ਸਿੱਧਵਾਂ ਬੇਟ, 29 ਅਗਸਤ (ਜਸਵੰਤ ਸਿੰਘ ਸਲੇਮਪੁਰੀ)-ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਕਾਮ: ਬਲਰਾਜ ਸਿੰਘ ਕੋਟਉਮਰਾ ਅਤੇ ਜ਼ਿਲ੍ਹਾ ਸਕੱਤਰ ਕਾਮ: ਹਰਨੇਕ ਸਿੰਘ ਗੁੱਜਰਵਾਲ ਨੇ ਪ੍ਰੈੱਸ ਨੂੰ ਜਾਰੀ ਸਾਂਝੇ ਬਿਆਨ ਵਿਚ ਆਖਿਆ ਕਿ ਸੂਬੇ ਦੇ 7 ਜ਼ਿਲਿ੍ਹਆਂ ਦੀ ਕਰੀਬ ਇਕ ਕਰੋੜ ਵਸੋਂ ਹੜ੍ਹਾਂ ਦੀ ਮਾਰ ਹੇਠ ਆ ਚੁੱਕੀ ਹੈ | ਜਿਨ੍ਹਾਂ ਦੀਆਂ ਮੁਸੀਬਤਾਂ ਐਨੀਆਂ ਵੱਧ ਚੁੱਕੀਆਂ ਹਨ ਕਿ ਉਨ੍ਹਾਂ ਨੂੰ ਆਪਣੇ ਘਰਾਂ ਵਿਚੋਂ ਖੁਦ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ | ਜਦਕਿ ਪੀੜ੍ਹਤ ਲੋਕਾਂ ਨੇ ਆਪਣੇ ਪਸ਼ੂਆਂ ਦੇ ਸੰਗਲ ਖੋਲ੍ਹ ਦਿੱਤੇ ਹਨ, ਪਰ ਸੂਬੇ ਅਤੇ ਕੇਂਦਰ ਦੀ ਸਰਕਾਰ ਸਭ ਕੁਝ ਚੁੱਪ-ਚੁਪੀਤੇ ਵੇਖ ਰਹੀ ਹੈ | ਜਦਕਿ ਮੰਤਰੀ, ਵਿਧਾਇਕ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂ ਫੋਕੀ ਸ਼ੌਹਰਤ ਲਈ ਮਗਰਮੱਛ ਦੇ ਹੰਝੂ ਵਗਾ ਰਹੇ ਹਨ | ਉਨ੍ਹਾਂ ਆਖਿਆ ਕਿ ਅਜਿਹੀ ਸਥਿਤੀ ਲਈ ਦੋਹੇਂ ਸਰਕਾਰ ਬਰਾਬਰ ਦੀਆਂ ਭਾਗੀਦਾਰ ਹਨ | ਉਨ੍ਹਾਂ ਆਖਿਆ ਕਿ ਜਦੋਂ ਸਰਕਾਰਾਂ ਨੂੰ ਮੌਸਮ ਵਿਭਾਗ ਤੋਂ ਇਕ ਮਹੀਨਾਂ ਪਹਿਲਾਂ ਹੀ ਰਿਕਾਰਡ ਬਰਸਾਤ ਹੋਣ ਸੰਬੰਧੀ ਜਾਣਕਾਰੀ ਮਿਲ ਗਈ ਤਾਂ ਉਨ੍ਹਾਂ ਨੇ ਡੈਮਾਂ ਵਿਚੋਂ ਪਹਿਲਾਂ ਕਿਉਂ ਨਹੀਂ ਪਾਣੀ ਛੱਡਿਆ ਅਤੇ ਬਰਸਾਤ ਦੀ ਕਿਉਂ ਉਡੀਕ ਕੀਤੀ | ਉਨ੍ਹਾਂ ਦੁਖੀ ਮਨ ਨਾਲ ਆਖਿਆ ਕਿ ਉਕਤ ਜ਼ਿਲਿ੍ਹਆਂ ਦੇ ਕਿਸਾਨ ਮਾਨਸਿਕ ਅਤੇ ਆਰਥਿਕ ਤੌਰ 'ਤੇ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ | ਇਸ ਮਾਨ ਸਰਕਾਰ ਤੁਰੰਤ ਕਿਸਾਨਾਂ ਵਲੋਂ ਲਏ ਗਏ ਖੇਤੀ ਕਰਜ਼ਿਆਂ 'ਤੇ ਤੁਰੰਤ ਲਕੀਰ ਮਾਰੇ | ਉਨ੍ਹਾਂ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਉਹ ਸੂਬੇ ਲਈ ਤੁਰੰਤ ਇਕ ਵੱਡੇ ਆਰਥਿਕ ਪੈਕੇਜ਼ ਦਾ ਐਲਾਨ ਕਰੇ ਤਾਂ ਜੋ ਹੜ੍ਹ ਪੀੜ੍ਹਤ ਲੋਕਾਂ ਦੇ ਹੋਏ ਨੁਕਸਾਨ ਦੀ 100 ਫ਼ੀਸਦੀ ਭਰਪਾਈ ਕੀਤੀ ਜਾ ਸਕੇ |