ਜਲਾਲਾਬਾਦ, 20 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)- ਸਰਕਾਰੀ ਹਸਪਤਾਲ ਜਲਾਲਾਬਾਦ ਵਿਚ ਬਤੌਰ ਐੱਸ.ਐੱਮ.ਓ. ਵਜੋਂ ਸੇਵਾਵਾਂ ਦੇਣ ਵਾਲੇ ਡਾ.ਸੁਮਿਤ ਲੂਣਾ ਜਿਨ੍ਹਾਂ ਦੀ ਬਦਲੀ ਬੀਤੇ ਦਿਨ ਗੁਰੂਹਰਸਹਾਏ ਦੇ ਸਰਕਾਰੀ ਹਸਪਤਾਲ ਵਿਚ ਹੋ ਗਈ ਸੀ ਜਿਸ ਦੀ ਬਦਲੀ ਇਕ ਵਾਰ ਫਿਰ ਸਰਕਾਰੀ ਹਸਪਤਾਲ ਜਲਾਲਾਬਾਦ ਵਿਖੇ ਹੋ ਗਈ ਹੈ | ਹੱਡੀਆਂ ਦੇ ਮਾਹਿਰ ਡਾ. ਸੁਮਿਤ ਲੂਣਾ ਵੱਲੋਂ ਇਕ ਵਾਰ ਫਿਰ ਸਰਕਾਰੀ ਹਸਪਤਾਲ ਜਲਾਲਾਬਾਦ 'ਚ ਜੁਆਇੰਨਿੰਗ ਕਰ ਲਈ ਗਈ ਹੈ | ਇੱਥੇ ਜੁਆਇਨਿੰਗ ਕਰਨ ਦੇ ਬਾਅਦ ਡਾ. ਸੁਮਿਤ ਲੂਣਾ ਵੱਲੋਂ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨਾਲ ਮੁਲਾਕਾਤ ਕੀਤੀ ਗਈ ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਡਾ. ਸੁਮਿਤ ਲੂਣਾ ਨੇ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਇੱਥੇ ਸਰਕਾਰੀ ਹਸਪਤਾਲ 'ਚ ਆਪਣੀਆਂ ਸੇਵਾਵਾਂ ਦੇਣਗੇ | ਇਸ ਮੌਕੇ ਉਨ੍ਹਾਂ ਨਾਲ ਸਮਾਜ ਸੇਵੀ ਹਰੀਸ਼ ਸੇਤੀਆ, ਐਡਵੋਕੇਟ ਰਜੀਵ ਬਜਾਜ, ਤਨੂ ਵਿੱਜ ਵੀ ਮੌਜੂਦ ਸਨ | ਇੱਥੇ ਦੱਸ ਦੇਈਏ ਕਿ ਸਰਕਾਰੀ ਹਸਪਤਾਲ ਜਲਾਲਾਬਾਦ ਵਿਖੇ ਤਾਇਨਾਤ ਡਾ. ਸੁਮਿਤ ਲੂਣਾ ਸਮੇਤ ਕੁਝ ਹੋਰ ਡਾਕਟਰਾਂ ਦੀ ਬੀਤੇ ਦਿਨੀਂ ਇੱਥੋਂ ਬਦਲੀ ਹੋ ਗਈ ਸੀ ਜਿਸ ਦੇ ਸਬੰਧ ਵਿਚ ਸਰਕਾਰੀ ਹਸਪਤਾਲ ਜਲਾਲਾਬਾਦ ਵਿਚ ਡਾਕਟਰਾਂ ਦੀਆਂ ਖ਼ਾਲੀ ਹੋ ਚੁੱਕੀਆਂ ਪੋਸਟਾਂ ਨੂੰ ਭਰਨ ਦੀ ਮੰਗ ਜ਼ੋਰ ਫੜਨ ਲੱਗੀ ਜਿਸ 'ਤੇ ਸਮਾਜ ਸੇਵੀ ਡਾ.ਸਤਨਾਮ ਸਿੰਘ ਥਿੰਦ, ਰਿੰਕੂ ਖ਼ਾਲਸਾ ਸਮੇਤ ਹੋਰਨਾਂ ਲੋਕਾਂ ਵੱਲੋਂ ਆਵਾਜ਼ ਚੁੱਕੀ ਗਈ ਤੇ ਇੱਥੇ ਹਸਪਤਾਲ 'ਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ ਲਈ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਕੋਲ ਰੱਖੀ ਗਈ ਜਿਸ ਦੇ ਬਾਅਦ ਡਾ. ਸੁਮਿਤ ਲੂਣਾ ਜੋਕਿ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਖੇ ਦੁਬਾਰਾ ਬਦਲੀ ਹੋ ਚੁੱਕੀ ਹੈ | ਲੋਕਾਂ ਦੀ ਮੰਗ ਹੈ ਕਿ ਇੱਥੇ ਡਾਕਟਰਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਿਹਤ ਸੇਵਾਵਾਂ ਵਧੀਆਂ ਮਿਲ ਸਕਣ ਤੇ ਲੋਕ ਇੱਥੇ ਸਰਕਾਰੀ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਸਕਣ | ਉੱਧਰ, ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਜੋ ਵੀ ਹਸਪਤਾਲ ਵਿਚ ਕਮੀਆਂ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ |