ਗੁਰੂਸਰ ਸੁਧਾਰ, 29 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)-ਜਤਿੰਦਰਾ ਗਰੀਨਫ਼ੀਲਡ ਸਕੂਲ ਗੁਰੂਸਰ ਸੁਧਾਰ ਨੂੰ ਕਈ ਪ੍ਰਸਿੱਧ ਡੈਲੀਗੇਟਾਂ ਦਾ ਸਵਾਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਇੰਨ੍ਹਾਂ ਡੈਲੀਗੇਟਾਂ ਦੀ ਫੇਰੀ ਕਾਫ਼ੀ ਮਹੱਤਵਪੂਰਨ ਰਹੀ | ਆਪਣੀ ਇਸ ਫੇਰੀ ਦੌਰਾਨ ਇਕ ਆਸਟ੍ਰੇਲੀਆ ਈ-ਬੋਰਡ ਅਧਿਕਾਰੀ ਅਤੇ ਇੰਟਰਨੈਸ਼ਨਲ ਐਜ਼ੂਕੇਸ਼ਨ ਐਂਡ ਸਕੂਲ ਕਰੀਕੁਲਮ ਸਟੈਂਡਰਡ ਅਥਾਰਿਟੀ ਦੀ ਪਿ੍ੰਸੀਪਲ ਤੇ ਸਲਾਹਕਾਰ ਸ੍ਰੀਮਤੀ ਜੋਡੀ ਮੈਥਿਊ ਖ਼ਾਸ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ ਜੋ ਕਿ ਪਾਠਕ੍ਰਮ ਲਾਗੂ ਕਰਨ, ਅਧਿਆਪਕਾਂ ਦੇ ਨਾਲ-ਨਾਲ ਸਕੂਲ ਆਗੂਆਂ ਦਾ ਸਮਰਥਨ ਕਰਨ ਵਿਚ ਆਪਣੀ ਮਜ਼ਬੂਤ ਅਗਵਾਈ ਦਿੰਦੇ ਹਨ | ਇਸ ਤੋਂ ਬਿਨਾਂ ਸ੍ਰੀ ਕੰਨਨ ਮੀਸ਼ ਇੰਟਰਨੈਸ਼ਨਲ ਐਜ਼ੂਕੇਸ਼ਨ ਐਂਡ ਟ੍ਰੁੇਨਿੰਗ ਮੈਨੇਜਰ, ਆਲ ਇੰਡੀਆ ਸਕੂਲਜ਼ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਮਨਦੀਪ ਮਲਹੋਤਰਾ ਦੇ ਨਾਲ ਥਾਨਰਿਹਗੀ ਸੋਫ਼ੀ ਸਪਰਿੰਗ ਬੋਰਡ ਫ਼ਾਰ ਐਜ਼ੂਕੇਸ਼ਨ, ਸਿੰਗਾਪੁਰ ਬਿਜਨੈੱਸ ਡਿਵੈਲਪਮੈਂਟ ਸੁਪਰਵਾਈਜ਼ਰ, ਸੰਗਠਨ ਦੇ ਮੈਨੇਜਿੰਗ ਡਾਇਰੈਕਟਰ ਪਿਡੇਨ ਸੇਨ ਵੀ ਹਾਜ਼ਰ ਹੋਏ | ਸਕੂਲ ਨੂੰ ਆਲ ਇੰਡੀਆ ਸਕੂਲਜ਼ ਐਸੋਸੀਏਸ਼ਨ ਦੇ ਕੌਮੀ ਉੱਪ ਪ੍ਰਧਾਨ ਡਾ: ਸੁਨੀਲ ਨਾਗਪਾਲ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਰਾਸ਼ਟਰੀ ਨਿਰਦੇਸ਼ਕ ਸ੍ਰੀਮਤੀ ਪੂਨਮ ਦੀ ਮੌਜੂਦਗੀ ਨਾਲ ਸਨਮਾਨਿਤ ਕੀਤਾ ਗਿਆ | ਇਨ੍ਹਾਂ ਤੋਂ ਬਿਨਾਂ ਐਸੋਸੀਏਸ਼ਨ ਦੇ ਰਾਸ਼ਟਰੀ ਸਕੱਤਰ ਜਨਰਲ ਐਡਵੋਕੇਟ ਸੰਜੀਵ ਬਾਂਸਲ, ਸੀ.ਟੀ.ਯੂਨੀਵਰਸਿਟੀ ਦੇ ਡਾਇਰੈਕਟਰ ਅਮਨਦੀਪ ਟਾਂਗਰੀ, 61 ਸਕੂਲਾਂ ਦੇ ਸਲਾਹਕਾਰ ਮੈਂਬਰਾਂ ਅਤੇ ਨੈਸ਼ਨਲ ਚੈਂਬਰ ਆਫ਼ ਐਜ਼ੂਕੇਸ਼ਨ ਐਂਡ ਡਿਵੈਲਪਮੈਂਟ ਦੇ ਪ੍ਰਧਾਨ ਨੇ ਵੀ ਇਸ ਮੌਕੇ ਆਪਣੀ ਸ਼ਮੂਲੀਅਤ ਕੀਤੀ | ਵਿਦੇਸ਼ੀ ਡੈਲੀਗੇਟ ਜਤਿੰਦਰਾ ਗਰੀਨਫ਼ੀਲਡ ਸਕੂਲ ਵਿਖੇ ਸਿਖਿਆਰਥੀਆਂ ਲਈ ਉਪਲੱਬਧ ਆਧੁਨਿਕ ਉਪਕਰਣਾਂ ਤੋਂ ਪ੍ਰਭਾਵਿਤ ਹੋਏ ਤੇ ਸਕੂਲ ਦੇ ਬੁਨਿਆਦੀ ਢਾਂਚੇ ਦੀ ਪ੍ਰਸੰਸਾ ਕੀਤੀ | ਇਸ ਮੌਕੇ ਸਕੂਲ ਨੇ ਪੱਛਮੀ ਆਸਟ੍ਰੇਲੀਆ ਦੀ ਸਿੱਖਿਆ ਪ੍ਰਣਾਲੀ ਨਾਲ ਮਜ਼ਬੂਤ ਸਬੰਧ ਬਣਾਉਂਦਿਆਂ ਸੱਭਿਆਚਾਰਕ ਆਦਾਨ-ਪ੍ਰਦਾਨ, ਸਹਿਯੋਗੀ ਸਿੱਖਿਆ, ਅਧਿਆਪਕ ਸਿਖਲਾਈ, ਵਿਸ਼ਵ ਵਿਆਪੀ ਸੰਪਰਕ ਨੂੰ ਵਧਾਉਣ ਅਤੇ ਸਾਰੇ ਸਿਖਿਆਰਥੀਆਂ ਲਈ ਵਿੱਦਿਅਕ ਮੌਕਿਆਂ ਨੂੰ ਵਧਾਉਣ ਲਈ ਵਿਸ਼ੇਸ਼ ਕੰਮ ਕੀਤਾ | ਵਿਦੇਸ਼ੀ ਡੈਲੀਗੇਟਾਂ ਨੇ ਇਸ ਮੌਕੇ ਆਪਣੇ ਤਜਰਬੇ ਸਾਂਝੇ ਕੀਤੇ ਤੇ ਵਿੱਦਿਆ ਦੇ ਖੇਤਰ ਸਬੰਧੀ ਗੰਭੀਰ ਵਿਚਾਰ ਵਟਾਂਦਰੇ ਕੀਤੇ | ਸਕੂਲ ਪ੍ਰਧਾਨ ਡਾ: ਐੱਚ.ਐੱਸ.ਧਾਲੀਵਾਲ, ਮੈਨੇਜਿੰਗ ਡਾਇਰੈਕਟਰ ਡਾ. ਮਨਪ੍ਰੀਤ ਕੌਰ ਧਾਲੀਵਾਲ, ਪਿ੍ੰ. ਚੰਦਰ ਸ਼ੇਖ਼ਰ ਵਲੋਂ ਵਿਦੇਸ਼ੀ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ | ਸਮੁੱਚੀ ਪ੍ਰਬੰਧਕੀ ਕਮੇਟੀ ਤੇ ਸਕੂਲ ਸਟਾਫ਼ ਵਲੋਂ ਡੈਲੀਗੇਟਾਂ ਦਾ ਵਿੱਦਿਅਕ ਫੇਰੀ ਲਈ ਧੰਨਵਾਦ ਕੀਤਾ ਗਿਆ |