ਫ਼ਾਜ਼ਿਲਕਾ, 30 ਅਗਸਤ (ਦਵਿੰਦਰ ਪਾਲ ਸਿੰਘ)- ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਫ਼ਾਜ਼ਿਲਕਾ ਮਨੁੱਖਾਂ ਦੇ ਨਾਲ-ਨਾਲ ਬੇਜੁਬਾਨਾ ਦੀ ਸੰਭਾਲ ਕਰਨ ਦੇ ਨਾਲ-ਨਾਲ ਖ਼ੁਰਾਕ ਦਾ ਵੀ ਵਿਸ਼ੇਸ਼ ਧਿਆਨ ਰੱਖ ਰਿਹਾ ਹੈ | ਜ਼ਿਲ੍ਹੇ ਵਿਚ ਅੱਠ ਰਾਹਤ ਕੈਂਪ ਕਾਰਜਸ਼ੀਲ ਹਨ ਜਿਨ੍ਹਾਂ ਵਿਚ 384 ਜਾਨਵਰ ਲਿਆਂਦੇ ਗਏ ਹਨ ਤੇ ਪਸ਼ੂ ਪਾਲਕਾਂ ਨੂੰ ਫੀਡ, ਹਰਾ ਚਾਰਾ ਅਤੇ ਮੱਕੀ ਦੇ ਅਚਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ | ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਸ਼ੂ ਪਾਲਕਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਰਾਹਤ ਕੈਂਪਾਂ ਵਿਚ ਆਏ ਲੋਕਾਂ ਦੇ ਦੁਧਾਰੂ ਜਾਨਵਰਾਂ ਲਈ ਮੰਗ ਮੁਤਾਬਿਕ ਫੀਡ, ਹਰੇ ਚਾਰੇ ਦੀ ਵੰਡ ਜਾਰੀ ਹੈ | ਇਸ ਤੋਂ ਇਲਾਵਾ ਜੋ ਪਸ਼ੂ ਪਾਲਕ ਆਪਣੇ ਪਸ਼ੂਆਂ ਸਮੇਤ ਪਿੰਡਾਂ ਵਿਚ ਹਨ ਉਨ੍ਹਾਂ ਤੱਕ ਵੀ ਲੋੜੀਂਦੀ ਰਾਹਤ ਸਮਗਰੀ ਪੁੱਜਦੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਫੀਡ ਚਾਰਾ ਪਹੁੰਚਾਉਣ ਤੋਂ ਬਾਅਦ ਵੀ ਜਿਵੇਂ ਜਿਵੇਂ ਲੋਕਾਂ ਵੱਲੋ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਉਸ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ | ਇਸੇ ਤਹਿਤ ਫ਼ਾਜ਼ਿਲਕਾ ਦੇ ਪਿੰਡ ਘੁਰਕਾਂ ਵਿਚ ਮੱਕੀ ਦਾ ਆਚਾਰ ਪਿੰਡ ਵਾਸੀਆਂ ਨੂੰ ਮੁਹੱਈਆ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਪਾਣੀ ਦੀ ਮਾਰ ਕਰਕੇ ਪਸ਼ੂਆਂ ਵਿਚ ਕੋਈ ਬਿਮਾਰੀ ਨਾ ਫੈਲੇ, ਇਸ ਕਰਕੇ ਪਸ਼ੂਆਂ ਦਾ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਪਸ਼ੂ ਪਾਲਨ ਵਿਭਾਗ ਦੀਆਂ 14 ਟੀਮਾਂ ਰਾਹਤ ਕੇਂਦਰਾਂ ਤੇ ਪਿੰਡਾਂ ਵਿਚ ਡਿਊਟੀ 'ਤੇ ਤਾਇਨਾਤ ਹਨ ਤਾਂ ਜੋ ਕਿਸੇ ਪਸ਼ੂ ਨੂੰ ਇਲਾਜ ਦੀ ਲੋੜ ਹੈ ਤਾਂ ਉਸ ਨੰੂ ਨਾਲੋ-ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ |