ਚੰਡੀਗੜ੍ਹ, 19 ਸਤੰਬਰ (ਸੰਦੀਪ ਕੁਮਾਰ ਮਾਹਨਾ)ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੌਜੂਦਾ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਪੰਜਾਬ 'ਚ ਦਰਿਆਵਾਂ 'ਚੋਂ ਗਾਰ ਕੱਢਣ ਦੀ ਇਜਾਜ਼ਤ ਦੇ ਦਿੱਤੀ ਹੈ | ਸੂਬਾ ਸਰਕਾਰ ਨੇ ਇਸ ਕੰਮ ਲਈ ਹਾਈ ਕੋਰਟ ਤੋਂ ਇਜਾਜ਼ਤ ਮੰਗੀ ਸੀ | ਸ਼ੁੱਕਰਵਾਰ ਨੂੰ ਚੀਫ਼ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਸੰਜੀਵ ਬੇਰੀ ਦੀ ਡਵੀਜ਼ਨ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ | ਡਵੀਜ਼ਨ ਬੈਂਚ ਨੇ ਕਿਹਾ ਕਿ ਸੂਬਾ ਨਿਯਮਾਂ ਅੰਦਰ ਰਹਿ ਕੇ ਗਾਰ ਕੱਢਣ ਦਾ ਕੰਮ ਸ਼ੁਰੂ ਕਰ ਸਕਦਾ ਹੈ | ਹਾਲਾਂਕਿ ਡਵੀਜ਼ਨ ਬੈਂਚ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਲਦ ਹੀ ਇਕ ਵਿਸਥਾਰਤ ਆਦੇਸ਼ ਜਾਰੀ ਕੀਤਾ ਜਾਵੇਗਾ ਤੇ ਨਿਯਮ ਨਿਰਧਾਰਿਤ ਕੀਤੇ ਜਾਣਗੇ | ਇਸ 'ਚ ਦੱਸਿਆ ਜਾਵੇਗਾ ਕਿ ਦਰਿਆਵਾਂ 'ਚੋਂ ਕਿੰਨੀ ਤੇ ਕਿਸ ਹੱਦ ਤੱਕ ਗਾਰ ਕੱਢਣੀ ਸੰਭਵ ਹੈ | ਪੰਜਾਬ ਦੀ ਨੁਮਾਇੰਦਗੀ ਕਰ ਰਹੇ ਐਡਵੋਕੇਟ ਜਨਰਲ ਨੇ ਸੁਣਵਾਈ ਦੌਰਾਨ ਡਵੀਜ਼ਨ ਬੈਂਚ ਨੂੰ ਦੱਸਿਆ ਕਿ ਹੜ੍ਹਾਂ ਕਾਰਨ ਸੂਬੇ ਨੂੰ ਕਾਫ਼ੀ ਨੁਕਸਾਨ ਹੋਇਆ ਹੈ | ਨੈਸ਼ਨਲ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ.) ਨੇ ਕਾਫ਼ੀ ਸਮੇਂ ਤੋਂ ਗਾਰ ਕੱਢਣ 'ਤੇ ਰੋਕ ਲਗਾਈ ਹੋਈ ਹੈ | ਜੇਕਰ ਇਹ ਸਥਿਤੀ ਜਾਰੀ ਰਹੀ ਤਾਂ ਸਥਿਤੀ ਭਿਆਨਕ ਹੋ ਸਕਦੀ ਹੈ | ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਰਾਜ ਦੇ ਦਰਿਆਵਾਂ ਨੂੰ ਗਾਰ ਕੱਢਣਾ ਸਮੇਂ ਦੀ ਲੋੜ ਹੈ | ਚੀਫ਼ ਜਸਟਿਸ ਨੇ ਏ.ਜੀ. ਦੀ ਬੇਨਤੀ ਨੂੰ ਕੁਝ ਪਾਬੰਦੀਆਂ ਅਧੀਨ ਮਨਜ਼ੂਰੀ ਦੇ ਦਿੱਤੀ |