ਫ਼ਾਜ਼ਿਲਕਾ, 20 ਸਤੰਬਰ (ਦਵਿੰਦਰ ਪਾਲ ਸਿੰਘ)-ਡਾਇਰੈਕਟਰ ਦਫ਼ਤਰ, ਸਕੂਲ ਸਿੱਖਿਆ (ਸੈਕੰਡਰੀ), ਪੰਜਾਬ ਦੇ ਹੁਕਮ ਅਨੁਸਾਰ ਜੀਨੀਅਸ ਕਾਨਵੈਂਟ ਸਕੂਲ ਕਟੈਹੜਾ ਵਿਚ ਸਫ਼ਾਈ ਪੰਦ੍ਹਰਵਾੜੇ 30 ਸਤੰਬਰ ਤੱਕ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਸਕੂਲ ਪਿ੍ੰਸੀਪਲ ਸ਼੍ਰੀਮਤੀ ਕਵਿਤਾ ਸਪੜਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਫ਼ਾਈ ਅਪਣਾਉਣਾ ਸਿਰਫ਼ ਇੱਕ ਆਦਤ ਨਹੀਂ ਬਲਕਿ ਜੀਵਨ ਜੀਣ ਦਾ ਤਰੀਕਾ ਹੋਣਾ ਚਾਹੀਦਾ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਸੰਕਲਪ ਦਿਵਾਇਆ ਕਿ ਉਹ ਆਪਣੇ ਘਰ, ਸਕੂਲ ਤੇ ਆਸ-ਪਾਸ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਵਿਚ ਹਮੇਸ਼ਾ ਯੋਗਦਾਨ ਪਾਉਣਗੇ | ਇਸ ਪ੍ਰੋਗਰਾਮ ਤਹਿਤ ਜੀਨੀਅਸ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਪਿੰਡ ਕਟੈਹੜਾ ਤੇ ਨੇੜਲੇ ਖੇਤਰਾਂ ਵਿਚ ਰੈਲੀ ਕੱਢ ਕੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ | ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਆਕਰਸ਼ਕ ਸਲੋਗਨ ਤਿਆਰ ਕੀਤੇ ਤੇ ਨਾਰੇ ਲਗਾ ਕੇ ਲੋਕਾਂ ਨੂੰ ਸਫ਼ਾਈ ਦੇ ਮਹੱਤਵ ਨਾਲ ਜਾਣੂ ਕਰਵਾਇਆ | ਵਿਦਿਆਰਥੀਆਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰ ਅਤੇ ਘਰ ਦੇ ਆਲ਼ੇ ਦੁਆਲੇ ਸਫ਼ਾਈ ਰੱਖਣ, ਖੁੱਲ੍ਹੇ ਵਿਚ ਸ਼ੌਚ ਨਾ ਕਰਨ ਤੇ ਗਲੀਆਂ ਵਿਚ ਥੁੱਕਣ ਵਰਗੀਆਂ ਗੰਦੀਆਂ ਆਦਤਾਂ ਤੋਂ ਬਚਣ | ਸਕੂਲ ਦੇ ਐਮ.ਡੀ. ਰਾਘਵ ਸਪੜਾ ਨੇ ਇਸ ਮੌਕੇ ਕਿਹਾ ਕਿ ਅਜੇਹੇ ਅਭਿਆਨ ਬੱਚਿਆਂ ਵਿਚ ਸਮਾਜਿਕ ਜ਼ਿੰਮੇਵਾਰੀ ਤੇ ਨੈਤਿਕ ਮੁੱਲਾਂ ਦਾ ਵਿਕਾਸ ਕਰਦੇ ਹਨ | ਉਨ੍ਹਾਂ ਨੇ ਬੱਚਿਆਂ ਦੇ ਯਤਨਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਜੇ ਵਿਦਿਆਰਥੀ ਛੋਟੀ ਉਮਰ ਤੋਂ ਹੀ ਸਫ਼ਾਈ ਦੀ ਆਦਤ ਪਾ ਲੈਂਦੇ ਹਨ ਤਾਂ ਭਵਿੱਖ ਵਿਚ ਇੱਕ ਸਾਫ਼-ਸੁਥਰਾ ਤੇ ਸਿਹਤਮੰਦ ਸਮਾਜ ਦਾ ਨਿਰਮਾਣ ਸੰਭਵ ਹੋਵੇਗਾ |