JALANDHAR WEATHER

03-07-26

 ਏ.ਆਈ. ਸਿੱਖਿਆ 'ਚ ਨਵਾਂ ਇਨਕਲਾਬ

ਆਰਟੀਫਿਸ਼ੀਅਲ ਇੰਟੈਲੀਜੈਂਸ-(ਏ.ਆਈ.) ਨਾਲ ਭਾਰਤ ਦੀ ਸਿੱਖਿਆ ਪ੍ਰਣਾਲੀ ਇਕ ਇਨਕਲਾਬੀ ਤਬਦੀਲੀ ਵਲ ਵਧ ਰਹੀ ਹੈ। ਇਹ ਤਕਨਾਲੋਜੀ ਹੁਣ ਸਿਰਫ਼ ਕਮਰਸ਼ੀਅਲ ਅਤੇ ਉਦਯੋਗਿਕ ਖੇਤਰਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਸਿੱਖਿਆ ਦੇ ਖੇਤਰ ਵਿਚ ਵੀ ਆਪਣਾ ਵਿਸਥਾਰ ਕਰ ਚੁੱਕੀ ਹੈ। ਵਿਸ਼ੇਸ਼ ਕਰਕੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਡਿਜੀਟਲ ਪਲੇਟਫਾਰਮਾਂ ਦੇ ਵਾਧੇ ਨਾਲ ਏ.ਆਈ. ਦੀ ਵਰਤੋਂ ਵਧ ਗਈ ਹੈ, ਏ.ਆਈ. ਅਧਾਰਿਤ ਐਪ ਜਿਵੇਂ ਕਿ ਬਾਈਜੂ, ਵੇਦਾਂਤੂ, ਟਾਪਰ ਅਤੇ ਖਾਨ ਅਕੈਡਮੀ ਹੁਣ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਮਝ ਅਤੇ ਰੁਝਾਨ ਅਨੁਸਾਰ ਪਾਠ ਸਮੱਗਰੀ ਉਪਲਬਧ ਕਰਵਾ ਰਹੇ ਹਨ। ਸਿਰਫ਼ ਵਿਦਿਆਰਥੀਆਂ ਲਈ ਹੀ ਨਹੀਂ, ਅਧਿਆਪਕਾਂ ਲਈ ਵੀ ਏ.ਆਈ. ਇਕ ਮਦਦਗਾਰ ਸਾਧਨ ਬਣ ਚੁੱਕਾ ਹੈ। ਹੁਣ ਉਹ ਹਾਜ਼ਰੀ ਲਗਾਉਣ, ਅੰਕਦਾਨ ਕਰਨ, ਪ੍ਰਗਤੀ ਰਿਪੋਰਟ ਤਿਆਰ ਕਰਨ ਅਤੇ ਵਿਦਿਆਰਥੀ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਕਰਨ ਵਰਗੇ ਕੰਮ ਆਟੋਮੈਟਿਕ ਤਰੀਕੇ ਨਾਲ ਕਰ ਸਕਦੇ ਹਨ।]

-ਦਿਲਬਰ ਸਿੰਘ, ਖੈਰਪੁਰ।

ਲਾਲਚ ਤੋਂ ਬਚੋ

ਪਾਪ ਦਾ ਗੁਰੂ ਲਾਲਚ ਹੈ ਇਨਸਾਨ ਲਾਲਚ 'ਚ ਆ ਕੇ ਹੀ ਸਭ ਗੁਨਾਹ ਕਰਦਾ ਹੈ ਅਤੇ ਲਾਲਚ 'ਚ ਆ ਕੇ ਹੀ ਉਹ ਪਾਪ ਕਰਦਾ ਹੈ। ਜੇਕਰ ਇਨਸਾਨ ਲਾਲਚ ਨਾ ਕਰੇ ਤਾਂ ਪਾਪ ਵੀ ਨਹੀਂ ਕਰੇਗਾ। ਜਦੋਂ ਵੀ ਉਹ ਲਾਲਚ 'ਚ ਆ ਕੇ ਕੋਈ ਕੰਮ ਕਰਦਾ ਹੈ ਤਾਂ ਉਸ ਕੋਲੋਂ ਪਾਪ ਤਾਂ ਹੋ ਹੀ ਜਾਂਦਾ ਹੈ। ਇਨਸਾਨ ਨੂੰ ਕਦੇ ਵੀ ਲਾਲਚ 'ਚ ਆ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਉਸ ਨੂੰ ਸਾਰੀ ਉਮਰ ਪਛਤਾਉਣਾ ਪੈਂਦਾ ਹੈ ਕਿਉਂਕਿ ਲਾਲਚ 'ਚ ਕੀਤੇ ਜਾਣ ਵਾਲਾ ਕੰਮ ਅਕਸਰ ਗਲਤ ਹੁੰਦਾ ਹੈ ਤੇ ਜੋ ਕੰਮ ਗਲਤ ਹੋਵੇਗਾ ਉਸ ਨਾਲ ਪਾਪ ਹੋਣਾ ਤੈਅ ਹੈ। ਇਸ ਲਈ ਕਦੇ ਵੀ ਲਾਲਚ 'ਚ ਕੋਈ ਕੰਮ ਨਾ ਕਰੋ ਤਾਂ ਜੋ ਪਾਪ ਤੋਂ ਬਚਿਆ ਜਾ ਸਕੇ।

-ਲੈਕਚਰਾਰ ਅਜੀਤ ਖੰਨਾ
ਐੱਮ ਏ. ਐੱਮ ਫਿਲ. ਐੱਮ.ਜੇ.ਐੱਮ.ਸੀ ਬੀ ਐਡ

ਸਰਕਾਰ, ਸਮਾਜ ਅਤੇ ਅਸ਼ਲੀਲਤਾ

ਸਮਾਜ ਅੰਦਰ ਬਹੁਤ ਸਾਰੀਆਂ ਕੁਰੀਤੀਆਂ ਦਾਜ, ਫੈਸ਼ਨ, ਰਿਸ਼ਵਤ ਅਤੇ ਨਸ਼ੇ ਆਦਿ ਪਾਈਆਂ ਜਾਂਦੀਆਂ ਹਨ। ਇਕ ਹੋਰ ਬੁਰਾਈ ਅਸ਼ਲੀਲਤਾ (ਨੰਗੇਜ਼) ਨੇ ਸਮਾਜ ਦੇ ਵੱਡੇ ਹਿੱਸੇ ਅਤੇ ਖ਼ਾਸ ਕਰਕੇ ਨੌਜਵਾਨ ਵਰਗ 'ਤੇ ਬਹੁਤ ਮਾਰੂ ਅਸਰ ਪਾਇਆ ਹੈ। ਹੈ। ਨੌਜਵਾਨ ਕੁਰਾਹੇ ਪੈ ਕੇ ਆਪਣਾ ਭਵਿੱਖ ਧੁੰਦਲਾ ਕਰ ਰਹੇ ਹਨ। ਇਹ ਡਾਢੀ ਚਿੰਤਾ ਦਾ ਵਿਸ਼ਾ ਹੈ ਅਤੇ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। ਮੀਡੀਆ ਪ੍ਰਿੰਟ ਹੋਵੇ ਜਾਂ ਬਿਜਲਈ, ਉਸ ਦਾ ਵੱਡਾ ਹਿੱਸਾ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਨ ਵੱਲ ਰੁਚਿਤ ਹੈ, ਜਿਸ ਨੂੰ ਉਚਿਤ ਨਹੀਂ ਠਹਿਰਾਇਆ ਜਾ ਸਕਦਾ। ਮੀਡੀਏ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਮਾਜ ਨੂੰ ਸਹੀ ਅਤੇ ਉਸਾਰੂ ਸੇਧ ਦੇਵੇ। ਸਿਆਣੇ ਆਖਦੇ ਹਨ ਕਿ 'ਖਾਈਏ ਮਨ ਭਾਉਂਦਾ ਅਤੇ ਪਹਿਨੀਏ ਜੱਗ ਭਾਉਂਦਾ, ਪਰ ਅਸੀਂ ਇਸ ਦੇ ਉਲਟ ਚੱਲਣ ਵਿਚ ਫ਼ਖ਼ਰ ਮਹਿਸੂਸ ਕਰਦੇ ਹਾਂ। ਜੋ ਉਚਿਤ ਨਹੀਂ ਹੈ।

-ਜਗਤਾਰ ਸਿੰਘ ਝੋਜੜ
ਜ਼ਿਲਾ ਕਚਹਿਰੀਆਂ, ਹੁਸ਼ਿਆਰਪੁਰ।