ਕੈਮਰੇ ਸਾਹਮਣੇ ਪਾਕਿ ਦਾ ਕੀਤਾ ਪਰਦਾਫ਼ਾਸ਼
ਅੰਮਿ੍ਤਸਰ, 19 ਸਤੰਬਰ (ਸੁਰਿੰਦਰ ਕੋਛੜ)-ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ ਚੋਟੀ ਦੇ ਕਮਾਂਡਰ ਮਸੂਦ ਇਲਿਆਸ ਕਸ਼ਮੀਰੀ ਵਲੋਂ ਪਾਕਿਸਤਾਨ 'ਚ ਇਕ ਰੈਲੀ ਦੌਰਾਨ ਦਿੱਲੀ ਤੇ ਮੁੰਬਈ 'ਤੇ ਹੋਏ ਹਮਲਿਆਂ ਪਿੱਛੇ ਮੌਲਾਨਾ ਮਸੂਦ ਅਜ਼ਹਰ ਦਾ ਹੱਥ ਹੋਣ ਤੇ ਆਪ੍ਰੇਸ਼ਨ ਸੰਧੂਰ 'ਚ ਪਾਕਿ ਦੇ ਅੱਤਵਾਦੀ ਠਿਕਾਣਿਆਂ ਸਮੇਤ ਮਸੂਦ ਦੇ ਪਰਿਵਾਰਕ ਮੈਂਬਰਾਂ ਦਾ ਖ਼ਾਤਮਾ ਹੋਣ ਦੀ ਸਚਾਈ ਕਬੂਲ ਕਰਨ ਤੋਂ ਬਾਅਦ ਹੁਣ ਇਕ ਹੋਰ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਕਾਸਿਮ ਨੇ ਪਾਕਿਸਤਾਨ ਦਾ ਪਰਦਾਫਾਸ਼ ਕੀਤਾ ਹੈ | ਲਸ਼ਕਰ ਕਮਾਂਡਰ ਕਾਸਿਮ ਨੇ ਮੰਨਿਆ ਹੈ ਕਿ 7 ਮਈ ਨੂੰ ਆਪ੍ਰੇਸ਼ਨ ਸੰਧੂਰ ਦੌਰਾਨ ਕੀਤੇ ਗਏ ਭਾਰਤੀ ਹਮਲੇ 'ਚ ਲਹਿੰਦੇ ਪੰਜਾਬ ਦੇ ਮੁਰੀਦਕੇ ਸ਼ਹਿਰ 'ਚ ਲਸ਼ਕਰ ਮਰਕਜ਼ ਤਬਾਹ ਹੋ ਗਿਆ ਸੀ | ਉਸ ਨੇ ਇਹ ਵੀ ਕਿਹਾ ਕਿ ਅੱਤਵਾਦੀ ਕੈਂਪ ਦੁਬਾਰਾ ਬਣਾਇਆ ਜਾ ਰਿਹਾ ਹੈ | ਕੈਮਰੇ ਸਾਹਮਣੇ ਖੜ੍ਹੇ ਕਾਸਿਮ ਨੇ ਇਸ ਸੱਚਾਈ ਨੂੰ ਸਵੀਕਾਰ ਕੀਤਾ | ਹਾਲਾਂਕਿ ਪਾਕਿ ਸਰਕਾਰ ਤੇ ਫ਼ੌਜ ਭਾਰਤੀ ਹਮਲਿਆਂ ਦੌਰਾਨ ਹੋਏ ਨੁਕਸਾਨ ਤੋਂ ਲਗਾਤਾਰ ਇਨਕਾਰ ਕਰਦੀ ਰਹੀ ਹੈ | ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਵੀਡੀਓਜ਼ 'ਚ ਲਸ਼ਕਰ ਕਮਾਂਡਰ ਕਾਸਿਮ ਕਹਿ ਰਿਹਾ ਹੈ ਕਿ ਮੈਂ ਮੁਰੀਦਕੇ 'ਚ ਮਰਕਜ਼ ਤੋਇਬਾ ਦੇ ਖੰਡਰਾਂ 'ਤੇ ਖੜ੍ਹਾ ਹਾਂ, ਜੋ ਕਿ ਭਾਰਤੀ ਹਮਲੇ 'ਚ ਤਬਾਹ ਹੋ ਗਿਆ ਸੀ | ਇਸ ਦਾ ਪੁਨਰ ਨਿਰਮਾਣ ਚੱਲ ਰਿਹਾ ਹੈ | ਉਹ ਇਹ ਵੀ ਸ਼ੇਖ਼ੀ ਮਾਰ ਰਿਹਾ ਹੈ ਕਿ ਨਵਾਂ ਕੈਂਪ ਭਾਰਤ ਦੁਆਰਾ ਤਬਾਹ ਕੀਤੇ ਗਏ ਕੈਂਪ ਨਾਲੋਂ ਵੱਡਾ ਹੋਵੇਗਾ | ਕਾਸਿਮ ਅੱਗੇ ਮੰਨਦਾ ਹੈ ਕਿ ਇਸ ਮਸਜਿਦ 'ਚ ਬਹੁਤ ਸਾਰੇ ਮੁਜ਼ਾਹਦੀਨ ਤੇ ਤਾਲਿਬਾਨਾਂ ਨੇ ਸਿਖਲਾਈ ਪ੍ਰਾਪਤ ਕੀਤੀ ਤੇ ਜਿੱਤ ਪ੍ਰਾਪਤ ਕੀਤੀ | ਇਕ ਹੋਰ ਵੀਡੀਓ 'ਚ ਉਹ ਪਾਕਿਸਤਾਨੀ ਨੌਜਵਾਨਾਂ ਨੂੰ ਮਰਕਜ਼ ਤੋਇਬਾ ਮੁਰੀਦਕੇ ਵਿਖੇ ਦੌਰਾ-ਏ-ਸੁੱਫਾ 'ਚ ਸ਼ਾਮਿਲ ਹੋਣ ਲਈ ਕਹਿ ਰਿਹਾ ਹੈ | ਦੌਰਾ-ਏ-ਸੁੱਫਾ ਇਕ ਅੱਤਵਾਦੀ ਸਿਖਲਾਈ ਪ੍ਰੋਗਰਾਮ ਹੈ, ਜਿਸ 'ਚ ਜਿਹਾਦੀ ਸਿਖਲਾਈ ਪ੍ਰੋਗਰਾਮ ਦੇ ਹਿੱਸੇ ਵਜੋਂ ਧਾਰਮਿਕ ਸਿੱਖਿਆ ਦੇ ਨਾਲ ਹਥਿਆਰਾਂ ਤੇ ਹਮਲਿਆਂ ਦੀ ਮੁਢਲੀ ਸਿਖਲਾਈ ਸ਼ਾਮਿਲ ਹੈ |
ਹੁਣ ਲਸ਼ਕਰ ਕਮਾਂਡਰ ਕਾਸਿਮ ਨੇ ਆਪ੍ਰੇਸ਼ਨ ਸੰਧੂਰ ਕਾਰਨ ਹੋਈ ਤਬਾਹੀ ਨੂੰ ਸਵੀਕਾਰਿਆ
ਅਜੀਤ ਡੈਸਕ
20-09-2025