30-07-26
ਗੁਨਾਹਾਂ ਦੀ ਕੋਈ ਮਾਫ਼ੀ ਨਹੀਂ ਹੁੰਦੀ
ਗੁਨਾਹ ਕਦੇ ਵੀ ਸਿਰਫ਼ ਇਕ ਪਲ ਦੀ ਗ਼ਲਤੀ ਨਹੀਂ ਹੁੰਦਾ, ਸਗੋਂ ਉਸ ਦਾ ਅਸਰ ਕਈ ਵਾਰ ਪੂਰੀ ਉਮਰ ਤੱਕ ਮਹਿਸੂਸ ਹੁੰਦਾ ਹੈ। ਕਿਸੇ ਦਾ ਦਿਲ ਤੋੜਨਾ, ਕਿਸੇ ਨਾਲ ਬੇਇਨਸਾਫ਼ੀ ਕਰਨੀ, ਧੋਖਾ ਦੇਣਾ ਜਾਂ ਕਿਸੇ ਦੇ ਹੱਕ ਮਾਰਨ ਜਿਹੇ ਕੰਮ ਅਜਿਹੇ ਨਿਸ਼ਾਨ ਛੱਡ ਜਾਂਦੇ ਹਨ, ਜੋ ਕਦੇ ਮਿਟ ਨਹੀਂ ਸਕਦੇ। ਇਸੇ ਲਈ ਕਿਹਾ ਜਾਂਦਾ ਹੈ ਕਿ ਗੁਨਾਹਾਂ ਦੀ ਮਾਫ਼ੀ ਆਸਾਨ ਨਹੀਂ ਹੁੰਦੀ। ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਜੋ ਇਨਸਾਨ ਆਪਣੀ ਗ਼ਲਤੀ ਸਮਝ ਲਵੇ, ਸੱਚੇ ਦਿਲੋਂ ਪਛਤਾਵਾ ਕਰੇ ਅਤੇ ਆਪਣੇ-ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੇ, ਉਸ ਲਈ ਉਮੀਦ ਖ਼ਤਮ ਹੋ ਜਾਂਦੀ ਹੈ। ਅਸਲ ਬਦਲਾਅ ਉਹ ਹੁੰਦਾ ਹੈ ਜੋ ਬੋਲਾਂ ਨਾਲ ਨਹੀਂ, ਸਗੋਂ ਕਰਮਾਂ ਨਾਲ ਦਿਖਾਈ ਦੇਵੇ। ਜਦੋਂ ਕੋਈ ਮਨੁੱਖ ਆਪਣੇ ਕੀਤੇ ਦਾ ਭਾਰ ਮਹਿਸੂਸ ਕਰਦਾ ਹੈ ਅਤੇ ਅੱਗੇ ਤੋਂ ਸੱਚਾਈ, ਇਨਸਾਫ਼ ਅਤੇ ਇਨਸਾਨੀਅਤ ਦੇ ਰਾਹ 'ਤੇ ਤੁਰਦਾ ਹੈ, ਤਾਂ ਉਹ ਆਪਣੇ ਚਰਿੱਤਰ ਨੂੰ ਨਵਾਂ ਰੂਪ ਦਿੰਦਾ ਹੈ। ਕਿਸੇ ਦੇ ਗੁਨਾਹ ਨੂੰ ਠੀਕ ਨਹੀਂ ਠਹਿਰਾਇਆ ਜਾ ਸਕਦਾ, ਪਰ ਸੱਚੇ ਪਛਤਾਵੇ ਅਤੇ ਨੇਕ ਅਮਲਾਂ ਦੀ ਕਦਰ ਜ਼ਰੂਰ ਕੀਤੀ ਜਾ ਸਕਦੀ ਹੈ। ਇਸ ਲਈ ਜ਼ਿੰਦਗੀ ਸਾਨੂੰ ਇਹੀ ਸਿੱਖਿਆ ਦਿੰਦੀ ਹੈ ਕਿ ਗੁਨਾਹ ਕਰਨ ਤੋਂ ਪਹਿਲਾਂ ਸੌ ਵਾਰ ਸੋਚੋ ਤੇ ਜੇ ਕਦੇ ਗ਼ਲਤੀ ਹੋ ਹੀ ਜਾਵੇ, ਤਾਂ ਉਸ ਨੂੰ ਛੁਪਾਉਣ ਦੀ ਬਜਾਏ ਸਵੀਕਾਰ ਕਰੋ, ਉਸ ਦਾ ਪਛਤਾਵਾ ਕਰੋ। ਇਹੀ ਇਕ ਇਨਸਾਨ ਦੀ ਸਭ ਤੋਂ ਵੱਡੀ ਜਿੱਤ ਹੈ।
-ਮੰਜੂ ਰਾਇਕਾ
ਸੰਗਰੂਰ।
ਹਾਂ-ਪੱਖੀ ਸੋਚ ਸਫ਼ਲਤਾ ਦਾ ਸਾਧਨ
ਸਾਨੂੰ ਕਿਸੇ ਵੀ ਚੀਜ਼ ਦਾ ਬਹੁਤਾ ਫਿਕਰ ਨਹੀਂ ਕਰਨਾ ਚਾਹੀਦਾ। ਹਾਂ-ਪੱਖੀ ਸੋਚ ਸਫ਼ਲਤਾ ਦਾ ਸਭ ਤੋਂ ਵੱਡਾ ਤੇ ਸ਼ਕਤੀਸ਼ਾਲੀ ਸਾਧਨ ਹੈ। ਆਸ਼ਾਵਾਦੀ ਸੋਚ ਮਨੁੱਖ ਨੂੰ ਵਧੇਰੇ ਸਫ਼ਲ, ਸਿਹਤਮੰਦ ਤੇ ਪ੍ਰਸੰਨ ਬਣਾਉਂਦੀ ਹੈ ਅਤੇ ਨਿਰਾਸ਼ਾਵਾਦ ਨਾਂਹ-ਪੱਖੀ ਸੋਚ ਮਨੁੱਖ ਨੂੰ ਨਾ-ਉਮੀਦੀ, ਬਿਮਾਰੀ, ਅਸਫਲਤਾ, ਇਕੱਲਤਾ ਤੇ ਉਦਾਸੀ ਵੱਲ ਧੱਕਦੀ ਹੈ। ਹਾਂ-ਪੱਖੀ ਸੋਚਣੀ ਰਚਨਾਤਮਿਕ ਹੁੰਦੀ ਹੈ, ਆਤਮ-ਵਿਸ਼ਵਾਸ ਤੇ ਆਤਮ-ਸਨਮਾਨ ਵਿਚ ਵਾਧਾ ਕਰਦੀ ਹੈ। ਸਰੀਰਕ ਤੇ ਮਾਨਸਿਕ ਸ਼ਕਤੀ ਦੀ ਸਿਰਜਣਾ ਕਰਦੀ ਹੈ। ਹੋਰ ਯਤਨ ਕਰਨ ਦੀ ਪ੍ਰੇਰਨਾ ਦਿੰਦੀ ਹੈ। ਮਨੁੱਖ ਨੂੰ ਆਤਮ-ਨਿਰਭਰ ਬਣਾਉਂਦੀ ਹੈ। ਹਰ ਗ਼ਮੀ ਦੇ ਪਿੱਛੇ ਖੁਸ਼ੀ ਹੁੰਦੀ ਹੈ। ਮਨੁੱਖ ਆਪਣੀ ਮਾਨਸਿਕਤਾ 'ਤੇ ਕਾਬੂ ਨਹੀਂ ਪਾਉਂਦਾ, ਘਬਰਾ ਜਾਂਦਾ ਹੈ। ਨਿਰਾਸ਼ਾਵਾਦੀ ਜੀਵਨ ਦਾ ਅਨੰਦ ਨਹੀਂ ਲੈ ਸਕਦੇ। ਇਸ ਦੇ ਉਲਟ ਆਸ਼ਾਵਾਦੀ ਮਨੁੱਖ ਜੀਵਨ ਨੂੰ ਪਲ-ਪਲ ਮਾਣਦੇ ਹਨ। ਹੋਰ ਯਤਨ ਕਰਨ ਦੀ ਪ੍ਰੇਰਨਾ ਲੈਂਦੇ ਹਨ। ਜਿੱਥੇ ਆਸ ਨਹੀਂ ਹੁੰਦੀ, ਉੱਥੇ ਕੋਈ ਉੱਦਮ ਵੀ ਨਹੀਂ ਕੀਤਾ ਜਾ ਸਕਦਾ। ਇਸ ਲਈ ਸਾਨੂੰ ਬਹੁਤਾ ਫ਼ਿਕਰ ਨਹੀਂ ਕਰਨਾ ਚਾਹੀਦਾ ਤੇ ਹਾਂ-ਪੱਖੀ ਸੋਚ ਅਪਣਾਉਣੀ ਚਾਹੀਦੀ ਹੈ, ਜੋ ਕਿ ਆਉਣ ਵਾਲੇ ਭਵਿੱਖ ਵਾਸਤੇ ਵਧੀਆ ਹੈ।
-ਨਰਿੰਦਰ ਭੱਪਰ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
ਬਿਜਲੀ ਕੜਕੇ ਤਾਂ ਘਬਰਾਓ ਨਹੀਂ
ਬਰਸਾਤ ਦੀਆਂ ਬੂੰਦਾਂ, ਠੰਢੀ ਹਵਾ ਅਤੇ ਹਰਿਆਲੀ ਮਨ ਨੂੰ ਸਕੂਨ ਦਿੰਦੀਆਂ ਹਨ, ਪਰ ਇਸੇ ਮੌਸਮ ਵਿਚ ਕੁਦਰਤ ਦਾ ਇਕ ਰੂਪ ਬਹੁਤ ਸ਼ਕਤੀਸ਼ਾਲੀ ਅਤੇ ਖ਼ਤਰਨਾਕ ਵੀ ਹੁੰਦਾ ਹੈ ਆਕਾਸ਼ੀ ਬਿਜਲੀ । ਆਕਾਸ਼ੀ ਬਿਜਲੀ ਕੁਦਰਤ ਦੀਆਂ ਸਭ ਤੋਂ ਸ਼ਕਤੀਸ਼ਾਲੀ ਵਿਦਯੁਤ ਘਟਨਾਵਾਂ 'ਚੋਂ ਇਕ ਹੈ। ਇਹ ਬੱਦਲਾਂ ਦੇ ਅੰਦਰ ਜਾਂ ਬੱਦਲਾਂ ਅਤੇ ਧਰਤੀ ਦੇ ਵਿਚਕਾਰ ਅਚਾਨਕ ਹੋਣ ਵਾਲਾ ਬਿਜਲੀ ਦਾ ਡਿਸਚਾਰਜ (5&ectr}c 4}schar{e) ਹੁੰਦਾ ਹੈ। ਬਰਸਾਤੀ ਬੱਦਲਾਂ ਦੇ ਅੰਦਰ ਪਾਣੀ ਦੀਆਂ ਬੂੰਦਾਂ, ਬਰਫ਼ ਦੇ ਕਣ ਅਤੇ ਓਲੇ ਆਪਸ ਵਿਚ ਟਕਰਾਉਂਦੇ ਹਨ। ਇਨ੍ਹਾਂ ਟਕਰਾਵਾਂ ਕਾਰਨ ਬਿਜਲੀ ਦੇ ਚਾਰਜ ਵੱਖ ਹੋ ਜਾਂਦੇ ਹਨ। ਆਮ ਤੌਰ 'ਤੇ ਬੱਦਲ ਦਾ ਉੱਪਰਲਾ ਹਿੱਸਾ ਧਨਾਤਮਕ (+) ਅਤੇ ਹੇਠਲਾ ਹਿੱਸਾ ਰਣਾਤਮਕ (-) ਚਾਰਜ ਵਾਲਾ ਬਣ ਜਾਂਦਾ ਹੈ। ਜਦੋਂ ਚਾਰਜ ਦਾ ਅੰਤਰ ਬਹੁਤ ਵਧ ਜਾਂਦਾ ਹੈ, ਤਾਂ ਹਵਾ ਉਸ ਨੂੰ ਰੋਕ ਨਹੀਂ ਸਕਦੀ ਅਤੇ ਬਿਜਲੀ ਦੀ ਇਕ ਤੇਜ਼ ਚਮਕ ਦੇ ਰੂਪ ਵਿਚ ਇਹ ਚਾਰਜ ਅਚਾਨਕ ਨਿਕਲ ਜਾਂਦਾ ਹੈ। ਇਸੇ ਨੂੰ ਆਕਾਸ਼ੀ ਬਿਜਲੀ ਕਹਿੰਦੇ ਹਨ। ਇਕ ਬਿਜਲੀ ਦੀ ਚਮਕ ਵਿਚ ਹਜ਼ਾਰਾਂ ਐਮਪੀਅਰ ਤੱਕ ਕਰੰਟ ਹੋ ਸਕਦਾ ਹੈ। ਇਸ ਦਾ ਤਾਪਮਾਨ ਲਗਭਗ 30,000 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ, ਜੋ ਸੂਰਜ ਦੀ ਸਤ੍ਹਾ (ਲਗਭਗ 5,500 ਡਿਗਰੀ ਸੈਲਸੀਅਸ) ਨਾਲੋਂ ਵੀ ਵੱਧ ਹੁੰਦਾ ਹੈ। ਬਿਜਲੀ ਧਰਤੀ ਤੱਕ ਪਹੁੰਚਣ ਲਈ ਆਮ ਤੌਰ 'ਤੇ ਉੱਚੀਆਂ ਵਸਤੂਆਂ, ਜਿਵੇਂ ਕਿ ਰੁੱਖਾਂ, ਟਾਵਰਾਂ ਜਾਂ ਖੰਭਿਆਂ ਨੂੰ ਚੁਣਦੀ ਹੈ। ਜਦੋਂ ਬਿਜਲੀ ਰੁੱਖ 'ਤੇ ਡਿਗਦੀ ਹੈ ਤਾਂ ਇਸ ਦਾ ਕਰੰਟ ਤਣੇ ਅਤੇ ਜ਼ਮੀਨ ਰਾਹੀਂ ਚਾਰੋਂ ਪਾਸੇ ਫੈਲ ਜਾਂਦਾ ਹੈ। ਰੁੱਖ ਹੇਠਾਂ ਖੜ੍ਹਾ ਵਿਅਕਤੀ ਇਸ ਕਰੰਟ ਦੀ ਲਪੇਟ ਵਿਚ ਆ ਸਕਦਾ ਹੈ, ਜਿਸ ਨਾਲ ਗੰਭੀਰ ਸੱਟ ਜਾਂ ਮੌਤ ਵੀ ਹੋ ਸਕਦੀ ਹੈ। ਆਓ ਵਿਗਿਆਨ ਨੂੰ ਅਪਣਾਈਏ, ਅੰਧਵਿਸ਼ਵਾਸ ਨਹੀਂ। ਮੀਂਹ ਦੌਰਾਨ ਰੁੱਖ ਹੇਠਾਂ ਸ਼ਰਨ ਨਾ ਲਵੋ। ਜੇ ਬਿਜਲੀ ਦੀ ਚਮਕ ਅਤੇ ਗੜਗੜਾਹਟ ਸੁਣਾਈ ਦੇਵੇ, ਤਾਂ ਤੁਰੰਤ ਕਿਸੇ ਪੱਕੀ ਇਮਾਰਤ ਜਾਂ ਬੰਦ ਵਾਹਨ ਵਿਚ ਚਲੇ ਜਾਓ। ਬਿਜਲੀ ਕੜਕਣ ਦੌਰਾਨ ਪਾਣੀ ਨਾਲ ਸੰਪਰਕ ਵਾਲੇ ਕੰਮ ਕਰਨ ਤੋਂ ਬਚੋ। ਘਰ ਦੇ ਅੰਦਰ ਤਾਰ ਵਾਲੇ ਬਿਜਲੀ ਉਪਕਰਨਾਂ ਦੀ ਵਰਤੋਂ ਤੋਂ ਬਚੋ ਅਤੇ ਜੇ ਸੰਭਵ ਹੋਵੇ ਤਾਂ ਉਨ੍ਹਾਂ ਨੂੰ ਪਲੱਗ ਤੋਂ ਅਲੱਗ ਕਰ ਦਿਓ। ਕੁਦਰਤ ਦੀ ਤਾਕਤ ਦਾ ਸਤਿਕਾਰ ਕਰਨਾ ਹੀ ਅਸਲ ਸਮਝਦਾਰੀ ਹੈ। ਵਿਗਿਆਨ ਸਾਨੂੰ ਡਰਨਾ ਨਹੀਂ, ਸਹੀ ਫ਼ੈਸਲਾ ਲੈਣਾ ਸਿਖਾਉਂਦਾ ਹੈ। ਆਕਾਸ਼ੀ ਬਿਜਲੀ ਕੁਦਰਤ ਦਾ ਚਮਤਕਾਰ ਹੈ, ਪਰ ਇਸ ਬਾਰੇ ਵਿਗਿਆਨਕ ਜਾਣਕਾਰੀ ਅਤੇ ਸਹੀ ਸਾਵਧਾਨੀਆਂ ਹੀ ਸਾਡੀ ਜ਼ਿੰਦਗੀ ਦੀ ਸੁਰੱਖਿਆ ਯਕੀਨੀ ਬਣਾਉਂਦੀਆਂ ਹਨ।
-ਜਗਬੀਰ ਕੌਰ
ਲੈਕਚਰਾਰ ਫਿਜ਼ਿਕਸ, ਸ੍ਰੀ ਅਨੰਦਪੁਰ ਸਾਹਿਬ।
ਦੁੱਖ-ਸੁਖ ਦੇ ਸਾਥੀ ਬਣੋ
ਇਸ ਸੰਸਾਰ ਵਿਚ ਮੌਜੂਦ ਹਰੇਕ ਜੀਵ ਭਾਵੇਂ ਕੋਈ ਅਮੀਰ ਹੋਵੇ ਜਾਂ ਗਰੀਬ, ਪਸ਼ੂ ਹੋਵੇ ਜਾਂ ਪੰਛੀ, ਹਰ ਕੋਈ ਪਿਆਰ ਦੇ ਮਿੱਠੜੇ ਬੋਲਾਂ ਦਾ ਭੁੱਖਾ ਹੈ। ਕਹਿੰਦੇ ਹਨ ਕਿ ਪਿਆਰ ਦੇ ਬੋਲ ਤਾਂ ਨਾਮੁਮਕਿਨ ਕੰਮ ਨੂੰ ਵੀ ਮੁਮਕਿਨ ਬਣਾ ਦਿੰਦੇ ਹਨ। ਮਿੱਠੜੇ ਬੋਲ ਬੋਲਣ ਵਾਲਾ ਵਿਅਕਤੀ ਸਭਨਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਇਤਿਹਾਸ ਗਵਾਹ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪਿਆਰ- ਮੁਹੱਬਤ ਦੇ ਹਥਿਆਰ ਸਦਕਾ ਪਰਜਾ ਦਾ ਦਿਲ ਜਿੱਤਿਆ। ਹਰਮਨ ਪਿਆਰੇ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਆਮ ਜਨਤਾ ਵਿਚ ਵਿਚਰ ਕੇ ਦੁਖੀਆਂ ਦੇ ਦਰਦ ਵੰਡਾਉਂਦੇ ਸਨ। ਪਿਆਰ ਦੇ ਦੋ ਮਿੱਠੜੇ ਬੋਲ ਤਾਂ ਦੁਖੀਏ ਦਾ ਦਰਦ ਵੀ ਘਟਾ ਦਿੰਦੇ ਹਨ। ਮੰਨਿਆ ਗਿਆ ਹੈ ਕਿ ਸੁਖ ਵੰਡਣ ਨਾਲ ਵਧਦੇ ਹਨ ਅਤੇ ਦੁੱਖ ਵੰਡਣ ਨਾਲ ਘਟਦੇ ਹਨ। ਹਮੇਸ਼ਾ ਦੁਖੀ ਬੰਦੇ ਦੇ ਹਮਦਰਦ ਬਣੋ ਅਤੇ ਉਸ ਨੂੰ ਦਿਲਾਸਾ ਦੇਣ ਦਾ ਯਤਨ ਕਰੋ, ਕਿਉਂਕਿ ਦੁਖੀ ਵਿਅਕਤੀ ਨੂੰ ਦੁੱਖ ਦੀ ਘੜੀ ਵਿਚ ਮਿਲਿਆ ਸਾਥ ਅਤੇ ਹੌਂਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ, ਜੋ ਦੁੱਖ ਖ਼ਤਮ ਤਾਂ ਨਹੀਂ ਕਰ ਸਕਦਾ ਪਰ ਦੁੱਖ ਘਟਾ ਜ਼ਰੂਰ ਸਕਦਾ ਹੈ। ਕਿਸੇ ਨੂੰ ਦੁੱਖ ਵਿਚ ਵੇਖ ਕੇ ਖੁਸ਼ ਨਾ ਹੋਵੋ, ਦੁੱਖ-ਸੁਖ ਤਾਂ ਪਰਮਾਤਮਾ ਦੇ ਹੱਥ ਵਸ ਹਨ ਅਤੇ ਸਮੇਂ ਦਾ ਕੋਈ ਮਾਣ ਨਹੀਂ ਕਿਉਂਕਿ ਚੰਗਾ-ਮਾੜਾ ਸਮਾਂ ਤਾਂ ਸਭ 'ਤੇ ਆਉਂਦਾ ਹੈ। ਸੋ, ਪੁੰਨ ਖੱਟਣ ਲਈ ਰੋਜ਼ਾਨਾ ਘੱਟੋ-ਘੱਟ ਕਿਸੇ ਇਕ ਰੌਂਦੇ ਹੋਏ ਵਿਅਕਤੀ ਨੂੰ ਖ਼ੁਸ਼ ਕਰਨ ਦਾ ਯਤਨ ਕਰੋ ਕਿਉਂਕਿ ਹੌਂਸਲਾ ਤੇ ਹਮਦਰਦੀ ਜਿਤਾ ਕੇ ਦੁਖੀਏ ਦਾ ਦਰਦ ਘਟਾਉਣਾ ਅਤੇ ਕਿਸੇ ਦੇ ਦਿਲ ਨੂੰ ਖ਼ੁਸ਼ ਕਰਨਾ ਸਭ ਤੋਂ ਵੱਡਾ ਪੁੰਨ ਹੈ। ਹਮੇਸ਼ ਯਾਦ ਰੱਖੋ ਜਿਹੜਾ ਮਨੁੱਖ ਦੂਜਿਆਂ ਲਈ ਭਲਾ ਤੇ ਖ਼ੁਸ਼ੀਆਂ ਮੰਗਦਾ ਹੈ ਰੱਬ ਉਸ ਦੀ ਝੋਲੀ ਕਦੇ ਵੀ ਖ਼ੁਸ਼ੀਆਂ 'ਤੇ ਬਰਕਤਾਂ ਤੋਂ ਵਾਂਝੀ ਨਹੀਂ ਰਹਿਣ ਦਿੰਦਾ।
-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।