ਚੋਹਲਾ ਸਾਹਿਬ, 30 ਅਗਸਤ (ਬਲਵਿੰਦਰ ਸਿੰਘ)ਪਿਛਲੇ ਕਈ ਦਿਨਾਂ ਤੋਂ ਬਿਆਸ ਦਰਿਆ ਵਿਚ ਆਏ ਵਾਧੂ ਪਾਣੀ ਅਤੇ ਮੀਂਹ ਦੇ ਚੱਲਦਿਆਂ ਜਿੱਥੇ ਦਰਿਆ ਦੇ ਕੰਢੇ 'ਤੇ ਪੈਂਦੇ ਪਿੰਡ ਜੌਹਲ, ਭੈਲ, ਮੁੰਡਾ ਪਿੰਡ, ਗੁਜਰਪੁਰ, ਘੜਕਾ, ਧੁੰਨ ਢਾਏ ਵਾਲਾ, ਕੰਬੋਅ ਢਾਏ ਵਾਲਾ, ਚੰਬਾ ਕਲਾਂ ਆਦਿ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਵਿਚ ਡੁੱਬ ਚੁੱਕੀ ਸੀ, ਹੁਣ ਮੰਡ ਖ਼ੇਤਰ ਦੇ ਪਿੰਡ ਚੱਕ ਨੇੜਿਓਾ ਆਰਜ਼ੀ ਬੰਨ ਟੁੱਟਣ ਨਾਲ ਉਥੋਂ ਦੇ ਕਿਸਾਨਾਂ ਦਾ ਲੱਕ ਵੀ ਨਾਲ ਟੁੱਟ ਗਿਆ ਹੈ, ਕਿਉਂਕਿ ਕਿਸਾਨਾਂ ਦੀ 6 ਹਜ਼ਾਰ ਦੇ ਕਰੀਬ ਫ਼ਸਲ ਇਸ ਬੰਨ ਦੇ ਟੁੱਟਣ ਨਾਲ ਪਾਣੀ ਵਿਚ ਡੁੱਬ ਗਈ | ਇਸ ਆਰਜ਼ੀ ਬੰਨ ਨੂੰ ਮਜ਼ਬੂਤ ਕਰਨ ਲਈ ਪਿਛਲੇ ਕਈ ਦਿਨਾਂ ਤੋਂ ਪਿੰਡ ਕਰਮੂੰਵਾਲਾ ਮੰਡ ਖੇਤਰ ਦੇ ਲੋਕ ਲਗਾਤਾਰ ਜੁਟੇ ਹੋਏ ਸਨ ਅਤੇ ਸੁਰੱਖਿਅਤ ਚਲੇ ਆ ਰਹੇ ਸਨ | ਇਸ ਇਲਾਕੇ ਦੇ ਲੋਕ ਪਿਛਲੇ ਲਗਪਗ 20 ਦਿਨਾਂ ਤੋਂ ਇਸ ਖੇਤਰ ਵਿਚ ਲਗਾਏ ਗਏ ਆਰਜੀ ਬੰਨ ਨੂੰ ਮਜ਼ਬੂਤ ਕਰਨ ਲਈ ਜਦੋ-ਜਹਿਦ ਕਰ ਰਹੇ ਸਨ ਕਿ ਬੀਤੀ ਰਾਤ ਪਿੰਡ ਚੱਕ ਨੇੜਿਓਾ ਆਰਜੀ ਬੰਨ ਦੇ ਅਚਾਨਕ ਟੁੱਟ ਜਾਣ ਕਰਕੇ ਜਿੱਥੇ ਪਿੰਡ ਕਰਮੂੰਵਾਲਾ ਦੇ ਕਿਸਾਨਾਂ ਦੀ ਲਗਪਗ 2000 ਤੋਂ ਵੱਧ ਏਕੜ ਝੋਨੇ ਦੀ ਫਸਲ ਪਾਣੀ ਦੀ ਲਪੇਟ ਵਿਚ ਆ ਗਈ ਹੈ, ਉੱਥੇ ਇਸ ਦੇ ਨਾਲ ਲੱਗਦੇ ਪਿੰਡ, ਚੱਕ ਪੱਤੀ ਬਾਲੂ ਬਹਾਦਰ, ਬੂਲੇ, ਹਜ਼ਾਰਾਂ, ਠੱਕਰ ਕੌੜਾ, ਅਹਲੀ ਆਦਿ ਪਿੰਡਾਂ ਦੀ ਹਜ਼ਾਰਾਂ ਏਕੜ ਫ਼ਸਲ ਜੋ ਅਜੇ ਤੱਕ ਸੁਰੱਖਿਅਤ ਸੀ, ਹੁਣ ਲਗਪਗ 6 ਹਜ਼ਾਰ ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ, ਜਿਸ ਕਾਰਨ ਇਸ ਇਲਾਕੇ ਦੇ ਸੈਂਕੜੇ ਕਿਸਾਨ ਮਾਯੂਸ ਹੋ ਗਏ ਹਨ ਅਤੇ ਦਰਿਆ ਬਿਆਸ ਦੀ ਮਾਰ ਨੂੰ ਰੱਬ ਦਾ ਭਾਣਾ ਕਹਿ ਕੇ ਕਬੂਲ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਜੁਗਰਾਜ ਸਿੰਘ, ਸੁਖਚੈਨ ਸਿੰਘ, ਸੁਵਿੰਦਰ ਸਿੰਘ, ਸਾਰਜ ਸਿੰਘ, ਸਰਬਜੀਤ ਸਿੰਘ, ਕੇਵਲ ਸਿੰਘ ਆਦਿ ਨੇ ਦੱਸਿਆ ਕਿ ਕਿ ਉਹ ਪਿਛਲੇ ਲਗਪਗ 20 ਦਿਨ ਤੋਂ ਬੰਨ ਦੀ ਮਜ਼ਬੂਤੀ ਲਈ ਦਿਨਰਾਤ ਇਕ ਕਰਕੇ ਮਿੱਟੀ ਆਦਿ ਪਾ ਕੇ ਆਪਣੀਆਂ ਫ਼ਸਲਾਂ ਨੂੰ ਸੁਰੱਖਿਅਤ ਰੱਖਣ ਲਈ ਯਤਨ ਕਰ ਰਹੇ ਸਨ, ਜਿਸ ਦੌਰਾਨ ਉਨਾਂ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਰਾਤਦਿਨ ਇਸ ਆਰਜੀ ਬਣ ਦੀ ਨਿਗਰਾਨੀ ਕੀਤੀ ਸੀ, ਪਰ ਬੀਤੀ ਰਾਤ ਪਾਣੀ ਦੇ ਅਚਾਨਕ ਵੱਧ ਜਾਣ ਕਰਕੇ ਪਿੰਡ ਚੱਕ ਨੇੜਿਓਾ ਉਨਾਂ ਵਲੋਂ ਲਗਾਏ ਗਏ ਆਰਜ਼ੀ ਬੰਨ ਵਿਚ ਪਾੜ ਪੈ ਜਾਣ ਕਰਕੇ ਇਸ ਇਲਾਕੇ ਦੀਆਂ ਹਜ਼ਾਰਾਂ ਏਕੜ ਫ਼ਸਲਾਂ ਪਾਣੀ ਦੀ ਲਪੇਟ ਵਿਚ ਆ ਗਈਆਂ ਹਨ | ਉਨਾਂ ਦੱਸਿਆ ਕਿ ਸ਼ਨੀਵਾਰ ਸਵੇਰ ਤੋਂ ਹੀ ਉਨਾਂ ਵਲੋਂ ਦੁਬਾਰਾ ਹਿੰਮਤ ਕਰਕੇ ਮਿੱਟੀ ਦੀਆਂ ਬੋਰੀਆਂ ਭਰਨ ਅਤੇ ਹੋਰ ਲੋੜੀਂਦੇ ਸਾਧਨ ਜਟਾਉਣੇ ਸ਼ੁਰੂ ਕਰ ਦਿੱਤੇ ਹਨ, ਇਸ ਦੇ ਨਾਲਨਾਲ ਸੰਪਰਦਾਇ ਸੇਵਾ ਸਰਹਾਲੀ ਵਲੋਂ ਵੀ ਆਪਣੇ ਸੇਵਾਦਾਰਾਂ ਦੀ ਇਕ ਟੀਮ ਹੋਰ ਲੋੜੀਂਦਾ ਸਾਮਾਨ ਇੱਥੇ ਭੇਜ ਦਿੱਤਾ ਗਿਆ ਹੈ ਅਤੇ ਸੰਪਰਦਾਇ ਦੇ ਸੇਵਾਦਾਰਾਂ ਅਤੇ ਇਲਾਕਾ ਨਿਵਾਸੀਆਂ ਵਲੋਂ ਰਲ ਕੇ ਸੰਗਤ ਦੇ ਰੂਪ ਵਿਚ ਬੰਨ ਨੂੰ ਦੁਬਾਰਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ | ਉਨਾਂ ਦੱਸਿਆ ਕਿ ਸੰਪਰਦਾਇ ਕਾਰ ਸੇਵਾ ਸਰਹਾਲੀ ਵਲੋਂ ਉਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ | ਜੇਕਰ ਸੇਵਾਵਾਂ ਇਸੇ ਤਰਾਂ ਨਿਰੰਤਰ ਚੱਲਦੀਆਂ ਰਹੀਆਂ ਅਤੇ ਇਕ ਅੱਧੇ ਦਿਨ ਵਿਚ ਪਾਣੀ ਥੋੜਾ ਘੱਟ ਹੋ ਗਿਆ ਤਾਂ ਸ਼ਾਇਦ ਉਹ ਬੰਨ ਲਗਾਉਣ ਵਿਚ ਸਫ਼ਲ ਹੋ ਜਾਣਗੇ ਅਤੇ ਉਨਾਂ ਦੀਆਂ ਫ਼ਸਲਾਂ ਜੋ ਹੁਣ ਪੂਰੀ ਤਰਾਂ ਪਾਣੀ ਦੀ ਲਪੇਟ ਵਿਚ ਆ ਚੁੱਕੀਆਂ ਦਾ ਸ਼ਾਇਦ ਕੋਈ ਬਚਾਅ ਹੋ ਜਾਵੇ | ਉਨਾਂ ਜ਼ਿਲਾ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਇਸ ਟੁੱਟੇ ਬੰਨ ਨੂੰ ਦੁਬਾਰਾ ਲਗਾਉਣ ਲਈ ਉਨਾਂ ਦੀ ਮਦਦ ਕੀਤੀ ਜਾਵੇ | ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਨੇ ਕਿਹਾ ਕਿ ਇਹ ਬੰਨ ਟੁੱਟਣ ਕਰਕੇ ਉਨਾਂ ਦੇ ਪਿੰਡ ਦੇ ਦਰਜਨਾਂ ਕਿਸਾਨ ਜੋ ਲਗਾਤਾਰ ਬੰਨ ਨੂੰ ਬਚਾਉਣ ਲਈ ਯਤਨਸ਼ੀਲ ਸਨ, ਅੱਜ ਉਨਾਂ ਦੀਆਂ ਸਾਰੀਆਂ ਫ਼ਸਲਾਂ ਪਾਣੀ ਵਿਚ ਡੁੱਬ ਚੁੱਕੀਆਂ ਹਨ | ਉਨਾਂ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਨਾਂ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ |