ਡਾਬਾ/ਲੁਹਾਰਾ, 30 ਅਗਸਤ (ਕੁਲਵੰਤ ਸਿੰਘ ਸੱਪਲ)-ਵਾਰਡ ਨੰਬਰ 37 ਦੇ ਕੌਂਸਲਰ ਸਰੋਜ ਮੰਨਣ, ਡਾ. ਦੀਪਕ ਕੁਮਾਰ ਮੰਨਣ ਅਤੇ ਡਾ. ਰਮੇਸ਼ ਮਨਸੂਰਾਂ ਦੇ ਸਹਿਯੋਗ ਨਾਲ ਸਾਈ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ ਵਿਚ ਡਾ. ਰਮੇਸ਼ ਕੁਮਾਰ ਦੀ ਅਗਵਾਈ ਹੇਠ ਰੈਟੀਨਾ ਮਾਹਿਰ ਡਾ. ਅਜੈ ਕਪੂਰ ਅਤੇ ਉਨ੍ਹਾਂ ਦੀ ਟੀਮ ਨੇ ਆਧੁਨਿਕ ਮਸ਼ੀਨਾਂ ਨਾਲ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਅਤੇ ਦਵਾਈਆਂ ਤੇ ਨਜ਼ਰ ਦੀਆਂ ਐਨਕਾਂ ਮੁਫ਼ਤ ਤਕਸੀਮ ਕੀਤੀਆਂ | ਇਸਤੋਂ ਇਲਾਵਾ ਚਿੱਟੇ ਮੋਤੀਏ ਅਤੇ ਅੱਖਾਂ ਦੀਆਂ ਗੰਭੀਰ ਸਮੱਸਿਆਵਾਂ ਵਾਲੇ ਮਰੀਜ਼ਾਂ ਦੇ ਆਪ੍ਰੇਸ਼ਨ ਹਸਪਤਾਲ ਵਿਚ ਮੁਫ਼ਤ ਕੀਤੇ ਗਏ | ਡਾ. ਦੀਪਕ ਕੁਮਾਰ ਮੰਨਣ ਨੇ ਕੈਂਪ ਸਬੰਧੀ ਦੱਸਿਆ ਕਿ ਕੈਂਪ ਦੌਰਾਨ ਲਗਭਗ 400 ਮਰੀਜ਼ਾਂ ਨੇ ਲਾਹਾ ਪ੍ਰਾਪਤ ਕੀਤਾ | ਉਨ੍ਹਾਂ ਕਿਹਾ ਕਿ ਉਹ ਆਪਣੇ ਇਲਾਕੇ ਦੇ ਨਾਗਰਿਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਨ ਅਤੇ ਭਵਿੱਖ ਵਿਚ ਵੀ ਉਹ ਅਜਿਹੇ ਉਪਰਾਲੇ ਕਰਦੇ ਰਹਿਣਗੇ ਤਾਂ ਜੋ ਇਲਾਕਾ ਨਿਵਾਸੀ ਵੱਧ ਤੋਂ ਵੱਧ ਲਾਭ ਉਠਾ ਸਕਣ | ਕੌਂਸਲਰ ਸਰੋਜ ਮੰਨਣ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਹੈ, ਉਨ੍ਹਾਂ ਦੇ ਹਮੇਸ਼ਾਂ ਧੰਨਵਾਦੀ ਹਾਂ |