ਨਵੀਂ ਦਿੱਲੀ, 19 ਸਤੰਬਰ (ਪੀ.ਟੀ.ਆਈ.)-ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਰੈਕਟਰ ਤੇ ਖੇਤੀ ਉਪਕਰਣ ਨਿਰਮਾਤਾਵਾਂ ਨੂੰ 22 ਸਤੰਬਰ ਤੋਂ ਲਾਗੂ ਹੋਣ ਵਾਲੇ ਜੀ.ਐਸ.ਟੀ. ਕਟੌਤੀ ਦੇ ਲਾਭ ਕਿਸਾਨਾਂ ਤੱਕ ਪਹੁੰਚਾਉਣ ਲਈ ਕਿਹਾ ਹੈ | ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਵੱਖ-ਵੱਖ ਟਰੈਕਟਰ ਸ਼੍ਰੇਣੀਆਂ ਦੀਆਂ ਕੀਮਤਾਂ 'ਚ ਕਾਫ਼ੀ ਕਮੀ ਆਵੇਗੀ, ਜੋ ਕਿ 23 ਹਜ਼ਾਰ ਰੁਪਏ ਤੋਂ ਲੈ ਕੇ 63 ਹਜ਼ਾਰ ਰੁਪਏ ਤੱਕ ਹਨ | ਖੇਤੀ ਉਪਕਰਣ ਨਿਰਮਾਤਾਵਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਚੌਹਾਨ ਨੇ ਕਿਹਾ ਕਿ ਜੀ.ਐਸ.ਟੀ. (ਵਸਤਾਂ ਤੇ ਸੇਵਾਵਾਂ ਕਰ) ਕਟੌਤੀ ਨਾਲ ਖੇਤੀ ਮਸ਼ੀਨਰੀ ਸਸਤੀ ਹੋ ਜਾਵੇਗੀ ਤੇ ਦੇਸ਼ ਭਰ ਦੇ ਕਸਟਮ ਹਾਇਰਿੰਗ ਸੈਂਟਰਾਂ 'ਤੇ ਕਿਰਾਏ ਦੀਆਂ ਲਾਗਤਾਂ ਘਟਣਗੀਆਂ | ਕਸਟਮ ਹਾਇਰਿੰਗ ਸੈਂਟਰ (ਸੀ.ਐਚ.ਸੀ.) ਕਿਸਾਨਾਂ ਨੂੰ ਕਿਰਾਏ 'ਤੇ ਖੇਤੀ ਮਸ਼ੀਨਰੀ ਤੇ ਉਪਕਰਣ ਪ੍ਰਦਾਨ ਕਰਦੇ ਹਨ, ਖਾਸ ਕਰਕੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਲਾਭ ਪਹੁੰਚਾਉਂਦੇ ਹਨ | ਚੌਹਾਨ ਨੇ ਕਿਹਾ ਕਿ ਜੀ.ਐਸ.ਟੀ. ਕਟੌਤੀ ਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਹੋਵੇਗਾ | ਸਰਕਾਰ ਦਾ ਉਦੇਸ਼ ਕਿਸਾਨਾਂ ਦੀ ਆਮਦਨ ਵਧਾਉਣਾ ਹੈ | ਇਸ ਲਈ ਉਤਪਾਦਨ ਵਧਾਉਣ ਦੇ ਨਾਲ-ਨਾਲ ਖੇਤੀ ਲਾਗਤ ਨੂੰ ਵੀ ਘਟਾਉਣਾ ਹੋਵੇਗਾ | ਉਨ੍ਹਾਂ ਕਿਹਾ ਕਿ ਉਤਪਾਦਨ ਵਧਾਉਣ ਤੇ ਖੇਤੀ ਦੀ ਲਾਗਤ ਘਟਾਉਣ ਲਈ ਟਰੈਕਟਰ ਵਰਗੀ ਖੇਤੀਬਾੜੀ ਮਸ਼ੀਨਰੀ ਦੀ ਲੋੜ ਹੁੰਦੀ ਹੈ | ਮੈਂ ਉਨ੍ਹਾਂ (ਨਿਰਮਾਤਾਵਾਂ) ਨੂੰ ਬੇਨਤੀ ਕੀਤੀ ਹੈ ਕਿ ਉਹ 22 ਸਤੰਬਰ ਤੋਂ ਜੀ.ਐਸ.ਟੀ. ਕਟੌਤੀ ਦੇ ਲਾਭ ਕਿਸਾਨਾਂ ਤੱਕ ਪਹੁੰਚਾਉਣ | ਇਹ ਕਿਸਾਨਾਂ ਲਈ ਇਕ ਵੱਡਾ ਲਾਭ ਹੋਵੇਗਾ | ਚੌਹਾਨ ਨੇ ਕਿਹਾ ਕਿ ਇਸ ਕਟੌਤੀ ਨਾਲ ਸਾਰੀਆਂ ਸ਼੍ਰੇਣੀਆਂ ਦੇ ਖੇਤੀਬਾੜੀ ਉਪਕਰਣ ਸਸਤੇ ਹੋ ਜਾਣਗੇ ਤੇ ਨਿਰਮਾਤਾਵਾਂ ਤੇ ਡੀਲਰਾਂ ਲਈ ਇਹ ਲਾਭ ਕਿਸਾਨਾਂ ਤੱਕ ਪਹੁੰਚਾਉਣਾ ਮਹੱਤਵਪੂਰਨ ਹੈ | ਟਰੈਕਟਰ ਐਂਡ ਮਕੈਨਾਈਜ਼ੇਸ਼ਨ ਐਸੋਸੀਏਸ਼ਨ (ਟੀ.ਐਮ.ਏ.), ਐਗਰੀਕਲਚਰਲ ਮਸ਼ੀਨਰੀ ਮੈਨੂਫੈਕਚਰਰ ਐਸੋਸੀਏਸ਼ਨ (ਏ.ਐਮ.ਐਮ.ਏ.), ਆਲ ਇੰਡੀਆ ਕੰਬਾਈਨ ਹਾਰਵੈਸਟਰ ਮੈਨੂਫੈਕਚਰਰ ਐਸੋਸੀਏਸ਼ਨ (ਏ.ਆਈ.ਸੀ.ਐਮ.ਏ.), ਪਾਵਰ ਟਿਲਰ ਐਸੋਸੀਏਸ਼ਨ ਆਫ ਇੰਡੀਆ (ਪੀ.ਟੀ.ਏ.ਆਈ.) ਤੇ ਹੋਰ ਸਬੰਧਿਤ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਮੀਟਿੰਗ 'ਚ ਹਿੱਸਾ ਲਿਆ |