JALANDHAR WEATHER

22-06-26

 ਸ਼ਖ਼ਸੀਅਤ ਬਾਰੇ ਤੱਥ
'ਸ਼ਖ਼ਸੀਅਤ' ਵਿਚ ਉਹ ਸਭ ਕੁਝ ਸ਼ਾਮਿਲ ਹੁੰਦਾ ਹੈ, ਜੋ ਇਕ ਵਿਅਕਤੀ ਦੇ ਕੋਲ ਹੁੰਦਾ ਹੈ। ਇਕ ਵਿਅਕਤੀ ਆਪਣੇ ਜੀਵਨ ਦੀਆਂ ਸਮੱਸਿਆਵਾਂ ਨੂੰ ਕਿਸ ਢੰਗ ਨਾਲ ਹੱਲ ਕਰਦਾ ਹੈ ਅਤੇ ਕਿਹੜੇ ਉਦੇਸ਼ ਮਿੱਥ ਕੇ ਕੰਮ ਕੀਤੇ ਜਾ ਰਹੇ ਹਨ, ਅਰਥਾਤ ਵਿਅਕਤੀ ਦੇ ਜਿਊਣ ਦੇ ਢੰਗ ਨੂੰ ਹੀ ਸ਼ਖ਼ਸੀਅਤ ਕਿਹਾ ਜਾਂਦਾ ਹੈ। ਸ਼ਖ਼ਸੀਅਤ ਬੇਜੋੜ ਅਤੇ ਵਿਸ਼ੇਸ਼ ਹੁੰਦੀ ਹੈ। ਜੁੜਵਾਂ ਬੱਚੇ ਵੀ ਬਿਲਕੁਲ ਇਕੋ ਜਿਹਾ ਵਿਵਹਾਰ ਨਹੀਂ ਕਰਦੇ। ਸ਼ਖ਼ਸੀਅਤ ਦੀ ਧਾਰਨਾ ਵਿਚ ਸਵੈ-ਚੇਤਨਾ ਦਾ ਗੁਣ ਸ਼ਾਮਿਲ ਹੁੰਦਾ ਹੈ। ਸਵੈ-ਚੇਤਨਾ ਦੇ ਗੁਣ ਨਾਲ ਹੀ ਸ਼ਖ਼ਸੀਅਤ ਦੀ ਹੋਂਦ ਪ੍ਰਗਟ ਹੁੰਦੀ ਹੈ। ਵਿਅਕਤੀ ਦੇ ਵਿਹਾਰ ਦੇ ਗਿਆਨਾਤਮਕ, ਕਿਰਿਆਤਮਕ ਅਤੇ ਭਾਵਾਤਮਕ ਤਿੰਨ ਪੱਖ ਸ਼ਾਮਿਲ ਹੁੰਦੇ ਹਨ ਅਤੇ ਵਿਅਕਤੀ ਕੋਲ ਚੇਤਨ, ਅਰਧ-ਚੇਤਨ ਅਤੇ ਅਚੇਤਨ ਅਵਸਥਾਵਾਂ ਹੁੰਦੀਆਂ ਹਨ। ਸਾਡੀ ਸ਼ਖ਼ਸੀਅਤ ਖਾਨਦਾਨੀ ਗੁਣਾਂ ਅਤੇ ਵਾਤਾਵਰਨ ਦੋਨਾਂ ਦੀ ਸਾਂਝੀ ਉਪਜ ਹੈ। ਸ਼ਖ਼ਸੀਅਤ ਦੇ ਵਿਕਾਸ ਲਈ ਸਿੱਖਣਾ ਅਤੇ ਤਜਰਬਿਆਂ ਦਾ ਪ੍ਰਯੋਗ ਬਹੁਤ ਸਹਾਇਕ ਸਿੱਧ ਹੁੰਦੇ ਹਨ। ਸ਼ਖ਼ਸੀਅਤ ਜੜ੍ਹ ਨਹੀਂ, ਸਗੋਂ ਗਤੀਸ਼ੀਲ ਵਸਤੂ ਹੁੰਦੀ ਹੈ। ਵਿਅਕਤੀ ਜਨਮ ਤੋਂ ਲੈ ਕੇ ਆਪਣੇ ਆਖ਼ਰੀ ਸਾਹ ਤੱਕ ਹਾਲਾਤਾਂ ਅਨੁਸਾਰ ਸਮਾਯੋਜਨ ਜਾਂ ਢਾਲਣ ਲਈ ਲਗਾਤਾਰ ਸੰਘਰਸ਼ ਕਰਦਾ ਰਹਿੰਦਾ ਹੈ। ਇਸ ਸੰਘਰਸ਼ ਦੌਰਾਨ ਸ਼ਖ਼ਸੀਅਤ ਸੰਬੰਧੀ ਗੁਣਾਂ ਵਿਚ ਲੋੜ ਅਨੁਸਾਰ ਜ਼ਰੂਰੀ ਪਰਿਵਰਤਨ ਆਉਂਦੇ ਰਹਿੰਦੇ ਹਨ। ਆਧੁਨਿਕ ਖੋਜਾਂ ਅਨੁਸਾਰ ਸਖ਼ਸੀਅਤ ਦੇ ਕੁਝ ਗੁਣ ਜੜ੍ਹ-ਰੂਪ ਵੀ ਹੁੰਦੇ ਹਨ।

-ਕੁਲਵਿੰਦਰ ਸਿੰਘ
ਪਿੰਡ ਬਿਹਾਲਾਂ (ਹੁਸ਼ਿਆਰਪੁਰ)।

ਘਟਦਾ ਸੰਵਾਦ ਗੰਭੀਰ ਸੰਕਟ
ਤਕਨਾਲੋਜੀ ਨੇ ਜਿੱਥੇ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕੀਤਾ ਹੈ। ਇਨਸਾਨ ਨੂੰ ਸੁੱਖ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਉੱਥੇ ਆਦਮੀ ਨੂੰ ਸਵੈ-ਕੇਂਦਰਤ ਹੋਣ ਵਰਗੇ ਸੰਕਟ ਵੱਲ ਬੜੀ ਤੇਜ਼ੀ ਨਾਲ ਧੱਕਦੀ ਜਾ ਰਹੀ ਹੈ। ਉਹ ਆਪਣੇ-ਆਪ ਤੱਕ ਹੀ ਸਿਮਟਦਾ ਜਾ ਰਿਹਾ ਹੈ। ਲੋਕਾਂ ਦਾ ਆਪਣੇ ਆਂਢ-ਗੁਆਂਢ ਨਾਲ਼ ਗੱਲਬਾਤ ਦਾ ਦਾਇਰਾ ਬਹੁਤ ਘਟਦਾ ਜਾ ਰਿਹਾ ਹੈ। ਹਾਲ ਹੀ ਵਿਚ ਬ੍ਰਿਟੇਨ 'ਚ ਹੋਏ ਸਰਵੇ ਦੌਰਾਨ ਇਸ ਗੰਭੀਰ ਸੰਕਟ ਨੂੰ ਦੇਖਦਿਆਂ ਉਥੋਂ ਦੇ ਸਰਵਜਨਕ ਜੀਵਨ ਨਾਲ ਜੁੜੇ ਲੋਕਾਂ ਨੇ 'ਰਾਸ਼ਟਰੀ ਸੰਵਾਦ ਪਰਿਯੋਜਨਾ' ਸ਼ੁਰੂ ਕੀਤੀ ਹੈ। ਆਦਮੀ ਨੂੰ ਆਪਣੇ ਪਰਿਵਾਰ ਤੇ ਆਂਢ-ਗੁਆਂਢ ਨਾਲ ਇਕ ਨਿਸ਼ਚਿਤ ਸਮਾਂ ਤੈਅ ਕਰਕੇ ਗੱਲਬਾਤ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਅਸਲ ਵਿਚ ਗੱਲਬਾਤ ਘਟਣ ਦਾ ਕਾਰਨ ਆਦਮੀ ਦੇ ਹੱਥ ਸਮਾਰਟ ਫੋਨ, ਇੰਟਰਨੈੱਟ, ਆਧੁਨਿਕ ਯੰਤਰ ਆਦਿ ਹੋਣਾ ਹੈ। ਵਿਕਸਿਤ ਦੇਸ਼ਾਂ ਵਿਚ ਜਿੱਥੇ ਵਿਅਕਤੀ ਆਪਣਿਆਂ ਤੇ ਦੂਜਿਆਂ ਨਾਲੋਂ ਬੜੀ ਤੇਜ਼ੀ ਨਾਲ ਅਲੱਗ ਹੁੰਦਾ ਜਾ ਰਿਹਾ ਹੈ, ਉੱਥੇ ਵਿਕਾਸਸ਼ੀਲ ਦੇਸ਼ ਵੀ ਇਸ ਬਿਮਾਰੀ ਤੋਂ ਅਛੂਤੇ ਨਹੀਂ। ਆਧੁਨਿਕ ਤਕਨੀਕ ਨੇ ਜਿੱਥੇ ਮਨੁੱਖ ਨੂੰ ਆਤਮ ਨਿਰਭਰ ਬਣਾਇਆ ਹੈ, ਉੱਥੇ ਉਸ ਨੂੰ ਸਮਾਜਿਕ ਪੱਖੋਂ ਅਲੱਗ-ਥਲੱਗ ਕਰ ਦਿੱਤਾ ਹੈ। ਹੁਣ ਮਨੋਰੰਜਨ, ਖਰੀਦਦਾਰੀ, ਪਤਾ ਪੁੱਛਣਾ, ਸਲਾਹ ਲੈਣਾ ਆਦਿ ਇਹ ਸਭ ਮੋਬਾਈਲ ਸਕਰੀਨ 'ਤੇ ਹੋਣ ਲੱਗ ਪਿਆ ਹੈ, ਕਿਸੇ ਕੋਲ ਨਿੱਜੀ ਰੂਪ ਵਿਚ ਜਾਣ ਦੀ ਜ਼ਰੂਰਤ ਨਹੀਂ। ਇਹ ਪ੍ਰਵਿਰਤੀ ਬੜੀ ਤੇਜ਼ੀ ਨਾਲ ਵਿਅਕਤੀ ਨੂੰ ਇਕੱਲਾ ਕਰਦੀ ਅਤੇ ਸਮਾਜ ਨਾਲੋਂ ਤੋੜਦੀ ਜਾ ਰਹੀ ਹੈ, ਜਿਸ ਨਾਲ਼ ਮਾਨਸਿਕ ਤਣਾਅ, ਦਿਲ ਦੀ ਬਿਮਾਰੀ, ਬੇਵਕਤੀ ਮੌਤ ਦਾ ਸੰਕਟ ਮਨੁੱਖ ਨੂੰ ਘੇਰਦਾ ਜਾ ਰਿਹਾ ਹੈ।

-ਲਾਭ ਸਿੰਘ ਸ਼ੇਰਗਿੱਲ
ਬਡਰੁੱਖਾਂ, ਸੰਗਰੂਰ

ਵਾਤਾਵਰਨ ਨੂੰ ਕਦੇ ਨਾ ਵਿਸਾਰੋ
ਅਸੀਂ ਵੱਡੀਆਂ ਕੋਠੀਆਂ ਉਸਾਰ ਲਈਆਂ, ਪਰ ਰੁੱਖ ਵੱਢ ਕੇ ਵਿਹੜੇ ਸੁੰਨੇ ਕਰ ਲਏ। ਹੁਣ ਧੁੱਪ ਸਿੱਧੀ ਘਰਾਂ ਵਿਚ ਵੱਜਦੀ ਹੈ ਤੇ ਅਸੀਂ ਏ.ਸੀ. ਦੇ ਬਿੱਲ ਲਈ ਰੋਂਦੇ ਹਾਂ। ਸਾਡਾ 'ਹਰਿਆ ਭਰਿਆ ਪੰਜਾਬ' ਹੁਣ ਕਿਤਾਬਾਂ ਵਿਚ ਹੀ ਰਹਿ ਗਿਆ ਹੈ। ਪਹਿਲਾਂ ਹਰ ਪਿੰਡ ਦੇ ਬਾਹਰ ਛੱਪੜ ਹੁੰਦਾ ਸੀ, ਹੁਣ ਕੰਕਰੀਟ ਦੇ ਜੰਗਲ ਹਨ। ਪਹਿਲਾਂ ਤਲਵੰਡੀ ਸਾਬੋ ਦੀਆਂ ਟਾਹਲੀਆਂ ਮਸ਼ਹੂਰ ਸਨ, ਹੁਣ ਸਫੈਦੇ ਦੇ ਬਾਗ਼ ਲਾ ਕੇ ਅਸੀਂ ਜ਼ਮੀਨ ਦਾ ਪਾਣੀ ਪੀ ਗਏ। ਝੋਨੇ ਦੇ ਲਾਲਚ ਨੇ ਧਰਤੀ ਹੇਠਲਾ ਪਾਣੀ 600 ਫੁੱਟ ਤੱਕ ਧੱਕ ਦਿੱਤਾ ਹੈ।ਅਸੀਂ ਤਰੱਕੀ ਦੇ ਨਾਂਅ 'ਤੇ ਵਿਨਾਸ਼ ਖਰੀਦ ਲਿਆ। ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਬਿਨਾਂ ਟ੍ਰੀਟ ਕੀਤੇ ਦਰਿਆਵਾਂ ਵਿਚ ਸੁੱਟ ਦਿੱਤਾ ਜਾਂਦਾ ਹੈ। ਸਤਲੁਜ ਦਾ ਪਾਣੀ ਜਿਸ ਨਾਲ ਅਸੀਂ ਇਸ਼ਨਾਨ ਕਰਦੇ ਸੀ, ਅੱਜ ਹੱਥ ਲਾਉਣ ਜੋਗਾ ਨਹੀਂ ਰਿਹਾ। ਸਮਾਂ ਆ ਗਿਆ ਹੈ ਕਿ ਅਸੀਂ 'ਵਿਕਾਸ' ਦੀ ਪਰਿਭਾਸ਼ਾ ਬਦਲੀਏ। ਵਿਕਾਸ ਉਹ ਨਹੀਂ ਜਿਸ ਵਿਚ ਸੜਕਾਂ ਤਾਂ ਚੌੜੀਆਂ ਹੋ ਜਾਣ ਪਰ ਸਾਹ ਘੁਟਣ ਲੱਗ ਪਵੇ। ਵਿਕਾਸ ਉਹ ਹੈ ਜਿਸ ਵਿਚ ਤੁਹਾਡਾ ਪੋਤਾ ਪੋਤੀ ਬਿਨਾਂ ਮਾਸਕ ਦੇ ਸਕੂਲ ਜਾ ਸਕਣ। ਵਿਕਾਸ ਉਹ ਹੈ ਜਿਸ ਵਿਚ ਦਰਿਆ ਦਾ ਪਾਣੀ ਪੀਣ ਜੋਗਾ ਹੋਵੇ।

-ਗੌਰਵ ਮੁੰਜਾਲ
ਪੀ.ਸੀ.ਐਸ

ਅਹਿਸਾਨਵੰਦ ਬਣੋ
ਅਕ੍ਰਿਤਘਣ ਭਾਵ ਜੋ ਕਿਸੇ ਦੀ ਕੀਤੀ ਨਾ ਜਾਣੇ। ਜੋ ਕਿਸੇ ਦੇ ਕੀਤੇ ਗਏ ਅਹਿਸਾਨ ਨੂੰ ਭੁੱਲ ਜਾਵੇ। ਅਕਸਰ ਵੇਖਿਆ ਹੈ ਕਿ ਜੇ ਜ਼ਿੰਦਗੀ 'ਚ ਤੁਸੀਂ ਕਦੇ ਕਿਸੇ ਦੀ ਮਦਦ ਕਰਦੇ ਹੋ ਤਾਂ ਲੋੜ ਪੈਣ 'ਤੇ ਉਹ ਤੁਹਾਡੇ ਤੋਂ ਪਾਸਾ ਵੱਟ ਜਾਂਦਾ ਹੈ। ਜੋ ਚੰਗੀ ਗੱਲ ਨਹੀਂ ਹੈ। ਇਸ ਲਈ ਜ਼ਿੰਦਗੀ 'ਚ ਜੇ ਕੋਈ ਵਿਅਕਤੀ ਗਾਹੇ-ਬ-ਗਾਹੇ ਤੁਹਾਡੀ ਥੋੜੀ ਜਿੰਨੀ ਵੀ ਮਦਦ ਕਰਦਾ ਹੈ ਤਾਂ ਉਸ ਨੂੰ ਕਦੇ ਨਾ ਭੁੱਲੋ। ਜੇਕਰ ਤੁਹਾਨੂੰ ਉਸ ਵਿਅਕਤੀ ਦੀ ਮਦਦ ਕਰਨ ਦਾ ਮੌਕਾ ਮਿਲੇ, ਜਿਸ ਨੇ ਕਦੇ ਤੁਹਾਡੀ ਮਦਦ ਕੀਤੀ ਸੀ ਤਾਂ ਉਸ ਦੀ ਉਸ ਤੋਂ ਵਧ ਕੇ ਜ਼ਰੂਰ ਕਰੋ। ਉਸ ਦੀ ਮਦਦ ਨਾ ਕਰਕੇ ਕਦੇ ਅਕ੍ਰਿਤਘਣ ਨਾ ਬਣੋ, ਜਿੰਨੀ ਵੀ ਮਦਦ ਤੁਸੀਂ ਕਰ ਸਕਦੇ ਹੋ ਜ਼ਰੂਰ ਕਰੋ। ਇਸ ਤਰ੍ਹਾਂ ਕਰਕੇ ਤੁਸੀਂ ਆਪਣੇ 'ਤੇ ਕੀਤੇ ਅਹਿਸਾਨ ਦਾ ਕਰਜ਼ ਉਤਾਰ ਸਕਦੇ ਹੋ ਤੇ ਤੁਹਾਡੀ ਛਵੀ ਇਕ ਚੰਗੇ ਇਨਸਾਨ ਵਾਲੀ ਬਣ ਸਕਦੀ ਹੈ। ਸਦਾ ਖੁੱਲ੍ਹੇ ਦਿਲ ਵਾਲੇ ਅਹਿਸਾਨਵੰਦ ਬਣੋ, ਨਾ ਕੇ ਅਕ੍ਰਿਤਘਣ।

-ਲੈਕਚਰਾਰ ਅਜੀਤ ਖੰਨਾ

ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ
ਅਜੀਤ ਦੇ ਮੈਗਜ਼ੀਨ ਅੰਕ ਵਿਚ ਲੇਖਕ ਰਾਜ ਹੀਉਂ (ਬੰਗਾ) ਦੇ ਛਪੇ ਲੇਖ ਮਿਹਨਤ, ਜਜ਼ਬੇ ਅਤੇ ਇਨਸਾਨੀਅਤ ਦੀ ਮਿਸਾਲ ਕ੍ਰਿਸਟੀਆਨੋ ਰੋਨਾਲਡੋ ਪੜ੍ਹ ਕੇ ਪਤਾ ਲਗਦਾ ਹੈ ਕਿ ਉਸ ਨੂੰ ਬਚਪਨ ਤੋਂ ਹੀ ਦੌਲਤ ਅਤੇ ਸ਼ੌਹਰਤ ਨਹੀਂ ਮਿਲੀ ਸਗੋਂ ਜਿੰਨੀਂ ਪ੍ਰਸਿੱਧੀ ਅੱਜ ਉਸ ਨੂੰ ਮਿਲੀ ਹੈ ਇਹ ਉਸ ਦੀ ਆਪਣੀ ਕਮਾਈ ਹੈ। ਗ਼ੁਰਬਤ ਦੀ ਭੱਟੀ ਵਿਚੋਂ ਤਪਿਆ ਰੋਨਾਲਡੋ ਸੰਘਰਸ਼ਾਂ ਦੇ ਕਾਲਜ ਦਾ ਗ੍ਰੈਜੂਏਟ ਹੈ। ਉਸਦੀ ਸੰਘਰਸ਼ਾਂ ਭਰੀ ਜ਼ਿੰਦਗੀ ਇਹ ਸ਼ਾਹਦੀ ਭਰਦੀ ਹੈ ਕਿ ਜ਼ੇਕਰ ਸੁਪਨੇ ਸੱਚੇ ਹੋਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਦ੍ਰਿੜ ਇਰਾਦੇ ਹੋਣ ਤਾਂ ਸਖ਼ਤ ਮਿਹਨਤ ਤੋਂ ਬਾਅਦ ਇੱਕ ਦਿਨ ਜ਼ਰੂਰ ਪੂਰੇ ਹੁੰਦੇ ਹਨ। ਲੀਰਾਂ ਦੀ ਫੁੱਟਬਾਲ ਬਣਾ ਕੇ ਸੜਕਾਂ 'ਤੇ ਖੇਡਣ ਵਾਲਾ ਰੋਨਾਲਡੋ ਅੱਜ ਦੁਨੀਆਂ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿਚੋਂ ਇੱਕ ਗਿਣਿਆਂ ਜਾਂਦਾ ਹੈ।ਉਸ ਦੀ ਸੰਘਰਸ਼ ਮਈ ਜੀਵਨ ਦਾਸਤਾਨ ਉਸ ਦੇ ਚਾਹੁਣ ਵਾਲਿਆਂ ਦੇ ਨਾਲ- ਨਾਲ ਹਰ ਇੱਕ ਲਈ ਪ੍ਰੇਰਨਾ ਸਰੋਤ ਹੈ।

-ਰਜਵਿੰਦਰ ਪਾਲ ਸ਼ਰਮਾ
-ਪਿੰਡ ਕਾਲਝਰਾਣੀ (ਬਠਿੰਡਾ)