ਰਾਹਤ ਕਾਰਜਾਂ 'ਚ ਆ ਰਹੀਆਂ ਮੁਸ਼ਕਿਲਾਂ
ਚੰਡੀਗੜ੍ਹ, 29 ਅਗਸਤ (ਏਜੰਸੀਆਂ) -ਪੰਜਾਬ 37 ਸਾਲਾਂ 'ਚ ਆਪਣੇ ਸਭ ਤੋਂ ਭਿਆਨਕ ਹੜ੍ਹਾਂ ਦੀ ਮਾਰ ਨਾਲ ਜੂਝ ਰਿਹਾ ਹੈ, ਜਿਸ 'ਚ ਖੇਤ, ਪਿੰਡ ਤੇ ਸੁਰੱਖਿਆ ਚੌਕੀਆਂ ਦਾ ਵੱਡਾ ਹਿੱਸਾ ਪਾਣੀ 'ਚ ਡੁੱਬ ਗਿਆ ਹੈ | ਰਣਜੀਤ ਸਾਗਰ ਤੇ ਪੌਂਗ ਡੈਮਾਂ ਤੋਂ ਭਾਰੀ ਪਾਣੀ ਛੱਡਣ ਨਾਲ ਘੱਟੋ-ਘੱਟ 8 ਜ਼ਿਲ੍ਹੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਜਿਸ ਨਾਲ ਸੂਬੇ ਦੀ ਸਰਹੱਦੀ ਪੱਟੀ ਨਾਲ ਲਗਦੇ ਸੈਂਕੜੇ ਪਿੰਡ ਡੁੱਬ ਗਏ ਹਨ | ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਲਗਭਗ 1.5 ਲੱਖ ਏਕੜ ਖੜ੍ਹੀ ਫਸਲ ਮੁੱਖ ਤੌਰ 'ਤੇ ਝੋਨਾ, ਗੰਨਾ ਤੇ ਮੱਕੀ ਪਾਣੀ 'ਚ ਡੁੱਬ ਗਈ ਹੈ | ਕਿਸਾਨਾਂ ਦੇ ਘਰ ਤੇ ਪਸ਼ੂਆਂ ਦੇ ਸ਼ੈੱਡ ਤਬਾਹ ਹੋ ਗਏ ਹਨ ਜਦਕਿ ਪਸ਼ੂ ਪਾਣੀ 'ਚ ਫਸੇ ਹੋਏ ਹਨ | ਕਈ ਖੇਤਰਾਂ 'ਚ ਪਾਣੀ ਦਾ ਪੱਧਰ 5 ਤੋਂ 10 ਫੁੱਟ ਦੇ ਵਿਚਕਾਰ ਹੈ, ਜਿਸ ਕਾਰਨ ਰਾਹਤ ਕਾਰਜਾਂ 'ਚ ਮੁਸ਼ਕਿਲ ਆ ਰਹੀ ਹੈ | ਤਰਨ ਤਾਰਨ ਜ਼ਿਲ੍ਹੇ 'ਚ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੀਆਂ ਚੌਕੀਆਂ ਵੀ ਡੁੱਬ ਗਈਆਂ ਹਨ, ਜਿਸ ਕਾਰਨ ਲਗਭਗ 360 ਕਰਮਚਾਰੀ ਫਸ ਗਏ ਹਨ | ਬੰਦ ਰਸਤੇ
ਕਾਰਨ 50 ਤੋਂ ਵੱਧ ਸਰਹੱਦੀ ਪਿੰਡਾਂ ਨੂੰ ਅਜੇ ਤੱਕ ਰਾਹਤ ਸਪਲਾਈ ਨਹੀਂ ਮਿਲੀ ਹੈ | ਵਸਨੀਕਾਂ ਦਾ ਕਹਿਣਾ ਹੈ ਕਿ ਮੌਜੂਦਾ ਹੜ੍ਹ ਦੀ ਤੁਲਨਾ 1988 ਦੇ ਵਿਨਾਸ਼ਕਾਰੀ ਹੜ੍ਹਾਂ ਨਾਲ ਕੀਤੀ ਗਈ ਹੈ | ਪਿਛਲੇ ਸਾਲ ਦੇ ਉਲਟ ਪਾਣੀ ਭਰਨ ਨਾਲ 2.5 ਲੱਖ ਏਕੜ ਤੋਂ ਵੱਧ ਫਸਲ ਹੌਲੀ-ਹੌਲੀ ਡੁੱਬ ਗਈ ਹੈ | ਇਸ ਸਾਲ ਡੈਮ ਤੋਂ ਪਾਣੀ ਲਗਾਤਾਰ ਛੱਡਣ ਤੋਂ ਬਾਅਦ ਹੜ੍ਹ ਦਾ ਪਾਣੀ ਤੇਜ਼ੀ ਨਾਲ ਵਧਿਆ | ਮੌਸਮ ਵਿਭਾਗ ਨੇ ਚਾਰ ਜ਼ਿਲਿ੍ਹਆਂ ਲਈ 2 ਸਤੰਬਰ ਤੱਕ ਫਲੈਸ਼ ਰੈੱਡ ਅਲਰਟ ਜਾਰੀ ਕੀਤਾ ਹੈ, ਜਿਸ 'ਚ ਹੋਰ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ | ਪਠਾਨਕੋਟ, ਹੁਸ਼ਿਆਰਪੁਰ, ਰੋਪੜ, ਮੁਹਾਲੀ ਤੇ ਸ਼ਹੀਦ ਭਗਤ ਸਿੰਘ ਨਗਰ 'ਚ ਵੀ ਯੈਲੋ ਤੇ ਰੈੱਡ ਅਲਰਟ ਲਾਗੂ ਹਨ | ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਮੌਸਮ ਚਿਤਾਵਨੀਆਂ ਤਹਿਤ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੋਵਾਂ 'ਚ ਤੇਜ਼ ਬਾਰਿਸ਼ ਪੰਜਾਬ 'ਚ ਪਾਣੀ ਦੇ ਪੱਧਰ ਨੂੰ ਹੋਰ ਵਧਾ ਸਕਦੀ ਹੈ | ਸੂਬੇ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ | ਸੀਨੀਅਰ ਅਧਿਕਾਰੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਮੁਆਇਨਾ ਕਰ ਰਹੇ ਹਨ ਤੇ ਬਚਾਅ ਕਾਰਜ ਜਾਰੀ ਹਨ, ਹਾਲਾਂਕਿ ਕਈ ਥਾਵਾਂ 'ਤੇ ਪਹੁੰਚ ਅਜੇ ਵੀ ਮੁਸ਼ਕਿਲ ਹੈ | ਰਿਕਾਰਡਾਂ ਅਨੁਸਾਰ 1988 ਦੇ ਹੜ੍ਹਾਂ ਨੇ ਪੰਜਾਬ ਦੇ ਲਗਭਗ 10% ਭੂਮੀਗਤ ਖੇਤਰ ਨੂੰ ਡੋਬ ਦਿੱਤਾ ਸੀ, ਜਿਸ ਨਾਲ 4000 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਸਨ | 2023 'ਚ ਸੂਬੇ ਦੇ ਲਗਭਗ 8% ਖੇਤਰ ਦੇ ਲਗਭਗ 2.2 ਲੱਖ ਹੈਕਟੇਅਰ ਪਾਣੀ 'ਚ ਡੁੱਬ ਗਿਆ ਸੀ | ਹਾਲਾਂਕਿ ਸ਼ੁਰੂਆਤੀ ਮੁਲਾਂਕਣਾਂ ਤੋਂ ਪਤਾ ਚੱਲਦਾ ਹੈ ਕਿ ਮੌਜੂਦਾ ਹੜ੍ਹਾਂ ਦਾ ਨੁਕਸਾਨ ਦੋਵਾਂ ਘਟਨਾਵਾਂ ਨੂੰ ਪਾਰ ਕਰ ਸਕਦਾ ਹੈ ਜਦਕਿ ਅੰਤਿਮ ਅੰਕੜੇ ਪਾਣੀ ਘਟਣ ਤੋਂ ਬਾਅਦ ਹੀ ਸਪੱਸ਼ਟ ਹੋਣਗੇ |
ਪੰਜਾਬ ਦਹਾਕਿਆਂ ਦੇ ਸਭ ਤੋਂ ਭਿਆਨਕ ਹੜ੍ਹਾਂ ਦੀ ਮਾਰ ਹੇਠ
ਅਜੀਤ ਡੈਸਕ
30-08-2025