ਨਵੀਂ ਦਿੱਲੀ, 19 ਸਤੰਬਰ (ਏਜੰਸੀ)-ਸੈਮ ਪਿਤ੍ਰੋਦਾ ਨੇ ਫਿਰ ਵਿਵਾਦਗ੍ਰਸਤ ਬਿਆਨ ਦਿੱਤਾ ਹੈ | ਇਕ ਨਿਊਜ਼ ਏਜੰਸੀ ਆਈ.ਏ.ਐੱਨ.ਐੱਸ ਨੂੰ ਦਿੱਤੀ ਇਕ ਇੰਟਰਵਿਊ 'ਚ ਪਿਤ੍ਰੋਦਾ ਨੇ ਕਿਹਾ, 'ਮੈਂ ਪਾਕਿਸਤਾਨ ਗਿਆ | ਮੈਨੂੰ ਉਥੇ ਘਰ ਵਰਗਾ ਮਹਿਸੂਸ ਹੋਇਆ |' ਉਨ੍ਹਾਂ ਨੇ ਨਿਪਾਲ ਤੋਂ ਲੈ ਕੇ ਬੰਗਲਾਦੇਸ਼ ਦੀ ਵੀ ਤਾਰੀਫ ਕੀਤੀ ਹੈ | ਉਨ੍ਹਾਂ ਕਿਹਾ ਕਿ 'ਮੈਂ ਬੰਗਲਾਦੇਸ਼ ਗਿਆ, ਨਿਪਾਲ ਗਿਆ, ਮੈਨੂੰ ਉਥੇ ਵੀ ਘਰ ਵਰਗਾ ਮਹਿਸੂਸ ਹੁੰਦਾ ਹੈ | ਮੈਨੂੰ ਅਜਿਹਾ ਨਹੀਂ ਲੱਗਿਆ ਕਿ ਮੈਂ ਵਿਦੇਸ਼ ਦੀ ਧਰਤੀ 'ਤੇ ਹਾਂ | ਉਹ ਮੇਰੇ ਵਰਗੇ ਦਿਸਦੇ ਹਨ, ਮੇਰੇ ਵਾਂਗੂੰ ਹੀ ਗੱਲ ਕਰਦੇ ਹਨ, ਉਨ੍ਹਾਂ ਨੂੰ ਸਾਡੇ ਗਾਣੇ ਪਸੰਦ ਹਨ, ਸਾਡਾ ਸਾਰਿਆਂ ਦਾ ਖਾਣਾ ਇਕੋ ਜਿਹਾ ਹੈ | ਸਾਨੂੰ ਉਨ੍ਹਾਂ ਨਾਲ ਸ਼ਾਂਤੀ ਅਤੇ ਸਹੁਰਦਿਤਾ ਦੇ ਨਾਲ ਜਿਊਣਾ ਸਿੱਖਣਾ ਚਾਹੀਦਾ ਹੈ |' ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਆਪਣੇ ਗੁਆਂਢੀਆਂ ਦੇ ਨਾਲ ਗੱਲਬਾਤ ਨੂੰ ਤਰਜੀਹ ਦਿੱਤੀ ਜਾਵੇ | ਪਿਤ੍ਰੋਦਾ ਨੇ ਕਿਹਾ ਕਿ ਭਾਰਤ ਦੀ ਵਿਦੇਸ਼ ਨੀਤੀ ਦੀ ਸ਼ੁਰੂਆਤ ਪਾਕਿਸਤਾਨ ਸਮੇਤ ਗੁਆਂਢੀ ਦੇਸ਼ਾਂ ਦੇ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਹੋਣੀ ਚਾਹੀਦੀ ਹੈ | ਰਾਹੁਲ ਗਾਂਧੀ ਦੀ ਜੈੱਨ-ਜੈੱਡ ਨੂੰ ਅਪੀਲ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਿਤ੍ਰੋਦਾ ਨੇ ਕਿਹਾ ਕਿ ਮੈਂ ਦੇਸ਼ ਦੇ ਨੌਜਵਾਨਾਂ ਤੋਂ ਮੰਗ ਕਰਨੀ ਚਾਹੁੰਦਾ ਹਾਂ ਕਿ ਉਹ ਰਾਹੁਲ ਗਾਂਧੀ ਦੇ ਨਾਲ ਖੜ੍ਹੇ ਹੋਣ | ਉਨ੍ਹਾਂ ਦੀ ਆਵਾਜ਼ ਦੇ ਨਾਲ ਆਪਣੀ ਆਵਾਜ਼ ਮਿਲਾਉਣ |
ਕਾਂਗਰਸ ਪਾਕਿ ਦੀ ਚਹੇਤੀ -ਭਾਜਪਾ
ਇਸੇ ਦੌਰਾਨ ਪਿਤ੍ਰੋਦਾ ਦੇ ਇਸ ਬਿਆਨ 'ਤੇ ਭਾਜਪਾ ਨੇ ਕਾਂਗਰਸ ਦੀ ਅਗਵਾਈ 'ਤੇ ਭਾਰਤ ਦੇ ਰਾਸ਼ਟਰੀ ਹਿੱਤਾਂ ਨੂੰ ਕਮਜ਼ੋਰ ਕਰਨ ਦਾ ਦੋਸ਼ ਲਗਾਇਆ | ਭਾਜਪਾ ਦੇ ਬੁਲਾਰੇ ਪ੍ਰਦੀਪ ਭੰਡਾਰੀ ਨੇ ਕਿਹਾ-ਰਾਹੁਲ ਗਾਂਧੀ ਦੇ ਚਹੇਤੇ ਅਤੇ ਕਾਂਗਰਸ ਦੇ ਵਿਦੇਸ਼ ਮੁਖੀ ਸੈਮ ਪਿਤ੍ਰੋਦਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਪਾਕਿਸਤਾਨ 'ਚ ਘਰ ਵਰਗਾ ਮਹਿਸੂਸ ਹੋਇਆ | ਕੋਈ ਹੈਰਾਨੀ ਦੀ ਗੱਲ ਨਹੀਂ ਯੂ ਪੀ ਏ ਨੇ ਬਾਅਦ 'ਚ ਵੀ ਪਾਕਿਸਤਾਨ ਦੇ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ | ਪਾਕਿਸਤਾਨ ਦਾ ਚਹੇਤਾ, ਕਾਂਗਰਸ ਦਾ ਚੁਣਿਆ ਹੋਇਆ ਹੈ |
ਪਾਕਿਸਤਾਨ ਮੈਨੂੰ ਘਰ ਵਰਗਾ ਲੱਗਿਆ, ਨਿਪਾਲ ਤੇ ਬੰਗਲਾਦੇਸ਼ 'ਚ ਵੀ ਵਿਦੇਸ਼ ਵਰਗਾ ਨਹੀਂ ਲਗਦਾ-ਸੈਮ ਪਿਤ੍ਰੋਦਾ
ਅਜੀਤ ਡੈਸਕ
20-09-2025