ਨਵਾਂਸ਼ਹਿਰ, 30 ਅਗਸਤ (ਦੀਦਾਰ ਸਿੰਘ ਸ਼ੇਤਰਾ)-ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕਿ੍ਤ ਤੇ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਲੋਂ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਕੁਲਾਮ ਵਿਖੇ 'ਨਸ਼ਾ ਮੁਕਤ ਭਾਰਤ ਅਭਿਆਨ' ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ | ਕੈਂਪ ਦੀ ਪ੍ਰਧਾਨਗੀ ਬਲਜੀਤ ਸਿੰਘ ਸਰਪੰਚ ਵਲੋਂ ਕੀਤੀ ਗਈ | ਇਸ ਮੌਕੇ ਚਮਨ ਸਿੰਘ ਪ੍ਰਾਜੈਕਟ ਡਾਇਰੈਕਟਰ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾਂ ਰੈੱਡ ਕਰਾਸ ਦੀ ਸਥਾਪਨਾ ਬਾਰੇ ਦੱਸਿਆ | ਉਨ੍ਹਾਂ ਨੇ 'ਯੁੱਧ ਨਸ਼ਿਆਂ ਵਿਰੁੱਧ' ਵਿਸ਼ੇ 'ਤੇ ਚਰਚਾ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਪੂਰਾ ਭਾਰਤ ਨਸ਼ਿਆਂ ਦੀ ਲਪੇਟ ਵਿਚ ਆਇਆ ਹੋਇਆ ਹੈ, ਜਿਸ 'ਚ ਛੋਟੇ ਬੱਚੇ ਤੇ ਲੜਕੀਆਂ ਵੀ ਨਸ਼ੇ ਦੀ ਗਿ੍ਫ਼ਤ ਵਿਚ ਆ ਰਹੀਆਂ ਹਨ | ਉਨ੍ਹਾਂ ਮਾਪਿਆਂ ਨੂੰ ਬੱਚਿਆਂ ਵੱਲ ਖਾਸ ਧਿਆਨ ਦੇਣ ਦੀ ਗੱਲ 'ਤੇ ਜ਼ੋਰ ਦਿੱਤਾ | ਕਮਲਜੀਤ ਕੌਰ ਕੌਂਸਲਰ ਨੇ ਸੈਂਟਰ ਵਿਖੇ ਲੋੜਵੰਦ ਮਰੀਜ਼ਾਂ ਦੇ ਇਲਾਜ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ | ਸਰਪੰਚ ਬਲਜੀਤ ਸਿੰਘ ਨੇ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਰਾਜਵਿੰਦਰ ਕੌਰ ਆਂਗਣਵਾੜੀ ਵਰਕਰ, ਸੁਖਵਿੰਦਰ ਕੌਰ ਆਂਗਣਵਾੜੀ ਵਰਕਰ, ਵਿਸ਼ਾਲੀ ਆਂਗਣਵਾੜੀ ਹੈਲਪਰ, ਰਾਣੀ ਆਂਗਣਵਾੜੀ ਹੈਲਪਰ, ਜਗਦੀਸ਼ ਕੌਰ ਆਂਗਣਵਾੜੀ ਹੈਲਪਰ, ਬਲਜੀਤ ਸਾਬਕਾ ਸਰਪੰਚ, ਅਮਨਦੀਪ ਕੌਰ,ਮਦਨ ਲਾਲ ਪੰਚ, ਹੰਸ ਰਾਜ, ਬਲਜੀਤ ਕੌਰ, ਛਿੰਦੋ ਪੰਚਾਇਤ ਮੈਂਬਰ ਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ |