22-07-26
ਮੌਨਸੂਨ ਦੀ ਦਸਤਕ
ਮੌਨਸੂਨ ਦੇ ਆਉਣ ਦੇ ਨਾਲ ਹੀ ਲਗਭਗ ਰੋਜ਼ਾਨਾ ਹੀ ਮਾਲਵੇ ਖੇਤਰ ਵਿਚ ਕਿਤੇ ਨਾ ਕਿਤੇ ਨਹਿਰਾਂ, ਸੂਇਆਂ ਵਿਚ ਪਾੜ ਪੈ ਜਾਣ ਨਾਲ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਨਹਿਰਾਂ, ਰਜਬਾਹਿਆਂ, ਸੂਇਆਂ ਨੂੰ ਸਮਾਂ ਰਹਿੰਦਿਆਂ ਹੀ ਇਨ੍ਹਾਂ ਦੀ ਸਾਫ਼-ਸਫ਼ਾਈ ਹੋਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਵਿਚ ਜੜ੍ਹੀ-ਬੂਟੀਆਂ ਦੀ ਭਰਮਾਰ ਹੋਣ ਕਾਰਨ ਡਾਫ਼ ਲੱਗ ਜਾਣ ਨਾਲ ਨਹਿਰਾਂ ਦੇ ਬੰਨ੍ਹ ਟੁੱਟ ਜਾਂਦੇ ਹਨ ਅਤੇ ਪਾਣੀ ਖੇਤਾਂ, ਘਰਾਂ ਵਿਚ ਚਲਾ ਜਾਂਦਾ ਹੈ, ਜਿਸ ਨਾਲ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਮਜਬੂਰੀ ਵਸ ਕਿਸਾਨ ਖੁੱਦ ਹੀ ਜੇ.ਸੀ.ਬੀ. ਦੀ ਮਦਦ ਨਾਲ ਜਾਂ ਮਿੱਟੀ ਦੀਆਂ ਬੋਰੀਆਂ ਭਰ ਕੇ ਪਾੜ ਪੂਰ ਰਹੇ ਹਨ।
ਅਕਸਰ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਮਾਨਸੂਨ ਦੌਰਾਨ ਵੱਡੇ ਪੱਧਰ 'ਤੇ ਹੜ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜਿੱਥੇ ਰਜਬਾਹਿਆਂ, ਕੱਸੀਆਂ, ਡਰੇਨਾਂ ਆਦਿ ਦਾ ਪਾਣੀ ਅਚਾਨਕ ਵਧ ਜਾਂਦਾ ਹੈ, ਉਥੇ ਹੀ ਸਤਲੁਜ ਤੇ ਬਿਆਸ ਦਰਿਆ ਦਾ ਪਾਣੀ ਵੀ ਕਿਨਾਰਿਆਂ ਤੋਂ ਟੱਪ ਜਾਂਦਾ ਹੈ, ਜਿਸ ਨਾਲ ਆਲੇ-ਦੁਆਲੇ ਫ਼ਸਲਾਂ 'ਤੇ ਸਾਨ੍ਹ-ਡੰਗਰਾਂ ਦਾ ਨੁਕਸਾਨ ਹੁੰਦਾ ਹੈ। ਜੇਕਰ ਇਨ੍ਹਾਂ ਨਦੀਆਂ-ਨਾਲਿਆਂ ਦੀ ਸਫ਼ਾਈ ਸਮੇਂ ਸਿਰ ਨਾ ਹੋਵੇ ਤਾਂ ਇਹ ਆਫ਼ਤ ਦਾ ਕਾਰਨ ਬਣਦੇ ਹਨ। ਪਿਛਲੇ ਸਾਲ ਮੌਨਸੂਨ ਦੇ ਸੀਜ਼ਨ ਵਿਚ ਸੂਬੇ ਨੂੰ ਦੋ ਵਾਰ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨਾਲ ਭਾਰੀ ਨੁਕਸਾਨ ਹੋਇਆ ਸੀ। ਸੋ, ਸੰਬੰਧਿਤ ਵਿਭਾਗ ਨੂੰ ਤੁਰੰਤ ਜੰਗੀ ਪੱਧਰ 'ਤੇ ਕਰਵਾ ਲੈਣੀ ਚਾਹੀਦੀ ਹੈ ਤਾਂ ਜੋ ਬਾਰਿਸ਼ਾਂ ਵਿਚ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ।
-ਅਮਰੀਕ ਸਿੰਘ ਚੀਮਾ, ਜਲੰਧਰ।
ਬੂਟਿਆਂ ਦੇ ਲੰਗਰ
ਪੰਜਾਬ ਵਿਚ ਪਿਛਲੇ ਲੰਬੇ ਸਮੇਂ ਤੋਂ ਰੁੱਖਾਂ ਦੀ ਹੋਈ ਅੰਨ੍ਹੇਵਾਹ ਕਟਾਈ ਕਾਰਨ ਅੱਜ ਅਤਿ ਦਰਜੇ ਦੀ ਗਰਮੀ ਪੈ ਰਹੀ ਹੈ। ਦਿਨ-ਬ-ਦਿਨ ਇਸ ਵਧ ਰਹੀ ਤਪਸ਼ ਪ੍ਰਤੀ ਫ਼ਿਕਰਮੰਦ ਹੋਏ ਬਹੁਤ ਸਾਰੀਆਂ ਪੰਚਾਇਤਾਂ, ਕਲੱਬਾਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਬੂਟਿਆਂ ਦੇ ਲੰਗਰ ਲਗਾਏ ਜਾ ਰਹੇ ਹਨ। ਇਸ ਨਵੀਂ ਪਈ ਪਿਰਤ ਅਧੀਨ ਮੇਰੇ ਗੁਆਂਢੀ ਪਿੰਡ ਜੈਤੂ ਖੋਸਾ ਦੇ ਅਜਮੇਰ ਸਿੰਘ ਸੈਕਟਰੀ ਵਲੋਂ ਆਪਣੀ ਮਾਤਾ ਹਰਬੰਸ ਕੌਰ ਦੀ ਅੰਤਿਮ ਅਰਦਾਸ ਮੌਕੇ ਬੂਟਿਆਂ ਦਾ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਨਵੀਂ ਪਈ ਪਿਰਤ ਦੀ ਹਰੇਕ ਵਿਅਕਤੀ ਵਲੋਂ ਖ਼ੂਬ ਸ਼ਲਾਘਾ ਕੀਤੀ ਗਈ। ਸੋ, ਆਓ ਅਸੀਂ ਸਭ ਅਜਿਹੇ ਉਪਰਾਲੇ ਕਰ ਕੇ ਪੰਜਾਬ ਨੂੰ ਮੁੜ ਹਰਾ-ਭਰਾ ਬਣਾਉਣ ਵਿਚ ਆਪਣਾ ਯੋਗਦਾਨ ਪਾਈਏ।
-ਰਾਜਾ ਗਿੱਲ (ਚੜਿੱਕ)
ਸਿਧਾਂਤਾਂ ਨਾਲ ਬਣਦਾ ਹੈ ਸਮਾਜ
ਕਿਸੇ ਵੀ ਸਮਾਜ, ਸੰਸਥਾ ਜਾਂ ਵਿਚਾਰਧਾਰਾ ਦੀ ਸਭ ਤੋਂ ਵੱਡੀ ਤਾਕਤ ਉਸ ਦੇ ਸਿਧਾਂਤ ਅਤੇ ਉਸ ਦੇ ਲੋਕਾਂ ਦੀ ਇਮਾਨਦਾਰੀ ਹੁੰਦੀ ਹੈ। ਜਦੋਂ ਕੋਈ ਵਿਅਕਤੀ ਸਾਹਮਣੇ ਤਾਂ ਕਿਸੇ ਦੀ ਤਾਰੀਫ ਕਰੇ, ਪਰ ਪਿੱਠ ਪਿੱਛੇ ਉਸ ਦੇ ਖਿਲਾਫ਼ ਸਾਜਿਸ਼ਾਂ, ਰਚੇ ਤਾਂ ਇਹ ਸਿਰਫ਼ ਇਕ ਵਿਅਕਤੀ ਨਾਲ ਧੋਖਾ ਨਹੀਂ ਹੁੰਦਾ, ਸਗੋਂ ਅਜਿਹਾ ਦੋਗਲਾਪਨ ਪੂਰੇ ਭਰੋਸੇ ਦੀ ਨੀਂਹ ਨੂੰ ਕਮਜ਼ੋਰ ਕਰ ਦਿੰਦਾ ਹੈ। ਦੋਗਲੇਪਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਹਮੇਸ਼ਾ ਸੱਚ ਦੇ ਰਾਹ ਵਿਚ ਰੁਕਾਵਟ ਬਣਦਾ ਹੈ। ਅਜਿਹੇ ਲੋਕ ਦੋਸਤੀ ਵਿਚ, ਸਮਾਜ ਵਿਚ, ਸੰਸਥਾਵਾਂ ਵਿਚ ਅਤੇ ਰਾਜਨੀਤੀ ਵਿਚ ਹਰ ਥਾਂ ਮਿਲ ਜਾਂਦੇ ਹਨ। ਉਹ ਆਪਣੇ ਚਿਹਰੇ 'ਤੇ ਨਕਾਬ ਪਾ ਕੇ ਮਨ ਵਿਚ ਈਰਖਾ, ਸਵਾਰਥ ਅਤੇ ਚਾਲਾਂ ਨੂੰ ਪਾਲਦੇ ਰਹਿੰਦੇ ਹਨ। ਜੇ ਕੋਈ ਕਿਸੇ ਦੀ ਗੱਲ ਨਾ ਇਤਫਾਕ ਨਹੀਂ ਰੱਖਦਾ, ਤਾਂ ਉਸ ਨੂੰ ਸਾਹਮਣੇ ਕਹਿਣਾ ਬਿਹਤਰ ਹੈ, ਪਿੱਠ ਪਿੱਛੇ ਚਰਚਾ ਕਰਨ ਨਾਲ ਨਾ ਸਮੱਸਿਆ ਦਾ ਹੱਲ ਨਿਕਲਦਾ ਹੈ ਅਤੇ ਨਾ ਹੀ ਭਰੋਸਾ ਬਣਦਾ ਹੈ। ਸਾਨੂੰ ਆਪਣੇ ਜੀਵਨ ਵਿਚ ਵੀ ਇਹ ਅਸੂਲ ਅਪਣਾਉਣਾ ਚਾਹੀਦਾ ਹੈ ਕਿ ਰਿਸ਼ਤੇ ਸੱਚ, ਸਪੱਸ਼ਟਤਾ ਅਤੇ ਇਮਾਨਦਾਰੀ ਨਾਲ ਨਿਭਾਏ ਜਾਣ, ਕਿਉਂਕਿ ਝੂਠ ਅਤੇ ਦੋਗਲਾਪਨ ਕੁਝ ਸਮੇਂ ਲਈ ਭਾਵੇਂ ਸਫਲ ਦਿਖਾਈ ਦੇਵੇ ਪਰ ਅੰਤ ਵਿਚ ਸੱਚ ਹੀ ਟਿਕਦਾ ਹੈ।
-ਮੰਜੂ ਰਾਇਕਾ
ਸੰਗਰੂਰ।