29-07-26
ਧੀਆਂ ਨਾਲ ਹੁੰਦੀਆਂ ਤੀਆਂ
ਸਾਵਣ ਦੀ ਰੁੱਤ ਆਉਂਦੇ ਹੀ ਪੰਜਾਬ ਦੀ ਹਵਾ ਵਿੱਚ ਮਿੱਠੀ ਖੁਸ਼ਬੂ ਘੁਲ ਜਾਂਦੀ ਹੈ। ਇਸੇ ਰੁੱਤ ਨਾਲ ਜੁੜਿਆ ਹੈ ਪੰਜਾਬ ਦਾ ਸਭ ਤੋਂ ਰੰਗੀਨ ਅਤੇ ਭਾਵਨਾਤਮਕ ਤਿਉਹਾਰ 'ਤੀਆਂ' ਅਤੇ ਤੀਆਂ ਦਾ ਮਤਲਬ ਹੀ ਹੈ 'ਧੀਆਂ'। ਕਿਹਾ ਜਾਂਦਾ ਹੈ ਕਿ ਤੀਆਂ ਦਾ ਤਿਉਹਾਰ ਧੀਆਂ ਦੇ ਨਾਂਅ ਹੁੰਦਾ ਹੈ। ਪੁਰਾਣੇ ਸਮੇਂ ਤੋਂ ਹੀ ਇਹ ਰਿਵਾਜ ਚਲੀ ਆ ਰਹੀ ਹੈ ਕਿ ਸਾਵਣ ਦੇ ਮਹੀਨੇ ਵਿੱਚ ਵਿਆਹੀਆਂ ਹੋਈਆਂ ਧੀਆਂ ਨੂੰ ਮਾਪੇ ਆਪਣੇ ਘਰ ਬੁਲਾਉਂਦੇ ਹਨ। ਸਹੁਰੇ ਘਰ ਦੇ ਕੰਮ-ਕਾਰ ਤੋਂ ਕੁਝ ਦਿਨਾਂ ਦੀ ਛੁੱਟੀ ਲੈ ਕੇ ਜਦੋਂ ਧੀ ਮਾਪਿਆਂ ਦੇ ਆਂਗਣ ਵਿੱਚ ਪੈਰ ਰੱਖਦੀ ਹੈ ਤਾਂ ਪੂਰੇ ਘਰ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ। ਮਾਂ ਧੀ ਲਈ ਉਸ ਦੇ ਮਨਪਸੰਦ ਪਕਵਾਨ ਬਣਾਉਂਦੀ ਹੈ। ਤੀਆਂ ਦਾ ਮੁੱਖ ਆਕਰਸ਼ਨ ਹੈ ਗਿੱਧਾ ਅਤੇ ਬੋਲੀਆਂ। ਪਿੰਡ ਦੀ ਕਿਸੇ ਵੱਡੀ ਵਰ੍ਹੀ, ਸਕੂਲ ਦੇ ਵਿਹੜੇ ਜਾਂ ਅੰਬਾਂ ਦੇ ਬਾਗ ਵਿੱਚ ਰੰਗ-ਬਰੰਗੇ ਲਹਿੰਗੇ-ਚੁੰਨੀਆਂ ਪਾ ਕੇ ਕੁੜੀਆਂ ਦਾ ਗੋਲਾ ਬਣ ਜਾਂਦਾ ਹੈ। ਹੱਥਾਂ ਵਿੱਚ ਮਹਿੰਦੀ, ਪੈਰਾਂ ਵਿੱਚ ਪਾਇਲਾਂ ਦੀ ਛਣਕਾਰ ਅਤੇ ਮੂੰਹੋਂ ਨਿਕਲਦੀਆਂ ਬੋਲੀਆਂ। ਇਨ੍ਹਾਂ ਬੋਲੀਆਂ ਵਿੱਚ ਜ਼ਿੰਦਗੀ ਦਾ ਹਰ ਰੰਗ ਮਿਲਦਾ ਹੈ। ਕਦੇ ਸਹੁਰੇ ਘਰ ਦੇ ਤਾਅਨੇ, ਕਦੇ ਪੇਕੇ ਘਰ ਦੀ ਯਾਦ, ਕਦੇ ਪਤੀ ਨਾਲ ਨੋਕ-ਝੋਕ ਅਤੇ ਕਦੇ ਸਮਾਜ ਦੀ ਕੁਰੀਤੀ 'ਤੇ ਤਿੱਖਾ ਵਿਅੰਗ। ਗਿੱਧਾ ਸਿਰਫ ਨਾਚ ਨਹੀਂ, ਇਹ ਔਰਤਾਂ ਦੇ ਦਿਲ ਦੀ ਆਵਾਜ਼ ਹੈ। ਇੱਕ ਅਜਿਹਾ ਮੰਚ ਜਿੱਥੇ ਉਹ ਬਿਨਾਂ ਕਿਸੇ ਡਰ ਦੇ ਆਪਣੇ ਮਨ ਦੀ ਗੱਲ ਕਹਿ ਸਕਦੀਆਂ ਹਨ।
ਤੀਆਂ ਸਾਨੂੰ ਇੱਕ ਬਹੁਤ ਵੱਡਾ ਸੰਦੇਸ਼ ਵੀ ਦਿੰਦੀਆਂ ਹਨ। ਇਹ ਤਿਉਹਾਰ ਸਾਨੂੰ ਯਾਦ ਕਰਵਾਉਂਦਾ ਹੈ ਕਿ ਧੀ ਬੋਝ ਨਹੀਂ, ਧੀ ਘਰ ਦੀ ਸ਼ਾਨ ਹੈ, ਜਿਸ ਘਰ ਵਿੱਚ ਧੀ ਦਾ ਸਤਿਕਾਰ ਹੁੰਦਾ ਹੈ, ਉਸ ਘਰ ਵਿੱਚ ਹਮੇਸ਼ਾ ਬਰਕਤ ਹੁੰਦੀ ਹੈ। ਤੀਆਂ ਦੇ ਬਹਾਨੇ ਅਸੀਂ ਆਪਣੀਆਂ ਧੀਆਂ ਨੂੰ ਇਹ ਅਹਿਸਾਸ ਕਰਵਾ ਸਕਦੇ ਹਾਂ ਕਿ ਪੇਕਾ ਘਰ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਖੁੱਲ੍ਹੇ ਹਨ।
-ਰਿੰਕਲ
ਮੁੱਖ ਅਧਿਆਪਕਾ, ਸਰਕਾਰੀ ਹਾਈ ਸਕੂਲ,
ਸ਼ਰੀਹ ਵਾਲਾ ਬਰਾੜ, ਫਿਰੋਜ਼ਪੁਰ।
ਤਾਰ-ਤਾਰ ਹੁੰਦੇ ਰਿਸ਼ਤੇ
ਅੱਜ ਦੇ ਸਮੇਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਰਿਸ਼ਤੇ ਕਿਉਂ ਤਾਰ-ਤਾਰ ਹੋ ਰਹੇ ਹਨ? ਜਿਹੜੇ ਰਿਸ਼ਤੇ ਕਦੇ ਖੂਨ ਨਾਲੋਂ ਵੀ ਗੂੜ੍ਹੇ ਹੁੰਦੇ ਸਨ, ਅੱਜ ਉਹੀ ਰਿਸ਼ਤੇ ਮੋਬਾਈਲ ਦੇ ਇੱਕ ਮੈਸੇਜ ਦੇ ਮੁਥਾਜ ਹੋ ਕੇ ਰਹਿ ਗਏ ਹਨ। ਅੱਜਕੱਲ੍ਹ ਰਿਸ਼ਤੇ ਕਾਗਜ਼ ਵਾਂਗ ਨਾਜ਼ੁਕ ਹੋ ਗਏ ਹਨ। ਥੋੜ੍ਹੀ ਜਿਹੀ ਗਲਤਫਹਿਮੀ, ਥੋੜ੍ਹਾ ਜਿਹਾ ਅਹੰਕਾਰ ਅਤੇ ਰਿਸ਼ਤੇ ਤਾਰ-ਤਾਰ ਹੋ ਜਾਂਦੇ ਹਨ। ਪਹਿਲਾਂ ਲੋਕਾਂ ਕੋਲ ਸਮਾਂ ਘੱਟ ਸੀ ਪਰ ਪਿਆਰ ਬਹੁਤ ਸੀ। ਅੱਜ ਸਮਾਂ ਵੀ ਹੈ ਅਤੇ ਸਾਧਨ ਵੀ, ਪਰ ਫਿਰ ਵੀ ਅਸੀਂ ਇੱਕ-ਦੂਜੇ ਤੋਂ ਦੂਰ ਹਾਂ। ਮੋਬਾਈਲ ਨੇ ਸਾਨੂੰ ਸਾਰੀ ਦੁਨੀਆ ਨਾਲ ਜੋੜ ਦਿੱਤਾ, ਪਰ ਘਰ ਬੈਠੇ ਆਪਣੇ ਹੀ ਪਰਿਵਾਰ ਨਾਲ ਤੋੜ ਦਿੱਤਾ। ਰਿਸ਼ਤੇ ਨਿਭਾਉਣ ਲਈ ਵੱਡੇ ਵਾਅਦਿਆਂ ਦੀ ਲੋੜ ਨਹੀਂ। ਬਸ ਥੋੜ੍ਹਾ ਜਿਹਾ ਸਮਾਂ, ਸੱਚੀ ਗੱਲ ਅਤੇ ਮਾਫ ਕਰਨ ਦਾ ਦਿਲ ਚਾਹੀਦਾ ਹੈ। ਗੁੱਸੇ ਵਿੱਚ ਬੋਲੇ ਗਏ ਦੋ ਸ਼ਬਦ ਸਾਲਾਂ ਦਾ ਰਿਸ਼ਤਾ ਖ਼ਤਮ ਕਰ ਦਿੰਦੇ ਹਨ ਅਤੇ ਪਿਆਰ ਨਾਲ ਬੋਲਿਆ ਇੱਕ ਸ਼ਬਦ ਟੁੱਟੇ ਰਿਸ਼ਤੇ ਨੂੰ ਜੋੜ ਦਿੰਦਾ ਹੈ। ਯਾਦ ਰੱਖੋ ਦੌਲਤ ਅਤੇ ਸ਼ੋਹਰਤ ਨਾਲੋਂ ਰਿਸ਼ਤੇ ਕੀਮਤੀ ਹਨ, ਕਿਉਂਕਿ ਮੁਸ਼ਕਲ ਸਮੇਂ ਵਿੱਚ ਕੰਮ ਪੈਸਾ ਨਹੀਂ, ਆਪਣੇ ਹੀ ਆਉਂਦੇ ਹਨ। ਇਸ ਲਈ ਰਿਸ਼ਤਿਆਂ ਨੂੰ ਸਾਂਭ ਕੇ ਰੱਖੋ। ਉਨ੍ਹਾਂ ਨੂੰ ਇੰਨਾ ਮਜ਼ਬੂਤ ਬਣਾਓ ਕਿ ਉਹ ਕਦੇ ਤਾਰ-ਤਾਰ ਨਾ ਹੋਣ।
-ਗੌਰਵ ਮੁੰਜਾਲ ਪੀ.ਸੀ.ਐਸ.
ਕਾਇਦੇ 'ਚ ਰਹਿਣਾ
ਕਾਇਦਾ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਕਾਨੂੰਨ ਜਾਂ ਨਿਯਮ। ਇਸੇ ਲਈ ਸਿਆਣੇ ਕਹਿੰਦੇ ਹਨ ਕਿ ਕਾਇਦੇ 'ਚ ਰਹੋਗੇ ਤਾਂ ਫ਼ਾਇਦੇ 'ਚ ਰਹੋਗੇ। ਪਰ ਜੇ ਤੁਸੀਂ ਕਾਇਦੇ (ਨਿਯਮਾਂ) 'ਚ ਨਹੀਂ ਰਹੋਗੇ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ, ਕਿਉਂਕਿ ਇਹ ਸਮਾਜ ਤੇ ਸੰਸਾਰ ਕਾਇਦੇ 'ਚ ਬੱਝਾ ਹੋਇਆ ਹੈ। ਜੇ ਇਹ ਕਾਇਦੇ ਜਾਂ ਨਿਯਮ ਨਾ ਹੋਣ ਤਾਂ ਫਿਰ ਦੁਨੀਆ ਇਕ ਜੰਗਲ ਰਾਜ ਵਾਂਗ ਹੈ, ਜਿਸ ਦਾ ਜੋ ਦਿਲ ਕਰਦਾ ਹੈ ਉਹ ਕਰੇਗਾ। ਕੋਈ ਨਿਯਮ ਨਹੀਂ ਹੋਣਗੇ ਤਾਂ ਕੋਈ ਇਕ-ਦੂਜੇ ਨੂੰ ਜਿਊਣ ਨਹੀਂ ਦੇਵੇਗਾ, ਜਿਸ ਦੀ ਜੋ ਮਰਜ਼ੀ ਹੋਵੇਗੀ ਉਹ ਕਰੀ ਜਾਵੇਗਾ।
ਇਸ ਲਈ ਜੇਕਰ ਅਸੀਂ ਕਾਇਦੇ 'ਚ ਰਹਿ ਕੇ ਕੰਮ ਕਰਦੇ ਹਾਂ ਤਾਂ ਸਾਨੂੰ ਇਸ ਦਾ ਫਾਇਦਾ ਹੀ ਹੁੰਦਾ ਹੈ। ਇਸ ਨਾਲ ਅਸੀਂ ਤਰੱਕੀ ਕਰ ਸਕਦੇ ਹਾਂ, ਵਧੀਆ ਤੇ ਸੋਹਣਾ ਜੀਵਨ ਜਿਉ ਸਕਦੇ ਹਾਂ, ਜ਼ਿੰਦਗੀ ਦਾ ਪੂਰਾ ਆਨੰਦ ਮਾਣ ਸਕਦੇ ਹਾਂ। ਕਾਇਦੇ 'ਚ ਰਹਿੰਦਿਆਂ ਸਾਨੂੰ ਕਿਸੇ ਤੋਂ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੁੰਦਾ, ਕਿਉਂਕਿ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਹੁੰਦੇ, ਜਿਸ ਕਰਕੇ ਡਰ ਵੀ ਕੋਈ ਨਹੀਂ ਹੁੰਦਾ। ਪਰ ਬਹੁਤ ਵਾਰ ਦੇਖਿਆ ਹੈ ਕਿ ਕਈ ਲੋਕ ਕਾਇਦੇ 'ਚ ਰਹਿਣ ਦੀ ਬਜਾਏ ਅਸੂਲ ਤੋੜ ਕੇ ਮਾਣ ਮਹਿਸੂਸ ਕਰਦੇ ਹਨ। ਜੋ ਵਿਅਕਤੀ ਕਾਇਦੇ 'ਚ ਰਹਿ ਕੇ ਕੰਮ ਨਹੀਂ ਕਰਦਾ ਤਾਂ ਉਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਆਪਣੀ ਮੰਜ਼ਿਲ ਪਾਉਣ ਤੋਂ ਖੁੰਝ ਜਾਂਦਾ ਹੈ।
-ਲੈਕਚਰਾਰ ਅਜੀਤ ਖੰਨਾ।
ਸਾਦਗੀ ਦਾ ਗਹਿਣਾ
ਇਨਸਾਨੀ ਜੀਵਨ ਅਨੇਕ ਗੁਣਾਂ, ਨੈਤਿਕ ਕਦਰਾਂ-ਕੀਮਤਾਂ ਤੇ ਵਧੀਆ ਸੰਸਕਾਰਾਂ ਦਾ ਸੁਮੇਲ ਹੈ। ਹਰ ਇਨਸਾਨ ਆਪਣੇ ਜੀਵਨ ਨੂੰ ਸੁਖੀ, ਸਫ਼ਲ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਪੈਸਾ, ਦੌਲਤ, ਰੁਤਬਾ ਪ੍ਰਾਪਤ ਕਰਨ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ। ਅੱਜ ਪਦਾਰਥਵਾਦ ਤੇ ਮੁਕਾਬਲੇਬਾਜ਼ੀ ਦੀ ਦੌੜ ਲੱਗੀ ਹੋਈ ਹੈ। ਪੈਸੇ ਪਿੱਛੇ ਇਨਸਾਨ ਕੁਝ ਵੀ ਕਰਨ ਨੂੰ ਤਿਆਰ ਹੋ ਗਿਆ ਹੈ। ਨਾਜਾਇਜ਼ ਢੰਗ ਨਾਲ ਪੈਸਾ ਕਮਾਉਣ ਦੀ ਅੱਜ ਇਨਸਾਨ ਦੀ ਫਿਤਰਤ ਬਣ ਗਈ ਹੈ, ਜਿਸ ਕਾਰਨ ਅੱਜ ਇਨਸਾਨ ਦੇ ਜੀਵਨ ਵਿੱਚ ਅਸ਼ਾਂਤੀ ਆ ਗਈ ਹੈ। ਸੁੱਖ, ਚੈਨ ਤੇ ਸਕੂਨ ਇਨਸਾਨ ਦੀ ਜ਼ਿੰਦਗੀ ਵਿੱਚੋਂ ਦੂਰ ਹੁੰਦੇ ਜਾ ਰਹੇ ਹਨ। ਸਾਦਗੀ ਦਾ ਪੱਲਾ ਇਨਸਾਨ ਨੇ ਛੱਡ ਦਿੱਤਾ ਹੈ। ਸਾਦਗੀ ਇਨਸਾਨ ਦੀ ਸ਼ਖਸੀਅਤ ਵਿੱਚ ਨਿਖਾਰ ਲਿਆਉਂਦੀ ਹੈ ਤੇ ਉਸ ਦੀ ਸ਼ਖ਼ਸੀਅਤ ਨੂੰ ਸਮਾਜ ਵਿੱਚ ਪ੍ਰਭਾਵਸ਼ਾਲੀ ਬਣਾਉਂਦੀ ਹੈ। ਅਸਲੀ ਜ਼ਿੰਦਗੀ ਦਾ ਸਭ ਤੋਂ ਵਡਮੁੱਲਾ ਤੇ ਕੀਮਤੀ ਗਹਿਣਾ ਸਾਦਗੀ ਹੈ। ਅੱਜ ਇਨਸਾਨ ਦੇ ਅੰਦਰੋਂ ਚੰਗੇ ਵਿਚਾਰ, ਵੱਡਿਆਂ ਦਾ ਸਤਿਕਾਰ, ਨੈਤਿਕ ਕਦਰਾਂ ਕੀਮਤਾਂ ਖ਼ਤਮ ਹੁੰਦੀ ਜਾ ਰਹੀ ਹੈ। ਇਨਸਾਨ ਦੇ ਅੰਦਰ ਧੋਖਾ, ਹੰਕਾਰ , ਦਿਖਾਵਾ ਆ ਚੁੱਕਿਆ ਹੈ। ਬੋਲਬਾਣੀ ਵਿੱਚ ਤਲਖ਼ੀ ਆ ਚੁੱਕੀ ਹੈ। ਹਰ ਚੀਜ਼ ਦਾ ਇਨਸਾਨ ਨੂੰ ਘੁਮੰਡ ਹੋ ਚੁੱਕਿਆ ਹੈ ਚਾਹੇ ਉਹ ਦੁਨੀਆਵੀ ਚੀਜ਼ਾਂ (ਪੈਸਾ, ਸ਼ੋਹਰਤ, ਮਹਿਲ- ਮਾੜੀਆਂ)
ਸਾਦਗੀ ਵਿੱਚ ਰਹਿਣ ਵਾਲਾ ਇਨਸਾਨ ਕਦੇ ਵੀ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਜੇ ਉਸ ਕੋਲ ਕੋਈ ਰੁਤਬਾ (ਪਾਵਰ) ਹੁੰਦੀ ਹੈ ਤਾਂ ਉਸ ਦੇ ਜੀਵਨ ਵਿੱਚੋਂ ਨਿਮਰਤਾ, ਸਹਿਜਤਾ, ਪ੍ਰੀਤ ਪਿਆਰ ਸਹਿਜੇ ਹੀ ਝਲਕਦਾ ਹੈ। ਅਜਿਹੀ ਸ਼ਖ਼ਸੀਅਤ ਦੇ ਅੰਦਰ ਸਹਿਣਸ਼ੀਲਤਾ ਬਹੁਤ ਹੁੰਦੀ ਹੈ।
-ਸੰਜੀਵ ਸਿੰਘ ਸੈਣੀ, ਮੁਹਾਲੀ।
ਬਿਰਧ ਅਵਸਥਾ
ਜੀਵਨ ਵਿਕਾਸ ਅਵਸਥਾਵਾਂ ਦੀ ਦ੍ਰਿਸ਼ਟੀ ਅਨੁਸਾਰ ਬਿਰਧ ਅਵਸਥਾ ਆਖ਼ਰੀ ਅਵਸਥਾ ਹੈ। ਇਸ ਅਵਸਥਾ ਵਿਚ ਵਿਅਕਤੀ ਦੀ ਸਰੀਰਕ ਅਤੇ ਮਾਨਸਿਕ ਸਮਰੱਥਾ ਵਿਚ ਕਮੀ ਆਰੰਭ ਹੋ ਜਾਂਦੀ ਹੈ। ਇਹ ਲੱਛਣ ਪੰਜਾਹ ਸਾਲ ਦੀ ਉਮਰ ਵਿਚ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ। ਬਿਰਧ ਅਵਸਥਾ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੀ ਆਰੰਭਿਕ ਬਿਰਧ ਅਵਸਥਾ, ਜਿਸ ਦਾ ਪਸਾਰ ਸੱਠ ਤੋਂ ਸੱਤਰ ਸਾਲ ਤੱਕ ਮੰਨਿਆ ਜਾਂਦਾ ਹੈ ਅਤੇ ਦੂਜੀ ਐਡਵਾਂਸ ਬਿਰਧ ਅਵਸਥਾ, ਜਿਸ ਦਾ ਪਸਾਰ ਸੱਤਰ ਸਾਲ ਤੋਂ ਸ਼ੁਰੂ ਹੋ ਕੇ ਅੰਤ ਤੱਕ ਹੁੰਦਾ ਹੈ। ਬਿਰਧ ਅਵਸਥਾ ਵਿਅਕਤੀ ਲਈ ਅਨੇਕਾਂ ਕਿਸਮ ਦੀਆਂ ਸਮੱਸਿਆਵਾਂ ਲੈ ਕੇ ਆਉਂਦੀ ਹੈ ਅਤੇ ਵਿਅਕਤੀ ਨੂੰ ਜੀਵਨ ਇਕ ਬੋਝ ਪ੍ਰਤੀਤ ਹੁੰਦਾ ਹੈ। ਵਿਅਕਤੀ ਦਾ ਨਿੱਜੀ ਅਤੇ ਸਮਾਜਿਕ ਅਨੁਕੂਲਣ ਤੇ ਸਮਾਯੋਜਨ ਖਰਾਬ ਹੋਣ ਲਗਦਾ ਹੈ। ਵਿਰਾਸਤੀ, ਸਮਾਜਿਕ, ਆਰਥਿਕ ਅਤੇ ਵਿੱਦਿਅਕ ਭਿੰਨਤਾਵਾਂ ਦੇ ਕਾਰਨ ਕਈ ਵਿਅਕਤੀਆਂ 'ਤੇ ਬਿਰਧ ਅਵਸਥਾ ਦਾ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਬਿਰਧ ਅਵਸਥਾ ਦੌਰਾਨ ਆਮ ਤੌਰ 'ਤੇ ਕੰਟਰੋਲ ਘਟ ਜਾਂਦਾ ਹੈ ਤੇ ਸਮਾਜਿਕ ਤੌਰ 'ਤੇ ਆਪਸੀ ਅੰਤਰ ਕਿਰਿਆਵਾਂ ਵਿਚ ਕਮੀ ਹੋ ਜਾਂਦੀ ਹੈ। ਬਿਰਧ ਅਵਸਥਾ ਦੌਰਾਨ ਵਿਅਕਤੀਆਂ ਦੇ ਦ੍ਰਿਸ਼ਟੀਕੋਣ ਵਿਚ ਪਰਿਵਰਤਨ ਹੋ ਜਾਂਦੇ ਹਨ। ਕਈ ਬਜ਼ੁਰਗ ਆਪਣੇ ਬਾਰੇ ਵਿਚ ਪ੍ਰਤੀਕੂਲ ਧਾਰਨਾਵਾਂ ਬਣਾ ਲੈਂਦੇ ਹਨ ਜਿਵੇਂ ਕਿ ਅਸੀਂ ਹੁਣ ਕਿਸੇ ਕੰਮ ਦੇ ਨਹੀਂ ਤੇ ਸਾਡੀ ਤਾਕਤ ਘਟ ਗਈ ਹੈ। ਇਸ ਸੱਚ ਦਾ ਸਮਾਯੋਜਨ ਕਰਨ ਉੱਤੇ ਬੁਰਾ ਅਸਰ ਪੈਂਦਾ ਹੈ। ਸਾਨੂੰ ਬਜ਼ੁਰਗਾਂ ਦੇ ਅਨੁਭਵਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ।
-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ (ਹੁਸ਼ਿਆਰਪੁਰ)