ਫ਼ਤਹਿਗੜ੍ਹ ਸਾਹਿਬ, 30 ਅਗਸਤ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਐਨ.ਈ.ਪੀ. ਸਾਰਥੀ ਵਲੋਂ 'ਭਾਰਤੀ ਗਿਆਨ ਪ੍ਰਣਾਲੀ ਅਤੇ ਉੱਚ ਸਿੱਖਿਆ' ਵਿਸ਼ੇ 'ਤੇ ਪੈਨਲ ਵਿਚਾਰ-ਵਟਾਂਦਰੇ ਦਾ ਆਯੋਜਨ ਕੀਤਾ ਗਿਆ ਉਪਰੰਤ ਐਨ.ਈ.ਪੀ.-2020 ਬਾਰੇ ਜਾਗਰੂਕਤਾ ਰੈਲੀ ਕੱਢੀ ਗਈ | ਪੈਨਲ ਚਰਚਾ ਵਿਚ ਵਿਭਾਗ ਦੇ ਫੈਕਲਟੀ ਮੈਂਬਰ, ਸਕਾਲਰ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ | ਉਨ੍ਹਾਂ ਨੇ ਭਾਰਤ ਗਿਆਨ ਪ੍ਰਣਾਲੀ ਨੂੰ ਉੱਚ ਸਿੱਖਿਆ ਵਿਚ ਸ਼ਾਮਿਲ ਕਰਨ ਦੀ ਮਹੱਤਤਾ 'ਤੇ ਵਿਚਾਰ ਵਟਾਂਦਰਾ ਕੀਤਾ | ਡਾ. ਹਰਨੀਤ ਬਿਲਿੰਗ ਐਨ.ਈ.ਪੀ. ਕੋਆਰਡੀਨੇਟਰ ਨੇ ਆਪਣੇ ਆਨਲਾਈਨ ਸੰਬੋਧਨ ਵਿਚ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ-2020 ਭਾਰਤ ਦੀਆਂ ਅਮੀਰ ਗਿਆਨ ਪ੍ਰੰਪਰਾਵਾਂ ਨੂੰ ਵਿਸ਼ਵ ਵਿੱਦਿਅਕ ਮਿਆਰਾਂ ਨਾਲ ਜੋੜਨ ਲਈ ਇਕ ਵਿਲੱਖਣ ਪਲੇਟਫ਼ਾਰਮ ਪ੍ਰਦਾਨ ਕਰਦੀ ਹੈ | ਉਨ੍ਹਾਂ ਦੱਸਿਆ ਕਿ ਨੀਤੀ ਬਹੁ-ਅਨੁਸ਼ਾਸਨੀ ਸਿੱਖਿਆ, ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ, ਹੁਨਰ ਵਿਕਾਸ ਤੇ ਮੁੱਲ-ਮੁਖੀ ਸਿੱਖਿਆ ਦੀ ਕਲਪਨਾ ਕਰਦੀ ਹੈ | ਪੈਨਲ ਵਿਚਾਰ ਵਟਾਂਦਰੇ ਤੋਂ ਬਾਅਦ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਯੂਨੀਵਰਸਿਟੀ ਕੈਂਪਸ ਦੇ ਆਲੇ-ਦੁਆਲੇ ਐਨ.ਈ.ਪੀ-2020 ਬਾਰੇ ਜਾਗਰੂਕਤਾ ਰੈਲੀ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਵਿਦਿਆਰਥਣ ਨਵਜੋਤ ਕੌਰ ਨੇ ਕਿਹਾ ਕਿ ਵਿਚਾਰ ਵਟਾਂਦਰੇ ਨੇ ਸਾਨੂੰ ਇਹ ਸਮਝਣ ਵਿਚ ਮਦਦ ਕੀਤੀ ਕਿ ਕਿਵੇਂ ਭਾਰਤੀ ਕਦਰਾਂ-ਕੀਮਤਾਂ ਅਤੇ ਪਰੰਪਰਾਵਾਂ ਨੂੰ ਆਧੁਨਿਕ ਸਿੱਖਿਆ ਨਾਲ ਜੋੜਿਆ ਜਾ ਸਕਦਾ ਹੈ ਤਾਂ ਜੋ ਸਿੱਖਿਆ ਨੂੰ ਵਧੇਰੇ ਸਾਰਥਕ ਬਣਾਇਆ ਜਾ ਸਕੇ | ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲਿਆਂ ਨੇ ਵੀ ਵਿਭਾਗ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉੱਚ ਸਿੱਖਿਆ ਵਿਚ ਭਾਰਤੀ ਗਿਆਨ ਪ੍ਰਣਾਲੀ ਦੇ ਏਕੀਕਰਨ ਨਾਲ ਵਿਦਿਆਰਥੀਆਂ ਦੀ ਇਕ ਪੀੜ੍ਹੀ ਦਾ ਨਿਰਮਾਣ ਕਰਨ ਵਿਚ ਮਦਦ ਮਿਲੇਗੀ ਜੋ ਅਕਾਦਮਿਕ ਤੌਰ 'ਤੇ ਸਮਰੱਥ ਅਤੇ ਸਭਿਆਚਾਰਕ ਤੌਰ 'ਤੇ ਆਪਣੀਆਂ ਜੜਾਂ ਨਾਲ ਜੁੜੇ ਹੋਏ ਹੋਣਗੇ | ਉਪ ਕੁਲਪਤੀ ਪ੍ਰੋ. ਪਰਿਤ ਪਾਲ ਸਿੰਘ ਨੇ ਸਿੱਖਿਆ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਨਾ ਸਿਰਫ਼ ਐਨ.ਈ.ਪੀ.-2020 ਬਾਰੇ ਜਾਗਰੂਕਤਾ ਪੈਦਾ ਕਰਦੀਆਂ ਹਨ, ਬਲਕਿ ਵਿਦਿਆਰਥੀਆਂ ਵਿਚ ਭਾਰਤ ਦੀਆਂ ਗਿਆਨ ਪਰੰਪਰਾਵਾਂ ਨੂੰ ਮਾਣ ਨਾਲ ਅੱਗੇ ਵਧਾਉਣ ਲਈ ਜ਼ਿੰਮੇਵਾਰੀ ਦੀ ਡੂੰਘੀ ਭਾਵਨਾ ਵੀ ਪੈਦਾ ਕਰਦੀਆਂ ਹਨ |