ਸਿੱਧਵਾਂ ਬੇਟ, 29 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਲੰਘੇ ਦਿਨਾਂ ਦੌਰਾਨ ਬੇਟ ਇਲਾਕੇ ਵਿਚ ਹੋਈ ਭਾਰੀ ਬਰਸਾਤ ਕਾਰਨ ਦਰਿਆ ਸਤਲੁਜ ਲਾਗਲੇ ਪਿੰਡ ਕੋਟਉਮਰਾ ਦੇ ਦੋ ਲੋੜਵੰਦ ਪਰਿਵਾਰਾਂ ਦੀਆਂ ਕਮਰਿਆਂ ਦੀ ਛੱਤਾਂ ਡਿੱਗ ਪਈਆਂ, ਪਰ ਪਰਿਵਾਰਿਕ ਮੈਂਬਰ ਵਾਲ-ਵਾਲ ਬਚ ਗਏ | ਪੀੜ੍ਹਤ ਗਾਹਰਾ ਸਿੰਘ ਪੁੱਤਰ ਸੋਨਾ ਸਿੰਘ ਅਤੇ ਕੁਲਵੰਤ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਬਰਸਾਤ ਕਾਰਨ ਹੋਏ ਨੁਕਸਾਨ ਬਾਰੇ ਦੱਸਦੇ ਹੋਏ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਤੁਰੰਤ ਸਹਾਇਤਾ ਰਾਸ਼ੀ ਦਿੱਤੀ ਜਾਵੇ ਤਾਂ ਜੋ ਅਸੀਂ ਅੱਗੇ ਹੋਣ ਵਾਲੀਆਂ ਬਰਸਾਤਾਂ ਤੋਂ ਪਹਿਲਾਂ ਆਪਣੇ ਕਮਰਿਆਂ ਦੀ ਮੁਰੰਮਤ ਕਰਵਾ ਸਕੀਏ | ਇਸ ਮੌਕੇ ਸਰਪੰਚ ਹਰਮੇਸ ਸਿੰਘ ਨੇ ਆਖਿਆ ਕਿ ਭਾਵੇਂ ਅਸੀਂ ਪ੍ਰਸ਼ਾਸਨ ਵਲੋਂ ਮਿਲੀਆਂ ਤਰਪਾਲਾਂ ਇਨ੍ਹਾਂ ਪਰਿਵਾਰਾਂ ਨੂੰ ਦੇ ਦਿੱਤੀਆਂ ਹਨ, ਪਰ ਉਨ੍ਹਾਂ ਦੀ ਹਾਲਤ ਵੀ ਜ਼ਿਆਦਾ ਵਧੀਆ ਨਹੀਂ | ਇਸ ਲਈ ਇਨ੍ਹਾਂ ਨੂੰ ਦੁਬਾਰਾ ਕਮਰੇ ਬਣਾਉਣ ਲਈ ਮੁਆਵਜ਼ਾ ਦਿੱਤਾ ਜਾਵੇ |