ਪੁਰੀ ਨੇ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੀਆਂ ਪਵਿੱਤਰ ਨਿਸ਼ਾਨੀਆਂ ਸੰਬੰਧੀ ਸਿਫ਼ਾਰਿਸ਼ਾਂ ਪ੍ਰਧਾਨ ਮੰਤਰੀ ਨੂੰ ਸੌਂਪੀਆਂ
ਨਵੀਂ ਦਿੱਲੀ, 19 ਸਤੰਬਰ (ਉਪਮਾ ਡਾਗਾ ਪਾਰਥ)-ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਿੱਖ ਭਾਈਚਾਰੇ ਦੇ ਇਕ ਵਫ਼ਦ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੀ ਸੁਪਤਨੀ ਮਾਤਾ ਸਾਹਿਬ ਕੌਰ ਜੀ ਦੀ ਪਵਿੱਤਰ ਨਿਸ਼ਾਨੀ 'ਜੋੜੇ ਸਾਹਿਬ' ਨੂੰ ਸੁਰੱਖਿਅਤ ਰੱਖਣ ਅਤੇ ਸਨਮਾਨਜਨਕ ਢੰਗ ਨਾਲ ਜਨਤਾ ਨੂੰ ਇਸ ਦੇ ਦਰਸ਼ਨਾਂ ਸੰਬੰਧੀ ਸਿਫ਼ਾਰਿਸ਼ਾਂ ਸੌਂਪੀਆਂ | ਪ੍ਰਧਾਨ ਮੰਤਰੀ ਨੇ ਵੀ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਵਿੱਤਰ ਨਿਸ਼ਾਨੀਆਂ ਬਹੁਤ ਅਹਿਮੀਅਤ ਰੱਖਦੀਆਂ ਹਨ ਅਤੇ ਅਧਿਆਤਮਿਕ ਤੌਰ 'ਤੇ ਬਹੁਤ ਮਹੱਤਵਪੂਰਨ ਹਨ | ਉਨ੍ਹਾਂ 'ਜੋੜੇ ਸਾਹਿਬ' ਦਾ ਜ਼ਿਕਰ ਕਰਦਿਆਂ ਕਿਹਾ ਕਿ ਜੋੜੇ ਸਾਹਿਬ ਵੀ ਸਿੱਖਾਂ ਦੇ ਸ਼ਾਨਦਾਰ ਇਤਿਹਾਸ ਦੇ ਨਾਲ-ਨਾਲ ਸਾਡੇ ਦੇਸ਼ ਦੇ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੈ | ਮੋਦੀ ਨੇ ਕਿਹਾ ਕਿ ਇਹ ਪਵਿੱਤਰ ਨਿਸ਼ਾਨੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਰਸਾਏ ਬਹਾਦੁਰੀ, ਸਹੀ ਰਾਹ, ਨਿਆਂ ਅਤੇ ਸਮਾਜਿਕ ਸੁਹਿਰਦਤਾ ਦੇ ਰਾਹ 'ਤੇ ਚੱਲਣ ਨੂੰ ਪ੍ਰੇਰਿਤ ਕਰਨਗੀਆਂ | ਇਸ ਮੌਕੇ ਗਾਇਕਾ ਹਰਸ਼ਦੀਪ ਕੌਰ ਨੇ ਮੂਲ ਮੰਤਰ ਦਾ ਪਾਠ ਵੀ ਕੀਤਾ | ਇਹ ਪਵਿੱਤਰ ਨਿਸ਼ਾਨੀ ਤਕਰੀਬਨ 300 ਸਾਲ ਪੁਰਾਣੀ ਦੱਸੀ ਜਾਂਦੀ ਹੈ, ਜਿਸ ਦੀ ਕਈ ਪੀੜ੍ਹੀਆਂ ਤੱਕ ਪੁਰੀ ਪਰਿਵਾਰ ਨੇ ਸੇਵਾ ਕੀਤੀ ਹੈ | ਇਨ੍ਹਾਂ 'ਚੋਂ ਇਕ ਜੋੜਾ ਗੁਰੂ ਗੋਬਿੰਦ ਸਿੰਘ ਜੀ ਦਾ ਅਤੇ ਇਕ ਉਨ੍ਹਾਂ ਦੀ ਸੁਪਤਨੀ ਮਾਤਾ ਸਾਹਿਬ ਕੌਰ ਜੀ ਦਾ ਹੈ | ਕੇਂਦਰੀ ਮੰਤਰੀ ਪੁਰੀ ਨੇ ਪਰਿਵਾਰ ਦੇ 'ਜੋੜੇ ਸਾਹਿਬ' ਪ੍ਰਤੀ ਡੂੰਘਾ ਅਧਿਆਤਮਿਕ ਸੰਬੰਧ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ 'ਜੋੜੇ ਸਾਹਿਬ' ਦੀ ਸੇਵਾ ਕਰ ਰਿਹਾ ਹੈ | ਪੁਰੀ ਨੇ ਸੋਸ਼ਲ ਮੀਡੀਆ ਮੰਚ 'ਤੇ ਪਾਏ ਤਵਸੀਲੀ ਸੰਦੇਸ਼ 'ਚ ਕਿਹਾ ਕਿ ਉਨ੍ਹਾਂ ਕਈ ਮਸ਼ਹੂਰ ਸ਼ਖ਼ਸੀਅਤਾਂ ਅਤੇ ਸਿੱਖ ਸੰਗਤ ਦੇ ਮੰਨੇ-ਪ੍ਰਮੰਨੇ ਮੈਂਬਰਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਪਵਿੱਤਰ 'ਜੋੜੇ ਸਾਹਿਬ' ਦੀ ਸਾਂਭ-ਸੰਭਾਲ ਅਤੇ ਜਨਤਾ ਨੂੰ ਉਨ੍ਹਾਂ ਦੇ ਦਰਸ਼ਨਾਂ ਸੰਬੰਧੀ ਸਿਫ਼ਾਰਿਸ਼ਾਂ ਸਪੁਰਦ ਕੀਤੀਆਂ ਹਨ | ਉਨ੍ਹਾਂ ਕਿਹਾ ਕਿ 'ਜੋੜੇ ਸਾਹਿਬ' 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੱਜੇ ਪੈਰ ਅਤੇ ਮਾਤਾ ਸਾਹਿਬ ਕੌਰ ਜੀ ਦੇ ਖੱਬੇ ਪੈਰ ਦਾ ਜੋੜਾ ਹੈ | ਪੁਰੀ ਨੇ ਕਿਹਾ ਕਿ ਪੁਰੀ ਪਰਿਵਾਰ ਨੂੰ ਇਨ੍ਹਾਂ ਪਵਿੱਤਰ ਜੋੜਿਆਂ ਦੀ ਸੇਵਾ ਕਰਨ ਦਾ ਸੁਭਾਗ 300 ਸਾਲ ਪਹਿਲਾਂ ਪ੍ਰਾਪਤ ਹੋਇਆ ਸੀ | ਉਨ੍ਹਾਂ ਕਿਹਾ ਕਿ ਸਾਡੇ ਪੁਰਖਿਆਂ ਨੇ ਗੁਰੂ ਸਾਹਿਬ ਨੂੰ ਪ੍ਰਾਥਨਾ ਕੀਤੀ ਸੀ ਕਿ ਉਹ ਉਨ੍ਹਾਂ ਨੂੰ 'ਜੋੜਾ ਸਾਹਿਬ' ਦੀ ਸੇਵਾ ਕਰਨ ਦਾ ਮਾਣ ਬਖਸ਼ਣ, ਤਾਂ ਜੋ ਉਨ੍ਹਾਂ ਦੇ ਪਰਿਵਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਗੁਰੂ ਸਾਹਿਬ ਦਾ ਆਸ਼ੀਰਵਾਦ ਮਿਲਦਾ ਰਹੇ | ਪੁਰੀ ਨੇ ਲਿਖਿਆ ਕਿ 'ਜੋੜਾ ਸਾਹਿਬ' ਦੇ ਆਖਰੀ ਰਖਵਾਲੇ ਉਨ੍ਹਾਂ ਦੇ ਸਵਰਗਵਾਸੀ ਭਰਾ ਜਸਮੀਤ ਸਿੰਘ ਪੁਰੀ ਸਨ, ਜੋ ਦਿੱਲੀ ਦੇ ਕਰੋਲ ਬਾਗ਼ ਵਿਖੇ ਇਕ ਗਲੀ 'ਚ ਰਹਿੰਦੇ ਸਨ, ਜਿਸ ਦਾ ਨਾਂਅ ਵੀ ਇਸ ਪਵਿੱਤਰ ਯਾਦਗਾਰ 'ਤੇ ਗੁਰੂ ਗੋਬਿੰਦ ਸਿੰਘ ਮਾਰਗ ਰੱਖਿਆ ਗਿਆ ਸੀ | ਉਨ੍ਹਾਂ ਕਿਹਾ ਕਿ ਪਰਿਵਾਰ 'ਚ ਹੁਣ ਉਹ ਸਭ ਤੋਂ ਵੱਡੇ ਹਨ ਤਾਂ ਉਨ੍ਹਾਂ (ਜਸਮੀਤ ਸਿੰਘ ਪੁਰੀ) ਦੀ ਪਤਨੀ ਮਨਪ੍ਰੀਤ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਪਵਿੱਤਰ ਯਾਦਗਾਰ ਲਈ ਇਕ ਅਜਿਹਾ ਢੁਕਵਾਂ ਘਰ ਲੱਭਿਆ ਜਾਏ ਜਿਥੇ ਵੱਧ ਤੋਂ ਵੱਧ ਸ਼ਰਧਾਲੂ 'ਜੋੜੇ ਸਾਹਿਬ' ਦੇ ਦਰਸ਼ਨ ਕਰ ਸਕਣ | ਸੰਗਤ ਨੂੰ ਦਰਸ਼ਨਾਂ ਲਈ ਅਤੇ ਸੰਭਾਵਿਤ ਨਵੀਂ ਥਾਂ 'ਤੇ ਸਜਾਉਣ ਦੀ ਤਿਆਰੀ ਲਈ ਸੱਭਿਆਚਾਰ ਬਾਰੇ ਮੰਤਰਾਲੇ ਨੇ ਇਸ ਦਾ ਇਤਿਹਾਸਕ ਮਹੱਤਵ ਅਤੇ ਪ੍ਰਮਾਣਸਿੱਧਤਾ ਲਈ ਇਸ ਦੀ ਕਾਰਬਨ ਟੈਸਟਿੰਗ ਕੀਤੀ | ਉਨ੍ਹਾਂ ਕਿਹਾ ਕਿ ਕਮੇਟੀ ਦੇ ਮੈਂਬਰਾਂ ਨੇ ਇਸ ਸੰਬੰਧ 'ਚ ਆਪਣੀਆਂ ਸਿਫਾਰਿਸ਼ਾਂ ਦੀ ਰਿਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੇਸ਼ ਕੀਤੀ, ਜਿਨ੍ਹਾਂ ਹਮੇਸ਼ਾ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਸਿੱਖ ਸੰਗਤ ਦੇ ਮੈਂਬਰਾਂ ਪ੍ਰਤੀ ਸਨਮਾਨ ਪ੍ਰਗਟਾਇਆ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਿੱਖਾਂ ਦੇ ਕਈ ਧਾਰਮਿਕ ਸਥਾਨਾਂ ਪ੍ਰਤੀ ਨਿੱਜੀ ਦਿਲਚਸਪੀ ਪ੍ਰਗਟਾ ਕੇ ਸ਼ਰਧਾਲੂਆਂ ਲਈ ਬਿਹਤਰ ਸੰਪਰਕ ਸਥਾਪਿਤ ਕਰਨ 'ਚ ਮਦਦ ਕੀਤੀ |
ਸਿੱਖਾਂ ਦੇ ਸ਼ਾਨਦਾਰ ਇਤਿਹਾਸ ਤੇ ਭਾਰਤੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ ਪਵਿੱਤਰ ਨਿਸ਼ਾਨੀਆਂ-ਮੋਦੀ
ਅਜੀਤ ਡੈਸਕ
20-09-2025