦੀ ਹੈ ਅਤੇ ਉਹ ਸਿਰਫ਼ ਆਪਣੇ ਹੱਥ ਵਿਚ ਲੈ ਲੈਂਦੀ ਹੈ ਤਾਂ ਨਾ ਤਾਂ ਏਨੀ ਜਲਦੀ ਟਰੱਕ ਭਰੇ ਜਾਣਗੇ ਅਤੇ ਨਾ ਹੀ ਦਰਿਆਵਾਂ ਵਿਚੋਂ ਏਨੀ ਜਲਦੀ ਰੇਤ ਅਤੇ ਬਜਰੀ ਜਲਦੀ ਨਿਕਲੇਗੀ। ਕੁਦਰਤ ਨੂੰ ਤਬਾਹ ਕਰਨ ਵਾਲਿਆਂ ਦਾ ਕੰਮ ਸਿਰਫ਼ ਇਨ੍ਹਾਂ ਦੋ ਚੀਜ਼ਾਂ 'ਤੇ ਹੀ ਨਿਰਭਰ ਹੈ। ਸਾਡੀ ਸਰਕਾਰ ਨੂੰ ਬੇਨਤੀ ਹੈ ਜਿੰਨੀ ਜਲਦੀ ਹੋ ਸਕੇ ਇਲੈੱਕਟ੍ਰਾਨਿਕ ਵੁੱਡ ਕਟਰ ਅਤੇ ਜੇ.ਸੀ.ਬੀ. 'ਤੇ ਜਲਦੀ ਤੋਂ ਜਲਦੀ ਪਾਬੰਦੀ ਲਗਾਈ ਜਾਵੇ।
-ਅਸ਼ੀਸ਼ ਸ਼ਰਮਾ
ਜਲੰਧਰ।
ਮਾਪੇ ਲਾਚਾਰ
ਅਜੋਕੇ ਦੌਰ ਵਿਚ ਮੋਬਾਈਲ ਫ਼ੋਨ ਸਹੂਲਤ ਦੀ ਬਜਾਏ ਆਦਤ ਬਣ ਚੁੱਕਾ ਹੈ। ਕਿਤਾਬਾਂ ਮੇਜ਼ 'ਤੇ ਪਈਆਂ ਰਹਿੰਦੀਆਂ ਹਨ ਤੇ ਬੱਚੇ ਮੋਬਾਈਲ ਨਾਲ ਚਿੰਬੜੇ ਰਹਿੰਦੇ ਹਨ। ਪੜ੍ਹਾਈ ਦਾ ਸਮਾਂ ਘਟਦਾ ਜਾ ਰਿਹਾ ਹੈ, ਪਰ ਮੋਬਾਈਲ ਲਈ ਘੰਟੇ ਵੱਧ ਰਹੇ ਹਨ। ਇਸ ਸਥਿਤੀ ਵਿਚ ਸਵਾਲ ਉੱਠਦਾ ਹੈ ਕਿ ਮਾਪੇ ਵਾਕਈ ਲਾਚਾਰ ਹੋ ਗਏ ਹਨ? ਅਸਲ ਵਿਚ ਲਾਚਾਰੀ ਤੋਂ ਵਧ ਇਹ ਆਸਾਨੀ ਦੀ ਚੋਣ ਹੈ। ਕੰਮ ਦੀ ਥਕਾਵਟ, ਮਾਨਸਿਕ ਤਣਾਅ, ਬੱਚਿਆਂ ਨੂੰ ਸ਼ਾਂਤ ਰੱਖਣ ਦੀ ਬਿਰਤੀ ਅਤੇ ਤੁਰੰਤ ਸੁਵਿਧਾ ਨੇ ਮੋਬਾਈਲ ਨੂੰ 'ਬੇਬੀ ਸਿਟਰ' ਬਣਾ ਦਿੱਤਾ ਹੈ, ਪਰ ਇਸ ਦਾ ਮੁੱਲ ਬੱਚਿਆਂ ਦੀ ਧਿਆਨ-ਸ਼ਕਤੀ, ਸਬਰ ਅਤੇ ਸੋਚਣ ਦੀ ਸਮਰੱਥਾ ਅਦਾ ਕਰ ਰਹੀ ਹੈ। ਲਗਾਤਾਰ ਸਕ੍ਰੀਨ ਟਾਈਮ ਨਾਲ ਪੜ੍ਹਨ ਦੀ ਆਦਤ ਛੁੱਟਦੀ ਹੈ, ਪਰਿਵਾਰਕ ਗੱਲਬਾਤ ਘਟਦੀ ਹੈ ਅਤੇ ਵਿਵਹਾਰਕ ਸਮੱਸਿਆਵਾਂ ਵਧਦੀਆਂ ਹਨ। ਮਾਪੇ ਪੜ੍ਹਾਈ, ਖੇਡਾਂ ਅਤੇ ਮੋਬਾਈਲ ਲਈ ਟਾਈਮ ਨਿਰਧਾਰਿਤ ਕਰਕੇ ਬੱਚਿਆਂ ਨੂੰ ਸਹੀ ਦਿਸ਼ਾ ਦੇ ਸਕਦੇ ਹਨ।
-ਰਾਜ ਕੁਮਾਰ ਖੰਨਾ
(ਐੱਮ.ਏ.ਐੱਮ.ਫਿਲ)
ਸੰਜਮ ਦੀ ਲੋੜ
ਪਿਛਲੇ ਦਿਨੀਂ ਅਜੀਤ ਮੈਗਜ਼ੀਨ ਵਿਚ ਪੀ.ਐਸ. ਗਿੱਲ ਐਡਵੋਕੇਟ ਅਨੁਸਾਰ ਪ੍ਰੀਵੈੱਡ ਫੋਟੋਗ੍ਰਾਫੀ ਦਾ ਮਕਸਦ ਸਿਰਫ਼ ਦੋਵੇਂ ਪਰਿਵਾਰਾਂ ਦੀ ਪਹਿਚਾਣ ਇਕ ਵੱਡੇ ਪਰਦੇ ਰਾਹੀਂ ਵਿਆਹ ਵਿਚ ਪੁੱਜੇ ਸੰਬੰਧੀਆਂ ਤੱਕ ਪਹੁੰਚਾਉਣਾ ਹੁੰਦਾ ਹੈ।
ਸਥਿਤੀ ਇਸ ਨਿਘਾਰ ਤੱਕ ਚਲੀ ਗਈ ਹੈ ਕਿ ਵਿਆਹ ਤੋਂ ਪਹਿਲਾਂ ਹੀ ਜੋੜੀ ਨੂੰ ਅਜਿਹੇ ਇਤਰਾਜ਼ਯੋਗ ਫ਼ਿਲਮੀ ਦ੍ਰਿਸ਼ਾਂ ਵਿਚ ਪੇਸ਼ ਕੀਤਾ ਜਾਂਦਾ ਹੈ, ਜੋ ਮਾਪਿਆਂ ਅਤੇ ਸਕੇ ਸੰਬੰਧੀਆਂ ਨੂੰ ਦੇਖਣੇ ਭਾਰੀ ਹੋ ਜਾਂਦੇ ਹਨ। ਇਥੋਂ ਤੱਕ ਕਿ ਜੋੜੀ ਨੂੰ ਸ਼ਰਾਬ ਦੇ ਪੈੱਗ ਲਗਾਉਂਦੇ ਵੀ ਵਿਖਾਇਆ ਹੁੰਦਾ ਹੈ। ਲੇਖਕ ਨੇ ਸਹੀ ਕਿਹਾ ਕਿ ਕੁਰੀਤੀ ਨੂੰ ਸਮੇਂ ਸਿਰ ਨਾ ਰੋਕਿਆ ਜਾਵੇ ਤਾਂ ਨਾਸੂਰ ਬਣ ਜਾਂਦੀ ਹੈ। ਵਜ਼ਨਦਾਰ ਸਵਾਲ ਕੀਤੇ ਹਨ ਕਿ ਕੀ ਪ੍ਰੀਵੈੱਡ ਫੋਟੋਗ੍ਰਾਫੀ ਦੇ ਮਕਸਦ ਦੀ ਪੂਰਤੀ ਇਨ੍ਹਾਂ ਦ੍ਰਿਸ਼ਾਂ ਤੋਂ ਬਿਨਾਂ ਹੋ ਸਕਦੀ ਹੈ? ਪਿੱਛੇ ਮੁੜ ਸਲੀਕੇਦਾਰ ਅਤੇ ਕਲਾਤਮਿਕ ਫੋਟੋਗ੍ਰਾਫੀ ਕਰੋ। ਕੁੜੀ ਸਿਰ ਇਕ ਚੰਗੀ ਪਤਨੀ ਤੇ ਚੰਗੀ ਮਾਂ ਬਣ ਸੂਰਮੇ, ਸਕਾਲਰ ਅਤੇ ਸਮਾਜ ਸੁਧਾਰਕ ਸੰਸਾਰ ਨੂੰ ਦੇਣ ਦੀ ਵੱਡੀ ਜ਼ਿੰਮੇਵਾਰੀ ਹੈ।
-ਰਸ਼ਪਾਲ ਸਿੰਘ
ਸ਼ੁਭ ਕਰਮਨ ਸੁਸਾਇਟੀ, ਹੁਸ਼ਿਆਰਪੁਰ।
ਵੀ.ਆਈ.ਪੀ. ਕਲਚਰ
ਵੀ.ਆਈ.ਪੀ. ਕਲਚਰ ਇਕ ਅਜਿਹੀ ਸੋਚ ਬਣ ਚੁੱਕੀ ਹੈ, ਜਿੱਥੇ ਕੁਝ ਲੋਕਾਂ ਦੀ ਸਹੂਲਤ ਲਈ ਹਜ਼ਾਰਾਂ ਆਮ ਲੋਕਾਂ ਦੀ ਜ਼ਿੰਦਗੀ ਰੋਕ ਦਿੱਤੀ ਜਾਂਦੀ ਹੈ। ਸੜਕਾਂ ਬੰਦ ਹੋ ਜਾਂਦੀਆਂ ਹਨ, ਲੰਮੇ ਜਾਮ ਲੱਗ ਜਾਂਦੇ ਹਨ ਅਤੇ ਲੋਕ ਘੰਟਿਆਂ ਤੱਕ ਤੜਫ਼ਦੇ ਰਹਿੰਦੇ ਹਨ। ਕਿਸੇ ਮਾਂ ਦੀ ਗੋਦ ਵਿਚ ਬਿਮਾਰ ਬੱਚਾ ਹੋ ਸਕਦਾ ਹੈ, ਕੋਈ ਬਜ਼ੁਰਗ ਦਰਦ ਨਾਲ ਚੀਕ ਰਿਹਾ ਹੋ ਸਕਦਾ ਹੈ, ਕੋਈ ਐਂਬੂਲੈਂਸ ਜਾਮ ਵਿਚ ਫਸੀ ਹੋ ਸਕਦੀ ਹੈ। ਪਰ ਸਭ ਤੋਂ ਪਹਿਲਾਂ ਵੀ.ਆਈ.ਪੀ. ਕਾਫ਼ਲਾ ਲੰਘਾਉਣਾ ਜ਼ਰੂਰੀ ਸਮਝਿਆ ਜਾਂਦਾ ਹੈ। ਸਵਾਲ ਇਹ ਹੈ ਕਿ ਕੀ ਇਕ ਆਮ ਇਨਸਾਨ ਦੀ ਜ਼ਿੰਦਗੀ ਦੀ ਕੋਈ ਕਦਰ ਨਹੀਂ? ਲੋਕਤੰਤਰ ਵਿਚ ਹਰ ਇਨਸਾਨ ਬਰਾਬਰ ਹੁੰਦਾ ਹੈ, ਫਿਰ ਵੀ ਖ਼ਾਸ ਦਰਜੇ ਵਾਲਾ ਕਲਚਰ ਕਿਉਂ? ਇਕ ਪਾਸੇ ਆਮ ਲੋਕ ਆਪਣੀ ਰੋਜ਼ੀ-ਰੋਟੀ ਲਈ ਦੌੜ ਰਹੇ ਹੰਦੇ ਹਨ, ਦੂਜੇ ਪਾਸੇ ਕੁਝ ਲੋਕਾਂ ਲਈ ਪੂਰਾ ਸ਼ਹਿਰ ਰੁਕ ਜਾਂਦਾ ਹੈ। ਅੱਜ ਲੋੜ ਹੈ ਕਿ ਵੀ.ਆਈ.ਪੀ. ਕਲਚਰ ਨੂੰ ਖ਼ਤਮ ਕੀਤਾ ਜਾਵੇ। ਅਸਲੀ ਨੇਤਾ ਉਹ ਹੁੰਦਾ ਹੈ ਜੋ ਲੋਕਾਂ ਦੇ ਨਾਲ ਚੱਲੇ, ਨਾ ਕਿ ਲੋਕਾਂ ਨੂੰ ਰੋਕ ਕੇ ਆਪਣੇ ਲਈ ਰਸਤੇ ਬਣਾਵੇ। ਕਿਸੇ ਦੀ ਸ਼ਾਨ ਤੋਂ ਵੱਧ ਕੀਮਤੀ ਇਕ ਆਮ ਇਨਸਾਨ ਦੀ ਜਾਨ ਹੁੰਦੀ ਹੈ।
-ਮੰਜੂ ਰਾਇਕਾ ਸੰਗਰੂਰ।
ਵਿਦੇਸ਼ੀ ਸੱਭਿਆਚਾਰ
ਅੱਜ-ਕੱਲ੍ਹ ਪੰਜਾਬ ਵਿਚ ਵਿਦੇਸ਼ੀ ਸੱਭਿਆਚਾਰ ਦੇ ਵਧ ਰਹੇ ਪ੍ਰਭਾਵ ਦਾ ਅਸਰ ਸਾਡੇ ਸਮਾਜ 'ਤੇ ਗਲਤ ਪੈ ਰਿਹਾ ਹੈ। ਸਾਡੇ ਨੌਜਵਾਨ ਬਿਨਾਂ ਸੋਚੇ ਸਮਝੇ ਵਿਦੇਸ਼ੀ ਲਾਈਫ਼ ਸਟਾਈਲ ਅਪਨਾਉਣ ਲੱਗੇ ਹਨ। ਉਹ ਆਪਣੀ ਪੰਜਾਬੀ ਬੋਲੀ, ਰਿਵਾਜ਼ ਤੇ ਪਰੰਪਰਾਵਾਂ ਨੂੰ ਹੌਲੀ-ਹੌਲੀ ਭੁੱਲਦੇ ਜਾ ਰਹੇ ਹਨ। ਪਹਿਲਾਂ ਜਿਥੇ ਘਰਾਂ ਵਿਚ ਆਪਣੇ ਤਿਉਹਾਰ ਖ਼ੁਸ਼ੀ ਨਾਲ ਮਨਾਏ ਜਾਂਦੇ ਸਨ, ਹੁਣ ਲੋਕ ਵਿਦੇਸ਼ੀ ਤਰੀਕਿਆਂ ਨੂੰ ਜ਼ਿਆਦਾ ਤਰਜੀਹ ਦੇਣ ਲੱਗੇ ਹਨ। ਫੈਸ਼ਨ ਤੇ ਖਾਣ-ਪੀਣ ਵਿਚ ਵੀ ਬਹੁਤ ਬਦਲਾਅ ਆਇਆ ਹੈ, ਜੋ ਸਾਡੀ ਪੁਰਾਣੀ ਪਹਿਚਾਣ ਨੂੰ ਕਮਜ਼ੋਰ ਕਰ ਰਿਹਾ ਹੈ। ਨੌਜਵਾਨ ਆਪਣੀਆਂ ਜੜ੍ਹਾਂ ਤੋਂ ਦੂਰ ਹੋ ਰਹੇ ਹਨ, ਜੋ ਚਿੰਤਾ ਵਾਲੀ ਗੱਲ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਕੂਲਾਂ ਤੇ ਕਾਲਜਾਂ ਦੀ ਡਿਊਟੀ ਲਗਾਉਣ ਕਿ ਉਹ ਬੱਚਿਆਂ ਨੂੰ ਆਪਣੇ ਵਿਲੱਖਣ ਸੱਭਿਆਚਾਰ ਤੋਂ ਜਾਣੂ ਕਰਵਾ ਕੇ ਉਸ ਦੀ ਮਹੱਤਤਾ ਨੂੰ ਸਮਝਾਉਣ। ਸਾਨੂੰ ਹੋਰਾਂ ਦੀਆਂ ਚੰਗੀਆਂ ਗੱਲਾਂ ਜ਼ਰੂਰ ਸਿੱਖਣੀਆਂ ਚਾਹੀਦੀਆਂ ਹਨ ਪਰ ਆਪਣੇ ਸੱਭਿਆਚਾਰ ਨੂੰ ਭੁੱਲਣਾ ਨਹੀਂ ਚਾਹੀਦਾ।
-ਮਨਪ੍ਰੀਤ
ਜਲੰਧਰ।