ਨਵੀਂ ਦਿੱਲੀ, 19 ਸਤੰਬਰ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ 'ਚੋਣਾਂ ਦਾ ਚੌਕੀਦਾਰ' ਜਾਗਦਾ ਰਿਹਾ, ਚੋਰੀ ਵੇਖਦਾ ਰਿਹਾ, ਚੋਰਾਂ ਨੂੰ ਬਚਾਉਂਦਾ ਰਿਹਾ | ਰਾਹੁਲ ਗਾਂਧੀ ਨੇ ਇਹ ਸੰਦੇਸ਼ ਵੀਰਵਾਰ ਨੂੰ ਵੋਟ ਚੋਰੀ ਸੰਬੰਧੀ ਕੀਤੀ ਦੂਜੀ ਪ੍ਰੈੱਸ ਕਾਨਫ਼ਰੰਸ ਤੋਂ ਇਕ ਦਿਨ ਬਾਅਦ ਪਾਇਆ | ਕਾਂਗਰਸੀ ਨੇਤਾ ਨੇ ਇਸ ਸੰਦੇਸ਼ ਦੇ ਨਾਲ ਪ੍ਰੈੱਸ ਕਾਨਫ਼ਰੰਸ ਦੇ ਹੀ ਕੁਝ ਸੈਕਿੰਡ ਦਾ ਇਕ ਵੀਡੀਓ ਕਲਿੱਪ ਵੀ ਸਾਂਝਾ ਕੀਤਾ ਅਤੇ ਨਾਲ ਲਿਖਿਆ 'ਸਵੇਰੇ 4 ਵਜੇ ਉਠੋ, 36 ਸੈਕਿੰਡ 'ਚ 2 ਵੋਟਰ ਮਿਟਾਓ, ਫਿਰ ਸੌਂ ਜਾਓ' ਅੱਗੇ ਲਿਖਿਆ 'ਇੰਝ ਹੋਈ ਚੋਰੀ |' ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਭਾਜਪਾ ਨੇ ਤਿੱਖਾ ਪ੍ਰਤੀਕਰਮ ਕੀਤਾ | ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਲਈ ਦੇਸ਼ ਦੀ ਲੋਕਤਾਂਤਿ੍ਕ ਵਿਵਸਥਾ 'ਤੇ ਇਲਜ਼ਾਮ ਲਾ ਰਹੇ ਹਨ |