JALANDHAR WEATHER

19-06-26

 ਖੁਦ 'ਤੇ ਭਰੋਸਾ ਹੀ ਜਿੱਤ ਹੁੰਦੈ !

ਜ਼ਿੰਦਗੀ ਦੀ ਹਰ ਲੜਾਈ 'ਚ ਜੇ ਤੁਸੀ ਜਿੱਤ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਇਕ ਗੱਲ ਲੜ ਬੰਨ੍ਹ ਲਵੋ ਕੇ ਖੁਦ 'ਤੇ ਭਰੋਸਾ ਰੱਖੋਗੇ ਤਾਂ ਜਿੱਤ ਯਕੀਨੀ ਹੈ। ਕਈ ਵਾਰ ਮਨੁੱਖ ਦੂਜੇ 'ਤੇ ਆਸ ਜਾਂ ਭਰੋਸਾ ਕਰਕੇ ਜ਼ਿੰਦਗੀ ਦੀ ਜੰਗ ਜਿੱਤਣਾ ਚਾਹੁੰਦਾ ਹੈ, ਜੋ ਅਸੰਭਵ ਹੈ। ਜੰਗ ਬੇਸ਼ਕ ਕਿਸੇ ਵੀ ਖੇਤਰ 'ਚ ਹੋਵੇ, ਆਪਣੇ ਖੁਦ ਦੇ ਭਰੋਸੇ 'ਤੇ ਹੀ ਜਿੱਤੀ ਜਾ ਸਕਦੀ ਹੈ। ਇਸ ਲਈ ਜਦੋਂ ਵੀ ਕਿਸੇ ਕੰਮ 'ਚ ਕਾਮਯਾਬੀ ਹਾਸਿਲ ਕਰਨੀ ਹੋਵੇ ਤਾਂ ਪਹਿਲਾਂ ਆਪਣੇ-ਆਪ ਨੂੰ ਪੂਰੀ ਤਰਾਂ ਮਜ਼ਬੂਤ ਕਰ ਲਓ। ਤੁਹਾਡੀ ਮਜ਼ਬੂਤੀ ਤੁਹਾਡੀ ਸਫ਼ਲਤਾ ਦਾ ਰਾਹ ਪੱਧਰਾ ਕਰ ਦੇਵੇਗੀ ਤੇ ਤੁਹਾਡੀ ਜਿੱਤ ਆਸਾਨ ਜਾਵੇਗੀ। ਇਸ ਲਈ ਜੀਵਨ 'ਚ ਅਨੁਸ਼ਾਸਨ, ਸੁਹਿਦਰਤਾ ਤੇ ਦ੍ਰਿੜ੍ਹਤਾ ਬਹੁਤ ਜ਼ਰੂਰੀ ਹੈ।

ਲੈਕਚਰਾਰ ਅਜੀਤ ਖੰਨਾ

ਸੋਸ਼ਲ ਮੀਡੀਆ 'ਤੇ ਪਾਬੰਦੀ

ਹਾਲ ਹੀ ਵਿਚ ਆਂਧਰਾ ਪ੍ਰਦੇਸ਼ ਤੇ ਕਰਨਾਟਕ ਸੂਬਿਆਂ ਨੇ ਬੱਚਿਆਂ ਦੇ ਸੋਸ਼ਲ ਮੀਡੀਆ ਵੇਖਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਜਦੋਂ ਕਈ ਵਾਰ ਬੱਚੇ ਕੋਈ ਜਾਣਕਾਰੀ ਸਰਚ ਕਰ ਰਹੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਈ ਵਾਰ ਗ਼ਲਤ ਜਾਣਕਾਰੀ ਮਿਲ ਜਾਂਦੀ ਹੈ, ਜਿਸ ਕਾਰਨ ਉਹ ਆਪਣਾ ਨੁਕਸਾਨ ਕਰਵਾ ਬੈਠਦੇ ਹਨ। ਦਸਵੀਂ ਕਲਾਸ ਦੇ ਵਿਦਿਆਰਥੀ ਵੀ ਸਕੂਲਾਂ ਵਿਚ ਮੋਬਾਈਲ ਲੈ ਕੇ ਜਾਂਦੇ ਹਨ। ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਕਰਕੇ ਬੱਚਿਆਂ ਦਾ ਕਿਤਾਬਾਂ ਪੜ੍ਹਨ ਦਾ ਰੁਝਾਨ ਘੱਟ ਗਿਆ ਹੈ। ਬੱਚਿਆਂ ਨੂੰ ਇਹ ਹੁੰਦਾ ਹੈ ਕਿ ਸੰਬੰਧਿਤ ਵਿਸ਼ੇ ਦੀ ਜਾਣਕਾਰੀ ਇੰਟਰਨੈਟ 'ਤੇ ਪਈ ਹੈ, ਮੈਂ ਉਹ ਪੜ੍ਹ ਲਵਾਂਗਾ। ਮੋਬਾਈਲ 'ਤੇ ਜ਼ਿਆਦਾ ਸਮਾਂ ਦੇਣ ਕਾਰਨ ਬੱਚਿਆਂ ਨੂੰ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਬਿਲਕੁਲ ਵੀ ਨਹੀਂ ਪਤਾ ਹੈ। ਖੇਡ ਮੈਦਾਨ ਵਿਚ ਬੱਚੇ ਜਾਣਾ ਭੁੱਲ ਚੁੱਕੇ ਹਨ। ਅੱਖਾਂ 'ਤੇ ਐਨਕਾਂ ਚੜ੍ਹ ਗਈਆਂ ਹਨ। ਕਈ ਵਿਦੇਸ਼ਾਂ ਜਿਵੇਂ ਆਸਟਰੇਲੀਆ, ਇੰਗਲੈਂਡ, ਜਰਮਨੀ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਦੇ। ਹਿਮਾਚਲ ਪ੍ਰਦੇਸ਼ ਨੇ ਵੀ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਕੂਲ ਵਿਚ ਮੋਬਾਈਲ ਲਿਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਆਂਧਰਾ ਪ੍ਰਦੇਸ਼ ਤੇ ਕਰਨਾਟਕ ਨੇ ਬਿਲਕੁੱਲ ਸਹੀ ਫ਼ੈਸਲਾ ਲਿਆ ਹੈ। ਹੋਰ ਸੂਬਿਆਂ ਨੂੰ ਵੀ ਅਜਿਹੇ ਫ਼ੈਸਲੇ ਬੱਚਿਆਂ ਦੇ ਭਵਿੱਖ ਲਈ ਲੈਣੇ ਚਾਹੀਦੇ ਹਨ। ਅਜਿਹੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ, ਤਾਂ ਜੋ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਬਾਰੇ ਪਤਾ ਲੱਗ ਸਕੇ।

-ਸੰਜੀਵ ਸਿੰਘ ਸੈਣੀ, ਮੋਹਾਲੀ