ਉੱਤਰਾਖੰਡ 'ਚ ਰਾਹਤ ਕਾਰਜ ਜਾਰੀ, 5 ਹੋਰ ਲਾਸ਼ਾਂ ਮਿਲੀਆਂ
ਸ਼ਿਮਲਾ, ਗੋਪੇਸ਼ਵਰ (ਉੱਤਰਾਖੰਡ), 19 ਸਤੰਬਰ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਮੀਂਹ ਦਾ ਕਹਿਰ ਜਾਰੀ ਹੈ | ਕਿਨੌਰ ਜ਼ਿਲ੍ਹੇ ਦੇ ਨਿਗੁਲਸਰੀ ਦੇ ਠੀਕ ਉਪਰ ਥਾਚ ਪਿੰਡ 'ਚ ਦੇਰ ਰਾਤ 12.10 'ਤੇ ਬੱਦਲ ਫਟਣ ਨਾਲ ਤਬਾਹੀ ਹੋਈ ਹੈ | ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਮੀਂਹ ਨਾਲ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜ ਜਾਰੀ ਹਨ ਅਤੇ ਪੰਜ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ | ਜਿਸ ਤੋਂ ਬਾਅਦ ਮਿ੍ਤਕਾਂ ਦਾ ਅੰਕੜਾ 7 'ਤੇ ਪਹੁੰਚ ਗਿਆ ਹੈ | ਹਿਮਾਚਲ ਪ੍ਰਦੇਸ਼ ਦੇ ਕਿਨੌਰ 'ਚ ਬੱਦਲ ਫਟਣ ਤੋਂ ਬਾਅਦ ਪਿੰਡਾਂ ਵਾਲਿਆਂ ਦੀ ਉਪਜਾਊ ਜ਼ਮੀਨ ਅਤੇ ਬਗੀਚਿਆਂ ਨੂੰ ਨੁਕਸਾਨ ਪਹੁੰਚਿਆ ਹੈ | ਲੋਕਾਂ ਨੇ ਜੰਗਲ 'ਚ ਦੌੜ ਕੇ ਆਪਣੀ ਜਾਨ ਬਚਾਈ | ਹੜ੍ਹ ਦਾ ਮਲਬਾ ਨਿਗੁਲਸਰੀ 'ਚ ਐੱਨ ਐੱਚ ਪੰਜ 'ਤੇ ਆ ਗਿਆ ਹੈ, ਜਿਸ ਕਾਰਨ ਕਿਨੌਰ ਜ਼ਿਲ੍ਹੇ ਦਾ ਸੜਕੀ ਸੰਪਰਕ ਟੁੱਟ ਗਿਆ ਹੈ | ਬੱਦਲ ਫਟਣ ਨਾਲ ਖੇਤਰ ਦੇ ਤਿੰਨ ਨਾਲਿਆਂ 'ਚ ਆਏ ਹੜ੍ਹ ਨਾਲ ਪਿੰਡਾਂ ਦੇ ਖੇਤ ਅਤੇ ਬਗੀਚੇ ਤਬਾਹ ਹੋ ਗਏ ਹਨ | ਹੜ੍ਹ 'ਚ 2 ਕਾਰਾਂ ਵੀ ਵਹਿ ਗਈਆਂ ਹਨ | ਕਈ ਮਕਾਨਾਂ ਨੂੰ ਵੀ ਖਤਰਾ ਬਣਿਆ ਹੋਇਆ ਹੈ | ਸੂਬੇ 'ਚ ਕਈ ਥਾਵਾਂ 'ਤੇ ਢਿਗਾਂ ਡਿਗਣ ਕਾਰਨ ਸ਼ੁੱਕਰਵਾਰ ਨੂੰ ਤਿੰਨ ਨੈਸ਼ਨਲ ਹਾਈਵੇਜ਼ ਸਮੇਤ 425 ਸੜਕਾਂ ਬੰਦ ਰਹੀਆਂ | ਇਸ ਤੋਂ ਇਲਾਵਾ 107 ਬਿਜਲੀ ਟਰਾਂਸਫਾਰਮਰ ਅਤੇ 185 ਜਲ ਸਪਲਾਈ ਸਕੀਮਾਂ ਵੀ ਪ੍ਰਭਾਵਿਤ ਹਨ | ਕੁੱਲੂ ਜ਼ਿਲ੍ਹੇ 'ਚ 109, ਮੰਡੀ 144, ਸ਼ਿਮਲਾ 50, ਕਾਂਗੜਾ 38, ਸਿਰਮੌਰ 16 ਅਤੇ ਚੰਬਾ 'ਚ 17 ਸੜਕਾਂ ਬੰਦ ਹਨ | ਸ਼ਿਮਲਾ ਜ਼ਿਲ੍ਹੇ 'ਚ ਵੀ ਕਈ ਥਾਵਾਂ 'ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਤਬਾਹੀ ਮਚਾ ਰੱਖੀ ਹੈ | ਰਾਜਧਾਨੀ ਸ਼ਿਮਲਾ 'ਚ ਹਿਮਲੈਂਡ 'ਚ ਸਰਕੁਲਰ ਰੋਡ 'ਤੇ ਫਿਰ ਢਿਗਾਂ ਡਿਗੀਆਂ ਹਨ | ਜਾਣਕਾਰੀ ਦੇ ਅਨੁਸਾਰ ਸੇਂਟ ਐਡਵਰਡ ਸਕੂਲ (ਹਿਮਲੈਂਡ) ਦੇ ਕੋਲ ਰਾਤ 2.00 ਵਜੇ ਵੱਡੀਆਂ ਢਿਗਾਂ ਡਿਗੀਆਂ | ਇਹਤਿਆਦ ਵਜੋਂ ਸਕੂਲ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ | ਕੰਮਕਾਜੀ ਲੋਕਾਂ ਨੂੰ ਪੈਦਲ ਹੀ ਆਪਣੀ ਮੰਜ਼ਲ ਤੱਕ ਪਹੁੰਚਣਾ ਪਿਆ | ਇਸੇ ਤਰ੍ਹਾਂ ਕਾਂਗੜਾ ਜ਼ਿਲ੍ਹੇ 'ਚ ਢਿੱਗ ਡਿੱਗਣ ਕਾਰਨ ਸੈਲਾਨੀ ਸਥਾਨ ਮੈਕਲੋਡਗੰਜ ਦਾ ਸੰਪਰਕ ਵੀ ਟੁੱਟ ਗਿਆ ਤੇ ਆਵਾਜਾਈ ਪ੍ਰਭਾਵਿਤ ਹੋ ਕੇ ਰਹਿ ਗਈ |
ਉੱਤਰਾਖੰਡ ਦੇ ਚਮੋਲੀ 'ਚੋਂ ਪੰਜ ਹੋਰ ਲਾਸ਼ਾਂ ਬਰਾਮਦ
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਮੀਂਹ ਨਾਲ ਪ੍ਰਭਾਵਿਤ ਪਿੰਡਾਂ ਵਿਚੋਂ ਪੰਜ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ | ਰਾਹਤ ਤੇ ਬਚਾਅ ਟੀਮਾਂ ਸ਼ੁੱਕਰਵਾਰ ਨੂੰ ਵੀ ਲਾਪਤਾ ਲੋਕਾਂ ਦੀ ਭਾਲ ਕਰਦੀਆਂ ਰਹੀਆਂ | ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ ਹੈ¢ ਵੀਰਵਾਰ ਨੂੰ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ | ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਬੱਦਲ ਫਟਣ ਅਤੇ ਭਾਰੀ ਮੀਂਹ, ਢਿੱਗਾਂ ਡਿੱਗਣ ਅਤੇ ਅਤੇ ਹੜ੍ਹਾਂ ਨੇ ਚਮੋਲੀ ਦੇ ਨੰਦਨਨਗਰ ਖੇਤਰ ਦੇ ਚਾਰ ਪਿੰਡਾਂ ਕੁੰਤਰੀ ਲਾਗਾ ਫਲੀ, ਕੁੰਤਰੀ ਲਾਗਾ ਸਰਪਾਣੀ, ਸੇਰਾ ਅਤੇ ਧੁਰਮਾ ਨੂੰ ਪ੍ਰਭਾਵਿਤ ਕੀਤਾ | ਨੰਦਨਗਰ ਪਹਿਲਾਂ ਹੀ ਢਿੱਗਾਂ ਡਿੱਗਣ ਨੇ ਝੰਜੋੜ ਰੱਖਿਆ ਹੈ | ਚਮੋਲੀ ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਤਿਵਾੜੀ ਖੋਜ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕਰਨ ਲਈ ਨੰਦਨਨਗਰ ਵਿਚ ਹਨ | ਕੁੰਤਰੀ ਲਾਗਾ ਫਲੀ ਅਤੇ ਧੁਰਮਾ ਪਿੰਡਾਂ ਤੋਂ ਪੰਜ ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ, ਜਦੋਂ ਕਿ 12 ਹੋਰ ਜ਼ਖਮੀ ਹੋ ਗਏ¢ ਅਧਿਕਾਰੀਆਂ ਨੇ ਕਿਹਾ ਕਿ ਗੰਭੀਰ ਜ਼ਖਮੀਆਂ ਦਾ ਏਮਜ਼ ਰਿਸ਼ੀਕੇਸ਼ ਵਿਚ ਇਲਾਜ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ 95 ਲੋਕਾਂ ਨੂੰ ਮਾਰੀਆ ਆਸ਼ਰਮ ਅਤੇ ਗਾਲਾ ਗੋਦਾਮ ਵਿਚ ਸਥਾਪਤ ਰਾਹਤ ਕੈਂਪਾਂ 'ਚ ਪਹੁੰਚਾਇਆ ਗਿਆ ਹੈ¢
ਕਿਨੌਰ 'ਚ ਬੱਦਲ ਫਟਿਆ, ਬਗੀਚੇ ਤਬਾਹ, ਢਿਗਾਂ ਡਿਗਣ ਨਾਲ 425 ਸੜਕਾਂ ਬੰਦ
ਉੱਤਰਾਖੰਡ ਦੇ ਜ਼ਿਲ੍ਹਾ ਚਮੋਲੀ 'ਚ ਰਾਹਤ ਕਾਰਜਾਂ 'ਚ ਜੁਟੇ ਐੱਨ. ਡੀ. ਆਰ. ਐੱਫ. ਦੇ ਕਾਰਕੁੰਨ | <br/>
20-09-2025