ਅਬੋਹਰ, 20 ਸਤੰਬਰ (ਸੁਖਜੀਤ ਸਿੰਘ ਬਰਾੜ)- ਗੁਆਂਢੀ ਸੂਬੇ ਰਾਜਸਥਾਨ ਦੇ ਮੰਡੀ ਗੋਲੂਵਾਲਾ 'ਚ ਸਥਿਤ ਗੁਰਦੁਆਰਾ ਸ੍ਰੀ ਮਹਿਤਾਬਗੜ੍ਹ ਸਾਹਿਬ ਦੀ ਕਮੇਟੀ ਤੇ ਪਿੰਡ ਵਾਸੀਆਂ ਵਿਚਕਾਰ ਹੜ੍ਹ ਪੀੜਤਾਂ ਦੇ ਰਾਸ਼ਨ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਕਾਫ਼ੀ ਵੱਧ ਗਿਆ ਹੈ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬੀਬੀ ਹਰਮੀਤ ਕੌਰ ਖ਼ਾਲਸਾ ਅਤੇ ਸਿੱਖ ਧਰਮ ਪ੍ਰਚਾਰ ਕਮੇਟੀ ਰਾਜਸਥਾਨ ਦੇ ਚੇਅਰਮੈਨ ਤੇਜਿੰਦਰਪਾਲ ਸਿੰਘ ਟਿੰਮਾ ਤੇ ਹੋਰ ਆਗੂਆਂ ਨੇ ਦੱਸਿਆ ਕਿ ਗੁਰਦੁਆਰਾ ਕਮੇਟੀ ਦੇ ਮੈਂਬਰ ਕੁੱਝ ਦਿਨ ਪਹਿਲਾਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਪੀੜਤਾਂ ਦੀ ਮਦਦ ਕਰਨ ਜਾਣ ਲਈ ਰਾਸ਼ਨ ਸਮਗਰੀ ਇਕੱਤਰ ਕਰ ਰਹੇ ਸਨ ਤਾਂ ਕੁੱਝ ਸ਼ਰਾਰਤੀ ਅਨਸਰ ਜੋ ਕਿ ਹੋਰ ਕਿਸੇ ਧਰਮ ਨਾਲ ਸਬੰਧਿਤ ਸਨ, ਉਨ੍ਹਾਂ ਨੂੰ ਰਾਸ਼ਨ ਸਮਗਰੀ ਇਕੱਤਰ ਕਰਨ 'ਤੇ ਬੁਰਾ ਭਲਾ ਕਹਿਣ ਲੱਗੇ ਕਿ ਤੁਸੀਂ ਇਸ ਇਕੱਤਰ ਕਰਨ ਵਾਲੀ ਰਾਸ਼ਨ ਸਮਗਰੀ ਦੀ ਸਹੀਂ ਵਰਤੋਂ ਨਹੀਂ ਕਰਦੇ | ਦੋਵੇਂ ਧਿਰਾਂ 'ਚ ਇਸ ਮਾਮਲੇ ਨੂੰ ਲੈ ਕੇ ਵਿਵਾਦ ਵਧਣ ਲੱਗ ਗਿਆ ਤੇ ਇਲਾਕੇ ਦੇ ਕੁੱਝ ਲੋਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੇ ਕਮੇਟੀ ਬਦਲਣ ਦੀ ਮੰਗ ਉਠਾਉਣ ਲੱਗ ਪਏ ਤੇ ਇਸ ਦੌਰਾਨ ਪੂਰੇ ਇਲਾਕੇ ਦੇ ਧਾਰਮਿਕ ਤੇ ਸਿੱਖ ਆਗੂ ਗੁਰਦੁਆਰਾ ਕਮੇਟੀ ਦੀ ਮਦਦ 'ਤੇ ਆ ਗਏ | ਧਾਰਮਿਕ ਤੇ ਸਿੱਖ ਆਗੂਆਂ ਦੀ ਮੰਗ ਸੀ ਕਿ ਜੇਕਰ ਤੁਸੀਂ ਗੁਰਦੁਆਰਾ ਕਮੇਟੀ 'ਤੇ ਕੋਈ ਗੜਬੜੀ ਦੇ ਦੋਸ਼ ਲਗਾਉਣੇ ਹਨ ਜਾਂ ਉਨ੍ਹਾਂ ਦੀ ਜਾਂਚ ਕਰਵਾਉਣੀ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਪਾਸ ਅਰਜ਼ੀ ਲਗਾਓ | ਅਸੀਂ ਕਿਸੇ ਭਾਜਪਾ ਲੀਡਰ ਦੇ ਘਰ ਬੈਠ ਕੇ ਇਸ ਮਸਲੇ 'ਤੇ ਗੱਲਬਾਤ ਨਹੀਂ ਕਰਨੀ | ਇਸ ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ ਆਹਮਣੇ ਸਾਹਮਣੇ ਵੀ ਹੋ ਗਈਆਂ | ਦੋਵੇਂ ਧਿਰਾਂ ਵਿਚਕਾਰ ਵਿਵਾਦ ਵੀ ਜੰਮ ਕੇ ਹੋਇਆ | ਮਾਮਲਾ ਗੋਲੂਵਾਲਾ ਥਾਣਾ ਪੁਲਿਸ ਪਾਸ ਪਹੁੰਚ ਗਿਆ | ਹਾਲੇ ਇਹ ਵਿਵਾਦ ਜਾਰੀ ਹੈ ਕਿ ਇਸ ਦੌਰਾਨ ਥਾਣਾ ਗੰਗਾਨਗਰ ਕੋਤਵਾਲੀ ਪੁਲਿਸ ਵਲੋਂ ਧਾਰਮਿਕ ਆਗੂ ਚੇਅਰਮੈਨ ਤੇਜਿੰਦਰਪਾਲ ਸਿੰਘ ਟਿੰਮਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਗਿ੍ਫ਼ਤਾਰ ਕਰ ਲਿਆ ਗਿਆ ਪਰ ਅੱਜ ਅਦਾਲਤ ਵਲੋਂ ਟਿੰਮਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ | ਉਨ੍ਹਾਂ ਰਿਹਾਅ ਹੋਣ ਉਪਰੰਤ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਸੂਬੇ ਦੀ ਭਾਜਪਾ ਸਰਕਾਰ ਨਾਲ ਮਿਲ ਕੇ ਸਿੱਖਾਂ ਨੂੰ ਦਬਾਉਣਾ ਚਾਹੁੰਦੇ ਹਨ ਤੇ ਜਾਣਬੁੱਝ ਕੇ ਸਿੱਖਾਂ 'ਤੇ ਝੂਠੇ ਦੋਸ਼ ਲਗਾ ਕੇ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ | ਅਸੀਂ ਇਹ ਸਭ ਸਹਿਣ ਨਹੀਂ ਕਰਾਂਗੇ | ਜਦੋਂ ਇਸ ਸਬੰਧ ਵਿਚ ਥਾਣਾ ਗੋਲੂਵਾਲਾ ਦੇ ਮੁਖੀ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫ਼ੋਨ ਹੀ ਨਹੀਂ ਚੁੱਕਿਆ |