ਮੁੱਲਾਂਪੁਰ-ਦਾਖਾ, 29 ਅਗਸਤ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ-ਦਾਖਾ ਦੀ ਡਰਾਮਾਟਿਕ ਕਲੱਬ ਅਤੇ ਹਰ ਵਰਗ ਦੇ ਸਹਿਯੋਗ ਨਾਲ ਮੰਡੀ ਮੁੱਲਾਂਪੁਰ ਦੁਸਹਿਰਾ ਮੇਲਾ ਸਫ਼ਲ ਬਣਾਉਣ ਲਈ ਸ੍ਰੀ ਰਾਮ ਲੀਲਾ ਦੁਸਹਿਰਾ ਕਮੇਟੀ ਪ੍ਰਧਾਨ ਜੈ ਕਿਸ਼ਨ ਭੂਸ਼ਣ, ਚੇਅਰਮੈਨ ਬਲਵਿੰਦਰ ਸਿੰਘ ਬੱਸਣ, ਕੌਂਸਲਰ ਬਲਬੀਰ ਚੰਦ ਬੀਰਾ, ਆੜ੍ਹਤੀ ਨਵਲ ਕਿਸ਼ੋਰ, ਕੌਂਸਲਰ ਸਜਨ ਬਾਂਸਲ, ਦੁਸਹਿਰਾ ਟੀਮ ਹਲਕਾ ਦਾਖਾ ਐੱਮ.ਐੱਲ.ਏ ਮਨਪ੍ਰੀਤ ਸਿੰਘ ਇਯਾਲੀ ਨੂੰ ਸੱਦਾ ਪੱਤਰ ਦੇਣ ਇਯਾਲੀ ਦੇ ਦਫ਼ਤਰ ਪਹੁੰਚੀ | ਜੈ ਕਿਸ਼ਨ ਭੂਸ਼ਣ ਵਲੋਂ ਐੱਮ.ਐੱਲ.ਏ ਇਯਾਲੀ ਨੂੰ ਸੱਦਾ ਪੱਤਰ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਦੁਸਹਿਰਾ ਪ੍ਰਬੰਧਕਾਂ ਨੂੰ ਪਿਛਲੇ ਢਾਈ ਦਹਾਕਿਆਂ ਤੋਂ ਆਪ ਵਲੋਂ ਸਹਿਯੋਗ ਮਿਲ ਰਿਹਾ, ਚਾਲੂ ਵਰ੍ਹੇ ਵੀ ਦੁਸਹਿਰਾ ਪ੍ਰਬੰਧਕਾਂ ਦੀ ਮਾਲੀ ਮੱਦਦ ਦੇ ਨਾਲ ਦੁਸਹਿਰਾ ਮੰਚ 'ਤੇ ਮੁੱਖ ਮਹਿਮਾਨ ਵਜੋਂ ਸਮੇਤ ਪਰਿਵਾਰ ਸ਼ਮੂਲੀਅਤ ਕੀਤੀ ਜਾਵੇ | ਐੱਮ.ਐੱਲ.ਏ ਇਯਾਲੀ ਨੇ ਦੁਸਹਿਰਾ ਕਮੇਟੀ ਦੇ ਪ੍ਰਬੰਧਕਾਂ ਨੂੰ ਵਿਸ਼ਵਾਸ ਦਿੱਤਾ ਕਿ ਪੁਰਾਤਨ ਤਿਉਹਾਰ ਸਾਡੀ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ, ਅਜਿਹੇ ਤਿਉਹਾਰ ਰਲ-ਮਿਲਕੇ ਮਨਾਉਣ ਨਾਲ ਸਮਾਜ 'ਚ ਸ਼ੋਭਾ ਵੱਧਦੀ ਹੈ | ਆੜ੍ਹਤੀ ਨਵਲ ਕਿਸ਼ੋਰ ਅਨੁਸਾਰ ਸ਼ਿਵ ਮੰਦਰ ਤੋਂ ਨਿਕਲਣ ਵਾਲੀਆਂ ਝਾਕੀਆਂ ਆਕਰਸ਼ਕ ਬਣਾਉਣ ਲਈ ਪ੍ਰਬੰਧਕਾਂ ਵਲੋਂ ਹਰ ਸ਼ਹਿਰੀ ਦਾ ਸਹਿਯੋਗ ਲਿਆ ਜਾਵੇਗਾ | ਜੀ-4 ਸਿਨੇਮਾ ਪਿੱਛੇ ਦੁਸਹਿਰਾ ਗਰਾਊਾਡ 'ਚ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲੇ ਤਿਆਰ ਕਰਨ ਵਾਲੀਆਂ ਟੀਮਾਂ ਪਹੁੰਚ ਚੁੱਕੀਆਂ ਹਨ |