11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ ਖਰੜ ’ਤੇ ਸੰਗਤ ’ਚ ਕੀਰਤਨ ਕਰਨ ਤੋਂ ਇਕ ਮਹੀਨੇ ਲਈ ਰੋਕ

ਅੰਮ੍ਰਿਤਸਰ, 11 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ ਖਰੜ ਦੇ ਕੀਰਤਨੀ ਜਥਿਆਂ ’ਤੇ ਸੰਗਤ ਵਿਚ ਕੀਰਤਨ ਕਰਨ ਤੋਂ 13 ਨਵੰਬਰ ਤੋਂ ਲੈ ਕੇ 12 ਦਸੰਬਰ ਤੱਕ ਇਕ ਮਹੀਨੇ ਦੀ ਰੋਕ ਲਗਾਈ ਗਈ ਹੈ।

ਅਜੀਤ ਡੈਸਕ 11-11-2026

ਅੰਮ੍ਰਿਤਸਰ, 11 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ ਖਰੜ ਦੇ ਕੀਰਤਨੀ ਜਥਿਆਂ ’ਤੇ ਸੰਗਤ ਵਿਚ ਕੀਰਤਨ ਕਰਨ ਤੋਂ 13 ਨਵੰਬਰ  ਤੋਂ ਲੈ ਕੇ 12 ਦਸੰਬਰ ਤੱਕ ਇਕ ਮਹੀਨੇ ਦੀ ਰੋਕ ਲਗਾਈ ਗਈ ਹੈ। ਇਹ ਕਾਰਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਬੀਤੇ ਦਿਨਾਂ ਤੋਂ ਦੋਵਾਂ ਜਥਿਆਂ ਵਿਚਕਾਰ ਚੱਲ ਰਹੇ ਆਪਸੀ ਵਿਵਾਦ ਅਤੇ ਸੰਗਤ ਵਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਗਾਤਾਰ ਪੁੱਜ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਕੀਤੀ ਗਈ ਹੈ। 

ਸਕੱਤਰੇਤ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੋਏ ਆਦੇਸ਼ ਵਿਚ ਕਿਹਾ ਗਿਆ ਹੈ ਕਿ ਸਿੱਖ ਰਹਿਤ ਮਰਯਾਦਾ, ਸੰਗਤ ਵਿਚ ਵਿਚਰਨ ਅਤੇ ਗੁਰਮਤਿ ਸੰਗੀਤ ਦੀ ਸੋਝੀ ਪ੍ਰਾਪਤ ਕਰਨ ਲਈ ਭਾਈ ਜਗਜੀਤ ਸਿੰਘ ਬਬੀਹਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਅਤੇ ਭਾਈ ਕੁਲਵਿੰਦਰ ਸਿੰਘ ਖਰੜ ਗੁਰਮਤਿ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਮਹੀਨੇ ਲਈ ਗੁਰਮਤਿ ਦੀ ਜਾਣਕਾਰੀ ਪ੍ਰਾਪਤ ਕਰਨਗੇ ਅਤੇ ਮਨ ਵਿਚ ਨਿਮਰਤਾ ਲਿਆਉਣ ਲਈ ਲੰਗਰ ਹਾਲ ਵਿਚ ਸਵੇਰੇ-ਸ਼ਾਮ ਸੇਵਾ ਕਰਨ ਉਪਰੰਤ ਇਕ ਮਹੀਨੇ ਬਾਅਦ ਸਕੱਤਰੇਤ ਅਕਾਲ ਤਖ਼ਤ ਸਾਹਿਬ ਵਿਖੇ ਸੰਬੰਧਿਤ ਸੰਸਥਾਵਾਂ ਤੋਂ ਪ੍ਰਮਾਣ ਪੱਤਰ ਲੈ ਕੇ ਨਿੱਜੀ ਰੂਪ ਵਿਚ ਪੇਸ਼ ਹੋਣਗੇ।

ਆਦੇਸ਼ ਵਿਚ ਕਿਹਾ ਗਿਆ ਹੈ ਕਿ ਗੁਰਬਾਣੀ ਕੀਰਤਨ ਗੁਰੂ ਪਾਤਸ਼ਾਹ ਵਲੋਂ ਬਖ਼ਸ਼ੀ ਦਾਤ ਅਤੇ ਰੂਹ ਦੀ ਖੁਰਾਕ ਹੈ। ਗੁਰਬਾਣੀ ਕੀਰਤਨ ਕਰਨ ਵਾਲੇ ਇਨਸਾਨ ਵਿਚ ਗੁਰੂ ਦੀ ਭੈਅ ਭਾਵਨੀ, ਨਿਮਰਤਾ, ਸਿੱਖ ਰਹਿਤ ਮਰਯਾਦਾ ਦੀ ਜਾਣਕਾਰੀ ਅਤੇ ਗੁਰਬਾਣੀ ਸੰਗੀਤ ਪ੍ਰਣਾਲੀ ਦਾ ਗਿਆਨ ਹੋਣਾ ਜ਼ਰੂਰੀ ਹੈ। ਪਿਛਲੇ ਕੁਝ ਸਮੇਂ ਤੋਂ ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ ਖਰੜ ਵਲੋਂ ਜਿਥੇ ਗੁਰਬਾਣੀ ਕੀਰਤਨ ਦੀ ਮਰਿਆਦਾ ਦੀ ਉਲੰਘਣਾ ਕੀਤੀ ਗਈ ਹੈ, ਉੱਥੇ ਹੀ ਇਕ ਦੂਜੇ ਵਿਰੁੱਧ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਸੋਸ਼ਲ ਮੀਡੀਆ ਰਾਹੀਂ ਹਲਕੇ ਪੱਧਰ ਦੀ ਦੂਸ਼ਣਬਾਜੀ ਵੀ ਕੀਤੀ ਜਾ ਰਹੀ ਹੈ। ਕਿਹਾ ਗਿਆ ਕਿ ਇਸ ਨਾਲ ਪੁਰਾਤਨ ਕੀਰਤਨੀਏ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ।

ਪਿਛਲੀ ਖ਼ਬਰ ਏਅਰ ਇੰਡੀਆ ਦੀ ਉਡਾਣ ਨੂੰ ਮਿਲੀ ਹਾਈਜੈਕ ਕਰਨ ਦੀ ਧਮਕੀ ਅਗਲੀ ਖ਼ਬਰ ਰੰਜਿਸ਼ ਨੂੰ ਲੈ ਕੇ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ