ਇੰਫ਼ਾਲ, 19 ਸਤੰਬਰ (ਏਜੰਸੀ)-ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ 'ਚ ਹਥਿਆਰਬੰਦ ਹਮਲਾਵਰਾਂ ਵਲੋਂ ਘਾਤ ਲਗਾ ਕੇ ਅਸਾਮ ਰਾਈਫ਼ਲਜ਼ ਦੇ ਕਾਫ਼ਲੇ 'ਤੇ ਕੀਤੇ ਹਮਲੇ ਦੌਰਾਨ ਦੋ ਜਵਾਨ ਸ਼ਹੀਦ ਹੋ ਗਏ, ਜਦੋਂ ਕਿ 5 ਹੋਰ ਜ਼ਖਮੀ ਹੋ ਗਏ | ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਨਾਂਬੋਲ ਸਬਲ ਲੇਈਕਾਈ ਇਲਾਕੇ 'ਚ ਸ਼ੁੱਕਰਵਾਰ ਸ਼ਾਮ ਕਰੀਬ 5.50 ਵਜੇ ਵਾਪਰੀ | ਰਿਪੋਰਟ ਲਿਖੇ ਜਾਣ ਤੱਕ ਕਿਸੇ ਵੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ | ਇਕ ਅਧਿਕਾਰੀ ਨੇ ਦੱਸਿਆ ਕਿ ਹਥਿਆਰਬੰਦਾਂ ਦੇ ਇਕ ਸਮੂਹ ਨੇ ਉਸ ਵਾਹਨ 'ਤੇ ਘਾਤ ਲਗਾ ਕੇ ਹਮਲਾ ਕੀਤਾ, ਜਿਸ 'ਚ ਅਸਾਮ ਰਾਈਫ਼ਲਜ਼ ਦੇ ਜਵਾਨ ਇੰਫਾਲ ਤੋਂ ਬਿਸ਼ਨੂਪੁਰ ਜ਼ਿਲ੍ਹੇ ਵੱਲ ਜਾ ਰਹੇ ਸਨ | ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਸੁਰੱਖਿਆ ਬਲਾਂ ਨੇ ਪੂਰੇ ਇਲਾਕੇ 'ਚ ਸੁਰੱਖਿਆ ਵਧਾਉਂਦੇ ਹੋਏ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਸ਼ਹੀਦ ਹੋਏ ਜਵਾਨਾਂ ਦੀ ਪਛਾਣ ਨਾਇਕ ਸੂਬੇਦਾਰ ਸ਼ਿਆਮ ਗੁਰੁੰਗ ਅਤੇ ਰਾਈਫ਼ਲਮੈਨ ਕੇਸ਼ਪ ਵਜੋਂ ਹੋਈ ਹੈ | ਪੁਲਿਸ ਤੇ ਫੋਰੈਂਸਿਕ ਕਰਮੀਆਂ ਨੇ ਘਟਨਾ ਸਥਾਨ ਤੋਂ ਕਈ ਕਾਰਤੂਸ ਬਰਾਮਦ ਕੀਤੇ ਹਨ, ਜੋ ਇੰਫਾਲ ਤੋਂ ਕਰੀਬ 16 ਕਿਲੋਮੀਟਰ ਦੂਰ ਹੈ | ਜ਼ਖਮੀ ਪੁਲਿਸ ਕਰਮੀ ਐਨ. ਨੋਂਗਥੋਨ ਨੇ ਦੱਸਿਆ ਕਿ 4-5 ਦੇ ਕਰੀਬ ਹਮਲਾਵਰਾਂ ਨੇ ਸਾਡੇ 'ਤੇ ਅਚਾਨਕ ਗੋਲੀਆਂ ਚਲਾ ਦਿੱਤੀਆਂ | ਅਸੀਂ ਤੁਰੰਤ ਜਵਾਬੀ ਕਾਰਵਾਈ ਨਹੀਂ ਕੀਤੀ, ਕਿਉਂਕਿ ਇਸ ਨਾਲ ਆਮ ਲੋਕਾਂ ਦੀ ਜਾਨ ਜਾ ਸਕਦੀ ਸੀ, ਇਹ ਕੋਈ ਸੁੰਨਸਾਨ ਇਲਾਕਾ ਨਹੀਂ ਸੀ | ਰਾਜਭਵਨ ਵਲੋਂ ਜਾਰੀ ਬਿਆਨ ਅਨੁਸਾਰ ਰਾਜਪਾਲ ਅਜੇ ਕੁਮਾਰ ਭੱਲਾ ਨੇ ਸੁਰੱਖਿਆ ਬਲਾਂ 'ਤੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ | ਸਾਬਕਾ ਮੁੱਖ ਮੰਤਰੀ ਐਨ. ਬਿਰੇਨ ਸਿੰਘ ਨੇ ਹਸਪਤਾਲ 'ਚ ਦਾਖ਼ਲ ਜ਼ਖਮੀ ਸੁਰੱਖਿਆ ਕਰਮੀਆਂ ਨਾਲ ਮੁਲਾਕਾਤ ਕੀਤੀ | ਉਨ੍ਹਾਂ ਕਿਹਾ ਕਿ ਸਾਡੇ ਬਹਾਦਰ 33 ਅਸਾਮ ਰਾਈਫ਼ਲਜ਼ ਦੇ ਜਵਾਨਾਂ 'ਤੇ ਹੋਏ ਹਮਲੇ ਦੀ ਖਬਰ ਸੁਣ ਕੇ ਬਹੁਤ ਦੁਖੀ ਹਾਂ | ਸ਼ਹੀਦਾਂ ਦੇ ਪਰਿਵਾਰਾਂ ਨਾਲ ਮੇਰੀ ਡੂੰਘੀ ਹਮਦਰਦੀ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ |