ਕਾਠਗੜ, 30 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨੇੜਲੇ ਪਿੰਡ ਚਾਹਲਾਂ ਦੀ ਪੰਚਾਇਤ ਵਲੋਂ ਲੰਬੇ ਸਮੇਂ ਤੋਂ ਪਿੰਡ ਦੀ ਲਿੰਕ ਸੜਕ ਦੇ ਨਾਲ ਲਗਾਏ ਹੋਏ ਗੋਹੇ ਦੇ ਢੇਰ ਅਤੇ ਗੰਦਗੀ ਦੇ ਢੇਰਾਂ ਦੀ ਸਫਾਈ ਕਰਵਾਈ ਗਈ | ਪਿੰਡ ਚਾਹਲਾਂ ਦੇ ਸਰਪੰਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਵਲੋਂ ਘਰਾਂ ਦੇ ਗੋਹੇ ਤੇ ਗੰਦਗੀ ਆਦਿ ਨੂੰ ਪਿੰਡ ਦੀ ਲਿੰਕ ਸੜਕ ਦੇ ਨਾਲ ਹੀ ਸੁੱਟਿਆ ਜਾ ਰਿਹਾ ਸੀ, ਜਿਸ ਦੇ ਚਲਦਿਆਂ ਗੰਦਗੀ ਸੜਕ ਦੇ ਉੱਤੇ ਵੀ ਫੈਲ ਰਹੀ ਸੀ, ਜਦਕਿ ਇਸ ਗੰਦਗੀ ਤੋਂ ਆ ਰਹੀ ਬਦਬੂ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਵੀ ਹੋ ਰਹੀ ਸੀ | ਉਹਨਾਂ ਦੱਸਿਆ ਕਿ ਉਹਨਾਂ ਨੇ ਲੰਬੇ ਸਮੇਂ ਤੋਂ ਲਗਾਏ ਜਾ ਰਹੇ ਇਹਨਾਂ ਗੰਦਗੀ ਦੇ ਢੇਰਾਂ ਨੂੰ ਸਾਫ ਕਰਵਾ ਦਿੱਤਾ ਹੈ, ਜਿਸ ਨਾਲ ਹੁਣ ਲਿੰਕ ਸੜਕ ਦੇ ਨਾਲ ਲੱਗਦੀ ਥਾਂ ਸਾਫ-ਸੁਥਰੀ ਹੋ ਗਈ ਹੈ ਅਤੇ ਲੋਕਾਂ ਨੂੰ ਕਾਫੀ ਰਾਹਤ ਮਿਲੀ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਰਪੰਚ ਹਰਵਿੰਦਰ ਸਿੰਘ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਜਮ੍ਹਾਂ ਗੰਦਗੀ ਨੂੰ ਸਾਫ ਕਰਵਾ ਕੇ ਉਸ ਥਾਂ ਨੂੰ ਪੱਕਾ ਕਰਵਾਇਆ ਗਿਆ ਹੈ |