14-06-26
ਤੂੰ ਇਕੱਲਿਆਂ ਨਾ ਤੁਰੀਂ
ਲੇਖਿਕਾ : ਵਿਰਕ ਗਗਨ ਕੌਰ
ਪ੍ਰਕਾਸ਼ਕ : ਹੁਨਰ ਪਬਲੀਕੇਸ਼ਨ, ਪਟਿਆਲਾ
ਮੁੱਲ : 220 ਰੁਪਏ, ਸਫ਼ੇ : 112
ਸੰਪਰਕ : 94178-71969

ਵਿਰਕ ਗਗਨ ਕੌਰ ਦੀ ਕਾਵਿ-ਪੁਸਤਕ ਉਸਦੀ ਪਹਿਲੀ ਕਾਵਿ-ਪੁਸਤਕ ਹੈ ਇਹ ਉਸ ਦੇ ਮੌਲਿਕ ਨਿੱਘੇ ਜਜ਼ਬਿਆਂ ਦੀ ਖ਼ੂਬਸੂਰਤ ਪੇਸ਼ਕਾਰੀ ਹੈ। ਉਹ ਇਸ ਪੁਸਤਕ ਦੀ ਭੂਮਿਕਾ ਵਿਚ ਇਹ ਖੁਸ਼ੀ ਜ਼ਾਹਿਰ ਕਰਦੀ ਹੈ ਕਿ ਉਸ ਦੀ ਰੀਝ ਸੀ ਕਿ ਉਸ ਦੇ ਸ਼ਬਦਾਂ ਦੀ ਇਕ ਪੁਸਤਕ ਹੋਵੇ ਜਿਸ ਵਿਚ ਉਹ ਆਪਣੇ ਵਲਵਲੇ ਦੂਜਿਆਂ ਨਾਲ ਜ਼ਾਹਿਰ ਕਰੇ। ਪੁਸਤਕ ਦੀ ਭੂਮਿਕਾ ਹੈਪੀ ਸ਼ਾਹਕੋਟੀ ਨੇ ਲਿਖੀ ਹੈ, ਜਿਸ ਰਾਹੀਂ ਉਹ ਗਗਨ ਦੀ ਹਰ ਕਵਿਤਾ ਨੂੰ ਸਮਾਜ ਦੇ ਸਰੋਕਾਰਾਂ ਦੀ ਤਸਵੀਰ ਦੱਸਦਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਛੋਟੀਆਂ-ਛੋਟੀਆਂ 94 ਕਵਿਤਾਵਾਂ ਹਨ। ਗਗਨ ਨੇ ਆਪਣੀਆਂ ਰਚਨਾਵਾਂ ਵਿਚ ਰਿਸ਼ਤਿਆਂ ਪ੍ਰਤੀ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ ਹਨ।
ਮੈਂ ਮੋਹ-ਭਿੱਜੇ ਰਿਸ਼ਤੇ ਨੂੰ ਹੱਥਾਂ 'ਚੋਂ
ਰੇਤ ਵਾਂਗ ਕਿਰਦੇ ਵੇਖਿਆ ਹੈ
ਮੈਨੂੰ ਦੱਸਣ ਦੀ ਲੋੜ ਨਹੀਂ ਕਿ
ਬੇਵੱਸੀ ਕੀ ਹੁੰਦੀ ਏ... ... ...
ਉਸ ਦੀਆਂ ਇਹ ਰਚਨਾਵਾਂ ਚਾਰ-ਚਾਰ ਸਤਰਾਂ ਦੀਆਂ ਵੀ ਹਨ। ਮਾਂ ਦੇ ਖ਼ੂਬਸੂਰਤ ਰਿਸ਼ਤੇ ਦੀ ਪੇਸ਼ਕਾਰੀ ਕਰਦਿਆਂ ਉਹ ਭਾਵੁਕਤਾਵੱਸ ਰਿਸ਼ਤੇ ਪ੍ਰਤੀ ਸਮਰਪਿਤ ਹੋ ਜਾਂਦੀ ਹੈ। ਕਵਿੱਤਰੀ ਬਹੁਤ ਸਾਰੀਆਂ ਰਚਨਾਵਾਂ ਵਿਚ ਸਵੈ-ਸੰਬੋਧਨੀ ਸੁਰ ਵਿਚ ਰਚਨਾ ਕਰਦੀ ਆਪਣੇ-ਆਪ ਨੂੰ ਖੁਸ਼ੀਆਂ ਅਤੇ ਚਾਵਾਂ ਨਾਲ ਸਾਂਝ ਪਾਉਣ ਲਈ ਪ੍ਰੇਰਦੀ ਹੈ। ਕਵਿਤਰੀ ਨੇ 'ਬੂਟਾ ਪੰਜਾਬੀ' ਦਾ ਨਾਂਅ ਦੀ ਕਵਿਤਾ ਰਾਹੀਂ ਪੰਜਾਬੀ ਮਾਂ-ਬੋਲੀ ਪ੍ਰਤੀ ਸਤਿਕਾਰ ਦੇ ਭਾਵ ਪ੍ਰਗਟਾਏ ਹਨ। ਵਿੱਦਿਆ, ਵਿਛੋੜਾ, ਮੇਰੀ ਕਵਿਤਾ ਮਹਿਕ ਰਹੀ, ਮਹਿਬੂਬ, ਸੁੱਚੇ ਮੋਤੀ, ਹਮਦਰਦ, ਖੁੱਲ੍ਹਾ, ਖੱਬਲ, ਗਰਦਿਸ਼ ਭਰੇ ਦਿਨ, ਚੁੱਪ, ਪ੍ਰੇਮੀ, ਨਿਰੀ ਜਿਹੀ ਹਿੜਕ, ਰਾਹ ਦਸੇਰਾ, ਕੈਂਡਲ ਮਾਰਚ, ਹੇ ਨਾਨਕ, ਵੋਟਾਂ ਆਦਿ ਕਵਿਤਾਵਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ।
ਗਗਨ ਦੀ ਵਿਅੰਗਮਈ ਸੁਰ ਵਿਚਲੀ ਕਵਿਤਾ ਥੋੜ੍ਹੇ ਵਿਚ ਹੀ ਬਹੁਤ ਕੁਝ ਕਹਿ ਜਾਂਦੀ ਹੈ। 'ਪੌਂਡ' ਕਵਿਤਾ, ਕੈਂਡਲ ਮਾਰਚ, ਹੁਨਰ, ਬੇਰੁਜ਼ਗਾਰੀ ਬੋਲ ਰਹੀ ਹਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ। ਜਿਊਂਦੀ ਸਤੀ, ਘੁਟਣ ਆਦਿ ਰਚਨਾਵਾਂ ਨਾਰੀ ਦੇ ਮਨੋਭਾਵਾਂ ਦਾ ਖ਼ੂਬਸੂਰਤ ਪ੍ਰਗਟਾਵਾ ਹਨ।
ਅੱਖਰਾਂ ਨਾਲ
ਅੱਖਾਂ ਦਾ ਇਲਾਜ ਕਰਨ ਦੇ
ਦੁਨੀਆ ਦਾ ਟੇਢਾਪਨ
ਮੈਨੂੰ ਚੰਗਾ ਨਹੀਂ ਲਗਦਾ।
ਇਸ ਪ੍ਰਕਾਰ ਗਗਨ ਵਿਰਕ ਵਿਚ ਹੋਰ ਵਧੇਰੇ ਕਾਵਿ-ਸੰਭਾਵਨਾਵਾਂ ਹਨ।
-ਪ੍ਰੋ. ਕੁਲਜੀਤ ਕੌਰ, ਜਲੰਧਰ
ਕੁੱਤਾ ਜੂਨ ਤੇ ਮੈਂਡੋਲਿਨ
ਲੇਖਕ : ਮੋਹਣ ਮਤਿਆਲਵੀ
ਪ੍ਰਕਾਸ਼ਕ : ਹੁਨਰ ਪਬਲੀਕੇਸ਼ਨ, ਪਟਿਆਲਾ
ਮੁੱਲ : 250 ਰੁਪਏ, ਸਫ਼ੇ : 108
ਸੰਪਰਕ : 97803-98455

ਆਧੁਨਿਕ ਭਾਵ ਬੋਧ ਦਾ ਉੱਚ ਦੁਮਾਲੜਾ ਸ਼ਾਇਰ ਮੋਹਣ ਮਤਿਆਲਵੀ ਕਿਸੇ ਜਾਣ-ਪਛਾਣ ਦਾ ਮੁਹਾਤਾਜ ਨਹੀਂ ਹੈ ਜੋ ਹਥਲੀ ਕਾਵਿ-ਕਿਤਾਬ 'ਕੁੱਤਾ ਜੂਨ ਤੇ ਮੈਂਡੋਲਿਨ' ਤੋਂ ਪਹਿਲਾਂ ਵੀ 6 ਪੁਸਤਕਾਂ ਨਾਲ ਪੰਜਾਬੀ ਅਦਬ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਇਸ ਕਿਤਾਬ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਕਿਤਾਬ ਦੇ ਨਾਂਅ 'ਕੁੱਤਾ ਜੂਨ ਤੇ ਮੈਂਡੋਲਿਨ' ਤੋਂ ਸਹਿਜੇ ਹੀ ਸਾਡੇ ਹੱਥ ਆ ਜਾਂਦੀ ਹੈ ਕਿ ਕਿਵੇਂ 21ਵੀਂ ਸਦੀ ਵਿਚ ਕਾਰਪੋਰੇਟ ਦਾ ਭੂਤਰਿਆ ਸਾਨ੍ਹ ਸਾਡੀਆਂ ਤਰੰਗਤੀ ਇਛਾਵਾਂ ਦੀ ਹਰੀ ਕਚੂਰ ਫ਼ਸਲ ਨੂੰ ਬੁਰਕ ਮਾਰਨ ਨੂੰ ਫਿਰਦਾ ਹੈ। ਇਸ ਕਾਵਿ-ਪਰਾਗੇ 'ਚੋਂ ਗੁਜ਼ਰਦਿਆਂ ਬਰਤੌਲਤ ਬ੍ਰੈਖਤ ਦਾ ਇਹ ਕਥਨ ਤਸਦੀਕ ਹੁੰਦਾ ਨਜ਼ਰ ਆਉਂਦਾ ਹੈ 'ਇਹ ਠੀਕ ਹੈ ਕਿ ਜੀਉਣ ਲਈ ਖਾਣਾ ਖਾਣਾ ਬਹੁਤ ਜ਼ਰੂਰੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਜਿਸ ਨੇ ਖਾਣਾ ਖਾ ਵੀ ਲਿਆ, ਉਹਨੇ ਜਿਊਂ ਵੀ ਲਿਆ' ਇਸੇ ਤਰ੍ਹਾਂ ਬਾਈਬਲ ਆਖਦੀ ਹੈ, 'ਬੰਦਾ ਰੋਟੀ 'ਤੇ ਹੀ ਨਹੀਂ ਜਿਊਂਦਾ, ਜਿਊਣ ਲਈ ਨਿਰਛਲ ਮੁਹੱਬਤ ਵੀ ਬਹੁਤ ਜ਼ਰੂਰੀ ਹੈ। ਇਸ ਮੁਹੱਬਤ ਦੀ ਪੁਰਸਲਾਤ ਨੂੰ ਪਾਰ ਕਰਨ ਲਈ ਜੋ ਦੁਸ਼ਵਾਰੀਆਂ ਆਉਂਦੀਆਂ ਹਨ, ਨਿਤਸ਼ੇ ਅਨੁਸਾਰ 'ਸਮਾਜਿਕ ਵਰਜਣਾਵਾਂ ਪਲੇਗ ਤੋਂ ਵੀ ਘਾਤਕ ਹੁੰਦੀਆਂ ਹਨ, ਇਨ੍ਹਾਂ ਦੀ ਰਾਮਕਾਰ ਉਲੰਘ ਕੇ ਹੀ ਮਹਾਂ ਮਾਨਵ ਬਣਿਆ ਜਾ ਸਕਦਾ ਹੈ। ਮਾਈ ਹਵਾ ਤੇ ਬਾਬਾ ਆਦਮ ਨੂੰ ਅਦਨ ਦੇ ਬਾਗ਼ ਵਿਚੋਂ ਵਰਜਿਤ ਫਲ ਚੱਖਣ ਤੋਂ ਸਜਾ ਦੇਣ ਲਈ ਧਰਤੀ 'ਤੇ ਸੁੱਟ ਦਿੱਤਾ ਗਿਆ ਸੀ ਤੇ ਮਾਈ ਹਵਾ ਤੇ ਬਾਬਾ ਆਦਮ ਦੀ ਔਲਾਦ ਵਰਜਿਤ ਫਲ ਚੱਖਣ ਦੀ ਅੱਜ ਤੱਕ ਸਜ਼ਾ ਭੁਗਤ ਰਹੀ ਹੈ। ਇਸ ਪੁਰਸਲਾਤ ਨੂੰ ਪਾਰ ਕਰਨ ਲਈ ਸ਼ਾਇਰ ਬੜੀ ਖੁਰਦਬੀਨੀ ਅੱਖ ਨਾਲ ਆਪਣੇ ਕਾਵਿ ਸ਼ਿਲਪ ਤੇ ਕਾਵਿ-ਤਰੱਦਦ ਰਾਹੀਂ ਰਾਹ ਦਸੇਰਾ ਵੀ ਬਣਦਾ ਹੈ ਤੇ ਅਗਾਊਂ ਜਾਗਰੂਕ ਵੀ ਕਰਦਾ ਹੈ, ਪਰ ਇਹ ਜੰਗ ਲੜੇਗਾ ਕੌਣ? ਸ਼ਾਇਰ ਤਾਂ ਕਾਇਰ ਬਣ ਗਿਆ ਹੈ। ਉਹ ਤਾਂ ਚਾਰ ਅਸ਼ਰਫ਼ੀਆਂ ਲਈ ਹਰੇਕ ਫਿਰਦੌਸੀ ਦਾ 'ਸ਼ਾਹਨਾਮਾ' ਲਿਖਣ ਲਈ ਸਰਕਾਰੇ-ਦਰਬਾਰੇ ਪਾਸ਼ ਦੇ ਕਹਿਣ ਅਨੁਸਾਰ 'ਟੁੱਡ' ਹੱਥਾਂ ਨਾਲ ਲੇਲ੍ਹੜੀਆਂ ਕੱਢ ਰਹੇ ਹਨ। ਅੱਜ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਹਨ ਕਿ ਸੰਸਾਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਖ਼ਤਮ ਹੋਣ ਦੀ ਕਗਾਰ 'ਤੇ ਹਨ ਤੇ ਉਨ੍ਹਾਂ ਵਿਚੋਂ ਪੰਜਾਬੀ ਭਾਸ਼ਾ ਵੀ ਇਕ ਹੈ। ਪਰ ਸ਼ਾਇਰ ਤਾਂ ਕਹਿੰਦਾ ਹੈ ਕਿ ਸਾਡੀ ਮਾਂ-ਬੋਲੀ ਨੂੰ ਕੋਈ ਖ਼ਤਰਾ ਨਹੀਂ, ਉਸ ਨੂੰ ਤਾਂ ਕਪੁੱਤ ਬਣੇ ਪੁੱਤਾਂ ਤੋਂ ਹੀ ਖ਼ਤਰਾ ਹੈ। ਸੋ, ਦੁਬਿਧਾਗ੍ਰਸਤ ਕਵੀਆਂ ਵਿਚ ਲਾਲ ਸਿੰਘ ਦਿਲ ਚਟਾਨ ਵਾਂਗ ਖੜ੍ਹਾ ਹੈ। ਬੜੀ ਦੇਰ ਬਾਅਦ ਰੂਹ ਦਾ ਕੌਲ ਫੁੱਲ ਖਿੜਾਉਣ ਵਾਲੀ ਕਿਤਾਬ ਸਾਡੇ ਹੱਥ ਆਈ ਹੈ, ਜਿਸ ਦੀ ਥਾਹ ਪਾਉਣ ਲਈ ਨਾਰੀਅਲ ਨੂੰ ਛਿਲ ਕੇ ਖੋਪੇ ਦੀ ਗੁੱਟੀ ਵਿਚ ਪਿਆ ਪਾਣੀ ਪ੍ਰਾਪਤ ਕਰਨ ਵਰਗੇ ਤਰੱਦਦ ਵਿਚੋਂ ਲੰਘਣਾ ਪੈਂਦਾ ਹੈ। ਉਪਰੰਤ ਅਸੀਂ ਕੁੱਤਾ ਜੂਨ ਤੋਂ ਨਿਜਾਤ ਪਾ ਲਵਾਂਗੇ ਤੇ ਮੈਂਡੋਲਿਨ ਆਪੇ ਸੁਰ ਸਿਰ ਹੋ ਜਾਏਗੀ। ਸ਼ਾਇਰ ਵਿਭਿੰਨ ਅਮਾਨਵੀ ਸਰੋਕਾਰਾਂ ਨਾਲ ਦਸਤਪੰਜਾ ਤਾਂ ਲੈਂਦਾ ਹੀ ਹੈ ਪਰ ਵਿਸ਼ੇਸ਼ ਕਰਕੇ ਵਿਸ਼ਵ ਗੁਰੂ ਬਣਨ ਦੇ ਭਰਮ ਪਾਲ ਰਹੇ ਜੁਮਲੇਬਾਜ ਦਾ ਚੌਰਾਹੇ 'ਚ ਭਾਂਡਾ ਭੰਨ ਦਿੰਦਾ ਹੈ। ਕੁਝ ਕਵਿਤਾਵਾਂ ਗੁੱਝੀਆਂ ਬੁਝਾਰਤਾਂ ਦੇ ਨਾਵਾਂ ਵਾਲੀਆਂ ਹਨ ਜਿਨ੍ਹਾਂ ਨੂੰ ਬੌਧਿਕ ਤਾਲੇ ਨਾਲ ਖੋਲ੍ਹ ਕੇ ਹੀ ਸ਼ਾਇਰ ਦੇ ਵਿਕਸਤ ਪੈਰਾਡਾਈਮ ਦੀ ਥਾਹ ਪਾਈ ਜਾ ਸਕਦੀ ਹੈ। ਅਜਿਹੀ ਗੰਭੀਰ ਕਾਵਿ ਕਿਤਾਬ ਦੇ ਸ਼ਾਇਰ ਨੂੰ ਸਲਾਮ ਨਾ ਕਰਾਂ ਤਾਂ ਮੈਂ ਅਪਰਾਧ ਬੋਧ ਦੇ ਭਾਰ ਹੇਠ ਇਕੱਲਾ ਪਾਠਕ ਵੀ ਦੱਬ ਜਾਏਗਾ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਆਓ ਬੱਚਿਓ! ਕਵਿਤਾਵਾਂ ਗਾਈਏ
ਲੇਖਕ : ਬਹਾਦਰ ਸਿੰਘ ਗੋਸਲ (ਪ੍ਰਿੰ.)
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 64
ਸੰਪਰਕ : 98764-52223

ਕਵੀ ਦੀਆਂ ਪੂਰਵ-ਸਿਰਜਿਤ ਪੁਸਤਕਾਂ ਵਾਂਗ ਇਸ ਨਵ-ਪੁਸਤਕ ਦਾ ਮੂਲ ਮਨੋਰਥ ਵੀ ਬੱਚਿਆਂ ਨੂੰ ਮਾਤ-ਭਾਸ਼ਾ ਅਤੇ ਸਾਹਿਤ ਦੇ ਲੜ ਲਗਾ ਕੇ ਆਪਣੀ ਪੰਜਾਬੀ ਵਿਰਾਸਤ ਅਤੇ ਮੁੱਲਵਾਨ ਪਿਛੋਕੜ ਤੋਂ ਪਰਿਚਿਤ ਕਰਵਾਉਣਾ ਹੈ। ਇਸ ਪੁਸਤਕ ਵਿਚਲੀਆਂ ਕਵਿਤਾਵਾਂ ਰਾਹੀਂ ਕਵੀ ਬਾਲ ਪਾਠਕ ਦੀ ਵੰਨ-ਸੁਵੰਨੇ ਸਮਾਜਿਕ, ਪ੍ਰਕ੍ਰਿਤਕ, ਭਾਸ਼ਾਈ, ਸੱਭਿਆਚਾਰਕ, ਵਿੱਦਿਅਕ, ਧਾਰਮਿਕ ਅਤੇ ਸ਼ਖ਼ਸੀਅਤ ਉਸਾਰੀ ਲਈ ਲਾਭਦਾਇਕ ਗੁਣਾਂ ਨਾਲ ਸੰਬੰਧਿਤ ਵਿਸ਼ਿਆਂ ਨਾਲ ਸਾਂਝ ਪੁਆਉਂਦਾ ਹੈ। ਕੁਦਰਤੀ-ਸੁੰਦਰਤਾ ਵਿਚ ਵਾਧਾ ਕਰਨ ਵਾਲੀਆਂ ਕਵਿਤਾਵਾਂ ਵਿਚ ਚਿੜੀਆਂ, ਤੋਤੇ, ਕਾਂ, ਕੋਇਲਾਂ, ਕਬੂਤਰ, ਮੋਰ, ਇੱਲਾਂ, ਗਿਰਝਾਂ, ਬਗਲੇ, ਤਿੱਤਰ, ਬਟੇਰੇ ਆਦਿ ਪੰਛੀ ਆਪੋ-ਆਪਣੀ ਬੋਲੀ ਰਾਹੀਂ ਭਾਵਨਾਵਾਂ ਦਾ ਸੰਚਾਰ ਕਰਦੇ ਵਿਖਾਈ ਦਿੰਦੇ ਹਨ। ਭਾਂਤ-ਭਾਂਤ ਦੀਆਂ ਗਤੀਵਿਧੀਆਂ ਵਿਚ ਮਸਰੂਫ਼ ਇਹ ਪੰਛੀ ਕੁਦਰਤ ਦੇ ਸੁਹੱਪਣ ਵਿਚ ਵਾਧਾ ਕਰਕੇ ਮਨੁੱਖਤਾ ਨਾਲ ਵੀ ਸਾਂਝ-ਭਿਆਲੀ ਦਾ ਅਹਿਸਾਸ ਕਰਵਾਉਂਦੇ ਹਨ। ਕਵੀ ਬਾਲ ਪਾਠਕਾਂ ਨੂੰ ਟ੍ਰੈਫਿਕ ਅਤੇ ਪ੍ਰੀਖਿਆ ਸੰਬੰਧੀ ਅਹਿਮ ਨਿਯਮ ਅਤੇ ਨੁਕਤੇ ਵੀ ਦੱਸਦਾ ਹੈ। ਇਨ੍ਹਾਂ ਕਵਿਤਾਵਾਂ ਵਿਚੋਂ ਕੁਰਬਾਨੀ, ਅਣਖ ਅਤੇ ਦਲੇਰੀ ਦੇ ਜਜ਼ਬੇ ਵੀ ਉੱਭਰਦੇ ਹਨ। ਇਨ੍ਹਾਂ ਕਵਿਤਾਵਾਂ ਰਾਹੀਂ ਪੰਜਾਬ ਦੀ ਵੀਰ ਪਰੰਪਰਾ ਦੇ ਨਾਲ-ਨਾਲ ਧਾਰਮਿਕ ਅਤੇ ਇਤਿਹਾਸਕ ਖੇਤਰਾਂ ਦੀ ਤਸਵੀਰਕਸ਼ੀ ਵੀ ਸਪੱਸ਼ਟ ਤੌਰ 'ਤੇ ਨਜ਼ਰ ਆਉਂਦੀ ਹੈ। ਇਨ੍ਹਾਂ ਰਾਹੀਂ ਪੰਜਾਬ ਦੀ ਸੱਭਿਆਚਾਰਕ ਅਤੇ ਪ੍ਰਕ੍ਰਿਤਕ ਧਰੋਹਰ ਦੀ ਸੁਰੱਖਿਆ ਦੇ ਸਾਰਥਿਕ ਸੁਨੇਹੇ ਵੀ ਦਿੰਦੇ ਹਨ। ਬੱਚਿਆਂ ਦਾ ਆਪਣੀ ਮੰਜ਼ਿਲ-ਪ੍ਰਾਪਤੀ ਲਈ ਦ੍ਰਿੜ੍ਹ ਨਿਸਚਾ ਵੀ ਇਨ੍ਹਾਂ ਕਵਿਤਾਵਾਂ ਵਿਚੋਂ ਬਖ਼ੂਬੀ ਉੱਭਰਦਾ ਹੈ। ਇਨ੍ਹਾਂ ਕਵਿਤਾਵਾਂ ਰਾਹੀਂ ਬੱਚੇ ਨਵਾਂ ਸ਼ਬਦ-ਗਿਆਨ ਗ੍ਰਹਿਣ ਕਰਦੇ ਹਨ ਜੋ ਉਨ੍ਹਾਂ ਦੀ ਸਕੂਲੀ ਸਿੱਖਿਆ ਪ੍ਰਣਾਲੀ ਲਈ ਸਹਾਈ ਹੁੰਦੇ ਹਨ। ਢੁਕਵੇਂ ਚਿੱਤਰ ਸੰਬੰਧਿਤ ਵਸਤੂ ਜਗਤ ਨੂੰ ਹੋਰ ਵਧੇਰੇ ਸਹਿਜ, ਸਰਲ ਅਤੇ ਆਸਾਨ ਢੰਗ ਨਾਲ ਆਤਮਸਾਤ ਕਰਨ ਵਿਚ ਮਦਦਗਾਰ ਬਣਾਉਂਦੇ ਹਨ। ਇਨ੍ਹਾਂ ਕਵਿਤਾਵਾਂ ਨੂੰ ਵਿਦਿਆਰਥੀ ਸਕੂਲਾਂ ਵਿਚ ਗਾ ਕੇ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰ ਸਕਦੇ ਹਨ। ਇਹ ਪੁਸਤਕ ਬਾਲਾਂ ਦੀ ਉਂਗਲ ਫੜ ਕੇ ਉਨ੍ਹਾਂ ਦੀ ਅਗਵਾਈ ਕਰਨ ਦੇ ਪੂਰਨ ਸਮਰੱਥ ਹੈ ਅਤੇ ਉਨ੍ਹਾਂ ਵਿਚ ਸਮੇਂ ਦਾ ਹਾਣੀ ਬਣਨ ਦਾ ਅਹਿਸਾਸ ਜਗਾਉਂਦੀ ਹੈ।
-ਡਾ. ਦਰਸ਼ਨ ਸਿੰਘ 'ਆਸ਼ਟ'
ਮੋਬਾਈਲ : 98144-23703
ਸ਼ੌਰਟ ਕੱਟ ਵਾਇਆ ਲੌਂਗ ਰੂਟ
ਲੇਖਕ : ਅਮਰੀਕ ਸਿੰਘ ਬੱਲ
ਪ੍ਰਕਾਸ਼ਕ : ਸੋਲ ਪਬਲਿਸ਼ਰਜ਼, ਜਲੰਧਰ
ਮੁੱਲ : 350 ਰੁਪਏ, ਸਫ਼ੇ : 256
ਸੰਪਰਕ :amriks13@gmail.com

ਗ਼ੈਰ-ਕਾਨੂੰਨੀ ਪਰਵਾਸ ਅਜੋਕੇ ਪੰਜਾਬੀ ਮਨੁੱਖ ਦੀ ਹੋਂਦ ਤੇ ਹੋਣੀ ਦਾ ਇਕ ਅਤਿ ਤਲਖ਼ ਤੇ ਤ੍ਰਾਸਦਿਕ ਯਥਾਰਥ ਹੈ। ਹਰ ਔਸਤ ਪੰਜਾਬੀ ਨੌਜਵਾਨ ਜਾਇਜ਼-ਨਜਾਇਜ ਤਰੀਕੇ ਨਾਲ ਵਿਸ਼ੇਸ਼ ਕਰਕੇ ਯੂਰਪੀਅਨ ਦੇਸ਼ਾਂ, ਅਮਰੀਕਾ, ਕੈਨੇਡਾ ਆਦਿ ਜਾਣ ਲਈ ਉਤਾਵਲਾ ਹੈ। ਜਦੋਂ ਕਾਨੂੰਨੀ ਤਰੀਕੇ ਨਾਲ ਅਜਿਹਾ ਸੰਭਵ ਨਹੀਂ ਹੁੰਦਾ ਤਾਂ ਅਸੀਂ ਨਾਜਾਇਜ਼ ਤਰੀਕੇ ਅਰਥਾਤ ਸ਼ਾਰਟ ਕੱਟ ਅਪਣਾਉਣ ਨੂੰ ਤਿਆਰ ਹੋ ਜਾਂਦੇ ਹਾਂ। ਨੌਜਵਾਨਾਂ ਦੇ ਮਾਪੇ, ਰਿਸ਼ਤੇਦਾਰ ਤੇ ਹੋਰ ਸਕੇ-ਸੰਬੰਧੀ ਵੀ 'ਬਾਹਰ' ਜਾਣ ਹਿਤ ਮਾਇਕ ਸਹਾਇਤਾ ਦੇਣ ਲਈ ਤਿਆਰ ਹੋ ਜਾਂਦੇ ਹਨ ਤਾਂ ਕਿ ਘਰ ਦੀ ਤਕਦੀਰ ਬਦਲ ਸਕੇ। ਅੰਤਰਰਾਸ਼ਟਰੀ ਪੱਧਰ 'ਤੇ ਫੈਲਿਆ ਏਜੰਟਾਂ ਦਾ ਮੱਕੜਜਾਲ ਅਤੇ ਇਸ ਨਾਲ ਜੁੜਿਆ ਵਿਸ਼ਾਲ ਨੈੱਟਵਰਕ ਇਸ ਸਥਿਤੀ ਦਾ ਭਰਪੂਰ ਫਾਇਦਾ ਉਠਾਉਂਦਾ ਹੈ ਅਤੇ ਨੌਜਵਾਨਾਂ ਤੇ ਮਾਪਿਆਂ ਨੂੰ ਸਬਜ਼ਬਾਗ ਦਿਖਾ ਕੇ ਭਰਮਾ ਲਿਆ ਜਾਂਦਾ ਹੈ। ਇੰਜ, ਇਕ ਅਤਿ ਦੁੱਖਦਾਈ, ਖ਼ਤਰਨਾਕ, ਖੌਫ਼ਨਾਕ ਤੇ ਜੀਣ-ਮਰਨ ਵਿਚਕਾਰ ਲਟਕੇ ਸਫ਼ਰ ਦਾ ਆਰੰਭ ਹੁੰਦਾ ਹੈ, ਜਿਸ ਦਾ ਅੰਤ ਖੁਸ਼ਹਾਲ ਜੀਵਨ ਦੇ ਰੂਪ ਵਿਚ ਵੀ ਹੋ ਸਕਦਾ ਹੈ ਅਤੇ 'ਮੌਤ' ਵਰਗੇ ਭਿਆਨਕ ਸੱਚ ਦੇ ਰੂਪ ਵਿਚ ਵੀ। ਪੁਸਤਕ 'ਸ਼ੌਰਟ ਕੱਟ ਵਾਇਆ ਲੌਂਗ ਰੂਟ' (2025, ਚੌਥਾ ਸੰਸਕਰਨ) ਇਕ ਅਜਿਹੇ ਕਿਸਮ ਦੇ ਸਫ਼ਰ ਦਾ ਹੀ ਦਸਤਾਵੇਜ਼ੀ ਕਿਸਮ ਦਾ ਮਹਾਂਬਿਰਤਾਂਤ ਹੈ ਜੋ ਲੇਖਕ ਦੇ ਹੱਡੀਂ ਹੰਢਾਏ ਸ਼ੁੱਧ ਅਨੁਭਵ 'ਤੇ ਆਧਾਰਿਤ ਹੈ। ਇਸ ਸਫ਼ਰ ਦੌਰਾਨ ਜ਼ਿੰਦਗੀ ਤੇ ਮੌਤ ਏਨਾ ਨੇੜੇ ਤੋਂ ਖਹਿ ਕੇ ਲੰਘਦੀ ਹੈ ਕਿ ਕਈ ਵਾਰ ਤਾਂ ਇਹ ਬਿਰਤਾਂਤ ਪਾਠਕ ਨੂੰ ਸੁੰਨ ਵੀ ਕਰ ਦਿੰਦਾ ਅਤੇ ਵੇਂਹਦਿਆਂ-ਵੇਂਹਦਿਆਂ ਲੋਕ ਰੇਗਿਸਤਾਨਾਂ ਜਾਂ ਸਮੁੰਦਰ ਵਿਚ ਮੌਤ ਦੇ ਮੂੰਹ ਚਲੇ ਜਾਂਦੇ ਹਨ। ਇਸ ਸਫ਼ਰ ਦਾ ਇਕ ਹਿੱਸਾ ਹੁਸ਼ਿਆਰਪੁਰ ਜ਼ਿਲ੍ਹੇ ਦੇ 'ਹਿਮਾਚਲ' ਨਾਂਅ ਦੇ ਪਿੰਡ ਦਾ ਮੁੰਡਾ ਸੋਨੂੰ ਸਹਾਰਾ ਦੇ ਰੇਗਿਸਤਾਨ ਵਿਚ ਤੜਫ-ਤੜਫ਼ ਕੇ ਮਰ ਜਾਂਦਾ ਹੈ, ਜਦ ਕਿ ਲੇਖਕ ਖ਼ੁਦ ਮੋਰੱਕੋ ਤੋਂ ਸਪੇਨ ਲਈ ਕਿਸ਼ਤੀ ਡੌਂਕੀ ਵਿਚੋਂ ਮਸਾਂ ਡੁੱਬਣੋਂ ਬਚਦਾ ਹੈ। ਅਖ਼ੀਰ ਉਹ ਕਾਰ ਦੇ ਬੋਨਟ ਵਿਚ ਬੰਦ ਹੋ ਕੇ ਸੜਕ ਰਸਤੇ ਸਪੇਨ ਪਹੁੰਚਣ ਵਿਚ ਕਾਮਯਾਬ ਹੁੰਦਾ ਹੈ। ਇਹ ਪੁਸਤਕ ਅਫ਼ਰੀਕਨ ਦੇਸ਼ਾਂ ਰਾਹੀਂ ਡੌਂਕੀ ਜ਼ਰੀਏ ਯੂਰਪ (ਸਪੇਨ) ਪਹੁੰਚਣ ਦੇ ਰਸਤੇ/ਸਫ਼ਰ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ। ਬਕੌਲ ਲੇਖਕ 'ਸਾਡਾ ਸਫ਼ਰ ਗ਼ੈਰ ਕਾਨੂੰਨੀ ਸੀ, ਰਸਤੇ ਜਾਨਲੇਵਾ ਤੇ ਰਹਿਬਰ ਨਿਰਦਈ'। ਪੁਸਤਕ ਵਿਚ ਜਾਨਲੇਵਾ ਰਸਤਿਆਂ ਅਤੇ ਨਿਰਦਈ ਰਹਿਬਰਾਂ ਅਰਥਾਤ ਏਜੰਟਾਂ/ਡੌਂਕਰਾਂ ਦੇ ਕੰਮ ਕਰਨ ਦੇ ਤਰੀਕਿਆਂ ਬਾਰੇ ਬਹੁਤ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਸਾਰਾ ਨੈੱਟਵਰਕ ਪੂਰੇ ਸੰਗਠਿਤ ਤੇ ਤਾਲਮੇਲ ਨਾਲ ਕੰਮ ਕਰਦਾ ਹੈ। 'ਲੋਕਲ ਏਜੰਟ ਦਿੱਲੀ ਦੇ ਏਜੰਟ ਸੰਚਾਲਕ ਏਜੰਟ ਡੌਂਕਰ' ਇਹ ਚਾਰ ਕਿਸਮ ਦੇ ਲੋਕ ਗੇਮ ਚਲਾਉਂਦੇ ਹਨ ਅਤੇ ਬਹੁਤ ਅਣਮਨੁੱਖੀ ਤਰੀਕੇ ਨਾਲ ਲੁੱਟਦੇ ਤੇ ਸਰੀਰਕ-ਮਾਨਸਿਕ ਤਸ਼ੱਦਦ ਕਰਦੇ ਹਨ। ਲੇਖਕ ਨੇ ਇਸ ਸਾਰੀ ਪ੍ਰਕਿਰਿਆ ਦਾ ਸਥੂਲ ਵਰਨਣ ਤਾਂ ਕੀਤਾ ਹੀ ਹੈ ਪਰ ਜਿਸ ਸ਼ਿੱਦਤ ਤੇ ਡੂੰਘਾਈ ਨਾਲ ਅਸਥੂਲ ਮਨੁੱਖੀ ਭਾਵਨਾਵਾਂ, ਅੰਤਰੀਵ ਜਜ਼ਬਿਆਂ, ਆਸ਼ਾ-ਨਿਰਾਸ਼ਾ, ਦੁੱਖਾਂ-ਦਰਦਾਂ, ਦੁਚਿੱਤੀਆਂ-ਦਲੇਰੀਆਂ, ਕਾਇਰਪੁਣੇ, ਰਿਸ਼ਤੇ-ਨਾਤਿਆਂ, ਵਿਛੋੜਿਆਂ, ਪਛਤਾਵਿਆਂ, ਹਿੰਮਤ-ਹੌਸਲਿਆਂ ਦੀ ਬਾਤ ਇਕ ਵਿਸ਼ੇਸ਼ ਕਿਸਮ ਦੇ ਭਾਵੁਕ-ਮਾਨਸਿਕ ਚਿੰਤਨੀ ਧਰਾਤਲ ਉੱਤੇ ਰੱਖ ਕੇ ਪਾਈ ਹੈ, ਇਸ ਨੇ ਇਸ ਰਚਨਾ ਦਾ ਮੁੱਲ ਬਹੁਤ ਵਧਾ ਦਿੱਤਾ ਹੈ। ਇਹ ਦਰਸ਼ਨੀ ਧਰਾਤਲ ਹੀ ਮਨੁੱਖੀ ਜੀਵ-ਥੀਵ ਨਾਲ ਜੁੜੇ ਬੁਨਿਆਦੀ ਸਵਾਲਾਂ ਨੂੰ ਫੋਕਸ ਵਿਚ ਲਿਆਉਂਦਾ ਹੈ ਅਤੇ ਪੰਜਾਬੀ ਪਰਵਾਸ, ਵਿਸ਼ੇਸ਼ ਕਰਕੇ ਗ਼ੈਰ-ਕਾਨੂੰਨੀ ਪਰਵਾਸ ਨੂੰ ਇਕ ਵਡੇਰੀ ਕੈਨਵਸ 'ਤੇ ਵਿਚਾਰਨ ਦੀ ਲੋੜ ਦਾ ਆਭਾਸ ਕਰਵਾਉਂਦਾ ਹੈ। ਮਸਲਿਆਂ ਦੇ ਬਾਹਰ ਮੁਖੀ ਵਰਨਣ ਨਾਲੋਂ ਅੰਤਰ-ਝਾਤੀ ਵਿਸ਼ਲੇਸ਼ਣ ਵਿਧੀ ਇਕ ਵਿਸ਼ੇਸ਼ ਤਾਕਤ ਬਣ ਕੇ ਉੱਭਰਦੀ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਕ ਹੱਸਾਸ ਦਿਲ ਵਿਅਕਤੀ ਇਸ ਸਾਰੀ ਸਥਿਤੀ ਨੂੰ ਕਿਵੇਂ ਦੇਖਦਾ-ਸਮਝਦਾ ਤੇ ਵਿਸਤਾਰਦਾ ਹੈ। ਇਹ ਪੁਸਤਕ ਸਾਨੂੰ ਬਹੁਤ ਸਾਰੀਆਂ ਅਜਿਹੀਆਂ ਜ਼ਮੀਨੀ ਹਕੀਕਤਾਂ ਦੇ ਰੂ-ਬਰੂ ਕਰਵਾਉਂਦੀ ਹੈ ਕਿ ਗ਼ੈਰ-ਕਾਨੂੰਨੀ ਪਰਵਾਸ ਲਈ ਕੇਵਲ ਨੌਜਵਾਨ ਵਰਗ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਅਮਰੀਕ ਸਿੰਘ ਬੱਲ ਦੀ ਇਹ ਲਿਖਤ ਇਕ ਸ਼ੀਸ਼ਾ ਦਿਖਾਉਂਦੀ ਹੈ ਅਤੇ ਸ਼ੀਸ਼ਾ ਦੇਖਣ ਨਾਲ ਹੀ ਹਕੀਕਤ ਦੇ ਰੂ-ਬਰੂ ਹੋਇਆ ਜਾ ਸਕਦਾ ਹੈ। ਹਰ ਸੂਝਵਾਨ ਪੰਜਾਬੀ ਨੂੰ ਇਹ ਸ਼ੀਸ਼ਾ ਜ਼ਰੂਰ ਦੇਖਣਾ ਚਾਹੀਦਾ ਹੈ।
-ਡਾ. ਸੁਖਵਿੰਦਰ ਸਿੰਘ ਰੰਧਾਵਾ
ਮੋਬਾਈਲ : 98154-58666
ਸਾਗਰ ਦੇ ਮੋਤੀ
ਲੇਖਿਕਾ : ਰੂਪ ਸਾਗਰ
ਪ੍ਰਕਾਸ਼ਕ : ਹੁਨਰ ਪਬਲੀਕੇਸ਼ਨਜ਼, ਭੁੱਨਰਹੇੜੀ, ਪਟਿਆਲਾ
ਮੁੱਲ : 220 ਰੁਪਏ, ਸਫ਼ੇ : 112
ਸੰਪਰਕ: 98778-67463

ਕਵਿੱਤਰੀ ਰੂਪ ਸਾਗਰ ਦੇ ਇਸ ਪਲੇਠੇ ਕਾਵਿ-ਸੰਗ੍ਰਹਿ ਵਿਚ 91 ਕਵਿਤਾਵਾਂ ਸ਼ਾਮਿਲ ਹਨ। ਆਓ, ਕੁਝ ਝਲਕਾਂ ਮਾਣੀਏ-
-ਜੇ ਮਿਲਣਾ ਜਿੰਦੜੀਏ ਸਵੇਰਿਆਂ 'ਚ ਆਵੀਂ ਤੂੰ,
ਧੁੱਪਾਂ ਵਿਚ ਘਿਰੇ ਨੀ ਚੁਫ਼ੇਰਿਆਂ 'ਚ ਆਵੀਂ ਤੂੰ।
-ਡੂੰਘੀਆਂ ਪੀੜਾਂ ਬਿਖੜੇ ਹਾਸੇ ਨੇ ਉਮਰਾਂ ਦਾ ਸਰਮਾਇਆ,
ਹੱਥਾਂ ਵਿਚ ਦਰਦਾਂ ਦੇ ਕਾਸੇ ਨੇ ਉਮਰਾਂ ਦਾ ਸਰਮਾਇਆ।
-ਤੂੰ ਜ਼ਰੂਰੀ ਹੈਂ, ਜ਼ਖ਼ਮ ਨੂੰ ਮੱਲ੍ਹਮ ਦੀ ਤਰ੍ਹਾਂ।
ਤੂੰ ਜ਼ਰੂਰੀ ਹੈਂ, ਸਾਜ਼ ਨੂੰ ਸਰਗਮ ਦੀ ਤਰ੍ਹਾਂ।
-ਮੈਂ ਚਾਹੁੰਦੀ ਹਾਂ ਮੁਹੱਬਤ ਲਿਖਣਾ
ਹਰ ਨੁੱਕਰ ਹਰ ਮੋੜ ਦੇ ਉੱਤੇ।
ਮੈਂ ਚਾਹੁੰਦੀ ਹਾਂ ਮੁਹੱਬਤ ਲਿਖਣਾ
ਹਰ ਇਕ ਚੁੱਪ ਹਰ ਸ਼ੋਰ ਦੇ ਉੱਤੇ।
-ਮੇਰੇ ਲਫ਼ਜ਼ਾਂ ਨੂੰ ਮਹਿਸੂਸ ਕਰੀਂ ਉੱਥੇ ਤੀਕਰ
ਜਿੱਥੇ ਹਵਾ ਪਰਬਤਾਂ ਨੂੰ ਚੀਰ ਕੇ ਹਵਾ ਹੋ ਜਾਏ।
ਇਨ੍ਹਾਂ ਕਵਿਤਾਵਾਂ ਵਿਚ ਇਸ਼ਕ, ਮੁਹੱਬਤ, ਵੇਦਨਾ ਅਤੇ ਵਿਯੋਗ ਦੇ ਅਹਿਸਾਸ ਪਰੋਏ ਹੋਏ ਹਨ। ਇਨ੍ਹਾਂ ਵਿਚ ਪਿੰਡਾਂ ਦਾ ਪਿਆਰ, ਰਿਸ਼ਤਿਆਂ ਦਾ ਨਿੱਘ ਅਤੇ ਬਜ਼ੁਰਗਾਂ ਦੀਆਂ ਯਾਦਾਂ ਸਮੋਈਆਂ ਹੋਈਆਂ ਹਨ। ਮੁਹੱਬਤ ਦੀ ਪਗਡੰਡੀ 'ਤੇ ਤੁਰਨ ਦਾ ਚਾਅ ਹੈ। ਇਸ ਕਾਵਿ-ਸੰਗ੍ਰਹਿ ਦਾ ਸੁਆਗਤ ਹੈ।
-ਡਾ. ਸਰਬਜੀਤ ਕੌਰ ਸੰਧਾਵਾਲੀਆ
ਐਸੀ ਦਸ਼ਾ ਹਮਾਰੀ
ਅਜ਼ਾਦੀ ਦੇ 100 ਸਾਲਾਂ ਦੀ ਦਾਸਤਾਨ
ਲੇਖਕ : ਐਸ. ਐਲ. ਵਿਰਦੀ
ਪ੍ਰਕਾਸ਼ਕ : ਪੰਜਾਬੀ ਵਿਰਸਾ ਟਰੱਸਟ ਪਲਾਹੀ, ਕਪੂਰਥਲਾ
ਮੁੱਲ : 300 ਰੁਪਏ, ਸਫ਼ੇ : 288
ਸੰਪਰਕ : 98145 17499

ਐਡਵੋਕੇਟ ਸੰਤੋਖ ਲਾਲ ਵਿਰਦੀ ਆਪਣੀ ਕਲਮ ਰਾਹੀਂ ਚਿੰਤਨ ਦੇ ਪ੍ਰਚਾਰ ਪਸਾਰ ਲਈ ਯਤਨਸ਼ੀਲ ਹਨ। ਉਹ ਲਗਾਤਾਰਤਾ ਵਿਚ ਸਾਹਿਤ ਸਿਰਜ ਰਹੇ ਹਨ, ਉਹ ਵੀ ਉਸਾਰੂ ਸਾਹਿਤ ਜੋ ਸਮਾਜ ਨੂੰ ਸੇਧ ਦੇਵੇ, ਜਾਗਰੂਕਤਾ ਪੈਦਾ ਕਰੇ, ਮਨੁੱਖੀ ਹੱਕਾਂ ਦੀ ਹਾਮੀ ਭਰੇ ਅਤੇ ਸੋਚ ਨੂੰ ਹਨੇਰਿਆਂ ਤੋਂ ਚਾਨਣ ਵੱਲ ਲੈ ਕੇ ਜਾਵੇ। ਐਸ. ਐਲ. ਵਿਰਦੀ ਦੀ ਪੁਸਤਕ 'ਐਸੀ ਦਸ਼ਾ ਹਮਾਰੀ' ਵਿਚ ਅਠਾਈ ਛੋਟੇ ਨਾਟਕ ਹਨ। ਲੇਖਕ ਨੇ ਇਨ੍ਹਾਂ ਨਾਟਕਾਂ ਨੂੰ ਅਜ਼ਾਦੀ ਦੇ ਸੌ ਸਾਲ ਦੇ ਦਾਇਰੇ ਵਿਚਲੇ ਘਟਨਾ ਕਰਮ ਦੇ ਅਧਾਰਿਤ ਬੁਣਿਆ ਹੈ। ਇਹ ਨਾਟਕ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਐਡਵੋਕੇਟ ਵਿਰਦੀ ਨੇ ਜੋਤੀ ਰਾਓ ਫੂਲੇ ਅਤੇ ਡਾ. ਭੀਮ ਰਾਓ ਅੰਬੇਡਕਰ ਦੀ ਉਸ ਸੋਚ ਨੂੰ ਸਾਹਿਤ ਰਾਹੀਂ ਅੱਗੇ ਤੋਰਿਆ ਹੈ ਜਿਸ ਸੋਚ ਸਦਕਾ ਦੱਬੇ ਕੁਚਲੇ ਸਮਾਜ ਨੂੰ ਮਾਣ ਸਨਮਾਨ ਦੇ ਕੇ ਬਰਾਬਰਤਾ ਦਾ ਰੁਤਬਾ ਮਿਲੇ। ਨਾਟਕ 'ਪਿੰਡ ਤੋਂ ਬਾਹਰ ਦੇ ਲੋਕ' ਵਿਚ ਵੀਰ ਜੀ ਲੋਕਾਂ ਨੂੰ ਸੁਚੇਤ ਕਰ ਰਹੇ ਹਨ ਕਿ ਮੰਨੂਵਾਦੀਆਂ ਨੇ ਕਿਵੇਂ ਸ਼ਰੇਯਾਨ ਸਵਧਰਮੀ ਵਿਗੁਣ ਵਾਲੀ ਸਥਿਤੀ ਸਿਰਜ ਕੇ ਜਨਮਾਂਤਰਵਾਦ ਵਰਗਾ ਖ਼ਤਰਨਾਕ ਛੜਯੰਤਰ ਖੜ੍ਹਾ ਕੀਤਾ। ਨਾਟਕ 'ਤਿੰਨ ਪੀੜ੍ਹੀਆਂ ਦਾ ਸੰਤਾਪ' ਵਿਚ ਵੀਰ ਜੀ ਪੁਛਦੇ ਹਨ ਕਿ ਤੁਸੀਂ ਮੈਂਨੂੰ ਆਪਣੇ ਵੇਲੇ ਦੀਆਂ ਤਿੰਨ ਪੀੜ੍ਹੀਆਂ, ਤੁਹਾਡੇ ਬਾਬਾ ਜੀ, ਤੁਹਾਡੇ ਭਾਪਾ ਜੀ ਅਤੇ ਤੁਸੀਂ ਆਪਣੇ ਬਾਰੇ, ਉਨ੍ਹਾਂ ਆਪਣੇ ਸਮੇਂ ਵਿਚ ਕੀ-ਕੀ ਹੰਢਾਇਆ ਬਾਰੇ ਜੇ ਮੈਂ ਸਵਾਲ ਪੁੱਛਾਂ ਤਾਂ ਦੱਸ ਸਕਦੇ ਹੋ। ਵੀਰ ਜੀ ਵਲੋਂ ਇਹ ਪੁੱਛਣਾਂ ਹੀ ਸੁਚੇਤ ਕਰਨਾ ਹੈ। ਨਾਟਕ 'ਸੱਭਿਾਅਚਾਰ ਇਨਕਲਾਬ' ਵਿਚ ਵੀਰ ਜੀ ਕਹਿੰਦੇ ਹਨ ਕਿ ਸੰਵਿਧਾਨ ਕਿਸੇ ਵੀ ਦੇਸ਼ ਦਾ ਸਰਬਉੱਚ ਦਸਤਾਵੇਜ਼ ਹੁੰਦਾ ਹੈ ਜਿਸ ਵਿਚ ਉਹ ਸਾਰੇ ਸਿਧਾਂਤ, ਨੀਤੀਆਂ ਅਤੇ ਨਿਰਦੇਸ਼ ਹੁੰਦੇ ਹਨ ਜਿਨ੍ਹਾਂ ਦੇ ਅਧਾਰ 'ਤੇ ਸਰਕਾਰ ਨੇ ਚੱਲਣਾ ਹੁੰਦਾ ਹੈ ਤਾਂ ਕਿ ਦੇਸ਼ ਦੇ ਲੋਕ ਹਰ ਪਹਿਲੂ ਤੋਂ ਤਰੱਕੀ, ਵਿਕਾਸ ਅਤੇ ਖੁਸ਼ਹਾਲੀ ਪ੍ਰਾਪਤ ਕਰਕੇ ਸੁੱਖ-ਸ਼ਾਂਤੀ ਦਾ ਜੀਵਨ ਮਾਣ ਸਕਣ। ਇਸੇ ਤਰ੍ਹਾਂ ਇਸ ਪੁਸਤਕ ਵਿਚਲੇ ਸਾਰੇ ਨਾਟਕ ਕਿਸੇ ਨਾ ਕਿਸੇ ਗੰਭੀਰ ਵਿਸ਼ੇ ਨੂੰ ਲੈ ਕੇ ਉਸਾਰੇ ਗਏ ਹਨ ਜਿਵੇਂ ਕਿ 'ਦਲਿਤ ਔਰਤਾਂ ਦੀ ਦਾਸਤਾਨ', 'ਅਨਪੜ੍ਹ', 'ਘਨੱਈਆ', 'ਹਾਈ ਕੋਰਟ', 'ਵਾਹਗਾ ਬਾਰਡਰ', 'ਪਰਉਪਕਾਰੀ ਬਾਬਾ ਅੰਬਡੇਕਰ', 'ਸਵਰਨ ਪਾਣੀ-ਅਛੂਤ ਪਾਣੀ', 'ਧੀ ਧਿਆਣੀ ਕਿੱਥੇ ਜਾਵੇ', 'ਗੁਰੂ ਮੰਨਿਆ ਪਰ ਗੁਰੂ ਦੀ ਮੰਨੀ ਨਹੀਂ', 'ਮਨ ਦਾ ਖੋਟ', 'ਸਾਡੀ ਸਿਮੀ ਜੱਜ ਬਣੂਗੀ', 'ਮਨਰੇਗਾ ਮਜ਼ਦੂਰਾਂ ਦੀ ਤ੍ਰਾਸਦੀ', 'ਮਿੱਡ ਡੇ ਮਜ਼ਦੂਰਾਂ ਦੀ ਤਰਾਸਦੀ', 'ਨਵੇਂ ਸਮਾਜ ਦੀ ਸਿਰਜਣਾ ਦੇ ਯੋਧੇ', 'ਵਿਦਿਆ ਸ਼ੇਰਨੀ ਦਾ ਦੁੱਧ', 'ਕਰ ਮਜ਼ਦੂਰੀ-ਖਾਹ ਝਿੜਕਾਂ' ਸਮੇਤ ਸਾਰੇ ਦੇ ਸਾਰੇ ਨਾਟਕ ਹੀ ਸਮਾਜਕ ਚੇਤਨਾ ਦਾ ਹੋਕਾ ਦਿੰਦੇ ਹਨ। ਇਹ ਨਾਟਕ ਆਮ ਜਨਤਾ ਨੂੰ, ਖਾਸ ਕਰ ਨੌਜਵਾਨ ਪੀੜ੍ਹੀ ਨੂੰ ਪੜ੍ਹਨੇ ਚਾਹੀਦੇ ਹਨ। ਰੰਗਮੰਚ ਤੇ ਮੰਚਤ ਹੋਣ ਨਾਲ ਇਨ੍ਹਾਂ ਨਾਟਕਾਂ ਦੀ ਸਾਰਥਕਤਾ ਹੋਰ ਵਧੇਗੀ।
-ਨਿਰਮਲ ਜੌੜਾ
ਮੋਬਾਈਲ : 98140-789799-
-


























































































































































.jpg)


















































